ਪੁਸਤਕ ਸਮੀਖਿਆ: ਖਾੜਕੂ ਸੰਘਰਸ਼ ਦੀ ਸਾਖੀ
ਖਾੜਕੂ ਸੰਘਰਸ਼ ਬਾਰੇ ਕਿਤਾਬ ਲਿਖਣ ਵਾਲਿਆਂ ਵਿੱਚ ਸਿੱਖ..
ਖਾੜਕੂ ਸੰਘਰਸ਼ ਬਾਰੇ ਕਿਤਾਬ ਲਿਖਣ ਵਾਲਿਆਂ ਵਿੱਚ ਸਿੱਖ, ਗੈਰ-ਸਿੱਖ ਅਤੇ ਸਾਬਕਾ ਸਰਕਾਰੀ ਸੇਵਾਦਾਰ ਸ਼ਾਮਲ ਹਨ। ਈ.ਐਚ. ਕਾਰ ਦੇ ਕਥਨ ‘(ਇਤਿਹਾਸਕ) ਤੱਥਾਂ ਦਾ ਅਧਿਐਨ ਕਰਨ ਤੋਂ ਪਹਿਲਾਂ ਇਤਿਹਾਸਕਾਰ ਦਾ ਅਧਿਐਨ ਕਰੋ’ ਨੂੰ ਆਧਾਰ ਮੰਨ ਕੇ ਇਸ ਵਿਸ਼ੇ ’ਤੇ ਲਿਖਣ ਵਾਲਿਆਂ ਨੂੰ ਤਿੰਨ ਵੰਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ: ਖਾੜਕੂ ਹਮਦਰਦ, ਨਿਰਪੱਖ ਅਤੇ ਵਿਰੋਧੀ ਧਿਰ ਭਾਵ ਸਰਕਾਰੀ ਪੱਖ। ਏ.ਆਰ. ਦਰਸ਼ੀ, ਮਲੋਏ ਕ੍ਰਿਸ਼ਨ ਧਰ, ਜਾਇਸੀ ਪੈਟਿਗ੍ਰਿਊ, ਜੋਗਿੰਦਰ ਸਿੰਘ, ਖੁਸ਼ਵੰਤ ਸਿੰਘ-ਕੁਲਦੀਪ ਨਈਅਰ, ਦਲਬੀਰ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਅਜਮੇਰ ਸਿੰਘ ਦੀਆਂ ਰਚਨਾਵਾਂ ਵਿੱਚ ਖਾੜਕੂ ਸੰਘਰਸ਼ ਦੇ ਵੱਖ-ਵੱਖ ਪੱਖਾਂ ਬਾਰੇ ਮਹੱਤਵਪੂਰਨ ਚਰਚਾ ਹੋਈ ਹੈ। ਅਹਿਮ ਨੁਕਤਾ ਇਹ ਹੈ ਕਿ ਸਰਕਾਰੀ ਪੱਖ ਤੋਂ ਕੇ.ਪੀ. ਐਸ ਗਿੱਲ, ਕੁਲਦੀਪ ਬਰਾੜ ਅਤੇ ਜੀ.ਬੀ. ਸਿੰਘ ਤਰਤੀਬ ਅਨੁਸਾਰ ਪੁਲਿਸ, ਫੌਜ ਅਤੇ ਖੂਫੀਆ ਤੰਤਰ ਦੇ ਸਿਰਮੌਰ ਅਹੁਦੇਦਾਰਾਂ, ਜੋ ਸਿੱਧੇ ਤੌਰ ’ਤੇ ਇਸ ਜੰਗ ਦਾ ਹਿੱਸਾ ਰਹੇ, ਦੀਆਂ ਰਚਨਾਵਾਂ ਛਪ ਚੁਕੀਆਂ ਹਨ। ਜਦਕਿ ਸਿੱਖ ਪੱਖ ਤੋਂ ਸੰਘਰਸ਼ ਦੀ ਸਿਖਰਲੀ ਕਤਾਰ ਦੇ ਆਗੂਆਂ ਵਿੱਚੋਂ ਭਾਈ ਦਲਜੀਤ ਸਿੰਘ ਲਿਖਿਤ ‘ਖਾੜਕੂ ਸੰਘਰਸ਼ ਦੀ ਸਾਖੀ’ ਇਸ ਵੰਨਗੀ ਦੀ ਪਹਿਲੀ ਰਚਨਾ ਹੈ। ਇਸ ਪੁਸਤਕ ਦਾ ਕਰਤਾ ਸਿਰਕੱਢ ਖਾੜਕੂ ਜਰਨੈਲ ਹੋਣ ਦੇ ਨਾਲ-ਨਾਲ ਸਿਖਰਲੇ ਖਾੜਕੂ ਆਗੂਆਂ ਦਾ ਸਾਥੀ ਹੈ। ਲੇਖਕ ਦੀ ਗਿਣਤੀ ਉਨ੍ਹਾਂ ਖਾੜਕੂ ਯੋਧਿਆਂ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਲਹਿਰ ਨੂੰ ਵਿਹਾਰਕ, ਵਿਚਾਰਧਾਰਕ ਅਤੇ ਭਾਵਨਾਤਮਕ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਕਿਹਾ ਜਾ ਸਕਦਾ ਹੈ ਕਿ ਖਾੜਕੂ ਸੰਘਰਸ਼ ਨੂੰ ਕਿਸੇ ਨੁਕਤੇ ਤੋਂ ਵੀ ਜਾਣਨ ਦੀ ਚਾਹ ਰੱਖਣ ਵਾਲਿਆਂ ਲਈ ਹਥਲੀ ਰਚਨਾ ਬੇਹਦ ਅਹਿਮ ਹੈ।
ਵਿਸ਼ਵ ਯੁੱਧਾਂ ਪਿੱਛੋਂ ਇਤਿਹਾਸਕਾਰੀ ਨੂੰ ਰਾਸ਼ਟਰਵਾਦੀ ਹੱਦਾਂ ਚੋਂ ਕਢਣ ਲਈ ਜੇਮਜ ਐਡਗਰ ਸਵੈਨ ਨੇ ‘ਅ ਹਿਸਟਰੀ ਆਫ ਵਰਲਡ ਸਿਵਿਲਾਇਜੇਸ਼ਨ’ ਦੀ ਰਚਨਾ ਕੀਤੀ। ਸਵੈਨ ਇਤਿਹਾਸ ਦੇ ਕੇਂਦਰੀ ਨੁਕਤੇ ਵਜੋਂ ਸੱਭਿਆਚਾਰ ਅਤੇ ਸੱਭਿਅਤਾ ਨੂੰ ਰੱਖਦਾ ਹੈ ਜਿਸ ਵਿੱਚ ਅਰਥ, ਰਾਜ, ਕਲਾ ਅਤੇ ਵਿਗਿਆਨ ਮੁੱਖ ਮਸਲੇ ਹਨ। ਡਾ. ਗੁਰਭਗਤ ਸਿੰਘ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਸ ਦੁਆਲੇ ਉੱਸਰੇ ਸਿੱਖ ਸੱਭਿਆਚਾਰ ਵਿੱਚ ਵਿਸ਼ਵ ਸੱਭਿਅਤਾ ਨੂੰ ਸੇਧ ਦੇਣ ਲਈ ਅਹਮ ਸੰਭਾਵਨਾਵਾਂ ਹਨ। ਇਸ ਕਰਕੇ ਇਤਿਹਾਸ ਨੂੰ ਕਿਰਤ, ਨਾਮ, ਵੰਡ ਛਕਣ ਅਤੇ ਨਿਰਭਉ, ਨਿਰਵੈਰ ਤੇ ਸਾਂਝੀਵਾਲਤਾ ਜਿਹੇ ਸਿੱਖ ਸੱਭਿਆਚਾਰਕ ਨੁਕਤਿਆਂ ਤੋਂ ਵੇਖੇ ਜਾਣ ਦੀ ਲੋੜ ਹੈ।
ਹਾਲੀਵੁਡ ਫਿਲਮ ‘ਦ ਲਾਸਟ ਸਮੁਰਾਏ’ ਵਿੱਚ ਆਖਿਰੀ ਸਮੁਰਾਈ ਯੋਧੇ ਦਾ ਸਾਥ ਮਾਣਨ ਵਾਲੇ ਅੰਗ੍ਰੇਜ ਜਰਨੈਲ ਅਤੇ ਜਾਪਾਨੀ ਸਮਰਾਟ, ਜੋ ਕਿਸੇ ਵੇਲੇ ਸਮੁਰਾਏ ਦਾ ਵਿਦਿਆਰਥੀ ਰਿਹਾ ਸੀ, ਦਾ ਸੰਵਾਦ ਦਿਲਚਸਪ ਹੈ, ਜਿਸ ਦਾ ਇੱਕ ਸਵਾਲ ਹਥਲੀ ਰਚਨਾ ਸੰਬੰਧੀ ਵੀ ਢੁਕਵਾਂ ਹੈ:-
ਸਮਰਾਟ: ਮੈਨੂੰ ਦੱਸ ਕਿ ਉਹ (ਸਮੁਰਾਏ ਯੋਧਾ) ਕਿਵੇਂ ਮਰਿਆ।
ਅੰਗ੍ਰੇਜ: ਮੈਂ ਤੈਨੂੰ ਦੱਸਾਂਗਾ ਕਿ ਉਹ ਕਿਵੇਂ ਜੀਵਿਆ।
ਬੇਸ਼ੱਕ ਇਤਿਹਾਸ ਦੀਆਂ ਤਾਰੀਖਾਂ ਤੇ ਵੇਰਵੇ ਵੀ ਮਹੱਤਵਪੂਰਨ ਹੁੰਦੇ ਹਨ ਪਰ ਸਭ ਤੋਂ ਵੱਧ ਮਹੱਤਵਪੂਰਨ ਉਹ ਜੀਵਨ ਰਉਂ ਅਤੇ ਅਨੁਭਵ ਹੁੰਦਾ ਹੈ ਜਿਸ ਨੂੰ ਮਨੁੱਖ ਨੇ ਜੀਵਿਆ ਹੈ। ਭਾਈ ਦਲਜੀਤ ਸਿੰਘ ਦੀ ਕਿਤਾਬ ‘ਖਾੜਕੂ ਸੰਘਰਸ਼ ਦੀ ਸਾਖੀ: ਅਣਗੌਲੇ, ਅਣਜਾਣੇ ਸਿਦਕੀ ਅਤੇ ਯੋਧੇ’ ਵਿੱਚ ਸਿੱਖ ਸੰਘਰਸ਼ ਦੇ ਕਈ ਅਹਿਮ ਪੱਖ ਅਤੇ ਤੱਥ ਸਾਹਮਣੇ ਆਏ ਹਨ ਪਰ ਇਸ ਕਿਤਾਬ ਦਾ ਸਭ ਤੋਂ ਵੱਡਾ ਹਾਸਲ ਇਸ ਅੰਦਰ ਦਰਜ ਉਹ ਦਿੱਬਤਾ, ਪਵਿੱਤਰਤਾ ਅਤੇ ਸਮਰਪਣ ਦਾ ਅਹਿਸਾਸ ਹੈ, ਜੋ ਖਾੜਕੂ ਸੰਘਰਸ਼ ਦਾ ਅਸਲ ਤੱਤ ਹੈ। ਪ੍ਰੋ. ਕੁਲਵੰਤ ਸਿੰਘ ਗਰੇਵਾਲ ਆਖਿਆ ਕਰਦੇ ਸਨ ਕਿ ਸਿੱਖ ਦੀ ਰੂਹ ਨੂੰ ਉਹ ਖੁਰਾਕ ਸਟੇਜੀ ਨਾਟਕ ਨਹੀਂ ਦੇ ਸਕਦੇ ਜੋ ਸ਼ਬਦ ਵਿਚਾਰ, ਸਾਖੀ ਅਤੇ ਕੀਰਤਨ ਦਿੰਦੇ ਹਨ। ਖੱਬੇ ਪੱਖੀ ਲਹਿਰ ਨੇ ਨਾਟਕਾਂ ਰਾਹੀਂ ਮਨੁੱਖੀ ਲੋੜਾਂ, ਵਸੀਲਿਆਂ ਦੀ ਲੁੱਟ ਅਤੇ ਸਮਾਜਵਾਦੀ ਬਦਲ ਨੂੰ ਬਾਖੂਬੀ ਉਭਾਰਿਆ ਹੈ ਪਰ ਖਾੜਕੂ ਲਹਿਰ ਦੀ ਜਿੰਦ-ਜਾਨ ਤਾਂ ਅਰਦਾਸ, ਨਾਮ ਅਤੇ ਗੁਰੂ ਦੇ ਅੰਗ-ਸੰਗ ਹੋਣਾ ਹੈ। ਇਨ੍ਹਾਂ ਸਰੋਕਾਰਾਂ ਨੂੰ ਸਟੇਜ਼ ਜਾਂ ਸਕਰੀਨ ’ਤੇ ਉਤਾਰਨਾ ਨਾਮੁਮਕਿਨ ਵਰਗਾ ਔਖਾ ਕਾਰਜ ਹੈ।
ਭਾਈ ਵੀਰ ਸਿੰਘ ਨੇ ਚੇਤਨ ਤੌਰ ’ਤੇ ਇਤਿਹਾਸ ਦੀ ਥਾਂ ਸਾਖੀ ਰਚਨਾ ਨੂੰ ਪਹਿਲ ਦਿੱਤੀ ਹੈ। ਕਲਗੀਧਰ ਚਮਤਕਾਰ ਅੰਦਰ ਉਹ ਇਕ ਗੁਰਸਿੱਖ ਦੇ ਮੁਹੋਂ ਅਖਵਾਉਂਦੇ ਹਨ, ‘ਇਤਿਹਾਸ ਸਿਰਫ ਛਿਲੜ ਤੱਕਦਾ ਹੈ, ਇਤਿਹਸਾਕਾਰ ਨੂੰ ਗਿਰੀ ਅਤੇ ਗਿਰੀ ਦੀਆਂ ਬਰਕਤਾਂ ਨਹੀਂ ਪਤਾ। ਗੁਰੂ ਨਿੱਤ ਹੈ ਅਤੇ ਗੁਰੂ ਤੇ ਸਿੱਖ ਦਾ ਨਾਤਾ ਨਿੱਤ ਹੈ। ਇਤਿਹਾਸਕਾਰ ਪਿੱਛੇ ਲੱਗ ਕੇ ਸਿੱਖ ਗੁਰੂ ਨਾਲ ਆਪਣਾ ਨਾਤਾ ਖਰਾਬ ਨਾ ਕਰੇ।’ ਸੁਖਮਨੀ ਦੇ ਜਾਪ ਵਿੱਚ ਜੁੜੀ ਬੀਬੀ ਦੇਸਾਂ ਦਾ ਹੱਥੀਂ ਤਿਆਰ ਕੀਤਾ ਖੇਸ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਭੇਟ ਕਰਨ ਦੀ ਸਾਖੀ ਭਾਈ ਵੀਰ ਸਿਘ ਲਈ ਸ਼ਾਹੀ ਲਸ਼ਕਰ ਵੱਲੋਂ ਸੂਬਾ ਜਿੱਤ ਲੈਣ ਦੀ ਖਬਰ ਨਾਲੋਂ ਵਧੀਕ ਮਹੱਤਵਪੂਰਨ ਹੈ। ਕਿਉਂਕਿ ਇਹ ਸਾਖੀ ਗੁਰੂ ਅਤੇ ਸਿੱਖ ਦੇ ਨਾਤੇ ਨੂੰ ਰੂਪਮਾਨ ਕਰਦੀ ਹੈ। ਇਸ ਪੱਖੋਂ ‘ਖਾੜਕੂ ਸੰਘਰਸ਼ ਦੀ ਸਾਖੀ’ ਪੂਨੀਤ ਸਿੱਖ ਸਾਹਿਤ ਦੀ ਸਾਖੀ ਪਰੰਪਰਾ ਨੂੰ ਅੱਗੇ ਤੋਰਨ ਵਾਲੀ ਰਚਨਾ ਹੈ। ਇਹ ਰਚਨਾ ਵੱਡੇ ਅਹੁਦੇਦਾਰਾਂ ਜਾਂ ਵੱਡੇ ਕਾਰਨਾਮਿਆਂ ਦੀ ਬਜਾਏ ਉਨ੍ਹਾਂ ਸ਼ਖਸੀਅਤਾਂ ਨੂੰ ਪਹਿਲ ਦਿੰਦੀ ਹੈ ਜਿਨ੍ਹਾਂ ਵਿੱਚੋਂ ਸਹਿਜੇ ਹੀ ਸਿੱਖੀ ਦੀ ਮਹਿਕ ਪ੍ਰਗਟ ਹੁੰਦੀ ਹੈ।
ਖਾੜਕੂ ਲਹਿਰ ਦੇ ਨਿਸ਼ਾਨੇ, ਪ੍ਰਾਪਤੀਆਂ, ਖਾਮੀਆਂ, ਬੇ-ਵਿਸਾਹੀਆਂ ਅਤੇ ਸਰਕਾਰ ਨਾਲ ਚੱਲੀਆਂ ਤੇ ਟੁੱਟੀਆਂ ਵਾਰਤਾ ਲੜੀਆਂ ਆਦਿ ਕਿੰਨੇ ਮਸਲੇ ਅਜਿਹੇ ਹਨ ਜਿਨ੍ਹਾਂ ਬਾਰੇ ਹਰ ਪਾਠਕ ਦੇ ਮਨ ਵਿੱਚ ਜਿਗਿਆਸਾ ਹੈ। ਖਾੜਕੂ ਸੰਘਰਸ਼ ਨੂੰ ਸਮਝਣ ਲਈ ਦਰਿਆਈ ਪਾਣੀ, ਚੰਡੀਗੜ੍ਹ ਅਤੇ ਰਾਜਾਂ ਦੇ ਵੱਧ ਹੱਕ ਅਤੇ ਖੁਦਮੁਖਤਿਆਰੀ ਜਾਂ ਅਜਾਦੀ ਆਦਿ ਮਸਲੇ ਬਹੁਤ ਮਹੱਤਵਪੂਰਨ ਹਨ ਪਰ ਸਭ ਤੋਂ ਮਹੱਤਵਪੂਨ ਮਸਲਾ ਰੱਬੀ ਰਜਾ ਅਤੇ ਸਰਕਾਰੀ ਸੱਤਾ ਦੇ ਟਾਕਰੇ ਵਿੱਚ ਪਿਆ ਹੈ। ਇਹ ਉਹੀ ਟਕਰਾਅ ਹੈ ਜੋ ਭਗਤ ਪ੍ਰਹਲਾਦ ਅਤੇ ਰਾਜਾ ਹਰਣਾਖਸ਼ ਵਿਚਾਲੇ ਹੋਇਆ ਸੀ, ਜੋ ਭਗਤ ਨਾਮਦੇਵ ਅਤੇ ਸੁਲਤਾਨ ਵਿਚਾਲੇ ਹੋਇਆ ਸੀ। ਸਾਮੀ ਧਰਮ ਪਰੰਪਰਾ ਦੇ ਪਵਿੱਤਰ ਗ੍ਰੰਥਾਂ (ਕਤੇਬ) ਦੀ ਪਹਿਲੀ ਪੋਥੀ ‘ਉਤਪਤੀ’ ਵਿੱਚ ਆਦਮ ਤੇ ਹਵਾ ਦੇ ਪੁੱਤਰਾਂ: ਹਾਬਲ ਤੇ ਕਾਇਨ ਦੀ ਸਾਖੀ ਹੈ। ਦੋਵੇਂ ਆਪਣੀ ਕਿਰਤ ਵਿੱਚੋਂ ਰੱਬ ਅੱਗੇ ਕੁਰਬਾਨੀ ਭੇਟ ਕਰਦੇ ਹਨ। ਹਾਬਲ ਦੀ ਕਬੂਲ ਅਤੇ ਕਾਇਨ ਦੀ ਨਾਕਬੂਲ ਹੁੰਦੀ ਹੈ।
ਸਾਡੇ ਵਿੱਚੋਂ ਜਿਸ ਕਿਸੇ ਨੂੰ ਵਧੀਕ ਮਨੁੱਖ ਕਬੂਲ ਕਰ ਲੈਣ ਉਸ ਨਾਲ ਈਰਖਾ ਕੀਤੀ ਜਾਣ ਲੱਗਦੀ ਹੈ। ਜਿਸ ਨੂੰ ਰੱਬ ਕਬੂਲ ਕਰ ਲਵੇ ਉਸ ਨਾਲ ਬਹੁਤ ਵੱਡੀ ਈਰਖਾ ਪੈਦਾ ਹੋਣੀ ਸੁਭਾਵਕ ਹੈ। ਕਾਇਨ ਹੱਥੋਂ ਹਾਬਲ ਦਾ ਕਤਲ ਹੁੰਦਾ ਹੈ। ਰੱਬ ਵੱਲੋਂ ਕਬੂਲਿਆ ਜਾਣਾ ਹੀ ਹਾਬਲ ਦਾ ਕਸੂਰ ਸੀ। ਇਹੀ ਕਸੂਰ ਈਸਾ ਮਸੀਹ, ਸ੍ਰੀ ਗੁਰੂ ਅਰਜਨ ਦੇਵ ਅਤੇ ਸ੍ਰੀ ਗੁਰੂ ਤੇਗ ਬਹਦਾਰ ਜੀ ਦਾ ਸੀ। ਇਹੀ ਕਸੂਰ ਧਰਮ ਲਈ ਸ਼ਹੀਦ ਹੋਣ ਵਾਲੇ ਬਹੁਤਾਤ ਲੋਕਾਂ ਦਾ ਹੁੰਦਾ ਹੈ ਅਤੇ ਇਹੀ ਕਸੂਰ ਪਿਛਲੀਆਂ ਕੁਝ ਸਦੀਆਂ ਤੋਂ ਸਿੱਖ ਕਰ ਰਹੇ ਹਨ। ਦੌਲਤ, ਵਸੀਲੇ ਅਤੇ ਸੱਤਾ ਹਾਸਲ ਕਰ ਚੁਕੇ ਮਨੁੱਖ ਲਈ ਨਿਰਭਉ ਤੇ ਨਿਰਵੈਰ ਸੰਤ ਪੁਰੁਸ਼ ਵੱਡਾ ਕਸੂਰਵਾਰ ਹੁੰਦਾ ਹੈ। ਜੇਕਰ ਇਹ ਕਸੂਰ ਸਿਰਫ ਸੰਤ ਜਰਨੈਲ ਸਿੰਘ ਵਿੱਚ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੀ ਸ਼ਹਾਦਤ ਪਿਛੋਂ ਗੱਲ ਮੁੱਕ ਜਾਣੀ ਸੀ ਪਰ ‘ਖਾੜਕੂ ਸੰਘਰਸ਼ ਦੀ ਸਾਖੀ’ ਆਮ ਸਿੱਖਾਂ ਦੇ ਵੀ ਅਜਿਹੇ ਗੁਨਾਹਗਾਰ ਹੋਣ ਦੀ ਗਵਾਹੀ ਭਰਦੀ ਹੈ। ਖਾੜਕੂ ਸੰਘਰਸ਼ ਦੌਰਾਨ ਸਾਬਤ ਸੂਰਤ ਅਤੇ ਕੇਸਰੀ ਦਸਤਾਰ ਗੁਰੂ ਪਿਆਰ ਦਾ ਚਿੰਨ ਬਣ ਗਏ ਸਨ। ‘ਕੇਸਰੀ ਦਸਤਾਰ ਵਾਲਾ ਗੱਭਰੂ’ ਸਾਖੀ ਅੰਦਰਲੇ ਸਾਬਤ ਸੂਰਤ ਨੌਜਵਾਨ ਦੀ ਕੇਸਰੀ ਦਸਤਾਰ ਅਤੇ ਬੇਖੌਫ ਚਿਹਰਾ ਹੀ ਉਸ ਉੱਪਰ ਪੁਲਸੀਆ ਕਹਿਰ ਦਾ ਕਾਰਣ ਬਣਦਾ ਹੈ।
ਸੱਭਿਆਚਾਰ ਚਿਹਨ ਮਨੁੱਖੀ ਮਨ ਦੇ ਉਸ ਅਵਚੇਤਨ ਭਾਗ ਵਿੱਚ ਸਮਾਹਿਤ ਹੁੰਦੇ ਹਨ ਜਿਸ ਨੂੰ ਚਾਹ ਕੇ ਉਲੰਘਿਆ ਨਹੀਂ ਜਾ ਸਕਦਾ। ਪੰਜਾਬ ਸੱਭਿਆਚਾਰ ਅੰਦਰ ਇਸ਼ਕ ਲਈ ਕੁਰਬਾਨ ਹੋਣ ਵਾਲੇ ਹੀਰ-ਰਾਂਝੇ ਅਤੇ ਸੱਸੀ ਪੁੰਨੂ ਆਦਿ ਦੇ ਆਪਾ ਵਾਰਨ ਦੇ ਅਜਿਹੇ ਚਿਹਨ ਹਨ ਜਿਨ੍ਹਾਂ ਨੂੰ ਸੂਫੀ ਫਕੀਰਾਂ ਨੇ ਇਸ਼ਕ ਹਕੀਕੀ ਦੇ ਪ੍ਰਥਾਏ ਵਰਤਿਆ ਹੈ। ਵਿਸ਼ਵ ਸੱਭਿਆਚਾਰਾਂ ਉੱਪਰ ਝਾਤ ਮਾਰਿਆਂ ਵੇਖੀਦਾ ਹੈ ਕਿ ਅਜਿਹੇ ਜੋਰਾਵਰ ਚਿਹਨ ਜੁੱਗਾਂ ਤੱਕ ਅਬਦਲ ਰਹਿੰਦਿਆਂ ਲੋਕ ਸੁਰਤ ਦੀ ਅਗਵਾਈ ਕਰਦੇ ਹਨ। ਖਾੜਕੂ ਸੰਘਰਸ਼ ਨੇ ਆਪਾ ਵਾਰ ਕੇ ਇਸ਼ਕ ਦੀਆਂ ਨਵੀਆਂ ਮੰਜਿਲਾਂ ਨੂੰ ਸਰ ਕੀਤਾ ਹੈ। ਕਵੀਸ਼ਰਾਂ ਵੱਲੋਂ ਲਿਖੀਆਂ ਦੋ ਤੁਕਾਂ:- ‘ਜਿਨ੍ਹਾਂ ਵੇਖ ਲਏ ਨੇ ਕੰਢੇ ਪਾਰ ਵਾਲੇ, ਉਹ ਤਾਂ ਘੜਿਆਂ ਦਾ ਆਸਰਾ ਭਾਲਦੇ ਨਹੀਂ’ ਅਤੇ ‘ਜਿੱਥੇ ਮੁਕਦੀ ਏ ਰਾਂਝਿਆਂ ਮਜਨੂਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ’ ਮਾਨੋ ਪੰਜਾਬ ਦੇ ਸੱਭਿਆਚਾਰ ਚਿਹਨਾਂ ਦੇ ਯੁਗ ਪਲਟੇ ਦਾ ਪ੍ਰਤੀਕ ਬਣਦੀਆਂ ਹਨ।
ਭਾਰਤੀ ਦਰਸ਼ਨ ਨੇ ਤਿੰਨ ਗੁਣੀ ਸੰਸਾਰਕ ਜੀਵਨ ਅਤੇ ਤ੍ਰਿਗੁਣ-ਅਤੀਤ ਆਤਮਕ ਜੀਵਨ ਦਾ ਸੰਕਲਪ ਪ੍ਰਵਾਨ ਕੀਤਾ ਗਿਆ ਹੈ। ਤਿੰਨ ਗੁਣ ਬੌਧਿਕਤਾ ਅਤੇ ਤਰਕ ਦੇ ਘੇਰੇ ਅੰਦਰ ਹਨ ਅਤੇ ਚੌਥਾ ਪਦ ਇਨ੍ਹਾਂ ਦੀ ਪਹੁੰਚ ਤੋਂ ਬਾਹਰਾ। ਰੁਡਾਫ ਆਟੋ ਦੇ ‘ਆਈਡਿਆ ਆਫ ਹੋਲੀ’ ਵਾਂਗ ਇਹ ਰਹਸਪੂਰਨ ਅਨੁਭਵ ਮੁਕੰਮਲ ਤੌਰ ’ਤੇ ਅਲੋਕਾਰੀ (wholly other) ਹੈ। ਗੁਰੂ ਸਾਹਿਬਾਨ ਦੇ ਜੀਵਨ ਚਰਿਤ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਪੂਰਨ ਸਿੰਘ ‘ਗੈਰ ਮਾਮੂਲੀ ਅਤੇ ਅਦਭੁਤ’ ਰੱਬੀ ਜਹੂਰ ਦਾ ਜਿਕਰ ‘ਮਾਮੂਲੀ ਅਤੇ ਅਚਰਜ ਰਹਿਤ’ ਸ਼ਬਦਾਂ ਵਿੱਚ ਕੀਤੇ ਜਾਣ ਨੂੰ ਕੂੜਾ ਤੇ ਝੂਠਾ ਆਖਦਾ ਹੈ। ਬੇਸ਼ੱਕ ਇੰਨ-ਬਿੰਨ ਨਾ ਸਹੀ ਪਰ ਇਹ ਨੇਮ ਕਾਫੀ ਹੱਦ ਤੱਕ ਸਾਹਵੇਂ-ਮੱਥੇ ਸ਼ਹੀਦ ਹੋਣ ਵਾਲਿਆਂ ਦੇ ਜਿਕਰ ’ਤੇ ਵੀ ਢੁਕਦਾ ਹੈ। ਹਥਲੀ ਰਚਨਾ ਇਤਿਹਾਸਕ ਘਟਨਾਵਾਂ ਦਾ ਬਿਆਨ ਗੁਰਬਾਣੀ ਦੇ ਰਹੱਸਪੂਰਨ ਮੁਹਾਵਰੇ ’ਚ ਕਰਦੀ ਹੈ, ਜਿਸ ਵਿੱਚ ਦੈਵੀ ਹੁਕਮ ਸਦਾ ਕਾਰਜਸ਼ੀਲ ਰੰਹਿਦਾ ਹੈ।
ਅੱਜ ਇਹ ਸੱਚ ਕਿਸੇ ਤੋਂ ਲੁਕਿਆ ਨਹੀਂ ਕਿ ਮਨੁੱਖ ਦੀ ਸ਼ਖ਼ਸੀ ਘਾੜਤ ਵਿੱਚ ਰਸ ਅਤੇ ਰਸਾਇਨ/ਦ੍ਰਵ ਦਾ ਮਹੱਤਵਪੂਰਨ ਯੋਗਦਾਨ ਹੈ। ਅਜਿਹਾ ਕੋਈ ਵੀ ਵਿਚਾਰ ਜਾਂ ਬ੍ਰਿਤਾਂਤ ਜੋ ਸਰੀਰ ਅਤੇ ਮਨ ਅੰਦਰ ਹਿਲਜੁਲ ਪੈਦਾ ਨਹੀਂ ਕਰਦਾ, ਉਹ ਸਾਡੇ ਆਪੇ ਦਾ ਹਿੱਸਾ ਨਹੀਂ ਬਣਦਾ। ਅਜੋਕੀ ਨੀ+ਰਸ ਕਿਸਮ ਦੀ ਇਤਿਹਾਸਕਾਰੀ ਆਪਣੇ ਸਾਰੇ ਲਾਹੇਵੰਦੇ ਪੱਖਾਂ ਦੇ ਹੁੰਦਿਆਂ ਵੀ ਮਨੁੱਖ ਦੇ ਸਦਾਚਾਰਕ ਅਤੇ ਅਧਿਆਤਮਕ ਉੱਥਾਨ ਵਿੱਚ ਬਣਦਾ ਯੋਗਦਾਨ ਪਾਉਣ ਤੋਂ ਅਸਮਰੱਥ ਹੈ। ਇਸ ਦੇ ਮੁਕਾਬਲੇ ਸ਼ਾਂਤ, ਭਗਤੀ ਅਤੇ ਵੀਰ ਆਦਿ ਰਸ ਪ੍ਰਧਾਨ ਸਾਖੀ ਸਾਹਿਤ ਦਾ ਪ੍ਰਭਾਵ ਕਿਸੇ ਤੋਂ ਲੁਕਿਆ-ਛਿਪਿਆ ਨਹੀਂ। ਇਸ ਪੱਖੋਂ ਹਥਲੀ ਰਚਨਾ ਦੀ ਹਰੇਕ ਸਾਖੀ ਦੇਹ, ਮਨ ਅਤੇ ਸੁਰਤ ਅੰਦਰ ਝਰਨਾਹਟ ਪੈਦਾ ਕਰਨ ਦਾ ਮਾਦਾ ਰੱਖਦੀ ਹੈ।
ਖਾੜਕੂ ਸੰਘਰਸ਼ ਖਿਲਾਫ ਜੁਲਮ ਅਤੇ ਧ੍ਰੋਹ ਕਰਨ ਵਾਲੇ ਅਠਾਰਵੀਂ ਸਦੀ ਵਾਂਗ ਗੈਰ-ਪਛਾਣ ਵਾਲੇ ਨਹੀਂ ਸਗੋਂ ਬਹੁਗਿਣਤੀ ਸਿੱਖ ਪਛਾਣ ਵਾਲੇ ਹੀ ਸਨ। ਹਥਲੀ ਕਿਤਾਬ ਪੜ੍ਹਦਿਆਂ ਹਜਰਤ ਈਸਾ ਦਾ ਆਪਣਿਆਂ ਵੱਲੋਂ ਫੜਾਏ ਜਾਣਾ ਅਤੇ ਆਪਣੀ ਕੌਮ ਦੇ ਫਰੀਸੀਆਂ ਤੇ ਜਾਚਕਾਂ ਵੱਲੋਂ ਰੋਮਨ ਹਕੂਮਤ ਪਾਸੋਂ ਈਸਾ ਲਈ ਸੂਲੀ ਦੀ ਮੰਗ ਕਰਨਾ ਯਾਦ ਆਉਂਦੇ ਹਨ। ਜਦੋਂ ਅਖੌਤੀ ‘ਵੱਡੇ’ ਆਪਣੇ ਫਰਜਾਂ ਤੋਂ ਭੱਜ ਜਾਂਦੇ ਹਨ ਤਾਂ ਬੇਪਛਾਣ ਤੇ ਸਿਦਕੀ ਲੋਕ ਉਨ੍ਹਾਂ ਦੇ ਲਾਏ ਦਾਗ ਨੂੰ ਨਿਸ਼ਬਦ ਰਹਿ ਕੇ ਆਪਣੇ ਖੂਨ ਨਾਲ ਧੋਂਦੇ ਹਨ। ਸਰਹੱਦੀ ਪਿੰਡ ’ਚ ਸਿੰਘਾਂ ਨੂੰ ਠਾਹਰ ਦੇਣ ਵਾਲੀ ਸਿਦਕੀ ਵਿਧਵਾ ਬੀਬੀ ਨੇ ਅਸਹਿ ਤਸੀਹੇ ਝੱਲ ਕੇ ਵੀ ਈਨ ਨਾ ਮੰਨੀ ਪਰ ਖਾੜਕੂ ਜਰਨੈਲ ਤਸ਼ੱਦਦ ਅੱਗੇ ਟੁੱਅ ਗਿਆ। ਜਿਸ ਕਿਸੇ ਨੇ ਮੈਲ ਗਿਬਸਨ ਦੀ ਫਿਲਮ ‘ਦ ਪੈਸ਼ਨ ਆਫ਼ ਦ ਕਰਾਇਸਟ’ ਵੇਖੀ ਹੈ, ਉਸ ਬੀਬੀ ਦਾ ਹਾਲ ਪੜ੍ਹ ਕੇ ਉਨ੍ਹਾਂ ਨੂੰ ਬੀਬੀ ਮਰੀਅਮ (ਈਸਾ ਦੀ ਮਾਤਾ) ਦੀਆਂ ਪਥਰਾਈਆਂ ਅੱਖਾਂ ਯਾਦ ਆ ਸਕਦੀਆਂ ਹਨ।
ਥਾਮਸ ਕਾਰਲਾਇਲ ਦਾ ਕਥਨ ਹੈ ਕਿ ਪੁਰਾਣੇ ਸਮਿਆਂ ਵਿੱਚ ਦਿੱਬ ਗੁਣਾਂ ਨੂੰ ਪਛਾਣਦਿਆਂ ਲੋਕ ਆਪਣੇ ਵਿੱਚੋਂ ਹੀ ਆਡਿਨ ਜਿਹੇ ਇੱਕ ਮਨੁੱਖ ਨੂੰ ਦੇਵਤਾ ਪ੍ਰਵਾਨ ਕਰ ਲੈਂਦੇ ਸਨ। ਫਿਰ ਸਮਾਂ ਪਾ ਕੇ ਦੇਵਤਾ ਮੰਨਣ ਦੀ ਥਾਂ ਅਜਿਹੇ ਦਿੱਬ ਪੁਰਸ਼ਾਂ ਨੂੰ ਰੱਬੀ ਪੈਗਾਮ ਪਹੁੰਚਾਉਣ ਵਾਲਾ ਪੈਗੰਬਰ ਮੰਨਣ ਲੱਗੇ। ਕਾਰਲਾਇਲ ਆਪਣੇ ਸਮਕਾਲ ਬਾਰੇ ਆਖਦਾ ਹੈ ਕਿ ਹੁਣ ਲੋਕ ਕਿਸੇ ਮਨੁੱਖ ਨੂੰ ਪੈਗੰਬਰ ਵੀ ਨਹੀਂ ਮੰਨਣਗੇ। ਆਮ ਧਾਰਨਾ ਹੈ ਕਿ ਭਗਤ ਅਤੇ ਗੁਰੂ ਸਾਹਿਬਾਨ ਦੀਆਂ ਸ਼ਖ਼ਸੀਅਤਾਂ ਦਾ ਬਾਅਦ ਵਿੱਚ ਕਰਾਮਾਤੀ ਅੰਸ਼ ਜੋੜ ਕੇ ਦੈਵੀਕਰਨ ਕੀਤਾ ਗਿਆ ਹੈ। ਗੁਰੂ ਸਾਹਿਬਾਨ ਸੰਬੰਧੀ ਜੋ ਭਟ ਸਾਹਿਬਾਨ ਦੇ ਪਾਵਨ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹ ਬਾਾਅਦ ਦੇ ਨਹੀਂ ਸਗੋਂ ਸਮਕਾਲੀ ਹਨ। ਫਰਕ ਦ੍ਰਿਸ਼ਟੀ ਦਾ ਹੈ। ਅਸੀਂ ਸਮਕਾਲ ਜਾਂ ਨੇੜ ਸਮਕਾਲ ਦੀਆਂ ਗੈਰ-ਦੁਨਿਆਵੀ ਸ਼ਖ਼ਸੀਅਤਾਂ ਨੂੰ ਵੀ ਦੁਨਿਆਵੀ ਪੈਮਾਨਿਆਂ ਰਾਹੀਂ ਨਾਪਣ ਦੇ ਆਦੀ ਹੋ ਗਏ ਹਾਂ। ਇਸੇ ਆਦਤ ਵਿੱਚੋਂ ਅਸੀਂ ਸੰਤ ਜਰਨੈਲ ਸਿੰਘ ਅਤੇ ਸਿੱਖ ਸੰਘਰਸ਼ ਦੇ ਜੁਝਾਰੂਆਂ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਆਪਣੇ ਵਿਦਵਾਨ ਬਹੁਤ ਜੋਰ ਲਾ ਕੇ ਸੰਤ ਜਰਨੈਲ ਸਿੰਘ ਨੂੰ ਸਿੱਖਾਂ ਦੇ ਸ਼ਾਨਦਾਰ ਸਿਆਸੀ ਆਗੂ ਅਤੇ ਜੰਗੀ ਜਰਨੈਲ ਵਜੋਂ ਪੇਸ਼ ਕਰਦੇ ਹਨ। ਅਸੀਂ ਉਨ੍ਹਾਂ ਵਿੱਚੋਂ ‘ਮੰਨੈ ਮਗੁ ਨ ਚਲੈ ਪੰਥ॥ ਮੰਨੈ ਧਰਮ ਸੇਤੀ ਸਨਬੰਧ॥’ ਦੇ ਅਮਲ ਨੂੰ ਵੇਖਣ ਵਿੱਚ ਅਸਮਰੱਥ ਹੁੰਦੇ ਜਾ ਰਹੇ ਹਾਂ। ਅਸੀਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਜੀਵਨ ਅਮਲ ਨੂੰ ਸਮੇਂ ਅਤੇ ਥਾਂ ਦੇ ਅਧੀਨ ਵਿਚਾਰਦਿਆਂ ਉਨ੍ਹਾਂ ਦੇ ਸਰਬਕਾਲੀ ਅਤੇ ਸਰਬਥਾਨੀ ਪ੍ਰਸੰਗ ਨੂੰ ਵਿਸਾਰ ਰਹੇ ਹਾਂ। ਸਿੱਖ ਸੰਘਰਸ਼ ਨੂੰ ‘ਜੰਗ ਹਿੰਦ ਪੰਜਾਬ ਦਾ’ ਵਜੋਂ ਪੇਸ਼ ਕਰਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਪੈਮਾਨੇ ਨਾਲ ਪੰਜਾਬ ਤੋਂ ਬਹਾਰਲੇ: ਕਸ਼ਮੀਰੀ, ਦੱਖਣੀ ਅਤੇ ਪੂਰਬੀ ਸਿੱਖ ਵੀ ਇਸ ਸੰਘਰਸ਼ ਚੋਂ ਬਾਹਰ ਧੱਕੇ ਜਾਂਦੇ ਹਨ। ਕੀ ਸ੍ਰੀ ਦਰਬਾਰ ਸਾਹਿਬ ਦੇ ਸਾਕੇ ਵਿੱਚ ਗੈਰ-ਸਿੱਖਾਂ ਲਈ ਵੀ ਕੋਈ ਪ੍ਰੇਰਨਾ ਜਾਂ ਆਸ ਦੀ ਕਿਰਨ ਪਈ ਹੋਈ ਹੈ। ਕੀ ਵਿਦੇਸ਼ਾਂ ਦੇ ਰਾਜਨਾਇਕਾਂ ਅਤੇ ਸੈਲਾਨੀਆਂ ਦੀਆਂ ਸ੍ਰੀ ਦਰਬਾਰ ਸਾਹਿਬ ਫੇਰੀਆਂ ਸਿਰਫ ਸਿਆਸੀ ਜਾਂ ਸੈਲਾਨੀ ਅਰਥ ਹੀ ਰਖਦੀਆਂ ਹਨ? ਜਾਂ ਇਸ ਪਿੱਛੇ ਕੁਝ ਹੋਰ ਵੀ ਹੈ, ਜਿਸ ਨੂੰ ਸਮਝਣ ਦੀ ਲੋੜ ਹੈ। ਹਥਲੀ ਰਚਨਾ ਦਾ ਹਾਸਲ ਇਹ ਹੈ ਕਿ ਇਹ ਖਾੜਕੂ ਸੰਘਰਸ਼ ਦੇ ਫਿਰਕੂ, ਖੇਤਰੀ ਅਤੇ ਸਮਕਾਲੀ ਸਰੋਕਾਰਾਂ ਤੋਂ ਪਾਰਲੇ ਉਸ ਅਕਸ ਨੂੰ ਉਭਾਰਨ ਦਾ ਜਤਨ ਕਰਦੀ ਹੈ। ਉਹ ਅਕਸ ਜਿਸ ਦਾ ਧਰਮ ਦਇਆ ਚੋਂ ਪੈਦਾ ਹੁੰਦਾ ਅਤੇ ਸੰਤੋਖ ਹੀ ਜਿਸ ਦੀ ਮਰਿਆਦਾ ਦਾ ਸਾਰ ਹੈ।
ਧਰਮਾਂ ਦੇ ਇਤਿਹਾਸ ਨੂੰ ਅਧਿਐਨ ਕਰਦਿਆਂ ਆਮ ਕਰਕੇ ਇੱਕ ਸ਼ਬਦ ‘ਪਹਿਲ ਤਾਜਗੀ’ ਵਰਤਿਆਂ ਜਾਂਦਾ ਹੈ। ਇਹ ਭਾਵ ਉਸਾਰਿਆ ਜਾਂਦਾ ਹੈ ਕਿ ਧਰਮ ਸੰਸਥਾਪਕ ਦੇ ਸੰਸਾਰ ਤੋਂ ਰੁਖਸਤ ਹੋਣ ਪਿੱਛੋਂ ਸਮੇਂ ਦੇ ਵਹਿਣ ਨਾਲ ਪੈਰੋਕਾਰਾਂ ਵਿੱਚੋਂ ਧਰਮ ਦੀ ਮੂਲ ਪ੍ਰੇਰਨਾ ਫਿੱਕੀ ਹੁੰਦੀ ਜਾਂਦੀ ਹੈ। ਸੂਰਜ ਦੀ ਰੌਸ਼ਨੀ ਵਿੱਚ ਹਰ ਸ਼ੈ ਰੌਸ਼ਨ ਹੋ ਜਾਂਦੀ ਹੈ ਪਰ ਛਿਪਣ ਨਾਲ ਹੀ ਹਨੇਰਾ ਪਸਰਨਾ ਸ਼ੁਰੂ ਹੋ ਜਾਂਦਾ ਅਤੇ ਅਗਲੇ ਸੂਰਜ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। ਵੈਦਿਕ ਪਰੰਪਰਾ ਦੇ ਅਵਤਾਰਵਾਦ ਅਤੇ ਕਤੇਬੀ ਨਬੀਆਂ ਦੀ ਲੜੀ ਨੂੰ ਇਸ ਦ੍ਰਿਸ਼ਟੀ ਤੋਂ ਵੇਖਿਆ ਜਾ ਸਕਦਾ ਹੈ। ਹਜਰਤ ਈਸਾ ਜੋ ਮਸੀਹੀਆਂ ਲਈ ਆਖਿਰੀ ਮਸੀਹਾ ਹਨ ਨੇ ਇਸ ਮਨੌਤ ਨੂੰ ਤੋੜਿਆ ਹੈ। ਮਸੀਹੀ ਬਾਈਬਲ ਦੀ ਪੋਥੀ ‘ਰਸੂਲਾਂ ਦੇ ਕਰਤਬ’ ਉਨ੍ਹਾਂ ਰਸੂਲਾਂ ਦੇ ਜੀਵਨ ਅਮਲ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਈਸਾ ਦੀ ਸ਼ਹਾਦਤ ਪਿੱਛੋਂ ਖਿਲਰ ਚੁਕੇ ਮਸੀਹੀ ਵਿਸ਼ਵਾਸੀਆਂ ਨੂੰ ਇੱਕਮੁੱਠ ਕੀਤਾ ਅਤੇ ਚਰਚ ਨੂੰ ਸ਼ਾਨਦਾਰ ਉਚਾਈਆਂ ਦਿੱਤੀਆਂ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਖਾਲਸਾ ਪੰਥ ਨੇ ਹੇਠਲੀ ਉੱਤੇ ਕਰ ਦਿੱਤੀ ਸੀ। ਅਨੰਤ ਤਸੀਹੇ, ਦੁਸ਼ਵਾਰੀਆਂ ਅਤੇ ਤੁਹਮਤਾਂ ਨੂੰ ਝੱਲਦਿਆਂ ਵੀ ਉਨ੍ਹਾਂ ਯੋਧਿਆਂ ਦੇ ਹਿਰਦਿਆਂ ਅੰਦਰ ਰੱਬੀ ਪਿਆਰ ਸਦਾ ਲਟ ਲਟ ਬਲਦਾ ਰਿਹਾ ਹੈ। ਪਰ ਵੇਖਣ ਵਾਲਾ ਨੁਕਤਾ ਇਹ ਹੈ ਕਿ ਈਸਾ ਮਸੀਹ ਨੇ ਰਸੂਲਾਂ ਦੀ ਚੋਣ ਆਪ ਕਰ ਦਿੱਤੀ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸਮ ਪਿਤਾ ਨੇ ਆਪ ਤੋਰਿਆ ਸੀ। ਸ੍ਰੀ ਦਰਬਾਰ ਸਾਹਿਬ ਦੇ ਸਾਕੇ ਦੌਰਾਨ ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਪ੍ਰਮੁੱਖ ਆਗੂ ਸ਼ਹੀਦ ਹੋ ਚੁਕੇ ਅਤੇ ਰਹਿੰਦੇ ਸਾਥੀ ਜੇਲਾਂ ਵਿੱਚ ਸਨ। ਅਜਿਹੇ ਘੋਰ ਨਿਰਾਸ਼ਾ ਅਤੇ ਹਕੂਮਤੀ ਜਬਰ ਦੇ ਦੌਰ ਵਿੱਚ ਕੁਝ ਨੌਜਵਾਨ ਉੱਠ ਤੁਰੇ ਅਤੇ ਬਿਨਾਂ ਕਿਸੇ ਆਗੂ ਅਤੇ ਬਾਹਰਲੀ ਰਾਜਸੀ ਇਮਦਾਦ ਦੇ ਕਰਾਮਾਤਾਂ ਵਰਗੇ ਵਾਕੇ ਕਰ ਗਏ। ਅਜਿਹਾ ਇਤਿਹਾਸ ਵਿੱਚ ਆਏ ਦਿਨ ਨਹੀਂ ਹੁੰਦਾ। ਨਿਸ਼ਚਿਤ ਤੌਰ ’ਤੇ ਇਹ ਅਸਾਧਾਰਣ ਵਰਤਾਰਾ ਹੈ।
ਸ਼ਹਾਦਤ ਮੌਕੇ ਬਾਬਾ ਬੰਦਾ ਸਿੰਘ ਦੇ ਆਖਿਰੀ ਬਿਆਨ ਵਿੱਚ ਇੱਕ ਅਹਿਮ ਨੁਕਤਾ ਉਨ੍ਹਾਂ ਵੱਲੋਂ ਹਕੂਮਤੀ ਜਬਰ ਦਾ ਟਾਕਰਾ ਕਰਦਿਆਂ ਕੁਝ ਨਿਰਦੋਸ਼ਾਂ ਦੇ ਜਾਨ-ਮਾਲ ਦੇ ਨੁਕਸਾਨ ਨੂੰ ਤਸਲੀਮ ਕਰਨਾ ਹੈ। ਵਿਸ਼ਵ ਧਰਮ ਅੰਦਰ ਧਰਮ ਜੁੱਧ ਤੇ ਕਰੂਸੇਡਸ ਦੇ ਵੱਡੇ ਕਿੱਸੇ ਮੌਜੂਦ ਹਨ ਪਰ ਬਾਬਾ ਬੰਦਾ ਸਿੰਘ ਵਾਂਗ ਬੇਦੋਸੇ ਖੂਨ ਅਤੇ ਰੱਬ ਪਾਸੋਂ ਉਸ ਦੇ ਨਿਆਂ ਵਜੋਂ ਮਿਲੇ ਤਸੀਹਿਆਂ ਨੂੰ ਦਾਤ ਵਜੋਂ ਪ੍ਰਵਾਨ ਕਰਨ ਦੀ ਮਿਸਾਲ ਲੱਭਣੀ ਬਹੁਤ ਔਖੀ ਹੈ। ਭਾਈ ਸੁੱਖਾ ਅਤੇ ਭਾਈ ਜਿੰਦਾ ਜਿਹੇ ਅਨੇਕਾਂ ਖਾੜਕੂ ਯੋਧਿਆਂ ਨੇ ਪੁਰਾਤਨ ਸਿੰਘਾਂ ਦੀਆਂ ਪੈੜਾਂ ’ਤੇ ਚਲਦਿਆਂ ਸੰਘਰਸ਼ ਦੌਰਾਨ ਡੁੱਲੇ ਬੇਦੋਸੇ ਖੂਨ ’ਤੇ ਅਫਸੋਸ ਜਾਹਿਰ ਕੀਤਾ ਹੈ। ਭਾਈ ਰਣਜੀਤ ਸਿੰਘ ਕੁੱਕੀ ਦੇ ਬਿਆਨਾਂ ਵਿੱਚ ਵੀ ਇਹ ਨੁਕਤਾ ਸਪਸ਼ਟ ਹੁੰਦਾ ਰਿਹਾ ਹੈ। ਹਥਲੀ ਕਿਤਾਬ ਨੇ ਅਜਿਹੇ ਬੇਦੋਸ਼ਿਆਂ ਨੂੰ ਹਮਦਰਦੀ ਭਰੀ ਸ਼ਰਧਾਂਜਲੀ ਦਿੰਦਿਆਂ ਇਸ ਨਿਵੇਕਲੀ ਪਰੰਪਰਾ ਨੂੰ ਹੋਰ ਅੱਗੇ ਤੋਰਿਆ ਹੈ। ਬਾਬਾ ਬੰਦਾ ਸਿੰਘ ਵੱਲੋਂ ਸ਼ਹਾਦਤ ਜਾਂ ਭਜ ਨਿਕਲਣ ਦੀ ਬਜਾਏ ਗੁਰਦਾਸ ਨੰਗਲ ਵਿਖੇ ਗ੍ਰਿਫਤਾਰੀ ਦੇਣ ਦੀ ਚੇਤੰਨ ਨੀਤੀ ਅਤੇ ਰਾਜਧਾਨੀ ਵਿਚ ਦੇਸੀ-ਵਿਦੇਸ਼ੀ ਨੁਮਾਇੰਦਿਆਂ ਸਾਹਮਣੇ ਆਪਣੇ ਪੱਖ ਨੂੰ ਪੇਸ਼ ਕਰਨ ਵਿੱਚ ਕਾਮਯਾਬ ਹੋਣ ਦੇ ਬਾਵਜੂਦ ਲਗਭਗ ਦੋ ਸਦੀਆਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ੰਕਿਆਂ ਵਿੱਚ ਘਿਰਿਆ ਰਹਿਣਾ ਪਿਆ। ਇਤਿਹਾਸ ਗਵਾਹ ਹੈ ਕਿ ਕਈ ਆਪਣੇ ਭਲੇ ਪੁਰਸ਼ ਵੀ ਉਨ੍ਹਾਂ ਨੂੰ ਸ਼ੱਕੀ ਅੱਖ ਨਾਲ ਵੇਖਦੇ ਰਹੇ ਸਨ। ਹੁਣ ਵੀ ਹਾਲਾਤ ਕੁਝ ਅਜਿਹੇ ਹੀ ਹਨ ਪਰ ਦੋ ਦਹਾਕਿਆਂ ਵਿੱਚ ‘ਖਾੜਕੂ ਸੰਘਰਸ਼ ਦੀ ਸਾਖੀ’ ਰਾਹੀਂ ਹਕੀਕਤ ਬਿਆਨ ਕਰਨ ਦੀ ਸ਼ੁਰੂਆਤ ਅਤੇ ਸੰਗਤ ਵੱਲੋਂ ਇਸ ਨੂੰ ਮਿਲਿਆ ਹੁੰਘਾਰਾ ਧਰਵਾਸ ਵਾਲੀ ਗੱਲ ਹੈ।
ਸੰਘਰਸ਼ੀ ਲਹਿਰਾਂ ਦੌਰਾਨ ਭਾਵਨਾਵਾਂ ਤੇਜ ਅਤੇ ਵਿਚਾਰਧਾਰਕ ਹੱਦਬੰਦੀਆਂ ਸਖਤ ਹੋ ਜਾਂਦੀਆਂ ਹਨ ਅਤੇ ਕਈ ਵਾਰ ਸਮੁਚੇ ਵਰਤਾਰੇ ਨੂੰ ਆਪਣੇ ਅਤੇ ਬਿਗਾਨੇ ਦੋ ਹਿੱਸਿਆਂ ਵਿੱਚ ਵੰਡਿਆ ਜਾਣ ਲੱਗਦਾ ਹੈ। ਹਕੀਕਤ ਕਦੀ ਵੀ ਬਲੈਕ ਐਂਡ ਵਾਈਟ ਨਹੀਂ ਹੁੰਦੀ ਸਗੋਂ ਕੁਦਰਤੀ ਖਾਸੇ ਅਨੁਸਾਰ ਬਹੁਰੰਗੀ ਹੁੰਦੀ ਹੈ। ਇਸ ਸੱਚ ਵੱਲ ਕੰਡ ਕਰਕੇ ਕਿਸੇ ਵੀ ਲਹਿਰ ਨੂੰ ਸਹੀ ਰੂਪ ਵਿੱਚ ਜਾਣਿਆ ਨਹੀਂ ਜਾ ਸਕਦਾ। ਪੰਥ ਅੰਦਰ ਵੀ ਬਿਨਾਂ ਵਿਚਾਰ ਗੁਰਭਾਈਆਂ ਨੂੰ ਕੱਚਾ ਸਿੱਖ, ਡਰਪੋਕ, ਗੱਦਾਰ ਜਾਂ ਪੰਥ ਦੋਖੀ ਆਖਣ ਦੀ ਮਾੜੀ ਰੁਚੀ ਪੈਦਾ ਹੋ ਰਹੀ ਹੈ। ਇਹ ਸਾਡੀ ਕੌਮੀ ਅਰਦਾਸ ਵਿੱਚ ਮੰਗੇ ਜਾਂਦੇ ਵਿਸਾਹਦਾਨ ਤੇ ਭਰੋਸਾਦਾਨ ਦੇ ਉਲਟ ਪਾਸੇ ਜਾਂਦਾ ਅਮਲ ਹੈ। ਹਥਲੀ ਰਚਨਾ ਖਾੜਕੂ ਸੰਘਰਸ਼, ਸਿੰਘਾਂ ਅਤੇ ਕਾਰਨਾਮਿਆਂ ਉੱਪਰ ਕੀਤੇ ਜਾ ਰਹੇ ਸਵਾਲਾਂ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਪਾਠਕ ਸਾਹਮਣੇ ਲਹਿਰ ਦੀ ਬਹੁਰੰਗੀ ਹਕੀਕਤ ਨੂੰ ਰੂਪਮਾਨ ਕਰਦੀ ਹੈ। ਫੜੇ ਜਾਣ ਪਿੱਛੋਂ ਲੋਕ ਮਨਾਂ ਅੰਦਰ ਜਿਨ੍ਹਾਂ ਸਿੰਘਾਂ ਦੀ ਛਵੀ ਗੱਦਾਰਾਂ ਜਿਹੀ ਬਣ ਗਈ, ਉਨ੍ਹਾਂ ਦੇ ਖੂਫੀਆ ਤੰਤਰ ਦੇ ਨਾਲ ਰਹਿੰਦਿਆਂ ਵੀ ਸੰਘਰਸ਼ ਦਾ ਨੁਕਸਾਨ ਨਾ ਹੋਣ ਦੇਣਾ ਅਤੇ ਆਪਣਾ ਜੀਵਨ ਲੇਖੇ ਲਾਉਣ ਦੀ ਹਕੀਕਤ ਪਾਠਕ ਨੂੰ ਦੀਰਘ ਵਿਚਾਰ ਲਈ ਪ੍ਰੇਰਦੀ ਹੈ। ਇਸ ਪ੍ਰਸੰਗ ਵਿੱਚ ਕਾਰ ਸੇਵਾ ਵਾਲੇ ਬਾਬਾ ਜੀ ਦੀ ਸਾਖੀ ਵੇਖਣ ਯੋਗ ਹੈ। ਇਸ ਤਰ੍ਹਾਂ ਇਹ ਰਚਨਾ ਪਾਠਕ ਨੂੰ ਖਾੜਕੂ ਸੰਘਰਸ਼ ਸੰਬੰਧੀ ਬਣੇ-ਬਣਾਏ ਜਵਾਬ ਦੇਣ ਦੀ ਬਜਾਏ ਉਸ ਨੂੰ ਆਪਣਾ ਬਿਬੇਕ ਵਰਤ ਕੇ ਸਿੱਟੇ ਕਢਣ ਦੇ ਰਾਹ ਪਾਉਂਦੀ ਹੈ।
ਇਸ ਰਚਨਾ ਵਿੱਚੋਂ ਪ੍ਰੋਫੈਸਰ ਪੂਰਨ ਸਿੰਘ ਦੀ ਲਿਖਤ ਜਿਹੇ ਸਹਿਜ ਤੇ ਨਿਰਉਚੇਚ ਵਾਕਾਂ ਦੇ ਦਰਸ਼ਨ ਹੁੰਦੇ ਹਨ। ਸ਼ਬਦ, ਵਾਕ ਵਾਂਗ ਹੀ ਸਾਖੀਆਂ ਦੇ ਪਾਤਰ ਵੀ ਸਰਲ-ਸਾਦੇ ਹਨ। ਭਾਈ ਰਤਨ ਸਿੰਘ ਭੰਗੂ ਵੱਲੋਂ ਰਚੇ ਗਏ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਬਾਰੇ ਗਿਆਨੀ ਗਿਆਨ ਸਿੰਘ ਜੀ ਦੀ ਰਾਏ ਸੀ ਕਿ ਇਹ ਸੁਥਰੀ ਕਵਿਤਾ ਨਹੀਂ ਹੈ। ਗਿਆਨ ਸਿੰਘ ਨੇ ਕਾਵਿ ਨੇਮਾਂ ਅਨੁਸਾਰ ਇੱਕ ਹੋਰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਰਚਨਾ ਕੀਤੀ। ਵਕਤ ਨੇ ਸਾਬਤ ਕਰ ਦਿੱਤਾ ਹੈ ਕਿ ਸਿਧਰੀ ਕਵਿਤਾ ਵਾਲੇ ਰਤਨ ਸਿੰਘ ਭੰਗੂ ਦੀ ਰਚਨਾ ਨੇ ਸਿੱਖ ਹਿਰਦਿਆਂ ਵਿੱਚ ਵਧੀਕ ਡੂੰਘੀ ਥਾਂ ਬਣਾਈ ਹੈ। ਭਲਵਾਨ ਬਾਪੂ ਜਿਹੇ ਕਿੰਨੇ ਹੀ ਕਿਰਦਾਰ ਅਜਿਹੇ ਹਨ ਜਿਨ੍ਹਾਂ ਵਿਚੋਂ ਟਾਲਸਟਾਏ ਦੀ ਕਹਾਣੀ ‘ਤਿੰਨ ਸਾਧੂਆਂ’ ਜਿਹਾ ਝਲਕਾਰਾ ਪੈਂਦਾ ਹੈ। ਕੁਝ ਪਾਤਰ ਕਾਕੂਜ਼ੋ ਓਕਾਕੁਰਾ ਦੀ ‘ਦ ਬੁੱਕ ਆਫ ਟੀ’ ਵਿਚਲੇ ਉਸਤਾਦ ਰਿਕਯੂ ਜਿਹੇ ਜਾਪਦੇ ਹਨ, ਜਿਨ੍ਹਾਂ ਨੂੰ ਹਕੂਮਤ ਨੇ ਨਿਰਦੋਸ਼ ਹੁੰਦਿਆਂ ਵੀ ਸ਼ੱਕ ਦੀ ਬਿਨਾਹ ’ਤੇ ਮੌਤ ਦਾ ਫਰਮਾਨ ਸੁਣਾ ਦਿੱਤਾ। ਉਹ ਆਪਣੀ ਨਿਰਦੋਸ਼ਤਾ ਦੇ ਵਾਸਤੇ ਨਹੀਂ ਪਾਉਂਦੇ ਨਾ ਹੀ ਜੀਵਨ ਦੀ ਭੀਖ ਮੰਗਦੇ ਹਨ ਸਗੋਂ ਸ਼ਾਹੀ ਆਦੇਸ਼ ਨੂੰ ਰਿਕਯੂ ਲਿਸ਼ਕਦੀ ਧਾਰ ਵਾਲੀ ਤੇਜ਼ ਕਟਾਰ ਵੱਲ ਪ੍ਰੇਮ ਨਾਲ ਦੇਖਦਿਆਂ ਪੂਰੇ ਅਦਬ ਤੇ ਸਿਦਕ ਨਾਲ ਨਿਭਾਉਂਦਾ ਹੈ। ਇਸ ਸ਼ਾਨਦਾਰ ਰਚਨਾ ਲਈ ਭਾਈ ਦਲਜੀਤ ਸਿੰਘ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਵਧਾਈ ਦੇ ਹੱਕਦਾਰ ਹਨ। ਮਿਆਰੀ ਛਪਾਈ ਤੇ ਜਿਲਦਬੰਦੀ ਅਤੇ ਪਰਮ ਸਿੰਘ ਦੀ ਖੂਬਸੂਰਤ ਚਿੱਤਰਕਾਰੀ ਕਿਤਾਬ ਨੂੰ ਹੋਰ ਚਾਰ-ਚੰਨ ਲਾਉਂਦੀ ਹੈ।
ਹਰਦੇਵ ਸਿੰਘ
* ਸਹਾਇਕ ਪ੍ਰੋਫੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ,
ਫਤਿਹਗੜ੍ਹ ਸਾਹਿਬ।
Comments (0)