'ਭਗਵਾਨ ਬਲਾਸ ਸੁਖਨਲ ਸਾਰ'
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਬਾਵਾ ਭਗਵਾਨ ਦਾਸ ਕ੍ਰਿਤ 'ਭਗਵਾਨ ਬਲਾਸ ਸੁਖਨਲ ਸਾਰ' ਗ੍ਰੰਥ ਦਾ ਪਾਠ- ਸੰਪਾਦਨ, ਸ਼ਬਦਾਰਥ ਅਤੇ ਭਾਵਾਰਥ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਨੇ ਬੜੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਹੈ।
ਇਸ ਗ੍ਰੰਥ ਦੇ ਕੁਲ 450 ਪੰਨੇ ਹਨ। ਇਸ ਗ੍ਰੰਥ ਵਿਚ ਬਾਵਾ ਭਗਵਾਨ ਦਾਸ ਜੀ ਰਚਿਤ 195 ਸਵਈਏ, 208 ਕਬਿਤ,16 ਦੋਹਰੇ,4 ਰੈਹਕਲੇ ਅਤੇ 31 ਸੀਹਰਫੀਆਂ ਦਰਜ ਹਨ। ਇਹ ਸਾਰਾ ਗ੍ਰੰਥ ਕਾਵਿ ਰੂਪ ਵਿਚ ਲਿਖਿਆ ਹੋਇਆ ਹੈ। ਬਾਵਾ ਭਗਵਾਨ ਦਾਸ ਜੀ ਨੇ ਇਸ ਗ੍ਰੰਥ ਦੀ ਸੰਪੂਰਨਤਾ 1903 ਈ. ਵਿਚ ਕੀਤੀ ਸੀ ਜੋ ਇਸ ਗ੍ਰੰਥ ਦੀ ਅੰਦਰਲੀ ਗਵਾਹੀ ਤੋਂ ਹੀ ਸਪਸ਼ਟ ਹੋ ਜਾਂਦਾ ਹੈ। ਇਸ ਗ੍ਰੰਥ ਦੀ ਲਿਪੀ ਗੁਰਮੁਖੀ ਵਰਤੀ ਗਈ ਹੈ ਪਰ ਅਨੇਕਾਂ ਭਾਸ਼ਾਵਾਂ ਦੇ ਸ਼ਬਦ ਜਿਵੇਂ ਪੰਜਾਬੀ, ਅਰਬੀ, ਫਾਰਸੀ, ਉਰਦੂ, ਅੰਗ੍ਰੇਜੀ, ਆਦਿ ਵਰਤੇ ਗਏ ਹਨ। ਬਾਵਾ ਦਾ ਭਾਵ ਹੈ ਸਾਧੂ। ਸੋ ਸਾਧੂ ਭਗਵਾਨ ਦਾਸ ਜੀ ਨੇ ਆਪਣੇ ਅਨੁਭਵ ਨੂੰ ਲਿਖਤੀ ਰੂਪ ਵਿਚ ਦਰਜ ਕਰਦਿਆਂ ਜੋ ਗ੍ਰੰਥ ਤਿਆਰ ਕੀਤਾ ਉਸ ਦਾ ਨਾਂ 'ਭਗਵਾਨ ਬਲਾਸ ਸੁਖਨਲ ਸਾਰ' ਰਖਿਆ। ਇਸ ਗ੍ਰੰਥ ਵਿਚ ਉਹਨਾਂ ਨੇ ਆਪਣਾ ਤਖਲਸ ਮੌਜਦਿਲ ਵੀ ਵਰਤਿਆ ਹੈ ਅਤੇ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ 'ਰਾਜਾ ਸਾਹਿਬ' ਨਾਲ ਸੰਬੋਧਨ ਕਰਦੇ ਸਨ ਅਤੇ ਕਰਦੇ ਹਨ ਅਤੇ ਉਹਨਾਂ ਦੀ ਯਾਦ ਵਿਚ ਜੋ ਗੁਰਦੁਆਰਾ ਸਾਹਿਬ ਹੈ ਉਸ ਦਾ ਨਾਂ 'ਗੁਰਦੁਆਰਾ ਦੁਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ' ਜੀ ਰਖਿਆ ਗਿਆ ਹੈ।ਸੁਖਨਲ ਸ਼ਬਦ ਵਿਚ 'ਸੁਖ਼ਨ' ਸ਼ਬਦ ਫਾਰਸੀ ਦਾ ਹੈ ਅਤੇ ਸੰਗਿਆ ਬੋਧਕ ਹੈ, ਜਿਸ ਦਾ ਭਾਵ ਹੈ ਬਚਨ, ਗਲ,ਬਾਤ, ਪਦ, ਛੰਦ। 'ਸਾਰ' ਸ਼ਬਦ ਵੀ ਸੰਗਿਆ ਹੈ ਅਤੇ ਜਿਸ ਦਾ ਭਾਵ ਹੈ ਕਿਸੇ ਵਸਤੂ ਦਾ ਰਸ/ਸਾਰ । ਸੁਖ਼ਨ ਵਾਂਗ ਹੀ ਦੂਜਾ ਸ਼ਬਦ 'ਸਖੁਨ' ਵੀ ਫਾਰਸੀ ਦਾ ਹੈ ਜਿਸ ਦਾ ਭਾਵ ਵੀ ਹੈ ਵਚਨ, ਬਾਤ, ਕਵਿਤਾ ਆਦਿ। ਇਸ ਤਰ੍ਹਾਂ ਇਸ ਦਾ ਸਮੁਚਾ ਭਾਵ ਹੈ ਕਿ 'ਇਸ ਗ੍ਰੰਥ ਵਿਚ ਬਾਵਾ ਭਗਵਾਨ ਦਾਸ ਜੀ ਦੇ ਬਚਨਾਂ ਦਾ ਰਸ/ਸਾਰ ਹੈ'।
ਸੁਖਨਲ ਸ਼ਬਦ ਨਾਲ ਜੋ 'ਲ' ਅਖਰ ਹੈ, ਮਹਿਸੂਸ ਹੁੰਦਾ ਹੈ ਕਿ ਇਹ ਸੁਖ਼ਨ ਸ਼ਬਦ ਨੂੰ ਬਹੁਵਚਨ ਬਣਾਉਣ ਲਈ ਲਗਾਇਆ ਗਿਆ ਹੋਵੇ ਕਿਉਂਕਿ ਕਵੀਜਨ ਆਪਣੇ ਨਵੇਂ ਸ਼ਬਦ ਘੜ ਕੇ ਵਰਤੋਂ ਵੀ ਕਰਦੇ ਹਨ। ਇਹਨਾਂ ਬਚਨਾਂ ਦੀ ਪ੍ਰਮੁਖ ਸੁਰ ਅਧਿਆਤਮਕ ਹੈ।ਇਹਨਾਂ ਬਚਨਾਂ ਉਤੇ ਗੁਰਬਾਣੀ ਦਾ ਹੀ ਵਧੇਰੇ ਪ੍ਰਭਾਵ ਹੈ। ਗੁਰਬਾਣੀ ਦਾ ਵਧੇਰੇ ਪ੍ਰਭਾਵ ਇਹ ਦਰਸਾਉਂਦਾ ਹੈ ਕਿ ਬਾਵਾ ਭਗਵਾਨ ਦਾਸ ਜੀ ਦਾ ਸਮੁਚਾ ਜੀਵਨ ਗੁਰਬਾਣੀ ਨੂੰ ਸਮਰਪਿਤ ਸੀ। ਦੋਹਾਂ ਵਿਦਵਾਨਾਂ ਨੇ ਇਸ ਗ੍ਰੰਥ ਦੀ ਭੂਮਿਕਾ ਵਿਚ ਬਾਵਾ ਭਗਵਾਨ ਦਾਸ ਜੀ ਦਾ ਜੀਵਨ, ਸੁਖਨਲ ਸਾਰ ਬਾਰੇ ਜਾਣਕਾਰੀ ਅਤੇ ਬਾਵਾ ਭਗਵਾਨ ਦਾਸ ਜੀ ਵਲੋਂ ਦਿਤੀਆਂ ਸਿਖਿਆਵਾਂ ਦਾ ਜਿਕਰ ਬਾਖੂਬੀ ਕੀਤਾ ਹੈ। ਜਿਸ ਤਰ੍ਹਾਂ ਕਿ ਇਸ ਗ੍ਰੰਥ ਦੇ ਸਿਰਲੇਖ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਸ ਗ੍ਰੰਥ ਦੇ ਮੂਲ-ਪਾਠ ਦਾ ਸੰਪਾਦਨ, ਸ਼ਬਦਾਰਥ ਅਤੇ ਭਾਵਾਰਥ ਦੋਹਾਂ ਵਿਦਵਾਨਾਂ ਨੇ ਤਿਆਰ ਕੀਤਾ ਹੈ ਜੋ ਕਿ ਕੋਈ ਸੁਖੈਨ ਕਾਰਜ ਨਹੀਂ ਸੀ। ਪਰ ਫਿਰ ਵੀ ਵਿਦਵਾਨਾਂ ਨੇ ਪਹਿਲਾਂ ਤਾਂ ਪੀ.ਡੀ.ਐਫ. ਰੂਪ ਵਿਚ ਗ੍ਰੰਥ ਦਾ ਮੂਲ ਪਾਠ ਪ੍ਰਾਪਤ ਕੀਤਾ ਜੋ ਅਸਲ ਹਥ ਲਿਖਤ ਦੀ ਫੋਟੋ ਕਾਪੀ ਹੈ, ਉਤਾਰਾ ਨਹੀਂ। ਜਿਸ ਕਰਕੇ ਇਸ ਵਿਚ ਗਲਤੀਆਂ ਦੀ ਸੰਭਾਵਨਾ ਦਾ ਕੋਈ ਡਰ ਨਹੀਂ ਭਾਪਿਆ ਅਤੇ ਉਹਨਾਂ ਨੇ ਲੜੀਵਾਰ ਗ੍ਰੰਥ ਨੂੰ ਪਦਛੇਦ ਕਰਨ ਦਾ ਕੰਮ ਵੀ ਕੀਤਾ ਹੈ।
ਇਸ ਗ੍ਰੰਥ ਦੇ ਲੜੀਵਾਰ ਪਾਠ ਦੀ ਇਕ ਫੋਟੋ ਵੀ ਵਿਦਵਾਨਾਂ ਨੇ ਪਾਠਕਾਂ ਦੇ ਗਿਆਤ ਹਿਤ ਜਿਲਦ ਉਤੇ ਛਾਪੀ ਹੋਈ ਹੈ। ਪਹਿਲਾਂ ਤਾਂ ਪਦਛੇਦ ਕਰਨਾ ਹੀ ਕੋਈ ਸੁਖੈਨ ਕੰਮ ਨਹੀਂ ਸੀ, ਦੂਜਾ ਉਸ ਮੂਲ ਪਾਠ ਨੂੰ ਪਦਛੇਦ ਕਰਕੇ ਫਿਰ ਉਸਦਾ ਸ਼ਬਦਾਰਥ ਤਿਆਰ ਕੀਤਾ ਗਿਆ ਹੈ ਤਾਂ ਜੋ ਪਾਠਕਾਂ ਨੂੰ ਔਖੇ ਸ਼ਬਦਾਂ ਦੇ ਅਰਥਾਂ ਤੋਂ ਜਾਣੂ ਕਰਵਾਇਆ ਜਾ ਸਕੇ ਜਿਵੇਂ ਕੁਲਫ (ਤਾਲਾ), ਗੈਬੁਲਗੈਬ (ਅਡਿਠ ),ਬਘੰਬਰ (ਸੂਖਮ ਬੁਧੀ ਨਾਲ ਵਿਚਾਰ ਕੇ ਕੀਤੇ ਜਾਣ ਵਾਲੇ ਕੰਮ),ਅਰਬਾ ਇਨਾਸਰ (ਚਾਰ ਤਤ), ਐਹਮਕ (ਮੂਰਖ) ਬਿਗਿਆਨ (ਆਤਮ ਗਿਆਨ), ਬੈਨ ਬੁਕਾਰਾ (ਹਾਲ ਦੁਹਾਈ),ਗੋਸਪੰਦ (ਬਕਰੀ), ਗੁਰਗ (ਬਗਿਆੜ), ਤਵੰਗ੍ਰੀ (ਅਮੀਰੀ), ਕੌਗਲੌ (ਕਦੋਂ ਤੀਕ), ਬੌਰ(ਹਰਨ ਫਸਾਉਣ ਦਾ ਜਾਲ), ਫੁਕਰਾ (ਫਕੀਰ ਦਾ ਬਹੁਵਚਨ), ਆਹਨਗਰ (ਲੁਹਾਰ ),ਅੰਕਲਾ (ਅੰਕਾਂ ਵਾਲਾ) ਆਦਿ ਔਖੇ-ਔਖੇ ਸ਼ਬਦਾਂ ਦੇ ਅਰਥ ਦਰਜ ਕਰਕੇ ਪਾਠਕਾਂ ਨੂੰ ਸੁਖੈਨ ਢੰਗ ਨਾਲ ਅਧਿਐਨ ਕਰਨ ਲਈ ਸਮਗਰੀ ਮੁਹਈਆ ਕਰਵਾਈ ਗਈ ਹੈ।ਤੀਜਾ ਇਸ ਗ੍ਰੰਥ ਵਿਚ ਵਿਦਵਾਨਾਂ ਨੇ ਪਾਠ-ਸੰਪਾਦਨ ਅਤੇ ਸ਼ਬਦਾਰਥ ਦੇ ਨਾਲ-ਨਾਲ ਇਸ ਕਾਵਿ ਰਚਨਾ ਨੂੰ ਪਾਠਕਾਂ ਹਿਤ ਹੋਰ ਵੀ ਸੁਖੈਨ ਕਰਦਿਆਂ ਸਾਰੇ ਦੋਹਰੇ, ਸਵਈਏ, ਕਬਿਤ, ਰਹਕਲੇ ਅਤੇ ਸੀਹਰਫੀ ਦਾ ਭਾਵਾਰਥ ਵੀ ਦਰਜ ਕੀਤਾ ਹੈ। ਜਿਸ ਨਾਲ ਇਸ ਗ੍ਰੰਥ ਵਿਚ ਦਰਜ ਗੂੜ ਰਹਸਾਂ ਨੂੰ ਜਾਨਣ ਵਿਚ ਹੋਰ ਵੀ ਆਸਾਨੀ ਹੋ ਗਈ ਹੈ। ਜੇਕਰ ਇਸ ਗ੍ਰੰਥ ਦਾ ਪਾਠ-ਸੰਪਾਦਨ ਨਾ ਕੀਤਾ ਜਾਂਦਾ ਤਾਂ ਅਜੋਕੇ ਸਮੇਂ ਵਿੱਚ ਲੜੀਵਾਰ ਗ੍ਰੰਥ ਪੜਨ ਵਾਲੇ ਵਿਰਲੇ ਟਾਵੇਂ ਹੀ ਹਨ,ਸੋ ਇਹ ਗ੍ਰੰਥ ਆਮ ਪਾਠਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਾ ਸੀ ਅਤੇ ਜੇ ਇਸ ਦਾ ਸ਼ਬਦਾਰਥ ਤੇ ਭਾਵਾਰਥ ਨਾ ਕੀਤਾ ਜਾਂਦਾ ਤਾਂ ਇਸ ਵਿਚ ਆਏ ਅਨੇਕਾਂ ਭਾਸ਼ਾਵਾਂ ਦੇ ਔਖੇ ਸ਼ਬਦਾਂ ਦੇ ਅਰਥਾਂ ਦੀ ਸਮਸਿਆ ਪਾਠਕਾਂ ਨੂੰ ਦਰਪੇਸ਼ ਹੋਣੀ ਸੀ। ਪਰ ਵਿਦਵਾਨਾਂ ਨੇ ਇਸ ਗ੍ਰੰਥ ਨੂੰ ਸਾਰੇ ਪਖਾਂ ਤੋਂ ਸੁਖੈਨ ਕਰਕੇ ਹੀ ਪ੍ਰਕਾਸ਼ਿਤ ਕਰਵਾਇਆ ਹੈ। ਇਸ ਰਚਨਾ ਦੇ ਪ੍ਰਕਾਸ਼ਨ ਨਾਲ ਹੀ ਸੰਭਵ ਹੋ ਸਕੇਗਾ ਕਿ ਬਾਵਾ ਭਗਵਾਨ ਦਾਸ ਜੀ ਪ੍ਰਤੀ ਸ਼ਰਧਾ ਰਖਣ ਵਾਲੇ ਸ਼ਰਧਾਲੂ ਉਹਨਾਂ ਦੇ ਉਪਦੇਸ਼ਾਂ ਦਾ ਅਨੁਸਰਨ ਕਰਕੇ ਉਹਨਾਂ ਵਲੋਂ ਦਸੇ ਮਾਰਗ ਤੇ ਚਲਣਗੇ ਅਤੇ ਗੁਰਮਤਿ ਅਨੁਸਾਰ ਆਪਣਾ ਜੀਵਨ ਜਿਉਂਣਗੇ ਕਿਉਂਕਿ ਬਾਵਾ ਭਗਵਾਨ ਦਾਸ ਜੀ ਦਾ ਨਿਸ਼ਚਾ ਵੀ ਕੇਵਲ ਇਕ ਅਕਾਲ ਪੁਰਖ ਅਤੇ 'ਧੁਰ ਕੀ' ਬਾਣੀ ਤੇ ਹੀ ਸੀ ਜੋ ਕਿ ਉਹਨਾਂ ਦੀ ਰਚਨਾ ਵਿਚੋਂ ਹੀ ਸਪਸ਼ਟ ਹੁੰਦਾ ਹੈ ਉਹ ਆਪ ਨਾਮ ਅਭਿਆਸੀ ਅਤੇ ਬਾਣੀ ਦੇ ਪ੍ਰਚਾਰਕ ਸਨ ਅਤੇ ਇਹ ਪ੍ਰਚਾਰ ਉਹਨਾਂ ਨੇ ਸਾਰੀ ਜਿੰਦਗੀ ਕੀਤਾ। ਦੋਹਾਂ ਵਿਦਵਾਨਾਂ ਵਲੋਂ ਕੀਤੇ ਗਏ ਇਸ ਪਰਉਪਕਾਰੀ ਯਤਨ ਨਾਲ ਬਾਵਾ ਭਗਵਾਨ ਦਾਸ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ ਹਨ।
ਡਾ. ਦਿਲਵਰ ਸਿੰਘ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸਰਕਾਰ '
9417306371
Comments (0)