ਜੇਕਰ ਪਾਕਿਸਤਾਨ ਸਰਕਾਰ ਸਾਨੂੰ ਸ. ਗਜਿੰਦਰ ਸਿੰਘ ਦੇ ਫੁੱਲ ਵਾਹਗਾ ਬਾਰਡਰ ਉਤੇ ਦੇ ਦੇਣ, ਤਾਂ ਅਸੀਂ ਉਨ੍ਹਾਂ ਦੀਆਂ ਰਸਮਾਂ ਪੂਰੀਆ ਕਰ ਸਕਾਂਗੇ : ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 6 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਜਲਾਵਤਨੀ ਸ. ਗਜਿੰਦਰ ਸਿੰਘ ਮੁੱਖੀ ਦਲ ਖ਼ਾਲਸਾ ਜੋ ਲੰਮੇ ਸਮੇ ਤੋਂ ਪਾਕਿਸਤਾਨ ਵਿਚ ਜਲਾਵਤਨੀ ਜੀਵਨ ਬਤੀਤ ਕਰ ਰਹੇ ਸਨ ਅਤੇ ਨਾਲ ਹੀ ਦ੍ਰਿੜਤਾਪੂਰਵਕ ਖ਼ਾਲਸਾ ਪੰਥ ਦੀ ਆਜਾਦੀ ਲਈ ਨਿਰੰਤਰ ਆਪਣੇ ਖਿਆਲਾਤਾਂ ਰਾਹੀ ਡੂੰਘਾਂ ਯੋਗਦਾਨ ਪਾਉਦੇ ਆ ਰਹੇ ਸਨ, ਉਹ ਬੀਤੇ ਕੁਝ ਦਿਨ ਪਹਿਲੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸਿੱਖ ਕੌਮ ਨੂੰ ਇਕ ਅਸਹਿ ਤੇ ਅਕਹਿ ਕਦੀ ਵੀ ਨਾ ਪੂਰਾ ਹੋਣ ਵਾਲਾ ਪੰਥਕ ਘਾਟਾ ਪਿਆ ਹੈ । ਲੇਕਿਨ ਉਨ੍ਹਾਂ ਵੱਲੋ ਦ੍ਰਿੜਤਾ ਪੂਰਵਕ ਕੌਮੀ ਮਿਸਨ ਲਈ ਨਿਭਾਈ ਗਈ ਭੂਮਿਕਾ ਨੂੰ ਕੋਈ ਵੀ ਆਤਮਾ ਨਹੀ ਭੁੱਲਾ ਸਕਦੀ । ਪਤਾ ਨਹੀ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦੇ ਸੰਸਕਾਰ ਸਮੇਂ ਮਿਲਟਰੀ ਸਲਿਊਟ ਕੀਤਾ ਹੈ ਜਾਂ ਨਹੀ । ਪਰ ਇਹ ਸਖਸੀਅਤ ਇਸਦੀ ਹੱਕਦਾਰ ਸੀ । ਕਿਉਂਕਿ ਉਨ੍ਹਾਂ ਨੇ ਜੋ ਘਾਲਨਾਵਾ ਤੇ ਉਦਮ ਕੀਤੇ ਹਨ, ਉਸ ਤੋ ਪਾਕਿਸਤਾਨ ਸਰਕਾਰ ਵੀ ਭਰਪੂਰ ਵਾਕਫੀਅਤ ਰੱਖਦੀ ਹੈ । ਇਸ ਲਈ ਇਹ ਸਨਮਾਨ ਮਿਲਟਰੀ ਵੱਲੋ ਦੇਣਾ ਬਣਦਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੂਰਨ ਦ੍ਰਿੜ ਇਰਾਦੇ ਦੇ ਮਾਲਕ ਦਲ ਖ਼ਾਲਸਾ ਦੇ ਮੁੱਖੀ ਸ. ਗਜਿੰਦਰ ਸਿੰਘ ਦਾ ਅਕਾਲ ਚਲਾਣਾ ਹੋਣ ਤੇ ਪਾਕਿਸਤਾਨ ਸਰਕਾਰ ਨੂੰ ਸੰਸਕਾਰ ਸਮੇ ਮਿਲਟਰੀ ਸਲਿਊਟ ਕਰਨ ਦੀ ਗੱਲ ਕਰਦੇ ਹੋਏ ਅਤੇ ਉਨ੍ਹਾਂ ਦੀਆਂ ਅਸਥੀਆਂ ਸਾਨੂੰ ਜਾਂ ਦਲ ਖ਼ਾਲਸਾ ਦੀ ਜਥੇਬੰਦੀ ਨੂੰ ਵਾਹਗਾ ਬਾਰਡਰ ਉਤੇ ਪ੍ਰਦਾਨ ਕਰਨ ਦੀ ਮੰਗ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਹਕੂਮਤ ਉਸ ਮਹਾਨ ਸਖਸ਼ੀਅਤ ਦੀਆਂ ਅਸਥੀਆਂ ਸਾਨੂੰ ਸਤਿਕਾਰ ਸਹਿਤ ਵਾਹਗਾ ਬਾਰਡਰ ਉਤੇ ਸਪੁਰਦ ਕਰ ਦਿੰਦੀ ਹੈ ਤਾਂ ਅਸੀ ਉਨ੍ਹਾਂ ਦੀਆਂ ਰਸਮਾਂ ਪੂਰਨ ਮਰਿਯਾਦਾ ਅਨੁਸਾਰ ਕਰ ਸਕਾਂਗੇ । ਅਜਿਹਾ ਕਰਦੇ ਹੋਏ ਉਨ੍ਹਾਂ ਦੀ ਖ਼ਾਲਿਸਤਾਨ ਦੀ ਕੌਮੀ ਮਿਸਨ ਦੀ ਪ੍ਰਾਪਤੀ ਲਈ ਸਿੱਖ ਕੌਮ ਪਹਿਲੇ ਨਾਲੋ ਵੀ ਵਧੇਰੇ ਦ੍ਰਿੜ ਹੋ ਸਕੇਗੀ । ਇਸ ਲਈ ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਕੌਮ ਦੀਆਂ ਭਾਵਨਾਵਾ ਨੂੰ ਮੱਦੇਨਜਰ ਰੱਖਦੇ ਹੋਏ ਪਾਕਿਸਤਾਨ ਹਕੂਮਤ, ਸ. ਗਜਿੰਦਰ ਸਿੰਘ ਦੇ ਫੁੱਲ ਕੌਮੀ ਭਾਵਨਾਵਾ ਅਨੁਸਾਰ ਸਾਨੂੰ ਦੇਣ ਦੀ ਜਿੰਮੇਵਾਰੀ ਨਿਭਾਏਗੀ ।
Comments (0)