ਸੁਖਬੀਰ ਅਗਲੇ ਦਿਨ ਹੀ ਪਹੁੰਚ ਗਏ ਅਕਾਲ ਤਖਤ ਸਾਹਿਬ
ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੇ ਦਿਨ ਤਨਖਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਗਲੇ ਦਿਨ ਦੁਪਹਿਰ ਅਚਾਨਕ ਹਫੜਾ ਦਫੜੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁਜਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਂਅ ਸਪੱਸ਼ਟੀਕਰਨ ਪੱਤਰ ਅਕਾਲ ਤਖ਼ਤ ਸਕੱਤਰੇਤ ਵਿਖੇ ਦਿੱਤਾ ਤੇ ਉਨ੍ਹਾਂ ਜਥੇਦਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਜਲਦੀ ਬੁਲਾ ਕੇ ਖਿਮਾ ਯਾਚਨਾ ਦਾ ਮੌਕਾ ਦੇਣ ਦੀ ਅਪੀਲ ਕੀਤੀ ।
ਇਸ ਦੇ ਨਾਲ ਹੀ ਸਿੰਘ ਸਾਹਿਬਾਨ ਦੇ ਆਦੇਸ਼ ਮੁਤਾਬਿਕ ਤਤਕਾਲੀ ਅਕਾਲੀ ਸਰਕਾਰਾਂ ਸਮੇਂ ਮੰਤਰੀ ਰਹੇ ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ ਤੇ ਮਹੇਸ਼ ਇੰਦਰ ਸਿੰਘ ਗਰੇਵਾਲ ਵੀ ਆਪਣੇ ਸਪੱਸ਼ਟੀਕਰਨ ਲੈ ਕੇ ਅਕਾਲ ਤਖ਼ਤ ਸਕੱਤਰੇਤ ਵਿਖੇ ਪੁੱਜੇ ਸਨ ।ਅਕਾਲੀ ਆਗੂਆਂ ਵਲੋਂ ਜਥੇਦਾਰ ਦੇ ਨਾਂਅ ਸਪੱੱਸ਼ਟੀਕਰਨ ਪੱਤਰ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿਚ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੂੰ ਸੌਂਪੇ ਗਏ ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਅਕਾਲ ਤਖ਼ਤ ਵਿਖੇ ਪੇਸ਼ ਕੀਤੇ ਆਪਣੇ ਸਪੱਸ਼ਟੀਕਰਨ ਵਿੱਚ ਦਲੀਲ ਦਿੱਤੀ ਸੀ ਕਿ ਸਰਕਾਰ ਅਤੇ ਪਾਰਟੀ ਵਿੱਚ ਫੈਸਲੇ ਸਾਂਝੇ ਤੌਰ ‘ਤੇ ਲਏ ਜਾਂਦੇ ਹਨ। ਫੈਸਲਿਆਂ ਲਈ ਸਾਰਿਆਂ ਦੀ ਬਰਾਬਰ ਜ਼ਿੰਮੇਵਾਰੀ ਹੈ।''
ਸਿਖ ਬੋਧਿਕ ਹਲਕਿਆਂ ਦਾ ਮੰਨਣਾ ਹੈ ਕਿ ਤਨਖਾਹੀਆ ਦੇਣ ਬਾਅਦ ਸੁਖਬੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਕਰ ਸਕਦੇ ਤੇ ਉਸ ਦੇ ਜੋਟੀਦਾਰ ਵੀ ਬਰਾਬਰ ਦੇ ਗੁਨਾਹਗਾਰ ਹਨ ਇਸ ਕਾਰਣ ਸੁਖਬੀਰ ਬਾਦਲ ਦੀ ਰਾਜਨੀਤੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।ਜਿੰਨੀ ਦੇਰ ਅਕਾਲ ਤਖਤ ਸਾਹਿਬ ਦੇ ਫੈਸਲੇ ਵਿਚ ਹੋਵੇਗੀ ਉਨਾ ਵਡਾ ਸਿਆਸੀ ਨੁਕਸਾਨ ਬਾਦਲ ਧੜੇ ਦਾ ਹੋਵੇਗਾ।ਇਸੇ ਕਰਕੇ ਸਿੰਘ ਸਾਹਿਬਾਨ ਉਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਇਹ ਮਸਲਾ ਜਲਦ ਨਿਪਟਾਇਆ ਜਾਵੇ।
ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਨੇ ਕਿਹਾ, "ਹਾਲਾਂਕਿ, ਹੋਰ ਸਿੱਖ ਵਰਗਾਂ, ਅਸੰਤੁਸ਼ਟ ਅਕਾਲੀ ਆਗੂਆਂ ਦੁਆਰਾ ਅਕਾਲ ਤਖ਼ਤ ਨੂੰ ਸੌਂਪੀ ਗਈ ਸ਼ਿਕਾਇਤ ਵਿੱਚ ਦੱਸੀਆਂ ਗਈਆਂ ਸਾਰੀਆਂ ਵੱਡੀਆਂ ਗਲਤੀਆਂ ਲਈ ਮਰਹੂਮ ਮੁੱਖ ਮੰਤਰੀ ਬਾਦਲ 'ਤੇ ਦੋਸ਼ ਲਗਾ ਰਹੇ ਹਨ ਅਤੇ ਉਨ੍ਹਾਂ ਨੂੰ ਦਿੱਤੀ ਗਈ ਉਪਾਧੀ ਵਾਪਸ ਲੈਣ ਦੀ ਮੰਗ ਕਰ ਰਹੇ ਹਨ।" ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਐਲਾਨ ਨੇ ਸਿੱਖ ਕੈਬਨਿਟ ਮੰਤਰੀਆਂ ਨੂੰ ਅਕਾਲ ਤਖਤ ਸਾਹਿਬ ਉਪਰ ਤਲਬ ਕਰਕੇ ਵਡੇ ਬਾਦਲ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ ਜੋ ਕਿ ਪਾਰਟੀ ਦੇ ਫੈਸਲਿਆਂ 'ਚ ਅੰਤਿਮ ਫੈਸਲਾ ਲੈਂਦੇ ਹਨ, ਜਿਸ ਲਈ ਸੁਖਬੀਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਬਾਗੀ ਅਕਾਲੀਆਂ ਵਲੋਂ ਸੁਖਬੀਰ ਦੇ ਅਸਤੀਫੇ ਦੀ ਮੰਗ
ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸ਼ੋ੍ਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜੀਡੀਅਮ ਅਤੇ ਸਲਾਹਕਾਰ ਬੋਰਡ ਅਤੇ ਐਗਜ਼ੀਕਿਊਟਿਵ ਦੇ ਨਵੇਂ ਮੈਂਬਰਾਂ ਦੀ ਪਹਿਲੀ ਮੀਟਿੰਗ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਉਘੇ ਅਕਾਲੀ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ । ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਹਟ ਜਾਣਾ ਚਾਹੀਦਾ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਜੋ ਫ਼ੈਸਲਾ ਸੁਣਾਇਆ ਗਿਆ, ਉਹ ਫ਼ੈਸਲਾ ਸਿੱਖ ਪਰੰਪਰਾ ਅਨੁਸਾਰ ਹੋਇਆ ਅਤੇ ਅਕਾਲ ਤਖ਼ਤ ਸਾਹਿਬ ਦਾ ਮਾਣ ਵਧਿਆ ਹੈ । ਉਨ੍ਹਾਂ 5 ਸਿੰਘ ਸਾਹਿਬਾਨਾਂ, ਸਿੱਖ ਬੁੱਧੀਜੀਵੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਨੂੰ ਮੁੜ ਇਕ ਮੰਚ 'ਤੇ ਇਕੱਠਾ ਕਰਨ ਲਈ ਧਾਰਮਿਕ ਸ਼ਖਸੀਅਤਾਂ ਦੀ ਕਮੇਟੀ ਬਣਾ ਕੇ ਹਲ ਕੱਢਣ ਦੀ ਪਹਿਲ ਕਰਨ ।
Comments (0)