ਸੋਹਜ-ਸੁਆਦ ਤੋਂ ਦੂਰ ਹੁੰਦੇ ਗਏ ਪੰਜਾਬੀ, ਲੱਚਰਤਾ ਨੇ ਨਿਭਾਇਆ ਨਾਂਹ-ਪੱਖੀ ਰੋਲ
ਗੁਰਬਾਣੀ ਦਾ ਚਾਨਣ ਸਾਡਾ ਰਾਹ ਰੁਸ਼ਨਾਉਂਦੈ। ਜੁਗੋ ਜੁਗ ਅਟੱਲ ਸਚਾਈ ਐ। ਪੰਜਵੇਂ ਗੁਰੂ ਦਾ ਰਾਗ ਆਸਾ ਵਿਚ ਫੁਰਮਾਨ ਇਸੇ ਲੜੀ ਦਾ ਇੱਕ ਮਣਕਾ ਹੈ।
ਮਨੁੱਖੀ ਮਨ ਚੰਚਲ ਐ...ਟਿਕਾਊ ਨਹੀਂ। ਭਟਕਣਾ ਦਾ ਸ਼ਿਕਾਰ ਐ...ਭਰੋਸਾ ਪਲ ਦਾ ਨਹੀਂ ਕਰਦਾ। ਦੇਖਦਾ ਅੰਬਰਾਂ ਵੱਲ ਐ, ਪਰ ਪੈਰ ਪਤਾਲ ਨੇ ਜਕੜੇ ਹੋਏ ਨੇ। ਮਾਇਆ ਦੇ ਮੋਹ ਨੇ ਮਕੜਜਾਲ 'ਚ ਉਲਝਾਇਆ ਹੋਇਐ। ਰਾਤੋ ਰਾਤ ਅਮੀਰਜ਼ਾਦਿਆਂ ਦੀ ਸ਼੍ਰੇਣੀ 'ਚ ਸ਼ਮੂਲੀਅਤ ਕਰਨੀ ਲੋਚਦੈ। ਪ੍ਰਕਿਰਤੀ ਦੀ ਗੁਰੂਤਾ ਤੋਂ ਦੂਰ ਹੋਈ ਜਾਂਦੈ। ਅੰਮ੍ਰਿਤ ਵੇਲੇ ਦੀ ਸੂਰਜ ਦੀ ਲਾਲੀ ਨਾਲੋਂ ਚਿਮਨੀਆਂ ਵਿਚੋਂ ਨਿਕਲਦਾ ਕਾਲਾ ਧੂੰਆਂ ਆਕਰਸ਼ਿਤ ਕਰਦੈ। ਉਸ ਨੂੰ ਤਰੱਕੀ ਮੰਨੀ ਬੈਠੈ। ਹਜ਼ਾਰਾਂ ਉਲਝਣਾਂ ਵਿਚ ਜਕੜਿਆ ਹੋਇਐ, ਪਰ ਫਿਰ ਵੀ ਅੰਤਰ-ਆਤਮਾ ਤੋਂ ਉਲਟ ਉਡਾਰੀਆਂ ਮਾਰਦੈ। ਨਿਰਮਲ ਜਲ ਦੀ ਖੇਲ ਨੂੰ ਗੰਧਲਾ ਪਾਣੀ ਦੱਸਦੈ। ਸੁਮੱਤ ਦਾ ਸਾਥ ਛੁੱਟਦਾ ਜਾਂਦੈ ਤੇ ਕੁਮੱਤ ਆਪਣੀ ਚਕਾਚੌਂਧ ਨਾਲ ਮੰਤਰਮੁਗਧ ਕਰੀ ਜਾਂਦੀ ਐ। ਰਾਤ ਦੇ ਹਨੇਰੇ ਵਿਚ ਜਗਦੇ ਬੁਝਦੇ ਲਾਟੂ ਕਿਸੇ ਸੁਪਨਮਈ ਸੰਸਾਰ ਦੀ ਸਿਰਜਣਾ ਕਰਦੇ ਜਾਪਦੇ ਨੇ। ਕਲਪਨਾ ਉੱਧਰ ਲੈ ਤੁਰਦੀ ਐ, ਜਿੱਧਰ ਚਮਕਦੀਆਂ ਰੌਸ਼ਨੀਆਂ ਅੱਖਾਂ ਚੁੰਧਿਆ ਦਿੰਦੀਆਂ ਨੇ। ਰਾਹਵਾਂ ਦੀ ਤਿਲਕਣਬਾਜ਼ੀ ਪੈਰ ਨੀਂ ਲੱਗਣ ਦਿੰਦੀ...ਪਰ ਦੁਨੀਆ ਮਸਤ ਐ!
ਧਾਰਮਿਕ ਅਕੀਦਾ ਛੁਟਦਾ-ਛੁਟਦਾ ਪਿੱਛੇ ਰਹਿ ਗਿਐ। ਪਹੁ ਫੁਟਾਲੇ ਗੁਰੂ ਘਰਾਂ ਤੋਂ ਆਉਂਦੀਆਂ ਧੁਨੀਆਂ ਕੰਨਾਂ ਨੂੰ ਪੋਹਦੀਆਂ ਨਹੀਂ ਕਿਉਂਕਿ ਮਨ ਕੰਨ ਪਾੜਵੀਆਂ ਆਵਾਜ਼ਾਂ ਦਾ ਆਦੀ ਹੋ ਚੁੱਕਿਐ। ਕਹਿੰਦੇ ਨੇ, ਇਬਾਦਤ ਸਬਰ ਬਖ਼ਸ਼ਦੀ ਐ ਤੇ ਆਕਰਸ਼ਣ ਤ੍ਰਿਸ਼ਨਾ। ਮਨ ਦੀ ਚੰਚਲਤਾ ਦਾ ਥਾਹ ਨਹੀਂ ਪਾਇਆ ਕਿਸੇ ਨੇ। ਕਈ ਵਾਰੀ ਪੱਥਰਾਂ 'ਚੋਂ ਰੱਬ ਲੱਭਣ ਤੁਰ ਪੈਂਦੈ ਤੇ ਭਾਲ ਵੀ ਲੈਂਦੈ। ਅਗਲੀ ਵਾਰੀ ਉਹੀ ਪੱਥਰ ਪੈਰ ਦਾ ਰੋੜਾ ਬਣ ਜਾਂਦੈ ਤੇ ਬੰਦਾ ਮੂਧੇ ਮੂੰਹ ਡਿੱਗ ਪੈਂਦਾ। ਫਰਕ ਸਿਰਫ਼ ਸੋਚ ਦਾ ਹੁੰਦੈ। ਹਜ਼ਾਰਾਂ ਟਨ ਭਾਰਾ ਜਹਾਜ਼ ਲੱਕੜੀ ਦੇ ਸਿਰ ਪਾਣੀ ਉੱਤੇ ਤੈਰਦਾ ਰਹਿੰਦੈ, ਪਰ ਇੱਕ ਨਿੱਕੀ ਜਿਹੀ ਸੂਈ ਡੂੰਘੇ ਸਮੁੰਦਰ ਵਿਚ ਡੁੱਬ ਜਾਂਦੀ ਐ। ਜ਼ਿੰਦਗੀ ਦਾ ਕੋਈ ਵੀ ਪੱਖ ਲੈ ਲਵੋ, ਬੁਰਾਈ ਇੱਕ ਮਿਕਨਾਤੀਸੀ ਖਿੱਚ ਰੱਖਦੀ ਐ। ਨਿਰੀ ਅਸਮਾਨੀ ਬਿਜਲੀ ਐ। ਪਲਾਂ ਛਿਣਾਂ ਵਿਚ ਚਾਨਣ ਦੀ ਲੀਕ ਜਿਹੀ ਖਿੱਚ ਕੇ ਹਨੇਰੇ ਖੂਹ ਵੱਲ ਲੈ ਜਾਂਦੀ ਐ। ਸਹੂਲਤਾਂ ਦਾ ਭੰਡਾਰ ਆ, ਪਰ ਮਨ ਉਦਾਸ...ਖਾਲੀ ਖਲਾਅ। ਯੁਗ ਬਦਲ ਗਿਆ...ਸਤਿਜੁਗ ਤੋਂ ਕਲਜੁਗ ਵਿਚ ਤਬਦੀਲ ਹੋ ਗਿਐ। ਅੰਗੂਠਾ ਮਾਲਾ ਤੋਂ ਮੋਬਾਈਲ 'ਤੇ ਆ ਖਿਸਕਿਐ!
ਸਮੇਂ ਦੀ ਚਾਲ ਨਾਲ ਜ਼ਮਾਨੇ ਨੇ ਰੰਗ ਬਦਲਿਐ। ਦੇਖਣ, ਸੁਣਨ, ਪੜ੍ਹਨ, ਵਿਚਰਨ ਵਿਚ ਅਚੰਭਾ ਵਾਪਰਿਐ। ਧਾਰਮਿਕ ਵਾਰਾਂ, ਗੀਤ ਵਿਰਸੇ ਨੂੰ ਨਿਹਾਰਦੇ ਸਨ। ਢਾਡੀ, ਕਵੀਸ਼ਰ, ਰਾਗੀ ਗੁਰਬਾਣੀ ਦੀ ਵਿਆਖਿਆ ਕਰ ਜਨ-ਜੀਵਨ ਵਿਚ ਅਧਿਆਤਮਿਕਤਾ ਦੇ ਨਾਲ-ਨਾਲ ਬੀਰ ਰਸ ਭਰਦੇ ਸਨ। ਆਗਾਜ਼ ਖ਼ੁਦਾ ਦੀ ਰਹਿਮਤ ਨਾਲ ਹੁੰਦਾ ਸੀ। 'ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਆ' ਦੇ ਨਾਲ ਹੀ ਖੁਸ਼ੀਆਂ ਦੀ ਰੰਗੋਲੀ ਪ੍ਰਗਟ ਹੋ ਜਾਂਦੀ ਸੀ। ਗੀਤਾਂ ਵਿਚ ਪੜ੍ਹਾਈ ਲਿਖਾਈ ਅਤੇ ਹਾਂ-ਵਾਚਕ ਨਜ਼ਰੀਆ ਝਲਕਦਾ ਸੀ। ਕਰਵਟਾਂ ਲੈਂਦੇ ਪੰਜਾਬ ਦੀ ਦ੍ਰਿਸ਼ਟੀ ਵਿੱਦਿਆ ਦੇ ਮੰਦਰਾਂ ਦੀ ਥਾਹ ਪਾਉਣ ਨੂੰ ਉਤਾਵਲੀ ਸੀ:
ਊੜਾ ਐੜਾ ਈੜੀ ਸੱਸਾ, ਊੜਾ ਐੜਾ ਵੇ
ਮੈਨੂੰ ਜਾਣ ਦੇ ਸਕੂਲੇ, ਇੱਕ ਵਾਰ ਹਾੜਾ ਵੇ।
ਪੰਜਾਬੀਆਂ ਦਾ ਵਿਰਸਾ ਪੂਰੀ ਟੌਹਰ ਬਣਾਈ ਰੱਖਦਾ ਹੈ:
ਮੱਖਣਾਂ ਦੇ ਪੇੜੇ ਤੇ ਮਲਾਈਆਂ ਖਾਣ ਨੂੰ
ਡੋਲੀਆਂ ਤੇ ਰਥ ਤੇਰੇ ਸਹੁਰੇ ਜਾਣ ਨੂੰ
ਰੇਲਾਂ ਤੇ ਹਮੇਲਾਂ ਪਰੀਬੰਦ ਪਾਉਣ ਨੂੰ
ਵੀਰਾਂ ਦੀਆਂ ਘੋੜੀਆਂ ਤੇ ਗੀਤ ਗਾਉਣ ਨੂੰ।
ਸ਼ਬਦ ਨੱਚਦੇ ਲੱਗਦੇ ਸਨ। ਖੱਬਾ ਹੱਥ ਮੱਲੋ-ਮੱਲੀ ਕੰਨ 'ਤੇ ਅਤੇ ਸੱਜਾ ਹਵਾ ਵਿਚ ਲਹਿਰਾ ਜਾਂਦਾ ਸੀ:
ਹੋਇਆ ਕੀ ਜੇ ਕੁੜੀ ਐਂ ਤੂੰ ਦਿੱਲੀ ਸ਼ਹਿਰ ਦੀ
ਮੈਂ ਵੀ ਜੱਟ ਲੁਧਿਆਣੇ ਦਾ।
ਮਾਵੇ ਵਾਲੀ ਪੱਗ ਦਾ ਟੌਰਾ ਹੋਰ ਉੱਚਾ ਹੋ ਜਾਂਦਾ ਸੀ। ਗੀਤਾਂ ਵਿਚ ਰਿਸ਼ਤਿਆਂ ਦੀ ਪਵਿੱਤਰਤਾ ਅੱਗੇ ਹੱਥ ਜੁੜ ਜਾਂਦੇ ਸਨ:
ਮਾਂ ਹੁੰਦੀ ਏ ਮਾਂ, ਓਏ ਦੁਨੀਆ ਵਾਲਿਓ
ਦੇਵ ਥਰੀਕੇ ਵਾਲੇ ਨੇ ਇਹ ਗੀਤ ਮਾਣਕ ਦੀ ਮਾਂ ਦੇ ਮਰਨ 'ਤੇ ਲਿਖਿਆ ਸੀ, ਪਰ ਦੁਨੀਆ ਭਰ ਦੀਆਂ ਮਾਵਾਂ ਨੂੰ ਸਮਰਪਿਤ ਸੀ। ਲਫ਼ਜ਼ਾਂ ਦੇ ਮਾਅਨੇ ਪਾਕ ਪਵਿੱਤਰ ਤਸਵੀਰ ਸਾਹਵੇਂ ਲਿਆ ਧਰਦੇ ਸਨ:
ਹੋਇਆ ਕੀ ਜੇ ਧੀ ਜੰਮ ਪਈ,
ਕੁੱਖ ਤਾਂ ਸੁਲੱਖਣੀ ਹੋਈ।
ਕਿੱਸੇ ਹੀਰ-ਰਾਂਝਾ, ਸੱਸੀ-ਪੁਨੂੰ, ਦੁੱਲਾ ਭੱਟੀ, ਪੂਰਨ ਭਗਤ, ਰਾਜਾ ਰਸਾਲੂ, ਸੁੱਚਾ ਸੂਰਮਾ, ਜਿਉਣਾ ਮੌੜ ਇਤਿਹਾਸ ਨੂੰ ਪ੍ਰਤੱਖ ਰੂਪਮਾਨ ਕਰ ਦਿੰਦੇ ਸਨ। ਗੋਰਖ ਦੇ ਟਿੱਲੇ ਤੋਂ ਹੀਰ ਦੇ ਸਾਕਸ਼ਾਤ ਦਰਸ਼ਨ ਇਨ੍ਹਾਂ ਬੋਲਾਂ ਰਾਹੀਂ ਹੋ ਜਾਂਦੇ ਸਨ:
ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ
ਤੇਰਾ ਕਿਹੜਾ ਮੁੱਲ ਲੱਗਦਾ...
ਚੰਗੇ ਗੀਤ ਸੁਹਜ ਦੀ ਤਰਜਮਾਨੀ ਕਰਦੇ ਹਨ। ਨਰਿੰਦਰ ਬੀਬਾ ਦਾ ਗਾਇਆ 'ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਅੱਜ ਵੈਰੀ ਚੜ੍ਹ ਕੇ ਆ ਗਿਆ, ਤੁਸੀਂ ਜਾ ਲਲਕਾਰੋ' ਨੌਜਵਾਨਾਂ ਨੂੰ ਜੋਸ਼ ਨਾਲ ਭਰ ਦਿੰਦਾ ਸੀ।
ਪੰਜਾਬੀ ਗੀਤਾਂ ਦੀ ਠੇਠ ਪੇਂਡੂ ਸ਼ਬਦਾਵਲੀ ਲੋਕ ਮਨਾਂ ਵਿਚ ਘਰ ਕਰ ਜਾਂਦੀ ਸੀ। ਬਹੁਤਾਤ ਚੰਗਾ ਲਿਖਣ ਤੇ ਗਾਉਣ ਵਾਲਿਆਂ ਦੀ ਹੁੰਦੀ ਸੀ। ਰੁਮਾਂਸਵਾਦ ਹੁੰਦਾ ਵੀ ਜ਼ਰੂਰ ਸੀ ਤੇ ਚਿਹਰਿਆਂ 'ਤੇ ਗੁਲਾਬੀ ਭਾਅ ਵੀ ਮਾਰਨ ਲਾ ਦਿੰਦਾ ਸੀ, ਪਰ ਸੀ ਲੱਚਰਤਾ ਤੋਂ ਕੋਹਾਂ ਦੂਰ। ਗਾਇਕ ਹਿੱਕ ਦੇ ਜ਼ੋਰ ਨਾਲ ਗਾਉਂਦੇ ਸਨ ਅਤੇ ਰੂਹ ਵਿਚ ਉਤਰ ਜਾਂਦੇ ਸਨ। ਗੀਤਕਾਰ ਵੀ ਅਸ਼ਲੀਲਤਾ ਪਰੋਸਣ ਦਾ ਹੀਆ ਨਹੀਂ ਸੀ ਕਰਦੇ ਮਤੇ ਲੋਕ ਕਚਹਿਰੀ ਵਿਚ ਸ਼ਰਮਿੰਦਾ ਹੋਣਾ ਪਵੇ। ਚੰਗਾ ਮਾੜਾ ਨਾਲ ਨਾਲ ਚੱਲਦੈ। ਅੱਜ ਵੀ ਹੀਰਿਆਂ ਦੀ ਕਦਰ ਪੈਂਦੀ ਆ। ਯਮਲਾ ਜੱਟ, ਗੁਰਮੀਤ ਬਾਵਾ, ਵਡਾਲੀ ਭਰਾ, ਹਾਕਮ ਸੂਫ਼ੀ ਵਰਗਿਆਂ ਦੇ ਕਲਾਮਾਂ ਨੂੰ ਸਲੂਟ ਵੱਜਦੇ ਨੇ। ਪਾਰਖੂ ਅਜੇ ਵੀ ਮੌਜੂਦ ਨੇ:
ਮੈਂ ਗੁਰਮੁਖੀ ਦਾ ਬੇਟਾ,
ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ,
ਬੜੀ ਲੋਰ ਦੇ ਨੇ ਅੱਖਰ (ਸਰਤਾਜ)
ਇਹ ਨਹੀਂ ਕਿ ਪੁਰਾਣੇ ਸਮੇਂ ਗੀਤਕਾਰੀ ਮਿਆਰ ਤੋਂ ਨੀਵੀਂ ਨਹੀਂ ਸੀ। ਕਦੇ ਕੋਈ ਟਾਵਾਂ ਟੱਲਾ ਗੀਤ ਸ਼ਰਮ ਦਾ ਸਬੱਬ ਬਣਦਾ ਸੀ। 'ਬਾਬੇ ਬਖਤੌਰੇ ਦੀ ਗੋਲ ਮਸ਼ਕਰੀ' ਜਾਂ 'ਔਹ ਦੇਖੋ, ਔਹ ਦੇਖੋ, ਸੜਕਾਂ 'ਤੇ ਅੱਗ ਤੁਰੀ ਜਾਂਦੀ ਆ' ਵਰਗੇ ਬੋਲ ਦੁੱਧ ਵਿਚ ਕਾਂਜੀ ਘੋਲ ਦਿੰਦੇ ਸਨ। ਰਿਸ਼ਤਿਆਂ ਦੀ ਪਾਕੀਜ਼ਗੀ ਭੰਗ ਕਰਨ ਦੀ ਕੋਈ ਕਸਰ ਨਹੀਂ ਸੀ ਛੱਡਦੇ। ਪਰ ਫੇਰ ਵੀ ਅੱਜ ਵਰਗਾ ਸ਼ੋਰ ਸ਼ਰਾਬਾ ਅਜੇ ਹੋਂਦ ਵਿਚ ਨਹੀਂ ਸੀ ਆਇਆ। ਹਥਿਆਰਾਂ, ਨਸ਼ਿਆਂ, ਫੁਕਰਪੁਣੇ ਦਾ ਰਿਵਾਜ ਨਹੀਂ ਸੀ। ਗਾਇਕੀ ਸ਼ੂਕਦੇ ਦਰਿਆ ਵਰਗੀ ਹੁੰਦੀ ਸੀ। ਮਨੁੱਖੀ ਮਨ ਦੀ ਇਹ ਕਮਜ਼ੋਰੀ ਐ ਕਿ ਉਹ ਅਸੱਭਿਆ ਤੇ ਅਸ਼ਲੀਲਤਾ ਵੱਲ ਜਲਦੀ ਉਲਾਰ ਹੋ ਜਾਂਦੈ। ਇਹੀ ਕਾਰਨ ਐ ਕਿ ਬੇਹੂਦਾ ਬੋਲ ਤੇ ਸੁਰਾਂ ਜਲਦੀ ਜ਼ੁਬਾਨ 'ਤੇ ਚੜ੍ਹ ਜਾਂਦੀਆਂ ਹਨ। ਸੱਭਿਆਚਾਰ ਅਤੇ ਵਿਰਸੇ ਤੋਂ ਦੂਰ ਇਹ ਲਿਖਤਾਂ ਮਨਾਂ ਨੂੰ ਵਿਸ਼ੈਲਾ ਕਰ ਦਿੰਦੀਆਂ ਨੇ।
'ਪੌਪ' ਮਿਊਜ਼ਿਕ ਨੇ ਪੰਜਾਬ ਨੂੰ ਪਾਪ ਦੇ ਕੰਢੇ ਲਿਆ ਖੜ੍ਹਾ ਕੀਤੈ। ਬਿਨਾਂ ਸਿਰ ਪੈਰ ਦੇ 'ਰੈਪ' ਦਾ ਸੁਰ ਤੇ ਤਾਲ ਨਾਲ ਕੋਈ ਮੇਲ ਨਹੀਂ। 'ਵਾਹ ਵਾਹ' ਦੀ ਜਗ੍ਹਾ 'ਵਿਊਜ਼' ਨੇ ਲੈ ਲਈ ਆ। ਅਜੀਬੋ-ਗ਼ਰੀਬ ਹਰਕਤਾਂ ਕਰਦੇ ਇਹ ਅਖੌਤੀ ਗਾਇਕ ਕੋਰੇ ਮਨਾਂ 'ਤੇ ਡੂੰਘੀ ਸੱਟ ਮਾਰਦੇ ਨੇ। ਚੰਦ ਕੁ ਸਿੱਕਿਆਂ ਦੀ ਟੁਣਕਾਰ ਨੇ ਸਮਾਜ ਨੂੰ ਗੰਧਲਾ ਕਰ ਛੱਡਿਐ। ਇੱਕ ਨਾਮੀ ਗਾਇਕ ਦਾ ਗਾਇਆ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਲੱਚਰਤਾ ਦੀ ਨਿਵਾਣ ਸੀ ਜਿੱਥੇ ਆਮ ਸਰੋਤੇ ਦੇ ਮੂੰਹੋਂ ਨਿਕਲਦਾ ਸੀ ਕਿ ਇਹ ਗੀਤ ਸੁਣਨ ਨਾਲੋਂ 'ਦੇਖਣਯੋਗ' ਵੱਧ ਐ। ਸਮਾਜ ਨੂੰ ਕੀ ਪਰੋਸਿਆ ਜਾ ਰਿਹੈ? ਅੱਖ ਨੀਵੀਂ ਹੋ ਜਾਂਦੀ ਐ:
'ਪਊਏ ਜਿੰਨੇ ਕੱਦ ਵਾਲੀਏ, ਭਾਲਦੀ ਏਂ ਦੇਸੀ ਦਾ ਡਰੰਮ ਨੀ...'
'ਸਾਰਾ ਪਿੰਡ ਤੇਰਾ ਗੈਂਗਲੈਂਡ ਬਣਿਆ...'
'ਅਠਾਰ੍ਹਵੇਂ 'ਚ ਮੁੰਡਾ ਬਦਨਾਮ ਹੋ ਗਿਆ...'
'ਲੱਕ ਟਵੰਟੀ ਏਟ ਕੁੜੀ ਦਾ...' ਆਪਣੇ ਸਮੇਂ ਦੇ 'ਹਿੱਟ' ਗੀਤ ਰਹੇ ਨੇ। ਪਰ ਕੀ ਸੁਨੇਹਾ ਦੇ ਰਹੇ ਹਨ ਆਉਣ ਵਾਲੀਆਂ ਪੀੜ੍ਹੀਆਂ ਨੂੰ? ਗੁੰਡਾਗਰਦੀ, ਜੱਟਪੁਣੇ ਦਾ ਨੰਗਾ ਨਾਚ ਸਜਾ ਕੇ ਕੀ ਅਸੀਂ ਅਸਲੀਅਤ ਤੋਂ ਦੂਰ ਨਹੀਂ ਜਾ ਰਹੇ? ਭਾਈਚਾਰਕ ਸਾਂਝਾਂ ਤਿੜਕ ਰਹੀਆਂ ਨੇ। ਜੱਟ ਕਰਜ਼ਿਆਂ ਥੱਲੇ ਦੱਬਿਆ ਖ਼ੁਦਕੁਸ਼ੀਆਂ ਕਰ ਰਿਹੈ। ਮਾਪੇ ਨਸ਼ਿਆਂ ਦੀ ਦਲਦਲ ਵਿਚੋਂ ਬਚਾਉਣ ਲਈ ਅਣਭੋਲ ਰੂਹਾਂ ਨੂੰ ਬਿਗਾਨੀਆਂ ਧਰਤੀਆਂ ਵੱਲ ਧੱਕ ਰਹੇ ਨੇ। ਚਾਵਾਂ ਨਾਲ ਬਣਾਏ ਬੰਗਲੇ ਭੂਤਵਾੜੇ ਬਣ ਰਹੇ ਨੇ! ਕਹਿੰਦੇ ਨੇ ਮੂਰਖਾਂ ਦੀ ਬਾਰਾਤ ਨਾਲੋਂ ਸਿਆਣਿਆਂ ਦੀ ਮਕਾਣ ਚੰਗੀ ਹੁੰਦੀ ਐ।
ਧਰਮ ਕੀ ਸਿਖਾਉਂਦੈ? 'ਧਰਮ ਸੰਸਦਾਂ' ਵਿਚ ਵਿਰੋਧੀਆਂ ਦੇ ਕਤਲੇਆਮ ਦੇ ਫੁੰਕਾਰੇ ਮਾਰੇ ਜਾਂਦੇ ਨੇ। ਅਖੌਤੀ ਸਵਾਮੀ, ਸਾਧਵੀਆਂ, ਮਹੰਤ 'ਗੰਧਣ ਵੈਣ' ਦੇ ਦੂਤ ਬਣੇ ਬੈਠੇ ਨੇ। ਗਾਂਧੀ ਨਾਲੋਂ ਗੋਡਸੇ ਦੀ ਮਾਨਤਾ ਵਧਣ ਲੱਗੀ ਆ। ਚੰਗਾ ਸਾਹਿਤ, ਚੰਗੀਆਂ ਫਿਲਮਾਂ ਦੀ ਕਦਰ ਘਟਦੀ ਜਾ ਰਹੀ ਹੈ ਕਿਉਂਕਿ ਸਾਡੀ ਬਿਰਤੀ ਵਿਚ ਸ਼ੈਤਾਨ ਨੇ ਵਾਸਾ ਕਰ ਲਿਐ। ਗੁੰਡਾਵਾਦ ਸਿਆਸੀ ਨੇਤਾਵਾਂ ਦੀ ਸ਼ਹਿ 'ਤੇ ਪਨਪਦੈ। ਸਮਾਜਿਕ, ਧਾਰਮਿਕ ਰਹਿਬਰ ਅਗਰ ਸਹੀ ਰਸਤਾ ਨਹੀਂ ਦਿਖਾਉਣਗੇ, ਤਾਂ ਮਨ ਕੂੜ ਕਬਾੜ ਵੱਲ ਹੀ ਮੁੜੇਗਾ। ਗੰਧਲੀ ਗਾਇਕੀ, ਹੌਲੀਆਂ ਲਿਖਤਾਂ, ਅਨੈਤਿਕ ਫ਼ਿਲਮਾਂ ਅਤੇ ਉਪੱਦਰੀ ਪ੍ਰਵਚਨ ਤਾਂ ਹੀ ਫੈਲਦੇ ਨੇ, ਜਦੋਂ ਸਮਾਜ ਇਨ੍ਹਾਂ ਨੂੰ ਪਰਵਾਨ ਕਰਦੈ। ਚੰਗੇ ਨੂੰ ਨਕਾਰਨ ਦਾ ਨਤੀਜਾ ਇਹੀ ਹੁੰਦਾ।
ਨਾਮਵਰ ਲੇਖਕ ਪਾਲੀ ਭੁਪਿੰਦਰ ਲਿਖਦੈ, ਬੌਬੀ ਉਦੋਂ ਬਣੀ, ਜਦੋਂ ਤੁਸੀਂ 'ਮੇਰਾ ਨਾਮ ਜੋਕਰ' ਨਹੀਂ ਵੇਖੀ। ਹਰਮਨ ਚੀਮਾ ਉਦੋਂ ਸਟਾਰ ਬਣਿਆ, ਜਦੋਂ ਤੁਸੀਂ ਬਰਕਤ ਸਿੱਧੂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਗੂਗਲ ਉਦੋਂ ਤੁਹਾਡੀ ਔਕਾਤ ਬਣਿਆ, ਜਦੋਂ ਤੁਸੀਂ ਕਿਤਾਬਾਂ ਤੋਂ ਮੂੰਹ ਮੋੜ ਲਿਆ। ਤੁਸੀਂ ਬਾਗ਼ਾਂ ਵਿਚੋਂ ਲੰਘਣਾ ਬੰਦ ਕਰ ਦਿੱਤਾ, ਤੁਹਾਨੂੰ ਕਾਰਡਾਂ ਤੇ ਛਪੇ ਫੁੱਲਾਂ ਤੋਂ ਵੱਧ ਕੀ ਮਿਲਣਾ ਸੀ। ਹਾਸਾ ਆ ਰਿਹਾ ਹੈ...ਬਾਂਦਰ ਗਿਲਾ ਕਰ ਰਹੇ ਹਨ ਕਿ ਉਨ੍ਹਾਂ ਨੂੰ 'ਅਦਰਕ' ਪੇਸ਼ ਨਹੀਂ ਕੀਤੀ ਗਈ। ਸਾਡੀ ਫ਼ਿਤਰਤ ਦਾ ਇਸ ਤੋਂ ਵਧੀਆ ਸਾਰ ਕੀ ਹੋ ਸਕਦੈ?
ਚੰਗਿਆਈ ਚਿਰ ਸਥਾਈ ਹੁੰਦੀ ਐ। ਲੱਚਰਤਾ ਪਲ ਦੋ ਪਲ ਦੀ ਮਹਿਮਾਨ ਤਾਂ ਬਣ ਸਕਦੀ ਐ, ਪਰ ਅਗਲੇ ਹੀ ਛਿਣ , ਮਸਤਕ ਕਿਸੇ ਹੋਰ ਵਿਕਾਰ ਨੂੰ ਲੱਭਣ ਤੁਰ ਪੈਂਦੈ। ਆਉਣ ਵਾਲੀਆਂ ਨਸਲਾਂ ਸਾਡੇ 'ਤੇ ਨਜ਼ਰਾਂ ਟਿਕਾਈ ਬੈਠੀਆਂ ਨੇ। ਦੇਖੀਏ ਕਿਤੇ ਬਾਲ ਮਨਾਂ ਸਾਹਮਣੇ ਅੱਖਾਂ ਨੀਵੀਆਂ ਕਰਨ ਦੀ ਨੌਬਤ ਨਾ ਆ ਜਾਵੇ। ਇਨ੍ਹਾਂ ਗੰਧਲੇ ਖਿਆਲਾਂ ਦੇ ਵਧਣ-ਫੁੱਲਣ ਵਿਚ ਸਾਡੀ ਪੀੜ੍ਹੀ ਵੀ ਬਰਾਬਰ ਦੀ ਗੁਨਾਹਗਾਰ ਬਣੇਗੀ। ਇਤਿਹਾਸ ਕਿਸੇ ਦਾ ਲਿਹਾਜ਼ ਨਹੀਂ ਕਰਦਾ!
ਜਗਜੀਤ ਸਿੰਘ ਲੋਹਟਬਦੀ
Comments (0)