ਸ੍ਰੀ ਗੁਰੂ ਅਮਰ ਬਿਲਾਸ ਇਕ ਨਵੀਂ ਲੱਭਤ

ਸ੍ਰੀ ਗੁਰੂ ਅਮਰ ਬਿਲਾਸ ਇਕ ਨਵੀਂ ਲੱਭਤ

 ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ ਅਗਿਆਤ, ਅਲਪ-ਚਰਚਿਤ ਅਤੇ ਲੁਪਤ ਹੋਏ ਸਿੱਖ ਸਾਹਿਤ ਨੂੰ ਪਾਠਕਾਂ ਸਾਹਮਣੇ ਪ੍ਰਕਾਸ਼ਮਾਨ ਕਰਨ ਦਾ ਬੀੜਾ ਚੁੱਕਿਆ ਹੈ।

ਇਸੇ ਤਰਦੱਦ ਵਿਚੋਂ ਹੀ ਉਸ ਦੀਆਂ ਦੋ ਸੰਪਾਦਿਤ ਪ੍ਰਮੁੱਖ ਪ੍ਰਕਾਸ਼ਨਾਵਾਂ ਸਾਡੇ ਸਾਹਮਣੇ ਆਈਆਂ ਹਨ। ਪਹਿਲੀ ਹੈ 'ਪੁਰਾਤਨ ਸਿੱਖ ਲਿਖਤਾਂ' ਅਤੇ ਦੂਜੀ ਹੈ 'ਪੁਰਾਤਨ ਸਿੱਖ ਸਾਹਿਤ ਸੰਗ੍ਰਹਿ'। ਪਹਿਲੀ ਪੁਸਤਕ ਵਿਚ ਸੰਨ 1947 ਈ. ਤੋਂ ਪਹਿਲਾਂ ਛਪੀਆਂ 68 ਦੁਰਲਭ ਰਚਨਾਵਾਂ ਪ੍ਰਕਾਸ਼ਿਤ ਹਨ ਅਤੇ ਦੂਜੀ ਵਿਚ 40 ਤੋਂ ਉੱਪਰ ਪੁਸਤਕਾਂ ਸੰਕਲਿਤ ਹਨ। ਸਾਡੀ ਅੱਜ ਦੀ ਚਰਚਾ ਦੂਜੀ ਪੁਸਤਕ ਵਿਚੋਂ ਲਈ ਗਈ ਰਚਨਾ 'ਸ੍ਰੀ ਗੁਰੂ ਅਮਰ ਬਿਲਾਸ' ਹੈ, ਜੋ ਭਾਈ ਜੋਧ ਸਿੰਘ ਗੁੱਜਰਖਾਨ (ਰਾਵਲਪਿੰਡੀ) ਵਾਲਿਆਂ ਦੀ ਲਿਖੀ ਹੋਈ ਹੈ। ਇਸ ਮਿਹਨਤ ਲਈ ਸੰਪਾਦਕ ਪ੍ਰਸੰਸਾ ਦਾ ਹੱਕਦਾਰ ਹੈ।

ਪੰਜਾਬੀ ਸਾਹਿਤ ਦੇ ਆਧੁਨਿਕ ਇਤਹਾਸ ਵਿਚ ਪ੍ਰਿੰ. ਜੋਧ ਸਿੰਘ, ਜੋਧ ਸਿੰਘ ਗਿਆਨੀ ਅਤੇ ਭਾਈ ਜੋਧ ਸਿੰਘ ਗੁੱਜਰਖਾਨ ਨਾਂਅ ਦੇ ਤਿੰਨ ਹਮਨਾਮ ਲੇਖਕ ਹਨ। ਇਤਫ਼ਾਕ ਦੀ ਗੱਲ ਹੈ ਕਿ ਤਿੰਨਾਂ ਦੇ ਹੀ ਦਿਲਚਸਪੀ ਦੇ ਵਿਸ਼ੇ ਗੁਰੂ ਸਾਹਿਬਾਨ, ਸਿੱਖ ਧਰਮ ਦਰਸ਼ਨ, ਇਤਿਹਾਸ ਅਤੇ ਸਿੱਖ ਧਾਰਮਿਕ ਗ੍ਰੰਥ ਹਨ। ਸਾਡੇ ਅੱਜ ਦੇ ਲੇਖਕ ਭਾਈ ਜੋਧ ਸਿੰਘ ਗੁੱਜਰਖਾਨ ਹਨ, ਜਿਸ ਦੀ ਇਕ ਰਚਨਾ ਸ੍ਰੀ ਗੁਰੂ ਅਮਰ ਬਿਲਾਸ ਨਾਲ ਅਸੀਂ ਪਾਠਕਾਂ ਦੀ ਜਾਣ-ਪਛਾਣ ਕਰਾਉਣੀ ਚਾਹੁੰਦੇ ਹਾਂ। ਜੋਧ ਸਿੰਘ ਗੁੱਜਰਖਾਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ ਅਤੇ ਜਿੰਨੀ ਕੁ ਸਵੈਜੀਵਨ ਸੰਕੇਤਾਂ ਦੇ ਰੂਪ ਵਿਚ ਪ੍ਰਾਪਤ ਹੈ, ਉਸ ਅਨੁਸਾਰ 'ਸ੍ਰੀ ਗੁਰੂ ਅਮਰ ਬਿਲਾਸ' ਲਿਖਣ ਸਮੇਂ ਕਵੀ ਦੀ ਉਮਰ 55 ਸਾਲ ਦੀ ਸੀ। ਕਵੀ ਜੋਧ ਸਿੰਘ ਚਾਰ ਸਾਲ ਡੇਰਾ ਖ਼ਾਲਸਾ ਰਿਹਾ, 14 ਸਾਲ ਤੱਕ ਕੱਲਰ ਸ਼ਹਿਰ ਤੋਂ ਵਿੱਦਿਆ ਹਾਸਿਲ ਕੀਤੀ, ਢਾਈ ਸਾਲ ਹੈੱਡਮਾਸਟਰੀ ਕੀਤੀ ਅਤੇ 35 ਸਾਲ ਗੁੱਜਰਖਾਨ (ਜ਼ਿਲ੍ਹਾ ਰਾਵਲਪਿੰਡੀ) ਰਹਿ ਕੇ ਅਰਜ਼ੀਨਵੀਸੀ ਕੀਤੀ। ਰਚਨਾ ਨਾਲ ਸੰਕੇਤ ਕਰਦਿਆਂ ਕਵੀ ਲਿਖਦਾ ਹੈ:

ਐਤਵਾਰ ਤਾਤੀਲ ਦਾ ਰੋਜ਼ ਆਹਾ,

ਸੁਦੀ ਭਾਦ੍ਰੋ ਪਹਿਲੀ ਭਾਲ ਪਿਆਰੇ।

ਸਦੀ ਬੀਸਵੀਂ ਬਿਕ੍ਰਮਾਜੀਤ ਵਾਲੀ,

ਸੰਗਤ ਉਨੀ ਸੌ ਪੈਂਹਠਵਾਂ ਸਾਲ ਪਿਆਰੇ।

ਇੰਜ ਇਸ ਰਚਨਾ ਦਾ, ਰਚਨਾ ਕਾਲ 1908 ਈ: ਬਣਦਾ ਹੈ। ਜੋਧ ਸਿੰਘ ਨੇ ਚਰਚਾਧੀਨ, 'ਸ੍ਰੀ ਗੁਰੂ ਅਮਰ ਬਿਲਾਸ' ਤੋਂ ਬਿਨਾਂ ਸ੍ਰੀ ਗੁਰ ਅਰਜਨ ਬਿਲਾਸ' ਦੀ ਰਚਨਾ ਵੀ ਬੈਂਤਾਂ ਵਿਚ ਕੀਤੀ ਸੀ। ਇਹ ਦੋਵੇਂ ਪੁਸਤਕਾਂ ਪਾਠਕਾਂ ਦੁਆਰਾ ਬਹੁਤ ਪਸੰਦ ਕੀਤੀਆਂ ਗਈਆਂ, ਜਿਸ ਦੀਆਂ ਕਈ-ਕਈ ਐਡੀਸ਼ਨਾਂ ਛਪੀਆਂ। 'ਸ੍ਰੀ ਗੁਰੂ ਅਰਜਨ ਬਿਲਾਸ' ਦੀ ਭੂਮਿਕਾ ਤੋਂ ਸਾਬਤ ਹੁੰਦਾ ਹੈ ਕਿ ਕਵੀ ਨੇ ਪਹਿਲਾਂ 'ਸ੍ਰੀ ਗੁਰ ਅਰਜਨ ਬਿਲਾਸ' ਦੀ ਰਚਨਾ ਕੀਤੀ ਸੀ ਅਤੇ ਪਿਛੋਂ 'ਸ੍ਰੀ ਗੁਰੂ ਅਮਰ ਬਿਲਾਸ'।

ਮੱਧਕਾਲ ਵਿਚ ਸ੍ਰੀ ਗੁਰੂ ਹਰਿਗੋਬਿੰਦ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੇ ਹੋਏ ਗੁਰ ਬਿਲਾਸ ਮਿਲਦੇ ਹਨ। ਇਹ ਗੁਰਬਿਲਾਸ ਜਿਥੇ ਮਹਾਂਕਾਵਿ ਦੀ ਘਾਟ ਪੂਰਿਆਂ ਕਰਦੇ ਹਨ, ਉਥੇ ਗੁਰੂ ਸਾਹਿਬਾਨ ਦੇ ਮੁਕੰਮਲ ਜੀਵਨ ਨੂੰ ਕਵਿਤਾ ਵਿਚ ਪੇਸ਼ ਵੀ ਕਰਦੇ ਹਨ। ਅੱਜ ਇਹੋ ਗੁਰ ਬਿਲਾਸ ਸਿੱਖ ਇਤਿਹਾਸ ਦੇ ਪੁਰਾਤਨ ਇਤਿਹਾਸਕ ਸਰੋਤਾਂ ਵਿਚੋਂ ਅਹਿਮ ਮੰਨੇ ਜਾਂਦੇ ਹਨ। ਇਸੇ ਤਰਜ਼ 'ਤੇ ਭਾਈ ਜੋਧ ਸਿੰਘ ਗੁੱਜਰਖਾਨ ਦਾ ਲਿਖਿਆ ਹੋਇਆ ਇਹ ਗੁਰ ਬਿਲਾਸ ਅਸੀਂ ਵਿਚਾਰ ਸਕਦੇ ਹਾਂ। ਬੇਸ਼ੱਕ ਇਹ ਗੁਰਬਿਲਾਸ ਉੱਪਰ ਸੰਕੇਤਿਕ ਗੁਰ ਬਿਲਾਸਾਂ ਜਿੰਨਾ ਵਿਸਤ੍ਰਿਤ ਨਹੀਂ, ਪਰ ਗੁਰੂ ਅਮਰਦਾਸ ਜੀ ਦੀ ਜੀਵਨ ਘਟਨਾਵਲੀ ਦੀਆਂ ਪ੍ਰਮੁੱਖ ਘਟਨਾਵਾਂ ਜ਼ਰੂਰ ਇਸ ਵਿਚ ਕਲਮਬੱਧ ਹੋਈਆਂ ਮਿਲਦੀਆਂ ਹਨ।

ਮੰਗਲਾਚਰਨ ਤੋਂ ਬਾਅਦ ਪਿੰਡ ਬਾਸਰਕੇ ਵਿਚ ਜਨਮ ਲੈਣਾ ਅਤੇ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਪਾਸ ਗੁਰਬਾਣੀ ਸੁਣ ਕੇ ਬਾਣੀਕਾਰ ਬਾਰੇ ਪੁੱਛ ਕਰਨੀ, ਗੁਰੂ ਅੰਗਦ ਦੇਵ ਜੀ ਦਾ ਬੀਬੀ ਭਾਨੀ ਤੋਂ ਪਤਾ ਲੱਗਣਾ ਰਚਨਾ ਦੇ ਆਰੰਭ ਵਿਚ ਦਰਜ ਹਨ। ਗੁਰੂ ਅਮਰਦਾਸ ਜੀ ਦੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੀ ਬਿਹਬਲਤਾ ਕਵੀ ਦੀ ਜ਼ੁਬਾਨੀ ਸੁਣੋ:

ਬਾਬੇ ਆਖਿਆ ਉਨ੍ਹਾਂ ਦੇ ਪਾਸ ਲੈ ਚੱਲ,

ਤੇਰਾ ਹੋਇਗਾ ਬੜਾ ਉਪਕਾਰ ਬੇਟੀ।

ਮਤਾਂ ਕਟਿਆ ਜਾਇ ਦੁੱਖ ਦਰਦ ਮੇਰਾ,

ਪੂਰੇ ਗੁਰੂ ਦਾ ਹੋਇ ਦੀਦਾਰ ਬੇਟੀ।

ਇਸ ਤੋਂ ਅੱਗੋਂ ਗੁਰੂ ਅਮਰਦਾਸ ਜੀ ਦਾ ਦੂਜੇ ਗੁਰੂ ਜੀ ਨਾਲ ਮੇਲ, ਖੱਡੇ ਵਿਚ ਡਿੱਗਣਾ, ਉਨ੍ਹਾਂ ਵਲੋਂ ਗੋਇੰਦਵਾਲ ਵਸਾਉਣਾ ਅਤੇ ਗੁਰਿਆਈ ਮਿਲਣ ਦਾ ਬਿਰਤਾਂਤ ਹੈ। ਇਤਿਹਾਸ ਦੱਸਦਾ ਹੈ ਕਿ ਜਦ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਸੌਂਪੀ ਤਾਂ ਗੁਰੂ ਪੁੱਤਰਾਂ ਨੇ ਇਸ ਦਾ ਬਹੁਤਾ ਬੁਰਾ ਮਨਾਇਆ। ਦਾਤੂ ਨੇ ਤਾਂ ਭਰੀ ਸਭਾ ਵਿਚ ਗੁਰੂ ਅਮਰਦਾਸ ਜੀ ਨੂੰ ਲੱਤ ਕੱਢ ਮਾਰੀ:

ਦੇਖ ਜੱਸ ਪ੍ਰਤਾਪ ਸਤਿਗੁਰੂ ਜੀ ਦਾ

ਦਾਤੂ ਪਾਟ ਹੋਇਆ ਲੀਰੋ ਲੀਰ ਬੇਲੀ

ਇਕ ਦਿਨ ਭਰੇ ਦੀਵਾਨ ਵਿਚ ਗੁਰੂ ਜੀ ਨੂੰ

ਮਾਰੀ ਲੱਤ ਆ ਬੇਤਕਸੀਰ ਬੇਲੀ।

ਗੁਰੂ ਪੁੱਤਰਾਂ ਵਲੋਂ ਮੁਖਾਲਫ਼ਤ ਕਰਨ ਕਰਕੇ ਗੁਰੂ ਅਮਰਦਾਸ ਜੀ ਵਾਪਸ ਆਪਣੇ ਪਿੰਡ ਬਾਸਰਕੇ ਆ ਗਏ ਅਤੇ ਇਕਾਂਤ ਵਿਚ ਇਕ ਕਮਰੇ ਤੱਕ ਆਪਣੇ-ਆਪ ਨੂੰ ਸੀਮਤ ਕਰ ਲਿਆ। ਵਿਆਕੁਲ ਸਿੱਖ ਸੰਗਤ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਇਥੇ ਆਈ ਅਤੇ ਗੁਰੂ ਦੀਦਾਰ ਕੀਤਾ। ਗੁਰੂ ਅਮਰਦਾਸ ਜੀ ਵਲੋਂ ਸਿੱਖਾਂ ਨੂੰ ਸੰਗਠਿਤ ਕਰਨ ਦੇ ਵਿਚਾਰ ਨਾਲ ਬਾਈ ਮੰਜੀਆਂ ਸਥਾਪਿਤ ਕਰਨ ਦੀ ਗੱਲ ਤਾਂ ਹਰੇਕ ਸਿੱਖ ਵਿਦਵਾਨ ਨੇ ਕੀਤੀ ਹੈ ਪਰ ਜੋਧ ਸਿੰਘ ਨਵੀਂ ਗੱਲ ਇਹ ਕਰਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਦੇ ਮੇਲ-ਮਿਲਾਪ ਨੂੰ ਵਧੇਰੇ ਮਜ਼ਬੂਤ ਕਰਨ ਲਈ ਮੇਲਾ ਕਰਾਉਣਾ ਸ਼ੁਰੂ ਕੀਤਾ। ਸਧਾਰਨ ਤੌਰ 'ਤੇ ਵੀ ਇਥੇ ਲੰਗਰ ਪਹਿਲਾਂ ਹੀ ਚਲਦਾ ਸੀ ਪਰ ਮੇਲੇ ਵਿਚ ਤਾਂ ਸਾਰੇ ਪੰਗਤ ਵਿਚ ਬੈਠ ਕੇ, ਬਿਨਾਂ ਕਿਸੇ ਵਿਤਕਰੇ ਦੇ ਲੰਗਰ ਛਕਦੇ ਸਨ:

ਇਕੋ ਦੇਗ ਵਿਚੋਂ ਲੰਗਰ ਛਕਨ ਸਾਰੇ,

ਜਾਤ ਪਾਤ ਬੰਧਨ ਕੀਤੇ ਚੂਰ ਸਾਈਂ

ਬੈਠੋ ਪੰਗਤਾਂ ਵਿਚ ਪਾਲੋ ਪਾਲ ਸਾਰੇ,

ਭੋਜਨ ਪਾਇ ਕੇ ਹੋਨ ਮਸ਼ਕੂਰ ਸਾਈਂ।

ਮਨੁੱਖੀ ਬਰਾਬਰੀ ਬ੍ਰਾਹਮਣਾਂ ਨੂੰ ਬਹੁਤ ਚੁੱਭਦੀ ਸੀ। ਉਨ੍ਹਾਂ ਨੇ ਬਾਦਸ਼ਾਹ ਅਕਬਰ ਪਾਸ ਫਰਿਆਦ ਵੀ ਕੀਤੀ ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਗੁਰੂ ਅਮਰਦਾਸ ਜੀ ਵਲੋਂ ਗੋਇੰਦਵਾਲ ਵਿਖੇ ਬਾਉਲੀ ਬਣਾਈ, ਅਕਬਰ ਬਾਦਸ਼ਾਹ ਨੂੰ ਚਿਤੌੜ ਦਾ ਕਿਲ੍ਹਾ ਫ਼ਤਹਿ ਹੋਣ ਦਾ ਵਰ ਦੇਣਾ, ਗੁਰੂ ਜੀ ਵਲੋਂ ਆਪਣੇ ਪੁੱਤਰਾਂ ਦੀ ਪ੍ਰੀਖਿਆ ਕਰਨੀ ਅਤੇ ਅਕਬਰ ਬਾਦਸ਼ਾਹ ਦਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣਾ ਵੀ ਇਸ ਬਿਰਤਾਂਤ ਦਾ ਹਿੱਸਾ ਹੈ। ਅਕਬਰ ਨੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਸਮੇਂ ਗੁਰੂ ਘਰ ਨੂੰ ਲੰਗਰ ਲਈ ਕੁਝ ਭੇਟ ਕਰਨ ਅਤੇ ਗੁਰੂ ਜੀ ਦੇ ਇਨਕਾਰ ਕਰਨ ਦੀ ਵਾਰਤਾਲਾਪ ਕਾਫ਼ੀ ਦਿਲਚਸਪ ਹੈ। ਬਾਦਸ਼ਾਹ ਨੇ ਜੋ ਕੁਝ ਦਰਸ਼ਨ ਭੇਟਾ ਦਿੱਤੀ, ਗੁਰੂ ਜੀ ਨੇ ਉਸੇ ਵਕਤ ਗ਼ਰੀਬਾਂ ਨੂੰ ਵੰਡ ਦਿੱਤਾ, ਜਿਸ ਉੱਪਰ ਉਹ ਹੈਰਾਨ ਵੀ ਹੋਇਆ। ਕੁਝ ਚਿਰ ਦੀ ਦਲੀਲਬਾਜ਼ੀ ਪਿਛੋਂ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਦੇ ਨਾਂਅ ਕੁਝ ਪਿੰਡਾਂ ਦੀ ਜਾਗੀਰ ਦਾ ਪਟਾ ਲਿਖ ਦਿੱਤਾ:

ਕਿਤਨੇ ਪਿੰਡ ਜਾਗੀਰ ਦਾ ਪਟਾ ਲਿਖਿਆ

ਜਿਨ੍ਹਾਂ ਵਿਚ ਇਕ ਪਿੰਡ ਝਬਾਲ ਆਹਾ

ਕਿਹਾ ਗੁਰੂ ਜੀ ਅਸਾਂ ਨੂੰ ਲੋਭ ਨਹੀਂ,

ਸਾਡਾ ਗੁਰੂ ਨਾਨਕ ਦੀਨ ਦਿਆਲ ਆਹਾ।

ਸ੍ਰੀ ਗੁਰ ਅਮਰ ਬਿਲਾਸ ਦੇ ਅਖੀਰਲੇ ਬੰਦਾਂ ਵਿਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖ਼ਸ਼ਣ ਦਾ ਪ੍ਰਸੰਗ ਹੈ। ਇਹ ਗ੍ਰੰਥ ਜਿਥੇ ਗੁਰੂ ਅਮਰਦਾਸ ਜੀ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਬਿਆਨ ਕਰਦਾ ਹੈ, ਉਥੇ ਕਈ ਥਾਈਂ ਸਿੱਖ ਸਿਧਾਂਤਾਂ ਅਤੇ ਆਦਰਸ਼ਾਂ ਦੀ ਗੱਲ ਵੀ ਕਰਦਾ ਹੈ। ਉਦਾਹਰਨਾਂ ਵਜੋਂ ਜਦ ਗੰਗਾ ਰਾਮ ਨਾਂਅ ਦੇ ਕਿਸੇ ਵਿਅਕਤੀ ਨੇ ਅਧਿਆਤਮਿਕਤਾ ਅਤੇ ਸੰਸਾਰਕਤਾ ਦੀ ਦੁਬਿਧਾ ਬਾਰੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਤਾਂ ਗੁਰੂ ਜੀ ਨੇ ਗ੍ਰਹਿਸਥ ਦੀ ਮਹਿਮਾ ਕਰਦਿਆਂ ਫਰਮਾਇਆ:

ਕਿਹਾ ਗੁਰੂ ਜੀ ਤਿਆਗੀਆਂ ਸਾਧੂਆਂ ਦਾ,

ਤੇ ਗ੍ਰਹਸਤੀਆਂ ਦਾ ਸੁਣੋ ਹਾਲ ਪਿਆਰੇ।

ਦੇਖੋ ਗ੍ਰਹਸਤ ਚੰਗਾ ਜਾਂ ਅਤੀਤ ਚੰਗੇ

ਕਰੋ ਦੋਹਾਂ ਦੀ ਜਾਂਚ ਪੜਤਾਲ ਪਿਆਰੇ।

ਗਲੀ ਗਲੀ ਵਿਚ ਮੰਗਤੇ ਸਾਖ ਜੋਗੀ,

ਟੁਕੜੇ ਮੰਗਦੇ ਬੁਰੇ ਹਵਾਲ ਪਿਆਰੇ।

ਕਰਦੇ ਸੰਤ ਗੁਰਮੁਖ ਭਗਤੀ ਜਗਤ ਅੰਦਰ,

ਲੈਂਦੇ ਗ੍ਰਹਸਤ ਦੇ ਸੁਖ ਕਮਾਲ ਪਿਆਰੇ।

ਇੰਜ ਭਾਈ ਜੋਧ ਸਿੰਘ ਗੁੱਜਰਖਾਨ ਰਚਿਤ 'ਸ੍ਰੀ ਗੁਰ ਅਮਰਦਾਸ ਬਿਲਾਸ' ਮੱਧਕਾਲੀ ਪਰੰਪਰਾ ਵਿਚ ਲਿਖਿਆ ਗਿਆ ਗੁਰਬਿਲਾਸ ਹੈ। ਇਹ ਇਕਲੌਤਾ ਖੰਡ ਕਾਵਿ ਹੈ। ਗੁਰੂ ਅਮਰਦਾਸ ਜੀ ਦੇ ਅਭਿਨੰਦਨ ਬਾਰੇ ਮੰਗਲਾਚਰਨ ਦੇ ਰੂਪ ਵਿਚ ਕਈ ਛੰਦ ਮਿਲ ਜਾਂਦੇ ਹਨ ਪਰ ਸੰਗਠਿਤ ਰੂਪ ਵਿਚ ਇਹ ਹੁਣ ਤੱਕ ਪ੍ਰਾਪਤ ਇਕੋ ਇਕ ਰਚਨਾ ਹੈ।

 

ਡਾਕਟਰ ਧਰਮ ਸਿੰਘ