ਗੁਰੂ ਕਾ ਬਾਗ - ਅਕਾਲੀ ਸਰਫ਼ਰੋਸ਼ੀ
ਗੁਰੂਦੁਆਰੈ ਹੋਇ ਸੋਝੀ ਪਾਇਸੀ।। (ਮ:੧ ੭੩੦) ਗੁਰਦੁਆਰਾ ਸਾਹਿਬ ਸਿੱਖਾਂ ਦੀ ਸਾਹ-ਰਗ ਹੈ। ਇਸ ਲਈ ਇਕ ਪੰਥਕ ਨਿਸ਼ਾਨਾ ਅਰਦਾਸ ਦੇ ਰੂਪ ਵਿਚ ਨਿਤਾਪ੍ਰਤਿ ਯਾਦ ਕੀਤਾ ਜਾਂਦਾ ਹੈ। ਇਹ ਹੈ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਵੇ। ਇਹ ਮੁੱਢਲਾ ਪੰਥਕ ਹੱਕ ਅਤੇ ਫ਼ਰਜ਼ ਸੀ ਜਿਹੜਾ ਹਰ ਸਰਕਾਰ ਦੀਆਂ ਨਜ਼ਰਾਂ ਵਿਚ ਰੜਕਣ ਲਗ ਪਿਆ। ਇਹ ਤ੍ਰਾਸਦੀ ਹੈ ਕਿ ਮੁੱਢ ਕਦੀਮ ਤੋਂ ਹੀ ਵਕਤੀ ਸਰਕਾਰਾਂ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਅਧੀਨ ਰਖਣ ਲਈ ਹਰ ਹੀਲਾ ਵਰਤਦੀਆਂ ਰਹੀਆਂ ਹਨ। ਇਸ ਲਈ ਸਰਕਾਰਾਂ ਨੂੰ ਜਿਤਨਾ ਵੀ ਜ਼ੁਲਮੋ-ਤਸ਼ੱਦਦ ਕਰਨਾ ਪਵੇ, ਕੋਈ ਕੰਜੂਸੀ ਨਹੀਂ ਵਰਤੀ ਗਈ।
ਇਸ ਲੜੀ ਵਿਚ ਅੰਗਰੇਜ਼ੀ ਰਾਜ ਕਾਲ ਵਿਚ ਗੁਰਦੁਆਰਾਸੁਧਾਰਲਹਿਰ ਦੌਰਾਨ ਗੁਰੂ ਕਾ ਬਾਗ, ਗੰਗਸਰ, ਜੈਤੋ, ਪੰਜਾ ਸਾਹਿਬ, ਨਨਕਾਣਾ ਸਾਹਿਬ, ਤਰਨਤਾਰਨ ਸਾਹਿਬ ਆਦਿ ਮੋਰਚਿਆਂ ਵਿਚ ਸਿੰਘਾਂ ਨੇ ਜੋ ਕੁਰਬਾਨੀਆਂ ਕੀਤੀਆਂ ਉਹ ਲਹੂ ਰੰਗੇ ਸਿੱਖ ਇਤਿਹਾਸ ਦੇ ਸੁਨਹਿਰੀ ਪਤਰੇ ਹਨ। ਇਹਨਾਂ ਸਾਰਿਆਂ ਵਿਚ ਮੋਰਚਾ ਗੁਰੂ ਕਾ ਬਾਗ ਉਚੇਚੀ ਅਤੇ ਵਿਲੱਖਣ ਥਾਂ ਰਖਦਾ ਹੈ। ਪਰ ਪੰਥ ਨੇ ਆਪਣਾ ਆਪਾ ਵਾਰ ਕੇ ਚੜ੍ਹਦੀ ਕਲਾ ਨਾਲ ਫ਼ਤਹਿਯਾਬੀ ਹਾਸਲ ਕੀਤੀ। ਇਸ ਤੇ ਮਹਾਤਮਾ ਗਾਂਧੀ ਨੇ ਪੰਥ ਨੂੰ ਵਧਾਈ ਦੀ ਤਾਰ ਭੇਜੀ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਵੱਡੀ ਜੰਗ ਜਿੱਤ ਲਈ।
ਨਾ ਓਹਿ ਮਰਹਿ ਨ ਠਾਗੇ ਜਾਹਿ।। ਜਿਨ ਕੈ ਰਾਮੁ ਵਸੈ ਮਨ ਮਾਹਿ।।(ਮ:੧ ੮)ਇੱਥੇ ਇਕ ਵਾਹਿਗੁਰੂ ਦੀ ਅਦ੍ਰਿਸ਼ ਕਲਾ ਵੀ ਵਾਪਰੀ। ਸਿੱਖ ਦੇ ਜੀਵਨ ਦਾ ਹਰ ਪੱਖ ਧਰਮ ਹੇਠ ਜੀਵਿਆ ਜਾਂਦਾ ਹੈ। ਇਸ ਨੂੰ ਵੱਖ ਵੱਖ ਢੰਗ ਨਾਲ ਡੱਬੇ ਬੰਦ ਨਹੀਂ ਕੀਤਾ ਜਾ ਸਕਦਾ ਕਿ ਇਹ ਉਸਦਾ ਨਿਜੀ ਜੀਵਨ ਹੈ, ਇਹ ਵਪਾਰਕ ਜੀਵਨ ਹੈ, ਇਹ ਸਮਾਜਕ ਜੀਵਨ ਹੈ ਆਦਿ ਆਦਿ। ਇਸ ਲਈ ਜਦੋਂ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜ਼ਦੋ ਜਹਿਦ ਕਰਦਾ ਹੈ ਤਾਂ ਇਹ ਵੀ ਧਰਮ ਯੁੱਧ ਹੀ ਕਰ ਰਿਹਾ ਹੁੰਦਾ ਹੈ। ਜਦੋਂ ਗੁਰਦੁਆਰਾ ਸੁਧਾਰ ਸੁਧਾਰ ਲਹਿਰ ਦੌਰਾਨ ਸਿੱਖ ਜਾਨਾ ਹੂਲ ਰਹੇ ਸਨ ਅਤੇ ਫ਼ਿਰੰਗੀ ਸਰਕਾਰ ਅਤੇ ਉਹਨਾਂ ਦੇ ਪਿੱਠੂ ਹਾਰਦੀ ਲੜਾਈ ਲੜ ਰਹੇ ਸਨ ਤਾਂ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਰਾਇ ਦਿੱਤੀ ਕਿ ਤੁਸੀਂ ਇਸ ਗੁਰਦੁਆਰਾ ਸੁਧਾਰ ਲਹਿਰ ਨੂੰ ਫਿਲਹਾਲ ਰੋਕ ਕੇ ਦੇਸ਼ ਦੇ ਆਜ਼ਾਦੀ ਦੀ ਲਹਿਰ ਲਈ ਕੰਮ ਕਰੋ। ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਗੁਰਦੁਆਰੇ ਤਾਂ ਆਪੇ ਹੀ ਆਜ਼ਾਦ ਹੋ ਜਾਣਗੇ। ਇਹ ਪੰਥ ਦੇ ਵਾਲੀ ਦੀ ਅਪਾਰ ਰਹਿਮਤ ਅਤੇ ਬਖਸ਼ਿਸ਼ ਹੋਈ ਕਿ ਸਾਡੇ ਬਜ਼ੁਰਗ ਇਸ ਝਾਂਸੇ ਵਿਚ ਨਹੀਂ ਆਏ। ਇਹ ਸਹਿਜੇ ਹੀ ਅਨੁਮਾਨਿਆ ਜਾ ਸਕਦਾ ਹੈ ਕਿ ਜੇਕਰ ਐਸਾ ਹੋ ਜਾਂਦਾ ਤਾਂ ਕੀ ਗੁਰਦੁਆਰੇ ਪੰਥ ਦੇ ਪ੍ਰਬੰਧ ਹੇਠ ਆ ਜਾਂਦੇ?ਸ਼ਬਦਕੋਸ਼ਾਂ ਵਿਚ ਅੰਗਰੇਜੀ ਦਾ ਅਰਥ ਛੁਰੀ, ਤਲਵਾਰ ਜਾਂ ਕੈਂਚੀ ਕੀਤਾ ਗਿਆ ਹੈ ਜੋ ਅੰਗਾਂ ਦੇ ਟੋਟੇ ਕਰ ਦਵੇ। ਇਸੇ ਅਰਥ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਇਸੇ ਅਰਥ ਵਿਚ ਇਸ ਦਾ ਵਰਣਨ ਕੀਤਾ ਹੈ। ਅੰਗਰੇਜੀ ਗਹਿ ਕੈ ਛੁਰੀ ਤਾ ਕੀ ਗ੍ਰੀਵ ਤਕਾਇ।। ਤਨਿਕ ਦਬਾਈ ਇਹ ਦਿਸਾ ਉਹਿ ਦਿਸਿ ਨਿਕਸੀ ਜਾਇ।।੧੩।। (ਦ.ਗ੍ਰ. ਚ.੧੩)। ਅੰਗਰੇਜਾਂ ਤੇ ਇਹ ਪੂਰੀ ਤਰ੍ਹਾਂ ਢੁਕਦੀ ਹੈ। ਸੋ ਦੇਸ਼ ਦੀ ਵੰਡ ਦੇ ਬਾਅਦ ਦੀਆਂ ਸਰਕਾਰਾਂ ਨੇ ਇਹੀ ਅੰਗਰੇਜਾਂ ਵਾਲਾ ਵਰਤਾਰਾ ਜਾਰੀ ਰਖਿਆ। ਪੰਜਾਬ ਤੋਂ ਬਾਹਰਲੇ ਇਤਿਹਾਸਕ ਗੁਰਦੁਆਰਿਆਂ ਵਿਚ ਦਖ਼ਲ ਦੇਣ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਗ ਰੇਜ਼ਾ ਰੇਜ਼ਾ ਕੀਤੇ।
ਸੋ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਅਰੰਭ ਹੋਇਆ ਤਾਂ ਇਹ ਸਰਕਾਰੀ ਵਰਤਾਰਾ ਵਰਤ ਰਿਹਾ ਸੀ। ਸਰਕਾਰ ਮਹੰਤਾਂ ਦੀ ਪਿੱਠ ਤੇ ਆ ਖੜੀ ਹੋਈ ਕਿ ਸਿੱਖ ਉਸਦੀ ਜਾਇਦਾਦ ਤੇ ਜ਼ਬਰਦਸਤੀ ਦਾਖ਼ਲ ਹੋ ਰਹੇ ਹਨ। ਇਸ ਦੇ ਬਾਅਦ ਤਸ਼ੱਦਦ ਦੀ ਜਿਹੜੀ ਅਣਚਿਤਵੀ ਹਨੇਰੀ ਝੁਲੀ ਉਸਨੇ ਨਾ ਕੇਵਲ ਸਾਰੇ ਦੇਸ਼ ਦੇ ਬਲਕਿ ਸੰਸਾਰ ਭਰ ਵਿਚ ਹਾਹਾਕਾਰ ਮਚਾ ਦਿੱਤੀ। ਇਸ ਵਿਚ ਇੰਗਲੈਂਡ ਤੋਂ ਆਏ ਪਾਦਰੀ, ਵੱਖ ਵੱਖ ਧਰਮਾਂ ਅਤੇ ਰਾਜਨੀਤਕ ਆਗੂ ਇਸ ਦ੍ਰਿਸ਼ ਨੂੰ ਵੇਖ ਕੇ ਕੰਬ ਉਠੇ।
ਬੀ.ਟੀ. ਵਲੋਂ ਇਸ ਮੋਰਚੇ ਵਿਚ ਸਿਰਫ਼ ਸੁੰਮ ਵਾਲੀਆਂ ਡਾਂਗਾਂ ਨਾਲ ਹੀ ਨਹੀਂ ਸੀ ਕੁੱਟਿਆ ਜਾਂਦਾ ਬਲਕਿ ਹੰਟਰ ਮਾਰਨੇ, ਦਾੜ੍ਹੀ ਕੇਸ ਪੁਟਣੇ, ਜ਼ਖਮੀ ਸਿੰਘਾਂ ਨੂੰ ਧੂਹ ਕੇ ਛੱਪੜਾਂ ਅਤੇ ਨਹਿਰਾਂ ਵਿਚ ਸੁਟਣਾ, ਗੁਪਤ ਅੰਗਾਂ ਤੇ ਸੱਟਾਂ ਮਾਰਨੀਆਂ ਆਦਿ ਸਾਰੇ ਵਹਿਸ਼ਿਆਨਾ ਕੰਮ ਕੀਤੇ ਗਏ। ਸੈਂਟਰਲ ਮਾਝਾ ਦੀਵਾਨ ਦੇ ਜਥੇ ਨਾਲ ਅੰਨ੍ਹੀ ਮਾਰ ਕੁਟਾਈ ਕੀਤੀ ਉਹ ਸਹਾਰ ਲਈ। ਪਰ ਇਸ ਦੇ ਬਾਅਦ ਤਾਕਤ ਵਿਚ ਅੰਨ੍ਹੇ ਹੋਏ ਬੀ.ਟੀ. ਨੇ ਕਿਹਾ ਕਿ ਦੱਸੋ! ਤੁਹਾਡਾ ਗੁਰੂ ਗੋਬਿੰਦ ਸਿੰਘ ਕਿੱਥੇ ਹੈ? ਇਹ ਕਹਿ ਕੇ ਉਸ ਨੇ ਆਪਣੀ ਮੌਤ ਦੇ ਵਾਰੰਟਾਂ ਤੇ ਖ਼ੁਦ ਦਸਤਖ਼ਤ ਕਰ ਦਿੱਤੇ।
ਅੰਮ੍ਰਿਤਸਰ ਸਾਹਿਬ ਦੀ ਖ਼ੈਰਦੀਨ ਦੀ ਮਸੀਤ ਵਿਚ ਇਕ ਬਹੁਤ ਵੱਡਾ ਜਲਸਾ ਮੁਨੱਕਦ ਕੀਤਾ ਗਿਆ ਜਿੱਥੇ ਮੋਰਚੇ ਦੀ ਸਫ਼ਲਤਾ ਅਤੇ ਸਿੰਘਾਂ ਦੀ ਚੜ੍ਹਦੀ ਕਲਾ ਲਈ ਦੁਆ ਮੰਗੀ ਗਈ। ਕੋਈ ਤਬਕਾ ਐਸਾ ਨਹੀਂ ਰਿਹਾ ਜਿਸਨੇ ਅੰਗਰੇਜ਼ਾਂ ਅਤੇ ਬੀ.ਟੀ. ਨੂੰ ਲਾਅਨਤਾ ਨਹੀਂ ਪਾਈਆਂ।
ਇਸ ਮੋਰਚੇ ਦੌਰਾਨ ਇਕ ਹੋਰ ਪ੍ਰਤੱਖ ਬਖਸ਼ਿਸ਼ ਹੋਈ ਜਦੋਂ ਸਿੰਘਾਂ ਤੇ ਜ਼ੁਲਮ ਹੋ ਰਿਹਾ ਹੈ ਤਾਂ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਜ਼ ਦੇ ਪ੍ਰਤੱਖ ਦਰਸ਼ਨ ਹੋਏ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰ ਹਾਲਤ ਵਿਚ ਸ਼ਾਂਤਮਈ ਰਹਿਣ ਦੀ ਅਰਦਾਸ ਕਰਕੇ ਸਿਰ ਤੇ ਖੱਫਣ ਬੰਨ ਕੇ ਗੁਰੂ ਕੇ ਸੂਰਮੇ ਲਾਲ ਤੁਰਦੇ ਸਨ। ਉਹਨਾਂ ਦੇ ਗਾਤਰੇ ਸ੍ਰੀ ਸਾਹਿਬ ਹਨ। ਉਹਨਾਂ ਦੇ ਸਿਰਾਂ ਤੇ ਸੁੰਮਾਂ ਵਾਲੀਆਂ ਡਾਂਗਾਂ ਵਰ੍ਹਦੀਆਂ ਸਨ। ਆਮ ਤੌਰ ਤੇ ਜੇ ਕਿਸੇ ਨੂੰ ਕੋਈ ਸੋਟੀ ਮਾਰੇ ਤਾਂ ਆਪ ਮੁਹਾਰੇ ਉਸ ਦੇ ਹੱਥ ਹਿਲਣਗੇ, ਹੱਥ ਉਠਣਗੇ। ਪਰ ਹੈਰਾਨੀ ਦੀ ਇੰਤਹਾ ਹੋਈ ਕਿਉਹਨਾਂ ਜ਼ਿੰਦਾ ਸ਼ਹੀਦਾਂ ਦੇ ਹੱਥ ਜੁੜੇ ਹੋਏ ਹਨ, ਸਿਰ ਤੇ ਡਾਂਗ ਵੱਜੀ ਹੈ, ਸਿਰ ਖੁਲ ਗਿਆ ਹੈ, ਖ਼ੂਨ ਦਾ ਫ਼ੱਵਾਰਾ ਚਲ ਪਿਆ ਹੈ, ਪਰ ਉਹਨਾਂ ਦੇ ਹੱਥ ਜੁੜੇ ਦੇ ਜੁੜੇ ਹਨ। ਇਹ ਕਿਹੋ ਜਹੇ ਹਠੀ ਹਨ ਜਿਹਨਾਂ ਦੀ ਕਮਾਈ ਨੂੰ ਰੋਜ਼ ਅਰਦਾਸ ਵਿਚ ਯਾਦ ਕੀਤਾ ਜਾਂਦਾ ਹੈ।
ਤੈਨੂੰ ਮਾਣ ਹੈ ਜਾਬਰਾ ਗੋਲੀਆਂ ਤੇ,
ਜੇਲ੍ਹਾਂ ਚੱਕੀਆਂ ਤੇ ਤੇਜ਼ ਕਾਤੀਆਂ ਤੇ।
ਸਾਨੂੰ ਮਾਣ ਹੈ ਸਬਰ ਦੀ ਤੇਗ ਉਤੇ,
ਤੀਰ ਝਲਨੇ ਵਾਲੀਆਂ ਛਾਤੀਆਂ ਤੇ। (ਵਿਧਾਤਾ ਸਿੰਘ ਤੀਰ)
ਡਾਂਗਾਂ ਦੀ ਮੋਹਲੇਧਾਰ ਬਰਖਾ ਨਾਲ ਉਹ ਧਰਤੀ ਤੇ ਡਿੱਗ ਪੈਂਦੇ ਸਨ। ਉਹਨਾਂ ਦੇ ਉੱਤੇ ਘੋੜੇ ਦੋੜਾ ਕੇ ਉਹਨਾਂ ਦੀਆਂ ਸੁੰਮਾਂ ਨਾਲ ਲਤਾੜਿਆ ਜਾਂਦਾ। ਇਹ ਹੈ ਅਸਲੀ ਚਿਹਰਾ ਸਭਿਅਕ ਅਖਵਾਉਣ ਵਾਲੇ ਗੋਰਿਆਂ ਦਾ। ਪਰ ਨਾਲ ਹੀ ਇਹ ਸਨ ਇਕ ਅਕਾਲ ਦੇ ਉਪਾਸ਼ਕ ਧੰਨ ਅਕਾਲੀ। ਜੇ ਐਸੇ ਅਕਾਲੀਆਂ ਦੇ ਕਿਰਦਾਰ ਦਾ ਕਿਣਕਾ ਵੀ ਹੁਣ ਦੇ ਅਕਾਲੀਆਂ ਵਿਚ ਆ ਜਾਏ ਤਾਂ ਕੋਈ ਸੰਸਾ ਨਹੀਂ ਕਿ ਪੰਥ ਤੇਰੇ ਦੀਆਂ ਗੂੰਜਾ ਨਾ ਪੈਣ ਸਾਰੇ ਸੰਸਾਰ ਵਿਚ। ਰਾਖਾ ਆਪ ਅਕਾਲ ਅਕਾਲੀਆਂ ਦਾ। ਅਕਾਲੀ ਕਿਰਦਾਰ ਦੀ ਤਰਜਮਾਨੀ ਉਸ ਸਮੇਂ ਗਿਆਨੀ ਹੀਰਾ ਸਿੰਘ ਦਰਦ ਨੇ ਕੀਤੀ,
ਅੱਖਾਂ ਖੋਲ੍ਹੋ ਢਿਲੜ ਵੀਰੋ, ਆ ਗਿਆ ਫੇਰ ਅਕਾਲੀ ਜੇ।
ਝੰਡਾ ਫੜਿਆ ਹਥ ਸੱਚ ਦਾ, ਜੋਤ ਮਾਰਦੀ ਲਾਲੀ ਜੇ।
ਅੱਖੀਂ ਵੇਖ ਬੇਅਦਬੀ ਹੁੰਦੀ, ਬੀਰ ਨਾ ਕਦੀ ਸਹਾਰ ਸਕੇ।
ਜਿਸ ਨੇ ਸੀਸ ਤਲੀ ਤੇ ਧਰਿਆ, ਉਸ ਨੂੰ ਕੋਈ ਨਾ ਮਾਰ ਸਕੇ।....
ਜੀਉਂਦੇ ਹੋਣ ਅਕਾਲੀ ਵਰਗੇ, ਕੌਮ ਕਦੀ ਨਾ ਹਾਰ ਸਕੇ।
ਇਕ ਅਕਾਲੀ ਬਾਝੋਂ ਯਾਰੋ, ਬਣ ਗਈ ਕੌਮ ਪਰਾਲੀ ਜੇ।
ਅੱਖਾਂ ਖੋਲ੍ਹੋ ਢਿਲੜ ਵੀਰੋ..............
ਅਗਸਤ ੧੯੨੨ ਵਿਚ ਗੁਰੂ ਕਾ ਬਾਗ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਗਿਆ। ਇੱਥੋਂ ਗੁਰੂ ਕੇ ਲੰਗਰ ਲਈ ਬਾਲਣ ਦੀ ਲਕੜਾਂ ਲਿਆਈਆਂ ਜਾਂਦੀਆਂ ਸਨ। ਪਰ ਮਹੰਤ ਦੀ ਰਿਪੋਰਟ ਤੇ ਸਰਕਾਰ ਪੂਰੀ ਬੇਸ਼ਰਮੀ ਨਾਲ ਵਿਚਕਾਰ ਆ ਗਈ। ਫਿਰ ਸ਼ੁਰੂ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਕੇ ਬਾਗ ਵਲ ਜਾਣ ਵਾਲੇ ਜਥਿਆਂ ਤੇ ਤਸ਼ੱਦਦ ਦਾ। ਸਿੰਘਾਂ ਨੂੰ ਬੇਤਹਾਸ਼ਾ ਅਤੇ ਵਹਿਸ਼ਿਆਨਾ ਢੰਗ ਨਾਲ ਕੁਟਿਆ ਜਾਂਦਾ, ਡਾਂਗਾ ਨਾਲ ਫੇਹਾ ਜਾਂਦਾ, ਰਫਲਾਂ ਦੇ ਬੱਟ ਮਾਰੇ ਜਾਂਦੇ । ਪਰ ਸਿੰਘ ਹੱਥ ਜੋੜ ਵਾਹਿਗੁਰੂ ਵਾਹਿਗੁਰੂ ਦੇ ਅਲਾਵਾ ਕੋਈ ਲਫ਼ਜ਼ ਨਾ ਬੋਲਦੇ। ਇਸ ਸਮੇਂ ਅਖਬਾਰਾਂ ਦੇ ਐਡੀਟਰ, ਹਕੀਮ ਅਜਮਲ ਖਾਨ ਤੇ ਹੋਰ ਰਾਜਨੀਤਕ ਆਗੂ ਮੌਕੇ ਤੇ ਪਹੁੰਚ ਕੇ ਨਮ ਅੱਖਾਂ ਨਾਲ ਇਹ ਸਭ ਕੁਝ ਵੇਖਦੇ। ਜ਼ਿੰਮੀਦਾਰ ਦੈ ਐਡੀਟਰ ਮੌਲਾਨਾ ਜ਼ਫਰ ਅਲੀ ਅਤੇ ਲਾਲਾ ਮੇਲਾ ਰਾਮ ਵਫ਼ਾ ਨੇ ਕਵਿਤਾਵਾਂ ਲਿਖਿਆਂ। ਪੰਡਤ ਮਦਨ ਮੋਹਨ ਮਾਲਵੀਯ ਨੇ ਕਿਹਾ ਕਿ ਹਰ ਇਕ ਡਾਂਗ ਬ੍ਰਿਟਿਸ਼ ਸਰਕਾਰ ਦੀਆਂ ਜੜ੍ਹਾਂ ਉਤੇ ਵਾਰ ਸਾਬਤ ਹੋਏਗਾ। ੧੨ ਸਤੰਬਰ ਨੂੰ ਪਾਦਰੀ ਸੀ ਐਫ਼ ਐਂਡਰੀਉ ਨੇ ਹਾਜ਼ਰ ਹੋ ਕੇ ਇਹ ਸਾਰਾ ਦ੍ਰਿਸ਼ ਵੇਖਿਆ ਅਤੇ ਕਈ ਲੇਖ ਲਿਖੇ। ਉਸ ਨੇ ਕੁਰਲਾ ਕੇ ਕਿਹਾ ਕਿ ਕਾਲੀਆਂ ਪਗੜੀਆਂ ਵਾਲੇ ਇਹਨਾਂ ਨਿਰਦੋਸ਼ ਨਿਹੱਥੇ ਸਿੱਖਾਂ ਉੱਤੇ ਪਿੱਤਲ ਦੀਆਂ ਸੁੰਮਾਂ ਵਾਲੀਆਂ ਡਾਂਗਾ ਨਾਲ ਕਾਇਰਾਨਾ ਹਮਲਾ ਕੀਤਾ ਜਾ ਰਿਹਾ ਹੈ। ਉਸ ਨੇ ਸਰਕਾਰ ਨੂੰ ਵੀ ਲਿਖਿਆ ਕਿ ਇਹ ਡਾਂਗਾ ਈਸਾ ਮਸੀਹ ਤੇ ਵਰ੍ਹਦੀਆਂ ਵੇਖ ਰਿਹਾ ਹਾਂ।
ਇਹ ਉਹ ਅਕਾਲੀ ਸੂਰਮੇ ਸਨ ਜਿਹਨਾਂ ਦੀਆਂ ਕੁਰਬਾਨੀਆਂ ਸਦਕਾ ਅਕਾਲੀ ਦਲ ਹੋਂਦ ਵਿਚ ਆਇਆ। ਪੰਡਤ ਲਾਲਾ ਮੇਲਾ ਰਾਮ ਵਫ਼ਾ ਨੇ ਉਸ ਸਮੇਂ ਲਿਖਿਆ,
ਤੇਰੀ ਕੁਰਬਾਨੀਉਂ ਕੀ ਧੂਮ ਹੈ ਆਜ ਇਸ ਜ਼ਮਾਨੇ ਮੇਂ,
ਬਹਾਦਰ ਹੈ ਅਗਰ ਕੋਈ ਤੋ ਵੋਹ ਤੂ ਅਕਾਲੀਹੈ।…….
ਬੜੀ ਤਾਰੀਫ਼ ਕੇ ਕਾਬਲ ਤੇਰੀ ਹਿੰਮਤ ਓ ਜੁਰਅਤ,
ਜਦੋ ਜਹਿਦ ਆਜ਼ਾਦੀ ਮੇਂ ਤੂੰ ਨੇ ਜਾਨ ਡਾਲੀ ਹੈ।
ਕੀਆ ਹੈ ਜ਼ਿੰਦਾ ਤੂੰ ਨੇ ਰਵਾਇਆਤੇ ਗੁਜ਼ੱਸ਼ਤਾ ਕੋ,
ਸਿਤਮਗਰੋਂ ਸੇ ਤੂੰ ਨੇ ਕੌਮ ਕੀ ਇੱਜ਼ਤ ਬਚਾ ਲੀ ਹੈ।
ਜ਼ਾਲਿਮੋਂ ਕੀ ਲਾਠੀਆਂ ਤੂੰ ਨੇ ਸਹੀ ਸੀਨਾਏ ਸਪਰ ਹੋ ਕਰ,
ਲੁਤਫ਼ ਇਸ ਪੈ ਕਿ ਲਬ ਪਹਿ ਸ਼ਿਕਾਇਤ ਹੈ ਨਾ ਗਾਲੀ ਹੈ।
ਇਸ ਅਕਾਲੀ ਲਹਿਰ ਵਿਚ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਆਪਣੀ ਗ੍ਰਿਫਤਾਰੀ ਦਿੱਤੀ ਅਤੇ ਨਾਭੇ ਜੇਲ ਵਿਚ ਕੈਦ ਕੱਟੀ। ਪੰਡਤ ਨਹਿਰੂ ਨੇ ਲਿਖਿਆ ਕਿ ਅਕਾਲੀਆਂ ਦੇ ਇਸ ਮਹਾਨ ਕਾਰਜ ਵਿਚ ਯੋਗਦਾਨ ਪਾ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਪਰ ਇਤਿਹਾਸ ਕੇਵਲ ਆਪਣੀ ਚਾਲ ਹੀ ਨਹੀਂ ਚਲਦਾ ਬਲਕਿ ਜਦੋਂ ਸੱਤਾ ਦੀ ਵਾਗਡੋਰ ਪੰਡਤ ਨਹਿਰੂ ਦੇ ਹੱਥ ਆਈ ਤਾਂ ਇਹ ਗੁਰੂ ਕੇ ਬਾਗ ਵਰਗਾ ਜ਼ੁਲਮ ਸਿੱਖਾਂ ਦੇ ਉੱਤੇ ੪ ਜੁਲਾਈ, ੧੯੫੫ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਪੁਲਿਸ ਦਾਖ਼ਲ ਕਰਵਾ ਕੇ ਅਤੇ ਮੁੜ ੧੨ ਜੂਨ, ੧੯੬੦ ਨੂੰ ਦਿੱਲੀ ਦੀਆਂ ਸੜਕਾਂ ਤੇ ਨਿਹੱਥੇ ਸਿੱਖਾਂ ਦਾ ਖੂਨ ਡੋਹਲਿਆ ਗਿਆ। ਫਰਕ ਸਿਰਫ਼ ਇਤਨਾ ਸੀ ਕਿ ਸਿੱਖ ਤਾਂ ਉਹੀ ਸਨ ਹਾਕਮ ਬਦਲ ਚੁਕੇ ਸਨ। ਬਾਬੇ ਕੇ ਬਾਬਰ ਕੇ ਦੋਊ।। ਆਪ ਕਰੈ ਪਰਮੇਸਰ ਸੋਊ।। (ਦ.ਗ੍ਰ. ਬਚਿੱਤ੍ਰ ੨੧)
ਅੰਗ+ਰੇਜ਼ੀ,ਅੰਗਰੇਜ਼ੀਹਕੂਮਤ ਦੇ ਬੀ. ਟੀ. ਦੀਆਂ ਡਾਂਗਾਂ ਦੇ ਜਿਹੜੇ ਵਹਿਸ਼ਿਆਨਾ ਤਸ਼ੱਦਦ, ਜ਼ੁਲਮ, ਕਹਿਰ ਗੁਰੂ ਰੂਪ ਖ਼ਾਲਸੇਨੇਆਪਣੇਸਰੀਰਤੇਹੰਢਾਏ ਉਸ ਨੇ ੧੮ਵੀਂ ਸਦੀ ਦੇ ਇਤਿਹਾਸ ਨੂੰ ਮੁੜ ਪ੍ਰਰੱਖ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਇਮੀ ਤੋਂ ਲੈ ਕੇ ਬਾਕਾਇਦਾ ਕਾਂਨੂੰਨੀ ਮਾਨਤਾ ਪ੍ਰਾਪਤ ਹੋਣ ਦੇ ਵਿਚਕਾਰ ਦਾ ਇਹ ਸਮਾਂ ਬਹੁਤ ਹੀ ਭਾਰਾ ਸੀ। ਸਿੰਘਾਂ ਦੇ ਸਿਰੜ ਨੂੰ ਪਰਖਣ ਅਤੇ ਕੁਚਲਣ ਲਈ ਸਰਕਾਰ ਨੇ ਆਪਣੀ ਪੂਰੀ ਤਾਕਤ ਝੌਂਕ ਦਿੱਤੀ । ਮੁੱਦਾ ਸਿਰਫ਼ ਇਤਨਾ ਸੀ ਕਿ ਕੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਲੰਗਰ ਲਈ ਲੱਕੜਾਂ ਲਿਜਾਣ ਦਾ ਹੱਕ ਵੀ ਸਿੱਖਾਂ ਨੂੰ ਹੈ ਜਾਂ ਨਹੀਂ।
ਉਸ ਸਮੇਂ ਹੁੰਦੇ ਤਸ਼ੱਦਦ ਨੂੰ ਸਾਰੇ ਸੰਸਾਰ ਨੇ ਵੇਖਿਆ ਅਤੇ ਹਰ ਇਕ ਦੀਆਂ ਅੱਖਾਂ ਨਮ ਹੋ ਗਈਆਂ। ਪਾਦਰੀ ਸੀ. ਐਫ਼. ਐੰਡਰਿਉਜ਼, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹਰ ਇਕ ਨੇ ਹਕੂਮਤ ਤੇ ਲਾਅਨਤ ਪਾਈ।
ਇਸ ਮੋਰਚੇ ਦੌਰਾਨ ਇਕ ਨੌਜਵਾਨ ਨੂੰ ਬੀ.ਟੀ. ਗੋਰਖੇ ਸਿਪਾਹੀਆਂ ਕੋਲੋਂ ਬੇ-ਦਰਦੀ ਨਾਲ ਕੁਟਵਾ ਰਿਹਾ ਸੀ। ਅਚਾਨਕ ਉਸ ਨੌਜਵਾਨ ਨੇ ਉਹਨਾਂ ਦੋਹਾਂ ਸਿਪਾਹੀਆਂ ਨੂੰ ਆਪਣੀਆਂ ਕੱਛਾਂ ਵਿਚ ਚੁੱਕਿਆ ਅਤੇ ਬੀ.ਟੀ. ਕੋਲ ਲਿਜਾ ਕੇ ਕਹਿਣ ਲਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਅਰਦਾਸੇ ਦਾ ਜ਼ਾਬਤਾ ਨਾ ਹੁੰਦਾ ਤਾਂ ਹੁਣੇ ਪਤਾ ਲੱਗ ਜਾਣਾ ਸੀ।
ਅਕਾਲੀਆਂ ਦੀਆਂ ਕੁਰਬਾਨੀਆਂ ਅਤੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਮਦਰਾਸ ਦੇ ਜੀ ਏ ਸੁੰਦਰਮ ਨੇ ਅੰਗਰੇਜ਼ੀ ਵਿਚ ਇਕ ਕਿਤਾਬ ਗੁਰੂ ਕਾ ਬਾਗ ਸਤਿਆਗ੍ਰਹਿ ਲਿਖੀ। ਇਸ ਵਿਚ ਆਜ਼ਾਦੀ ਘੁਲਾਟੀਏ ਹਰਿੰਦਰਨਾਥ ਚਟੋਪਾਧਿਆਏ ਨੇ ਇਕ ਨਜ਼ਮ ਲਿਖੀ ਸਾਂਗ ਆਫ਼ ਦ ਅਕਾਲੀਜ਼। ਇਸ ਵਿਚ ਕਿਹਾ ਕਿ ਇਸ ਮੋਰਚੇ ਵਿਚ ਸਿੰਘਾਂ ਦੇ ਸਰੀਰ ਨਹੀਂ ਬਲਕਿ ਉਹਨਾਂ ਦੀਆਂ ਰੂਹਾਂ ਲੜ ਰਹੀਆਂ ਹਨ ਤੇ ਰੂਹਾਂ ਜਿੱਤੀਆਂ ਨਹੀਂ ਜਾ ਸਕਦੀਆਂ।
THE SONG OF THE AKALIS
Do all you can ! ... We shall not budge an inch
For we have sworn to battle with our soul
Against your lifeless weapons, nor shall flinch
From our inviolate vow of self-control.
Our bodies ? ...Nay! they are but mortal clay
Insensible to hurt when once the proud
Immortal spirit boldly casts away
Despicable fear that clothes her like a cloud.
Thus we in thousands offer up our limbs
For you to trample on in helpless wrath
Our souls exulting chant victorious hymns
While with our blood you paint your shadowy path
With the soul's laughter we defy your sword!
With the soul's freedom we defy your chains !
Come I let our blood in sacred streams be poured
To wash away a century of stains.
What will you do to us who know the splendour
Of suffering for our holy Motherland ?
What can you do to us, whose faith can render
The fiery weapon powerless in your hand ?
ਪੇਸ਼ ਹੈ ਇਸ ਕਵਿਤਾ ਦਾ ਪੰਜਾਬੀ ਰੂਪ:
ਅਕਾਲੀਆਂ ਦਾ ਜਯ ਗੀਤ
ਟਿੱਲ ਲਾ ਲੈ ਜੋ ਤੂੰ ਲਾਵਣਾਏ... ਨਹੀਂ ਮੋੜਨਾ ਕਦਮ ਪਿਛਾਂਹ ਇਕ ਵੀ,
ਇਹ ਰਣ-ਜੂਝ ਦੀ ਗੁੜ੍ਹਤੀ ਸਰੀਰਾਂ ਦੀ ਨਹੀਂ, ਰੂਹ ਦੀ ਏ।
ਤੇਰੇ ਬੇਜਾਨ ਹਥਿਆਰ ਕਿਵੇਂ ਹਟਕਾਉਣਗੇ,
ਤਖ਼ਤ ਅਕਾਲ ਤੇ ਸੋਧੇ ਇਸ ਜ਼ਾਬਤੇ ਦੇ ਅਰਦਾਸੇ ਤੋਂ।
ਸਾਡੀਆਂ ਦੇਹਾ? ... ਅਡੋਲ ਆਤਮਾ ਨੂੰ ਵਲੇਟੀ ਕੇਵਲ ਮਾਟੀ ਦੇ ਓਹਲੇ,
ਕੀ ਜਾਣੇ ਇਹ ਸੁੰਨ ਮਿੱਟੀ, ਜ਼ਖਮਾਂ, ਪੀੜਾਂ, ਦੁਖਾਂ, ਤਕਲੀਫਾਂ ਦੀ ਤਾਬ।
ਅਬਿਨਾਸ਼ੀ ਹੋ ਚੁਕੀ ਇਹ ਪ੍ਰੇਮ ਪ੍ਰੋਤੀ ਰੂਹ,
ਹੋ ਸੁਰਗ ਨਰਕ ਤੋਂ ਮੰਜ਼ਿਲਾਂ ਦੂ......ਰਰ, ਛੰਡ ਚੁਕੀ ਹੈ ਭੈ ਦੇ ਕਾਲੇ ਬੱਦਲ ।
ਇੱਥੇ ਇਕ ਨਹੀਂ ਹਰ ਯੋਧਾ ਬੰਦ ਬੰਦ ਪੇਸ਼ ਕਰਨ ਲਈ ਹੈ ਬੇਤਾਬ,
ਤੇਰੀ ਬੇਵਸ ਹੰਕਾਰੀ ਹਵਸ ਤੋਂ ਲਤਾੜੇ ਜਾਣ ਲਈ,
ਇਹ ਦਰਗਾਹੀ ਰੂਹਾਂ ਅਲਾਅ ਰਹੀਆਂ ਹਨ `ਰਣੰਜੀਤ` ਦੇ ਤਰਾਨੇ।
ਸ਼ਿੰਗਾਰੀ ਜਾ ਤੂੰ ਸਾਡੀਮਿਝ ਅਤੇ ਰਤ ਨਾਲ ਆਪਣੇ ਦੋਜ਼ਖ ਦੇ ਹਨੇਰੇ ਪੈਂਡੇ,
ਖਿੜੇ ਮੱਥੇ ਖੁੰਡੀਆਂ ਕਰੀਂ ਜਾਂਨੇਆਂਤੇਰੀਆਂ ਤਲਵਾਰਾਂ ਦੀ ਧਾਰਾਂ।
ਤੂੰ ਬੰਨ ਸਕੇਂਗਾ ਆਜ਼ਾਦ ਆਤਮਾ ਨੂੰ ਸੰਗਲਾਂ ਨਾਲ?
ਭਰ ਲੈਪਾਪ ਦੇ ਕਾਸੇ ਸਾਡੇ ਪਾਵਨ ਲਹੂ ਦੀਆਂ ਧਾਰਾਂ ਨਾਲ,
ਸਦੀ ਦੇ ਲਗੇ ਹੋਏ ਦਾਗਾਂ ਨੂੰ ਧੋਣ ਹਿਤ।
ਸਾਡੇ ਜਲੌ ਅਤੇ ਸ਼ਾਹੀ ਜਲਵੇ ਦੇ ਜਲਾਲ ਨੂੰ ਕਿਵੇਂ ਪਾਏਂਗਾ ਮਾਤ,
ਜੋ ਪਾਵਨ ‘ਮਦਰ ਦੇਸ’ਹਿਤ ਦੁੱਖ ਸਹਿਣ ਲਈ ਹੈ ਚੇਤੰਨ?
ਕਰ ਸਕਦਾ ਹੈਂ ਕੀ ਤੂੰ?ਸਿਦਕ ਭਰੋਸਾ ਸਾਡਾ ਹੈ ਸਮਰੱਥ,
ਅੱਗ ਸ਼ੂਕਦੇ ਤੇਰੇ ਹਥਿਆਰਾਂ ਨੂੰ ਭਸਮਾਉਣ ਲਈ
ਮੂਲ: ਹਰਿੰਦਰਨਾਥ ਚਟੋਪਾਧਿਆਏ
ਪੰਜਾਬੀ ਉਲਥਾ – ਗੁਰਚਰਨਜੀਤ ਸਿੰਘ ਲਾਂਬਾ
ਇਸ ਸਾਰੇ ਜ਼ੁਲਮੋ ਤਸ਼ੱਦਦ ਦਾ ਚੰਦੂਰਿਆਸਤ ਪਟਿਆਲੇ ਦੇ ਪਿੰਡ ਚੱਡੇ ਦਾ ਰਹਿਣ ਵਾਲਾ ਪੁਲਿਸ ਕਪਤਾਨ ਬੀ.ਟੀ.ਸੀ। ਬੀ.ਟੀ. ਦੀ ਦੁਸ਼ਮਣੀ ਉਸ ਦੇ ਰਿਸ਼ਤੇਦਾਰ ਕਾਕਾ ਸਿੰਘ ਨਾਲ ਸੀ।
ਹੁਣ ਵੇਲਾ ਆ ਗਿਆ ਬੀ.ਟੀ. ਵਲੋਂ ਪਾਈ ਭਾਜੀ ਮੋੜਨ ਦਾ। ਬੱਬਰ ਅਕਾਲੀ ਕਰਤਾਰ ਸਿੰਘ ਛੀਨਾਵਾਲ, ਭੋਲਾ ਸਿੰਘ ਲੋਹਾ ਖੇੜਾ, ਕੁੰਢਾ ਸਿੰਘ ਗਾਜ਼ੀਆਣਾ ਅਤੇ ਫ਼ਜ਼ਲਾ ਘੁੰਮਣ ਨੇ ਪੁਲਿਸ ਦੀ ਵਰਦੀ ਪਾਈ ਅਤੇ ਬੀ.ਟੀ. ਦੇ ਦੁਸ਼ਮਣ ਕਾਕਾ ਸਿੰਘ ਨੂੰ ਰਲਾਇਆ। ਉਹ ਉਸ ਨੂੰ ਧੂਹੰਦੇ ਅਤੇ ਮਾਰ ਕੁਟਾਈ ਕਰਦੇ ਹੋਏ ਬੀ.ਟੀ ਦੀ ਕੋਠੀ ਲਿਜਾ ਕੇ ਉਸ ਦੇ ਪੈਰਾਂ ਵਿਚ ਸੁੱਟਿਆ। ਕਾਕਾ ਸਿੰਘ ਨੂੰ ਕਿਹਾ ਸਾਹਬ ਦੇ ਪੈਰੀਂ ਪੈ ਕੇ ਮੰਗ ਮਾਫੀ। ਕਾਕਾ ਸਿੰਘ ਜਦੋਂ ਬੀ.ਟੀ. ਦੇ ਪੈਰੀਂ ਪਿਆ ਉਸ ਨੇ ਪੈਰ ਫੜੇ ਅਤੇ ਉਸਨੂੰ ਲੱਤਾਂ ਤੋਂ ਉਲਟਾ ਦਿੱਤਾ। ਬਸ ਇਸ ਵੇਲੇ ਉਹਨਾਂ ਸਿੰਘਾਂ ਨੇ ਗੋਲੀਆਂ ਨਾਲ ਬੀ.ਟੀ. ਭੁੰਨ ਦਿੱਤਾ।
ਹੁਣ ਵਾਰੀ ਸੀ bI. tI. dy kwqlW nUM snmwn ਦੇਣ ਦੀ। ਬਾਬਾ ਛੀਨਾ ਵਾਲ ਤੇ ਲੋਹਾ ਖੇੜਾ ਉਮਰ ਕੈਦ ਭੋਗ ਕੇ ਰਿਹਾ ਹੋਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੇ ੨੭ ਨਵੰਬਰ, ੧੯੫੯ ਦੇ ਜਨਰਲ ਇਜਲਾਸ ਵਿਚ ਇਹਨਾਂ ਦੀ ਪ੍ਰਸੰਸਾ ਕੀਤੀ ਅਤੇ mqwਪਾਸ ਕੀਤਾ ਜੋ ਪੰਜਾਹ ਸਾਲਾ ਇਤਿਹਾਸ ਦੇ ਪੰਨਾ ੩੦੪ ਤੇ ਅੰਕਤ ਹੈ।
(੧) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇਜਲਾਸ ਬਾਬਾ ਕਰਤਾਰ ਸਿੰਘ ਛੀਨੇਵਾਲ ਤੇ ਬਾਬਾ ਭੋਲਾ ਸਿੰਘ ਲੋਹਾ ਖੇੜਾ ਜ਼ਿਲਾ ਸੰਗਰੂਰ ਦੀ ਉਸ ਸੇਵਾ ਦੀ ਪ੍ਰਸੰਸਾ ਕਰਦਾ ਹੈ ਕਿ ਜੋ ਉਨ੍ਹਾਂ ਨੇ ਅਕਾਲੀ ਲਹਿਰ ਸਮੇਂ ਗੁਰੂ ਕੇ ਬਾਗ ਦੇ ਮੋਰਚੇ ਤੇ ਅਤਿਆਚਾਰੀ ਮਿਸਟਰ ਬੀ.ਟੀ. ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਕਟ ਕੇ ਕੀਤੀ ਤੇ ਉਸ ਕੈਦ ਵਿਚੋਂ ਉਹ ਹੁਣੇ ਰਿਹਾ ਹੋਏ ਹਨ।
(੨) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੇਸ਼ ਭਗਤਾਂ ਨੂੰ ਖੁਲ੍ਹੀ ਸਹਾਇਤਾ ਦੇਵੇ ਤਾਂਕਿ ਇਹ ਆਪਣੀ ਬਕਾਇਆ ਜ਼ਿੰਦਗੀ ਸੁਖ ਨਾਲ ਬਤੀਤ ਕਰ ਸਕਣ।
ਸਮਾਂ ਬਦਲ ਗਿਆ। ਪਾਤਰ ਬਦਲ ਗਏ। ਪਰ ਪੰਥਕ ਹਾਲਾਤ ਨਹੀਂ ਬਦਲੇ। ਅਕਾਲੀ ਲਹਿਰ ਅਤੇ ਵਿਸ਼ੇਸ਼ ਕਰ ਗੁਰੂ ਕੇ ਬਾਗ ਦੇ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਮਹਾਨ ਅਕਾਲੀ ਲਫ਼ਜ਼ ਦੇ ਕਿਣਕਾ ਮਾਤਰ ਗੁਣ ਹਾਸਲ ਕਰਨ ਦਾ ਅਤੇ ਗੁਰਦੁਆਰਿਆਂ ਵਿਚ ਸਿੱਧੇ ਅਸਿੱਧੇ ਤੌਰ ਤੇ ਸਰਕਾਰੀ ਦਖ਼ਲ ਅੰਦਾਜ਼ੀ ਨੂੰ ਠੱਲ ਪਾਉਣ ਦਾ।
ਗੁਰਚਰਨਜੀਤ ਸਿੰਘ ਲਾਂਬਾ
Comments (0)