ਇਤਿਹਾਸ ਦੀ ਨੁਹਾਰ ਬਦਲਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉਨ੍ਹਾਂ ਦੀ ਅਗਵਾਈ ਸਾਰੀ ਮਨੁੱਖਤਾ ਲਈ ਸਾਂਝੀ ਹੈ।
ਦੁਨੀਆ ਦੇ ਇਤਿਹਾਸ ਵਿਚ ਇਕ ਅਦੁੱਤੀ ਧਰਮ-ਗੁਰੂ ਅਤੇ ਮਹਾਨ ਕ੍ਰਾਂਤੀਕਾਰੀ ਮੁਹਿੰਮਕਾਰ ਦੇ ਰੂਪ ਵਿਚ 'ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਦੀ ਭੂਮਿਕਾ ਬੇਮਿਸਾਲ ਹੈ। ਉਨ੍ਹਾਂ ਦੀ ਰੂਹਾਨੀਅਤ ਅਤੇ ਪੈਗੰਬਰੀ ਦਾ ਘੇਰਾ ਬਹੁਤ ਵੱਡਾ ਹੈ। ਉਨ੍ਹਾਂ ਦੀ ਅਗਵਾਈ ਸਾਰੀ ਮਨੁੱਖਤਾ ਲਈ ਸਾਂਝੀ ਹੈ। ਮਨੁੱਖ-ਮਨੁੱਖ ਵਿਚਕਾਰ ਕਿਸੇ ਕਿਸਮ ਦਾ ਕੋਈ ਵਿਤਕਰਾ ਉਨ੍ਹਾਂ ਨੂੰ ਮਨਜ਼ੂਰ ਨਹੀਂ। ਇਤਿਹਾਸ ਗਵਾਹ ਹੈ ਕਿ ਆਪਣੀ ਕਥਨੀ ਤੇ ਕਰਨੀ ਨਾਲ ਉਨ੍ਹਾਂ ਨੇ ਇਤਿਹਾਸ ਦਾ ਰੁਖ਼ ਮੋੜ ਦਿੱਤਾ ਸੀ, ਭਵਿੱਖ ਦੀ ਨੁਹਾਰ ਬਦਲ ਦਿੱਤੀ ਸੀ।
ਹਕੀਮ ਅੱਲਾ ਯਾਰ ਖ਼ਾਂ ਜੋਗੀ ਨੇ ਆਪਣੀ ਰਚਨਾ 'ਗੰਜਿ-ਸ਼ਹੀਦਾਂ' ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਖ਼ਸੀਅਤ ਦਾ ਬਿਆਨ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਕੀਤਾ ਹੈ। ਉਸ ਦਾ ਕਹਿਣਾ ਹੈ :
'ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋਂ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਯਹ ਪਿਆਰ ਮੁਰੀਦੋਂ ਸੇ ਯੇਹ ਸ਼ਫ਼ਕਤ ਭੀ ਕਹੀਂ ਹੈ।
ਭਗਤੀ ਮੇਂ ਗੁਰੂ ਅਰਸ਼ ਹੈ ਸੰਸਾਰ ਮੇਂ ਜ਼ਿਮੀਂ ਹੈ।
ਉਲਫ਼ਤ ਕੇ ਯੇ ਜਜ਼ਬੇ ਨਹੀਂ ਦੇਖੇ ਕਹੀਂ ਹਮਨੇਂ।
ਹੈ ਦੇਖਨਾ ਏਕ ਬਾਤ, ਸੁਨੇ ਭੀ ਨਹੀਂ ਹਮਨੇਂ।'
ਆਪਣੀ ਆਤਮ ਕਥਾ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ-ਉਦੇਸ਼ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਮੈਨੂੰ ਪਰਮ-ਪੁਰਖ ਪਰਮਾਤਮਾ ਨੇ ਸੰਸਾਰ 'ਤੇ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਭੇਜਿਆ ਹੈ ਅਤੇ ਨਾਲ ਹੀ ਇਹ ਜ਼ਿੰਮੇਵਾਰੀ ਵੀ ਦਿੱਤੀ ਹੈ ਕਿ ਜਿਥੇ ਕਿਤੇ ਲੋੜ ਪਵੇ, ਧਰਮ ਦੇ ਪ੍ਰਸਾਰ ਵਿਚ ਰੁਕਾਵਟ ਬਣਨ ਵਾਲੇ ਦੋਖੀਆਂ ਤੇ ਦੁਸ਼ਟਾਂ ਨੂੰ ਸਜ਼ਾ ਵੀ ਦੇਵਾਂ :
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵਿ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿਤਰ ਨਾਟਕ)
ਰਤਾ ਗਹਿਰਾਈ ਨਾਲ ਵਿਚਾਰੀਏ ਤਾਂ ਸਪੱਸ਼ਟ ਹੋਵੇਗਾ ਕਿ ਗੁਰੂ ਸਾਹਿਬ ਦੇ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਦੁਸ਼ਟਾਂ ਦੇ ਨਾਸ਼ ਦੀ ਵਿਆਪਕ ਯੋਜਨਾ, ਇਕ ਵੱਡੇ ਬਦਲਾਅ ਦੇ ਅੰਦੋਲਨ ਨੂੰ ਸਮਰਪਿਤ ਸੀ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਦੀ ਜਿਸ ਗੱਲ ਨੇ ਆਮ ਜਨਤਾ ਨੂੰ ਸਭ ਤੋਂ ਵੱਧ ਅਸਰਅੰਦਾਜ਼ ਕੀਤਾ-ਉਹ ਸੀ ਉਨ੍ਹਾਂ ਦੀ ਸਮਾਜਿਕ ਬਦਲਾਅ ਪ੍ਰਤੀ ਪ੍ਰਤੀਬੱਧਤਾ। ਉਨ੍ਹਾਂ ਦੇ ਹਰ ਵਿਹਾਰ ਵਿਚੋਂ ਇਹ ਪ੍ਰਤੀਬੱਧਤਾ ਪਰਿਪੱਕ ਹੋ ਰਹੀ ਪ੍ਰਤੀਤ ਹੁੰਦੀ ਹੈ।
ਦਰਅਸਲ, ਦਸਮ ਪਿਤਾ ਸਮਾਜ ਦੇ ਪਛੜੇ ਤੇ ਸ਼ੋਸ਼ਿਤ ਵਰਗ ਨੂੰ ਸੰਗਠਿਤ ਕਰ ਕੇ ਰਾਜ ਤੇ ਜੋਗ ਦੋਹਾਂ ਖੇਤਰਾਂ ਵਿਚ ਵਿਸ਼ੇਸ਼ ਰਚਨਾਤਮਿਕ ਭੂਮਿਕਾ ਨਿਭਾਉਣ ਲਈ ਕਾਰਜਸ਼ੀਲ ਕਰਨਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਬ੍ਰਾਹਮਣੀ ਵਰਣ ਵਿਵਸਥਾ ਵਾਲੇ ਸਮਾਜ ਦੇ ਵੱਡੇ ਹਿੱਸੇ, ਜਿਹੜਾ ਇਕ ਪਾਸੇ ਸੱਤਾ ਦੇ ਖੇਤਰ ਵਿਚ ਅਪ੍ਰਸੰਗਿਕ ਹੈ ਅਤੇ ਵਿਤਕਰੇ ਤੇ ਜ਼ੁਲਮ ਦਾ ਸ਼ਿਕਾਰ ਹੈ, ਨੂੰ ਨਿੱਗਰ ਹਿੱਸੇਦਾਰੀ ਪ੍ਰਾਪਤ ਹੋਵੇ। ਕੋਈ ਸੰਸਾ ਨਹੀਂ ਕਿ ਪਰਜਾ ਨੂੰ ਹਾਕਮ ਦਾ ਦਰਜਾ ਦਿਵਾਉਣਾ ਉਨ੍ਹਾਂ ਦਾ ਉਦੇਸ਼ ਸੀ। ਐਸਾ ਇਸ ਲਈ ਕਿਉਂਕਿ ਪਰਜਾ ਨੂੰ ਹਾਕਮ ਦੇ ਰੂਪ ਵਿਚ ਸਥਾਪਿਤ ਕਰਨ ਨਾਲ ਸਮਾਜ ਦਾ ਪਛੜਿਆ ਤੇ ਸ਼ੋਸ਼ਿਤ ਵਰਗ ਰਾਜ ਸੱਤਾ ਦਾ ਭਾਗੀਦਾਰ ਬਣ ਜਾਵੇਗਾ ਅਤੇ ਦੂਜੇ ਪਾਸੇ ਰਾਜ ਸੱਤਾ ਕਿਸੇ ਵਿਸ਼ੇਸ਼ ਵਰਗ ਦੇ ਹੱਥਾਂ ਵਿਚ ਕੇਂਦਰਿਤ ਨਹੀਂ ਹੋ ਸਕੇਗੀ। ਇਤਿਹਾਸ ਦੇ ਪੰਨਿਆਂ ਵਿਚੋਂ ਸਾਨੂੰ ਇਸ ਹਕੀਕਤ ਦਾ ਚਾਨਣਾ ਹੁੰਦਾ ਹੈ ਕਿ ਜਦੋਂ ਪਹਾੜੀ ਰਾਜਿਆਂ ਨੇ ਆਪਣੀ ਕੁਲ ਤੇ ਜਾਤ ਦੇ ਅਭਿਮਾਨ ਦਾ ਪ੍ਰਗਟਾਵਾ ਕਰਦਿਆਂ ਗੁਰੂ ਜੀ ਦੀ ਸਮਾਜਿਕ ਪਰਿਵਰਤਨ ਦੀ ਮੁਹਿੰਮ ਵਿਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ ਅਤੇ ਆਪਣੀ ਨਾਂਹ ਦਾ ਕਾਰਨ ਇਹ ਦੱਸਿਆ ਕਿ ਗੁਰੂ ਸਾਹਿਬ ਚਾਰੇ ਵਰਣਾਂ ਨੂੰ ਇਕ ਮੰਨਦੇ ਹਨ ਅਤੇ ਜਾਤ ਭੇਦ ਵਿਚ ਵਿਸ਼ਵਾਸ ਨਹੀਂ ਰੱਖਦੇ, ਤਾਂ ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਨੂੰ ਚਿਤਾਵਨੀ ਦੀ ਸੁਰ ਵਿਚ ਵੰਗਾਰ ਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ ਇਕ ਦਿਨ ਉਹ ਹਾਕਮ ਹੋਣਗੇ ਅਤੇ ਤੁਸੀਂ ਉਨ੍ਹਾਂ ਦੀ ਪਰਜਾ ਬਣ ਕੇ ਰਹੋਗੇ। ਪੰਥ ਪ੍ਰਕਾਸ਼ ਦੀਆਂ ਇਹ ਸਤਰਾਂ ਵੇਖਣ ਵਾਲੀਆਂ ਹਨ :
ਪਰਜਾ ਤੇ ਹਾਕਮ ਕਰ ਦੀਨੇ ਹਿੰਦੂ ਤੁਰਕ ਤੇ ਨਿਆਰੇ।
ਜਮਨਾ ਤੇ ਕਾਬਲ ਲੋ ਇਨ ਕਾ ਰਾਜ ਹੋਇ ਹੈ ਸਾਰੇ।
ਤੁਮ ਭੀ ਇਨ ਕੀ ਪਰਜਾ ਥੈਹੋ ਸੂਦ੍ਰ ਜਿਨੈ ਬਤੈ ਹੋ।
ਦੀਨ ਬੰਧ ਮੈ ਤਬੈ ਸਦੈਹੋਂ ਦੀਨਨ ਰਾਜ ਭੁਗੈ ਹੋ।
ਕੁਇਰ ਸਿੰਘ ਦੇ 'ਗੁਰ-ਬਿਲਾਸ' ਨੇ ਵੀ ਦਸਮ ਪਿਤਾ ਦੀ ਉਸ ਮਨੋਸਥਿਤੀ ਦਾ ਜ਼ਿਕਰ ਕੀਤਾ ਹੈ, ਜਿਹੜੀ ਗੁਰੂ ਸਾਹਿਬ ਦੇ ਇਸ ਦ੍ਰਿੜ੍ਹ ਸੰਕਲਪ ਦੇ ਪਿਛੋਕੜ ਵਿਚ ਕਾਰਜਸ਼ੀਲ ਸੀ। ਚਿੜੀਆਂ ਕੋਲੋਂ ਬਾਜ ਤੁੜਵਾਉਣ, ਸਹੇ ਨੂੰ ਸ਼ੇਰ ਬਣਾਉਣ ਦਾ ਗੁਰੂ-ਸੰਕਲਪ ਨਿਸਚਿਤ ਰੂਪ ਵਿਚ ਵਿਤਕਰਿਆਂ ਅਤੇ ਸ਼ੋਸ਼ਣ ਦੀ ਸ਼ਿਕਾਰ ਆਮ ਜਨਤਾ ਨੂੰ ਸਮਾਜ ਵਿਚ ਉੱਚੇ ਦਰਜੇ 'ਤੇ ਪਹੁੰਚਾਉਣ ਅਤੇ ਸੱਤਾ ਵਿਚ ਭਾਈਵਾਲੀ ਦਿਵਾਉਣ ਦਾ ਸੰਕਲਪ ਹੈ :
ਮੈਂ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ॥
ਚਿੜੀਅਨ ਬਾਜ ਤੁਰਾਯ ਹੋ ਸਸੇ ਕਰੋ ਸਿੰਘ ਸਾਮ॥
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭੂਤਾ ਕਛੁ ਨਾਹ॥
ਤਾਤੇ ਕਾਜ ਕੀਓ ਇਹੈ ਬਾਜ ਹਨੈ ਚਿੜੀਆਹ॥
ਗੁਰੂ ਪਾਤਸ਼ਾਹ ਦੀ ਇਹ ਨਿਸਚਿਤ ਯੋਜਨਾ ਸੀ ਕਿ ਉਹ ਵਿਤਕਰਿਆਂ ਦੇ ਸ਼ਿਕਾਰ ਭਾਰਤੀ ਸਮਾਜ ਦੀਆਂ ਵੱਖ-ਵੱਖ ਜਾਤਾਂ ਤੇ ਫ਼ਿਰਕਿਆਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਕੇ ਅਰਥਪੂਰਨ ਜੀਵਨ ਜਿਊਣ ਦੀ ਜਾਚ ਸਿਖਾਉਣਗੇ ਅਤੇ ਫਿਰ ਰਾਜ ਸੱਤਾ ਵਿਚ ਆਪਣੀ ਭਾਗੀਦਾਰੀ ਪ੍ਰਾਪਤ ਕਰਨ ਲਈ ਤਿਆਰ-ਬਰ-ਤਿਆਰ ਕਰਨਗੇ। ਇਸ ਹਕੀਕਤ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਸਮੁੱਚੀ ਗੁਰੂ ਪਰੰਪਰਾ ਧਰਮ, ਵਿਸ਼ਵਾਸ ਅਤੇ ਵਿਚਾਰਾਂ ਦੀ ਅਭਿਵਿਅਕਤੀ ਦੀ ਸੁਤੰਤਰਤਾ ਦੀ ਭਰਪੂਰ ਮੁਦੱਈ ਰਹੀ ਹੈ। ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਤਾਂ ਮਨੁੱਖੀ ਏਕਤਾ ਅਤੇ ਵਿਚਾਰਾਂ ਦੀ ਸੁਤੰਤਰਤਾ ਦੀ ਰਾਖੀ ਲਈ ਆਪਣਾ ਸੀਸ ਬਲੀਦਾਨ ਕਰ ਦਿੱਤਾ ਸੀ ਅਤੇ ਉਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਦਸਮ ਪਿਤਾ ਨੇ ਵੀ ਹਰ ਪ੍ਰਕਾਰ ਦੇ ਵਿਤਕਰਿਆਂ ਤੋਂ ਮੁਕਤ ਸਮਾਜ ਦੀ ਉਸਾਰੀ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ।
ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਪਰਿਵਰਤਨ ਦੇ ਇਨਕਲਾਬ ਨੇ ਸਮੁੱਚੀ ਸਮਾਜੀ ਵਿਵਸਥਾ ਦੀ ਨੁਹਾਰ ਨੂੰ ਬਦਲ ਦਿੱਤਾ ਸੀ। ਸਦੀਆਂ ਤੋਂ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਚਲਿਆ ਆ ਰਿਹਾ ਭਾਰਤੀ ਸਮਾਜ ਦਾ ਇਕ ਵੱਡਾ ਹਿੱਸਾ ਸਮਾਜੀ ਤੇ ਰਾਜਸੀ ਪੱਧਰ 'ਤੇ ਸੱਤਾ ਵਿਚ ਹਿੱਸੇਦਾਰੀ ਮੰਗਣ ਦੀ ਰਾਹ 'ਤੇ ਤੁਰ ਪਿਆ ਸੀ। ਇਕ ਨਵੀਂ ਜਾਗਰੂਕਤਾ ਪੈਦਾ ਹੋ ਗਈ ਸੀ, ਆਮ ਆਦਮੀ ਨੂੰ ਆਸ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ, ਸਦੀਆਂ ਤੋਂ ਵਿਤਕਰੇ ਦਾ ਨਿਜ਼ਾਮ ਚਲਾਉਣ ਵਾਲੇ ਆਗੂ-ਵਰਗ ਦੀ ਸੋਚ ਵਿਚ ਤਬਦੀਲੀ ਆਉਣ ਲੱਗ ਪਈ ਸੀ। ਸੱਚਮੁਚ ਇਹ ਪਰਿਵਰਤਨ ਹਰ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਸੀ ਅਤੇ ਭਾਰਤੀ ਸਮਾਜ ਇਸ ਪਰਿਵਰਤਨ ਦੇ ਇਨਕਲਾਬ ਦੇ ਮੋਢੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਮੇਸ਼ਾ ਰਿਣੀ ਰਹੇਗਾ। ਭਾਈ ਨੰਦ ਲਾਲ ਦੀਆਂ ਇਹ ਪੰਕਤੀਆਂ ਸਦੀਆਂ ਤੋਂ ਵਿਤਕਰੇ ਦੇ ਸ਼ਿਕਾਰ ਬੇਸਹਾਰਾ ਪਛੜੇ ਵਰਗ ਦੀ ਬਾਂਹ ਫੜਨ ਵਾਲੇ ਗੁਰੂ ਸਾਹਿਬ ਨੂੰ ਅਕੀਦਤ ਪੇਸ਼ ਕਰਨ ਲਈ ਬਹੁਤ ਢੁਕਵੀਆਂ ਹਨ :
ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ।
ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ।
ਇਥੇ ਇਕ ਹੋਰ ਜ਼ਰੂਰੀ ਨੁਕਤਾ ਗੁਰੂ ਸਾਹਿਬ ਦੀ ਸ਼ਾਹਕਾਰ ਰਚਨਾ 'ਜ਼ਫ਼ਰਨਾਮਹ' ਦੇ ਹਵਾਲੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਇਸ ਰਚਨਾ ਵਿਚ ਵੇਲੇ ਦੇ ਹੁਕਮਰਾਨ ਦੀ ਨਿਰੰਕੁਸ਼ ਤੇ ਤਾਨਾਸ਼ਾਹੀ ਕਾਰਜਗੁਜ਼ਾਰੀ ਉੱਪਰ ਤਿੱਖਾ ਪ੍ਰਤੀਕਰਮ ਦਰਜ ਹੈ। ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ ਗਈ ਹੈ ਕਿ ਰਾਜਸੀ ਸੱਤਾ ਹਾਸਲ ਕਰਨ ਲਈ ਅਤੇ ਉਸ ਉੱਪਰ ਕਾਬਜ਼ ਰਹਿਣ ਲਈ ਲੋਕਾਂ ਉੱਪਰ ਤਸ਼ੱਦਦ ਕਰਨਾ, ਇਨਸਾਫ਼ ਦਾ ਰਾਹ ਛੱਡ ਦੇਣਾ, ਰੱਬ ਦੀ ਦਰਗਾਹ ਵਿਚ ਇਕ ਸੰਗੀਨ ਗੁਨਾਹ ਹੈ। ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਕਹਿੰਦੇ ਹਨ-ਨਾ ਤੇਰੇ ਪਾਸ ਇਮਾਨ ਹੈ, ਨਾ ਸ਼ਰ੍ਹਾ ਦੀ ਸੂਝ। ਨਾ ਤੇਰੇ ਪਾਸ ਰੱਬ ਦੀ ਪਛਾਣ ਹੈ, ਨਾ ਹੀ ਤੇਰਾ ਹਜ਼ਰਤ ਮੁਹੰਮਦ 'ਤੇ ਭਰੋਸਾ :
ਨਾ ਈਮਾਂ ਪ੍ਰਸਤੀ ਨ ਔਜਾ-ਇ ਦੀਂ॥
ਨ ਸਾਹਿਬ ਸ਼ਨਾਸੀ ਨ ਮੁਹੰਮਦ ਯਕੀਂ॥
ਸਮੁੱਚੇ ਸੰਦਰਭ ਵਿਚ ਪ੍ਰੋ: ਪੂਰਨ ਸਿੰਘ ਦੀ ਇਕ ਲਿਖਤ ਦੀਆਂ ਕੁਝ ਸਤਰਾਂ ਇਥੇ ਦਰਜ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦਾ ਕਥਨ ਹੈ-'ਗੁਰੂ ਦੇ ਸਿੱਖ ਘੋੜ ਸਵਾਰ ਬਣੇ। ਉਨ੍ਹਾਂ ਨੇ ਕਿਰਪਾਨਾਂ ਸਜਾਈਆਂ ਅਤੇ ਜੇਤੂ ਮਹਾਰਾਜਿਆਂ ਵਾਲੀਆਂ ਪੁਸ਼ਾਕਾਂ ਪਹਿਨੀਆਂ, ਪਰ ਅਜਿਹਾ ਉਹ 'ਵਾਹੁ! ਵਾਹੁ!' ਦੇ ਸਿਮਰਨ ਕਰਦੇ ਹੀ ਬਣੇ। ਗੁਰੂ ਜੀ ਦੀ ਨਾਮ ਬਾਣੀ ਵਿਚ ਪੁਨਰ ਜੀਵਤ ਹੋ ਕੇ ਵਿਅਕਤੀ ਆਤਮਿਕ ਅਨੁਭਵ ਦੀ ਸੁਤੰਤਰਤਾ ਵਿਚ ਅਨੰਤ ਹੋ ਗਿਆ। ਗੁਰੂ ਦਾ ਹਰ ਸਿੱਖ, ਸ਼ਕਤੀ, ਪ੍ਰੇਮ ਤੇ ਸੇਵਾ ਦੀ ਸਾਕਾਰ ਪ੍ਰਤਿਭਾ ਹੈ ਅਤੇ ਇਹ ਪ੍ਰਤਿਭਾ ਦੀ ਪ੍ਰਭੁਤਾ ਗੁਰੂ ਜੀ ਨੇ ਪੰਜਾਬ ਦੇ ਦੱਬੇ-ਢੱਠੇ ਲੋਕਾਂ, ਹਲ-ਵਾਹਕਾਂ, ਲੱਕੜ-ਹਾਰਿਆਂ, ਕਲਾਲਾਂ ਅਤੇ ਹੋਰ ਨੀਵੀਆਂ ਜਾਤੀਆਂ ਦੇ ਪ੍ਰਾਣੀਆਂ ਨੂੰ ਦਾਤਾਂ ਵਜੋਂ ਬਖ਼ਸ਼ੀ।'
ਆਖ਼ਰ ਵਿਚ, ਹਿੰਦੀ ਜਗਤ ਦੇ ਮੰਨੇ-ਪ੍ਰਮੰਨੇ ਸਾਹਿਤਕਾਰ ਹਜ਼ਾਰੀ ਪ੍ਰਸਾਦ ਦਿਵੇਦੀ ਦੇ ਇਸ ਮੱਤ ਨਾਲ ਆਪਣੀ ਗੱਲ ਸਮਾਪਤ ਕਰ ਰਿਹਾ ਹਾਂ ਕਿ ਜੋ ਕੁਝ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਇਆ, ਉਸ ਨੇ ਇਤਿਹਾਸ ਦੀ ਦਿਸ਼ਾ ਬਦਲ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ-'ਇਤਿਹਾਸ ਦੇ ਪੰਡਿਤਾਂ ਨੇ ਬੜੇ ਅਸਚਰਜ ਨਾਲ ਦੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਦਭੁੱਤ ਚਮਤਕਾਰ ਕਰ ਦਿਖਾਇਆ। ਜਨਤਾ ਨਿਰਾਸ਼ ਸੀ, ਉਸ ਵਿਚ ਕਿਸੇ ਕਿਸਮ ਦਾ ਆਤਮ-ਸਨਮਾਨ ਨਹੀਂ ਰਹਿ ਗਿਆ ਸੀ। ਅੱਤਿਆਚਾਰ ਅਤੇ ਅਨਾਚਾਰ ਨੂੰ ਕਿਸਮਤ ਦਾ ਦੋਸ਼ ਕਹਿ ਕੇ ਸਵੀਕਾਰ ਕਰ ਲਿਆ ਜਾਂਦਾ ਸੀ। ਐਸੇ ਹੀ ਲੋਕਾਂ ਵਿਚ ਉਨ੍ਹਾਂ ਨੇ ਮਹਾਨ ਸੂਰਬੀਰ ਪੈਦਾ ਕਰ ਦਿੱਤੇ। ਮੌਤ ਦੇ ਡਰ ਨੂੰ ਮੰਨੋ, ਮੰਤਰ ਦੀ ਸ਼ਕਤੀ ਨਾਲ ਉਡਾ ਦਿੱਤਾ। ਸਿਰ ਹਥੇਲੀ ਉੱਤੇ ਰੱਖ ਕੇ ਇਨ੍ਹਾਂ ਯੋਧਿਆਂ ਨੇ ਅਨਿਆਂ ਨੂੰ ਲਲਕਾਰਿਆ ਅਤੇ ਦੇਖਦਿਆਂ-ਦੇਖਦਿਆਂ ਇਤਿਹਾਸ ਪਲਟ ਦਿੱਤਾ। ਇਤਿਹਾਸ ਵਿਚ ਇਹੋ ਜਿਹੀ ਕੋਈ ਹੋਰ ਘਟਨਾ ਘੱਟ ਹੀ ਵੇਖੀ ਗਈ ਹੈ। ਕਾਲ ਦੇ ਰੱਥ-ਚੱਕਰ ਨੂੰ ਇਸ ਤਰ੍ਹਾਂ ਮੋੜ ਦੇਣਾ, ਗੁਰੂ ਜੀ ਦੀ ਹੀ ਕਰਾਮਾਤ ਸੀ।'
ਡਾਕਟਰ ਜਸਪਾਲ ਸਿੰਘ ਦਿੱਲੀ
Comments (0)