ਨਸ਼ੇ , ਹਥਿਆਰ ,ਗੀਤ ਅਤੇ ਉਸਾਰੂ ਸਾਹਿਤ
ਸਾਡਾ ਸਮਾਜ
ਲੋਕ ਵਿਰੋਧੀ ਨੀਤੀਆਂ ਦੇ ਚੱਲਦਿਆਂ ਸਾਹਿਤ ਅਤੇ ਗੀਤਾਂ ਦੇ ਜ਼ਰੀਏ ਕਦੇ ਹਥਿਆਰਾਂ, ਕਦੇ ਨਸ਼ਿਆਂ ਅਤੇ ਕਦੇ ਅਸ਼ਲੀਲਤਾ ਵਾਲੀਆਂ ਭਾਵਨਾਵਾਂ ਉਭਾਰ ਕੇ ਸਮਾਜ ਨੂੰ ਪੂਰੀ ਤਰ੍ਹਾਂ ਕਰੂਪ ਕਰ ਦਿੱਤਾ ਗਿਆ ਸੀ। ਜਿਹੜੇ ਚੰਗੇ ਭਲੇ ਉੱਚੇ ਸੁਹਜ ਸੁਆਦ ਵਾਲੇ ਗੀਤ ਸਨ ਉਹਨਾਂ ਨੂੰ ਪਿੱਛੇ ਪਾਉਣ ਅਤੇ ਭੁਲਾਉਣ ਵਾਲੀ ਇੱਕ ਹਨੇਰੀ ਜਿਹੀ ਹੀ ਚਲਾਈ ਗਈ। ਸ਼ਾਇਦ ਇਹ ਬਹੁਤ ਵੱਡੀ ਸਾਜ਼ਿਸ਼ ਹੀ ਸੀ। ਇਸ ਹਨੇਰੀ ਦੌਰਾਨ ਅਜਿਹੇ ਗੀਤ ਬੜੇ ਚੱਲੇ ਕਿ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ …! ਫਿਰ ਇੱਕ ਹੋਰ ਗੀਤ ਆਇਆ- ਨਸ਼ੇ ਦੀਏ ਬੰਦ ਬੋਤਲੇ …!ਇਹਨਾਂ ਗੀਤਾਂ ਨੂੰ ਨਾ ਤਾਂ ਲਿਖਣ ਲੱਗਿਆਂ ਲਿਖਣ ਵਾਲਿਆਂ ਨੂੰ ਸ਼ਰਮ ਆਈ ਤੇ ਨਾ ਹੀ ਗਾਉਣ ਵਾਲਿਆਂ ਨੂੰ। ਅਜਿਹੇ ਗੀਤਾਂ ਨੇ ਪੰਜਾਬੀ ਦੇ ਬੇਹੱਦ ਸਿਹਤਮੰਦ ਗੀਤ ਵੀ ਭੁਲਾ ਦਿੱਤੇ ਅਤੇ ਸੱਭਿਆਚਾਰ ਨੂੰ ਪ੍ਰਦੂਸ਼ਿਤ ਵੀ ਕਰ ਦਿੱਤਾ। ਲੋਕਾਂ ਦੀ ਸੋਚ ਅਤੇ ਲੋਕਾਂ ਦੇ ਜਜ਼ਬਾਤ ਇਹਨਾਂ ਗੀਤਾਂ ਵਾਂਗ ਪਲੀਤ ਹੋਣ ਲੱਗ ਪਏ। ਥਾਂ ਥਾਂ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਜਿਹੜੀਆਂ ਸ਼ਰਮਨਾਕ ਸਨ।ਇਸਦਾ ਨਤੀਜਾ ਵੀ ਸਭਨਾਂ ਦੇ ਸਾਹਮਣੇ ਆਇਆ। ਹਥਿਆਰ ਆਮ ਹੋ ਗਏ। ਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਵਾਪਰਨ ਲੱਗੀਆਂ। ਹਥਿਆਰਾਂ ਨਾਲ ਤਸਵੀਰਾਂ ਖਿਚਵਾਉਣ ਦਾ ਫੈਸ਼ਨ ਆਮ ਬਣ ਗਿਆ। ਹਥਿਆਰਾਂ ਨੂੰ ਡਿਗਰੀਆਂ ਵਾਂਗ ਗਲੇ ਵਿੱਚ ਪਾ ਕੇ ਫੋਟੋ ਖਿਚਵਾਈ ਜਾਂਦੀ ਤੇ ਫਿਰ ਸੋਸ਼ਲ ਮੀਡੀਆ ’ਤੇ ਪੋਸਟ ਵੀ ਕੀਤੀ ਜਾਂਦੀ। ਬੱਸ ਅਜਿਹੇ ਰਿਵਾਜ ਹੀ ਚੱਲ ਪਏ। ਇਸਦੇ ਨਾਲ ਹੀ ਇਸ ਕਿਸਮ ਦੇ ਫੇਸਬੁੱਕ ਪੇਜ ਵੀ ਬਣ ਗਏ। ਵਿਆਹਾਂ ਸ਼ਾਦੀਆਂ ਤੇ ਸ਼ੌਕੀਆ ਚੱਲਦੀਆਂ ਗੋਲੀਆਂ ਨਾਲ ਮੌਤਾਂ ਵੀ ਹੋਣ ਲੱਗ ਪਈਆਂ। ਹਥਿਆਰਾਂ ਨੂੰ ਆਮ ਕਰਨ ਮਗਰੋਂ ਸਮਾਜ ਅਤੇ ਸਰਕਾਰ ਨੂੰ ਚੇਤੇ ਆਇਆ ਬਈ ਇਹ ਤਾਂ ਕੁਝ ਜ਼ਿਆਦਾ ਹੀ ਗੜਬੜੀ ਹੋ ਗਈ।ਇਸਦੇ ਨਾਲ ਹੀ ਨਸ਼ਿਆਂ ਦੇ ਕਾਰੋਬਾਰ ਸਿਖਰਾਂ ’ਤੇ ਜਾ ਪੁੱਜੇ। ਗੱਲ ਦਾਰੂ ਦੀਆਂ ਬੋਤਲਾਂ ਤੋਂ ਅੱਗੇ ਜਾ ਕੇ ਨਾਗਣੀ ਨੂੰ ਵੀ ਪਿੱਛੇ ਛੱਡ ਗਈ। ਅਫੀਮ ਤੋਂ ਬਾਅਦ ਚਿੱਟੇ ਤਕ ਜਾ ਪਹੁੰਚੀ ਜਿਸਨੇ ਅਣਗਿਣਤ ਘਰਾਂ ਦੇ ਚਿਰਾਗ ਬੁਝਾ ਦਿੱਤੇ।ਸ਼ੁਕਰ ਹੈ ਕਿ ਸਾਡੇ ਸਮਾਜ ਦੇ ਰਾਖਿਆਂ ਨੂੰ ਹੁਣ ਸੋਝੀ ਆਈ ਹੈ। ਹੁਣ ਉਹ ਗੜਬੜੀ ਸੁਧਾਰੀ ਜਾ ਰਹੀ ਹੈ। ਪੰਜਾਬੀ ਸੱਭਿਆਚਾਰ ਨੂੰ ਹੁਣ ਕਿਤਾਬਾਂ ਤੋਂ ਰਾਹਤ ਮਿਲਣ ਦੀ ਆਸ ਬੱਝੀ ਹੈ। ਕਿਤਾਬਾਂ ਤੋਂ ਹੀ ਉਮੀਦ ਨਜ਼ਰ ਆਈ ਹੈ। ਸ਼ਬਦ ਗੁਰੂ ਦਾ ਚਮਤਕਾਰ ਮਹਿਸੂਸ ਹੋਇਆ ਹੈ। ਇਹ ਗੱਲ ਕਿਸੇ ਕ੍ਰਿਸ਼ਮੇ ਤੋਂ ਘੱਟ ਵੀ ਨਹੀਂ ਕਿ ਹੁਣ ਵੱਖ ਵੱਖ ਥਾਂਈਂ ਕਿਤਾਬਾਂ ਦੇ ਲੰਗਰ ਲਗਾਏ ਜਾ ਰਹੇ ਹਨ। ਸਮਾਜ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਖਤਰਨਾਕ ਸਾਜ਼ਿਸ਼ਾਂ ਮਗਰੋਂ ਹੁਣ ਅਸਲੀ ਸਵੱਛਤਾ ਦੀ ਮੁਹਿੰਮ ਚੱਲਣ ਲੱਗੀ ਹੈ। ਮਨਾਂ ਦੀ ਸਵੱਛਤਾ। ਵਿਚਾਰਾਂ ਦੀ ਸਵੱਛਤਾ। ਖੈਰ ਜਬ ਜਾਗੇ ਤਭੀ ਸਵੇਰਾ ਇਸ ਨੂੰ ਜੀ ਆਇਆਂ ਕਹਿਣਾ ਬਣਦਾ ਹੈ। ਹੁਣ ਕਿਤਾਬਾਂ ਵਾਲੀ ਗੱਲ ਨਾਲ ਸਾਡਾ ਸਮਾਜ ਵੀ ਸੁੱਖ ਦਾ ਸਾਹ ਲਵੇਗਾ। ਇਸਦੇ ਦੂਰ ਰਸ ਸਿੱਟੇ ਵੀ ਚੰਗੇ ਹੀ ਨਿਕਲਣਗੇ।
ਕਈ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੇ ਲੰਗਰਾਂ ਦਾ ਰੁਝਾਨ
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਖਦੇਵ ਕੌਰ ਦੀ ਰਹਿਨੁਮਾਈ ਹੇਠ ਲਾਇਬ੍ਰੇਰੀ ਇੰਚਾਰਜ ਸ੍ਰੀਮਤੀ ਕਿਰਨਦੀਪ ਕੌਰ, ਸਕੂਲ ਮੀਡੀਆ ਇੰਚਾਰਜ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਢੈਪਈ ਵੱਲੋਂ ‘ਲਾਇਬ੍ਰੇਰੀ ਲੰਗਰ’ ਭਾਵ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਅਤੇ ਆਮ ਜਨਤਾ ਨੂੰ ਸਾਹਿਤ ਦੇ ਨਾਲ ਜੋੜਿਆ ਜਾ ਸਕੇ। ਸਿੱਖਿਆ ਵਿਭਾਗ ਦੇ ਇਸ ਨਵੇਕਲੇ ਉਪਰਾਲੇ ਨੂੰ ਪਿੰਡ ਵਾਸੀਆਂ ਅਤੇ ਬੱਚਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਬਲਜਿੰਦਰ ਸਿੰਘ ਅਤੇ ਬਾਕੀ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਹਾਈ ਸਕੂਲ ਕੂਹਲੀ ਖੁਰਦ ਨੇ ਵੀ ਲਾਇਬ੍ਰੇਰੀ ਲੰਗਰ ਲਗਾਇਆ ਗਿਆ। ਸਕੂਲ ਮੁਖੀ ਸ੍ਰੀ ਮਤੀ ਰਜਿੰਦਰ ਕੌਰ ਜੀ, ਸ੍ਰੀ ਮਤੀ ਮੀਨੂੰ ਰਾਣੀ (ਲਾਇਬ੍ਰੇਰੀ ਇੰਚਾਰਜ), ਸ਼੍ਰੀਮਤੀ ਬਲਬੀਰ ਕੌਰ ਸਕੂਲ ਮੀਡੀਆ ਇੰਚਾਰਜ, ਬੀ ਐੱਮ (ਗਣਿਤ) ਸ੍ਰੀ ਕੁਲਵੰਤ ਸਿੰਘ ਜੀ ਸਮਾਜਿਕ ਸਿੱਖਿਆ, ਅੰਗਰੇਜ਼ੀ, ਗਣਿਤ, ਕੰਪਿਊਟਰ ਫੈਕਲਟੀ, ਸਾਇੰਸ, ਪੰਜਾਬੀ ਸਟਾਫ ਆਦਿ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।ਸਰਕਾਰੀ ਹਾਈ ਸਕੂਲ ਜਵੱਦੀ ਲੁਧਿਆਣਾ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਲਾਇਬਰੇਰੀ ਲੰਗਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਜਵੱਦੀ ਅਤੇ ਸਨਾਤਨ ਧਰਮ ਮੰਦਰ ਵਿਸ਼ਾਲ ਨਗਰ ਵਿਖੇ ਲਗਾਇਆ ਗਿਆI ਇਸ ਮੌਕੇ ਸ੍ਰੀਮਤੀ ਕਿਰਨ ਗੁਪਤਾ (ਹੈੱਡਮਾਸਟਰ) ਜੀ ਨੇ ਦੱਸਿਆ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹਨ। ਇਨਸਾਨ ਦੇ ਸਭ ਤੋਂ ਔਖੇ ਸਮੇਂ ਦੌਰਾਨ ਕਿਤਾਬਾਂ ਸੱਚੀ ਸੇਧ ਦੇ ਕੇ ਉਸਦੀ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੀਆਂ ਹਨI ਇਸ ਲਈ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਵਿੱਚ ਹੀ ਕਿਤਾਬਾਂ ਦੀ ਸਹੀ ਚੋਣ ਕਰਨਾ ਸਿੱਖ ਲੈਣਾ ਚਾਹੀਦਾ ਹੈI ਕਿਤਾਬਾਂ ਹਰ ਸਮੇਂ ਮਨੁੱਖ ਦਾ ਸਾਥ ਦਿੰਦੀਆਂ ਹਨ I
ਬਾਰ ਬਾਰ, ਥਾਂ ਥਾਂ ਇਹੀ ਸੁਨੇਹਾ ਗੂੰਜ ਰਿਹਾ ਹੈ:
ਜੇ ਪੂਰਾ ਕਰਨਾ ਖੁਆਬਾਂ ਨੂੰ,
ਤਾਂ ਰੱਖਿਓ ਨਾਲ਼ ਕਿਤਾਬਾਂ ਨੂੰ।
ਚੰਗਾ ਹੋਵੇ ਜੇਕਰ ਇਹ ਮੁਹਿੰਮ ਸਿਰਫ ਸਰਕਾਰੀ ਰਸਮਾਂ ਅਤੇ ਖਾਨਾਪੂਰੀਆਂ ਤਕ ਹੀ ਸੀਮਿਤ ਨਾ ਰਹੇ। ਸਾਹਿਤਿਕ ਕਿਤਾਬਾਂ ਨੂੰ ਪ੍ਰਕਾਸ਼ਤ ਕਰਾਉਣ ਲਈ ਵੀ ਸਰਕਾਰਾਂ ਸਬਸਿਡੀਆਂ ਦੇਣ। ਇਸ ਮਕਸਦ ਲਈ ਵੀ ਸਮਾਜ ਅੱਗੇ ਆਏ। ਕਿਤਾਬਾਂ ਨੂੰ ਸਿਰਫ ਲਾਗਤ ਮੁੱਲ ਤੇ ਪਾਠਕਾਂ ਤਕ ਪਹੁੰਚਾਇਆ ਜਾਵੇ। ਸਾਹਿਤਿਕ ਕਿਤਾਬਾਂ ਨੂੰ ਰਿਲੀਜ਼ ਕਰਨ ਕਰਾਉਣ ਦੇ ਸਮਾਗਮ ਸਸਤੇ ਬਣਾਏ ਜਾਣ। ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਦੀਆਂ ਕਿਤਾਬਾਂ ਨੂੰ ਲੱਭ ਲੱਭ ਕੇ ਛਾਪਿਆ ਜਾਵੇ। ਇੱਕ ਪੁਸਤਕ ਸੱਭਿਆਚਾਰ ਵਾਲਾ ਮਾਹੌਲ ਸਿਰਜਿਆ ਜਾਵੇ। ਅਜਿਹਾ ਕੁਝ ਹੋ ਸਕੇ ਤਾਂ ਇਸ ਮੁਹਿੰਮ ਦਾ ਫਾਇਦਾ ਹੋਰ ਵੀ ਜ਼ਿਆਦਾ ਹੋ ਸਕੇਗਾ। ਤਰਕ ਅਧਾਰਿਤ ਵਿਗਿਆਨਕ ਸਾਹਿਤ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਅਖੀਰ ਵਿੱਚ ਓਸ਼ੋ ਦਾ ਹਵਾਲਾ ਵੀ ਜ਼ਰੂਰੀ ਜਾਪਦਾ ਹੈ। ਓਸ਼ੋ ਕਹਿੰਦਾ ਹੈ: ਜਿਸ ਦੇਸ਼ ਦੇ ਸਕੂਲਾਂ ਦੀਆਂ ਛੱਤਾਂ ਬਾਰਿਸ਼ ਆਉਣ ’ਤੇ ਚੋਂਦੀਆਂ ਹੋਣ, ਟਪਕਦੀਆਂ ਹੋਣ, ਪਰ ਉੱਥੋਂ ਦੇ ਮੰਦਰਾਂ ਦੀਆਂ ਛੱਤਾਂ ਸੋਨੇ ਨਾਲ ਜੜੀਆਂ ਹੋਈਆਂ ਹੋਣ ਤਾਂ ਉਹ ਦੇਸ਼ ਕਦੇ ਵਿਕਸਿਤ ਨਹੀਂ ਹੋ ਸਕਦਾ!ਹੁਣ ਓਸ਼ੋ ਦੀ ਗੱਲ ਦਾ ਗੁੱਸਾ ਕਰੋ ਤੇ ਭਾਵੇਂ ਉਸ ਤੋਂ ਸੇਧ ਲੈ ਲਓ, ਇਹ ਤੁਹਾਡੀ ਮਰਜ਼ੀ ਵੀ ਕਹੀ ਜਾ ਸਕਦੀ ਹੈ ਅਤੇ ਕਿਸਮਤ ਵੀ।
(ਕਾਰਤਿਕਾ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੱਤਰਕਾਰੀ ਵਿਭਾਗ ਦੀ ਵਿਦਿਆਰਥਣ ਹੈ।)
Comments (0)