ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਵਿਚ ਭਾਈ ਗੁਰਦਾਸ ਦਾ ਵਡਾ ਯੋਗਦਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਵਿਚ ਭਾਈ ਗੁਰਦਾਸ ਦਾ ਵਡਾ ਯੋਗਦਾਨ

ਸਿੱਖ ਇਤਿਹਾਸ ਅਤੇ ਰਵਾਇਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵਿਚ ਭਾਈ ਗੁਰਦਾਸ ਦਾ ਯੋਗਦਾਨ ਇਕ ਲਿਖਾਰੀ ਵਜੋਂ ਹੀ ਸਵੀਕਾਰ ਕੀਤਾ ਜਾਂਦਾ ਹੈ...

ਪਰ ਇਹ ਅੰਤਿਮ ਸੱਚ ਨਹੀਂ। ਇਹ ਠੀਕ ਹੈ ਕਿ ਲਿਖਾਰੀ ਭਾਈ ਗੁਰਦਾਸ ਜੀ ਹੀ ਸਨ ਪਰ ਪ੍ਰਮਾਣਿਕ ਬਾਣੀ ਨੂੰ ਇਕੱਤਰ ਕਰਨ, ਕੱਚੀ ਬਾਣੀ ਨੂੰ ਸੱਚੀ ਬਾਣੀ ਨਾਲੋਂ ਨਿਖੇੜ ਕੇ ਵੱਖ ਕਰਨ ਅਤੇ ਹੋਰ ਕਈਆਂ ਕਾਰਨਾਂ ਕਰਕੇ ਭਾਈ ਗੁਰਦਾਸ ਦਾ ਯੋਗਦਾਨ ਲਿਖਾਈ ਦੇ ਨਾਲ-ਨਾਲ ਹੋਰ ਵੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਰਨ ਪਿੱਛੇ ਸਭ ਤੋਂ ਵੱਡਾ ਕਾਰਨ ਪ੍ਰਮਾਣਿਕ ਬਾਣੀ ਨੂੰ ਕੱਚੀ ਬਾਣੀ ਨਾਲੋਂ ਨਿਖੇੜਨਾ ਸੀ। ਕੇਸਰ ਸਿੰਘ ਛਿੱਬਰ ਵਿਸ਼ੇਸ਼ ਤੌਰ 'ਤੇ ਇਹ ਜ਼ਿਕਰ ਕਰਦਾ ਹੈ ਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਆਪ ਵੀ ਕਵਿਤਾ ਲਿਖਦਾ ਸੀ ਪਰ ਕਵੀ ਛਾਪ ਵਜੋਂ 'ਨਾਨਕ' ਪਦ ਵੀ ਵਰਤਦਾ ਸੀ। ਇਕ ਦਿਨ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਕਿਸੇ ਸਿੱਖ ਨੇ ਕੀਰਤਨ ਕਰਦੇ ਵਕਤ ਇਕ ਸ਼ਬਦ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਨੇ ਵੀ ਸੁਣਿਆ। ਸ਼ਬਦ ਪ੍ਰਮਾਣਿਕ ਬਾਣੀ ਵਿਚੋਂ ਨਾ ਹੋਣ ਕਰਕੇ ਪਰ ਪ੍ਰਮਾਣਿਕ ਵਜੋਂ ਚਲ ਪੈਣ ਦੇ ਅੰਦੇਸ਼ੇ ਵਜੋਂ ਗੁਰੂ ਸਾਹਿਬ ਨੇ ਫੌਰੀ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਮਨ ਬਣਾ ਲਿਆ। ਹੁਣ ਪ੍ਰਸ਼ਨ ਸੀ ਕਿ ਇਹ ਕੰਮ ਕਿਸ ਨੂੰ ਸੌਂਪਿਆ ਜਾਵੇ। ਬੇਸ਼ੱਕ ਇਹ ਸਾਰਾ ਕੁਝ ਗੁਰੂ ਸਾਹਿਬ ਦੀ ਆਪਣੀ ਨਿਗਰਾਨੀ ਵਿਚ ਹੋਣਾ ਸੀ ਪਰ ਸਹਾਇਕ ਅਤੇ ਲਿਖਾਰੀ ਵਜੋਂ ਚੋਣ ਭਾਈ ਗੁਰਦਾਸ ਜੀ ਦੀ ਕੀਤੀ ਗਈ। ਅਜਿਹਾ ਕਰਨ ਦਾ ਵੱਡਾ ਕਾਰਨ ਇਹ ਸੀ ਕਿ ਭਾਈ ਗੁਰਦਾਸ ਪਹਿਲਾਂ ਤੋਂ ਹੀ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਨ ਦਾ ਕੰਮ ਕਰ ਰਹੇ ਸਨ। ਇਥੇ ਇਹ ਦੱਸਣ ਦੀ ਲੋੜ ਨਹੀਂ ਭਾਸਦੀ ਕਿ ਸਾਰੇ ਗੁਰੂ ਸਾਹਿਬਾਨ ਦੇ ਦਰਬਾਰਾਂ ਵਿਚ ਕਈ ਲਿਖਾਰੀ ਹੁੰਦੇ ਸਨ, ਜੋ ਉਨ੍ਹਾਂ ਦੀ ਬਾਣੀ ਲਿਖਦੇ ਆਏ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਵੀ ਚਾਰ-ਪੰਜ ਨਾਮੀ ਲਿਖਾਰੀ ਸਨ। ਇੰਜ ਭਾਈ ਗੁਰਦਾਸ ਦੇ ਮੁਹਾਵਰੇ ਤੋਂ ਚੰਗੇ ਜਾਣੂ ਸਨ।

ਸਭ ਤੋਂ ਪਹਿਲਾ ਕੰਮ ਗੁਰਬਾਣੀ ਦੇ ਇਕੱਤਰ ਕਰਨ ਦਾ ਸੀ, ਜੋ ਪੋਥੀਆਂ ਦੇ ਰੂਪ ਵਿਚ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਕੋਲ ਸੁਰੱਖਿਅਤ ਪਈਆਂ ਸਨ। ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਭਾਈ ਗੁਰਦਾਸ ਨੂੰ ਭੇਜਣਾ ਚਾਹਿਆ ਪਰ ਭਾਈ ਗੁਰਦਾਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਸ ਨੂੰ ਇਹ ਪੋਥੀਆਂ ਨਾ ਦੇਣ, ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਗਏ ਅਤੇ ਪੋਥੀਆਂ ਲੈ ਕੇ ਆਏ, ਜੋ ਭਾਈ ਗੁਰਦਾਸ ਦੇ ਸਪੁਰਦ ਕਰ ਦਿੱਤੀਆਂ ਗਈਆਂ। ਹੋਰ ਦੂਰ-ਨੇੜਿਓਂ ਜਿਥੇ ਵੀ ਗੁਰਬਾਣੀ ਦੇ ਹੱਥ-ਲਿਖਤ ਸੰਗ੍ਰਹਿ ਹੋਣ ਦੀ ਦੱਸ ਪਈ, ਉਹ ਵੀ ਮੰਗਵਾ ਲਏ ਗਏ। ਇੰਜ ਗੁਰੂ ਸਾਹਿਬ ਨੇ ਭਾਈ ਗੁਰਦਾਸ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਕੰਮ ਆਰੰਭਿਆ।

ਭਾਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਨਿਰਖ-ਪਰਖ ਕਰਕੇ ਭਾਈ ਗੁਰਦਾਸ ਨੂੰ ਸੱਚੀ ਅਤੇ ਪ੍ਰਮਾਣਿਕ ਬਾਣੀ ਨੂੰ ਪਛਾਨਣ ਦਾ ਕੰਮ ਸੌਂਪ ਰੱਖਿਆ ਸੀ, ਜੋ ਉਹ ਬੜੀ ਮਿਹਨਤ ਅਤੇ ਲਗਨ ਨਾਲ ਕਰ ਰਹੇ ਸਨ ਪਰ ਫਿਰ ਵੀ ਗੁਰੂ ਸਾਹਿਬ ਕਦੀ-ਕਦਾਈਂ ਉਨ੍ਹਾਂ ਦੀ ਪ੍ਰੀਖਿਆ ਲੈਂਦੇ ਰਹਿੰਦੇ। ਇਕ ਦਿਨ ਗੁਰੂ ਸਾਹਿਬ ਨੇ ਭਾਈ ਗੁਰਦਾਸ ਨੂੰ ਪ੍ਰਸ਼ਨ ਕੀਤਾ ਕਿ ਉਹ ਅਜਿਹਾ ਨਿਰਖ-ਪਰਖ ਕਿਵੇਂ ਕਰ ਲੈਂਦਾ ਹੈ? ਇਸ ਪ੍ਰਸ਼ਨ ਦਾ ਉੱਤਰ ਮਹਿਮਾ ਪ੍ਰਕਾਸ਼ ਗ੍ਰੰਥ ਦੇ ਕਰਤਾ ਸਰੂਪ ਦਾਸ ਭੱਲਾ ਨੇ ਬਹੁਤ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਭਾਈ ਗੁਰਦਾਸ ਦਾ ਉੱਤਰ ਸੀ ਕਿ ਕਿਸ ਤਰ੍ਹਾਂ ਬਹੁਤ ਸਾਰੇ ਮਰਦਾਂ ਵਿਚੋਂ ਪਤਨੀ ਆਪਣੇ ਪਤੀ ਦੀ ਆਵਾਜ਼ ਸਹਿਜੇ ਹੀ ਪਛਾਣ ਲੈਂਦੀ ਹੈ, ਤਿਵੇਂ ਹੀ ਅੰਦਰੋਂ ਫੁਟੀ ਚੇਤਨਾ ਨਾਲ ਅਜਿਹੀ ਪਛਾਣ ਕਰ ਲੈਂਦਾ ਹਾਂ।

ਕਹਿਓ ਦਿਆਲ ਗੁਰਦਾਸ ਕੋ,

ਤੁਮ ਬਾਨੀ ਲਿਖੋ ਪਛਾਨ॥

ਜੋ ਯਹ ਨਿਕਾਲ ਬਾਹਰ ਧਰੀ,

ਕੈਸੇ ਪਾਇਓ ਗਿਆਨ

ਕਰ ਜੋੜ ਗੁਰਦਾਸ ਕਰੀ ਅਰਦਾਸ॥

ਸੋ ਸਤਿਗੁਰੂ ਗਿਆਨ ਐਸੇ ਮੋ ਪਾਸ॥

ਬਹੁਤ ਪਰਖ ਮਿਲ ਬਾਤ ਬਖਾਨੇ।

ਨਿਜ ਭਰਤਾ ਬੋਲ ਤਿਰੀਆ ਪਹਿਚਾਨੇ॥

ਭਾਈ ਵੀਰ ਸਿੰਘ (ਬੱਲ) ਆਪਣੇ ਗ੍ਰੰਥ 'ਗੁਰ ਕੀਰਤ ਪ੍ਰਕਾਸ਼' ਵਿਚ ਚਰਚਾ ਕਰਦਾ ਹੈ ਕਿ ਮਿਹਰਬਾਨ ਤੋਂ ਬਿਨਾਂ ਪ੍ਰਿਥੀਚੰਦ ਅਤੇ ਉਸ ਦਾ ਭਰਾ ਮਹਾਂਦੇਵ ਵੀ ਕੱਚੀ ਬਾਣੀ ਰਚਦੇ ਸਨ। ਜਦ ਬੀੜ ਤਿਆਰ ਹੋ ਰਹੀ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਖ਼ਤ ਵਿਰੋਧ ਹੋਣ ਦੇ ਬਾਵਜੂਦ ਉਹ ਆਪਣੀ ਕੱਚੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਵਾਉਣ ਲਈ ਲੈ ਆਏ ਪਰ ਭਾਈ ਗੁਰਦਾਸ ਦੀ ਪਾਰਖੂ ਅੱਖ ਨੇ ਉਸ ਦੇ ਮਨਸੂਬੇ ਸਫਲ ਨਾ ਹੋਣ ਦਿੱਤੇ:

ਸ੍ਰੀ ਗੁਰਬਾਣੀ ਸਰਬ ਲਿਖਾਈ।

ਗੁਰੂ ਗ੍ਰੰਥ ਕੀ ਬੀੜ ਬੰਧਾਈ।

ਸਭ ਭਗਤਾਂ ਕੇ ਸਬਦ ਚਢਾਏ।

ਰਾਗ ਰਾਗ ਕੈ ਅੰਤਹਿ ਲਾਏ।

ਪ੍ਰਿਥੀ ਚੰਦ ਮਹਾਦੇਵ ਸਿਧਾਏ।

ਅਪੁਨੀ ਬਾਣੀ ਚਾੜਨ ਆਏ।

ਸੋ ਬਾਣੀ ਗੁਰਦਾਸ ਹਟਾਈ।

ਗੁਰੂ ਬਿਨਾ ਕਾਚੀ ਠਹਿਰਾਈ।

ਭਾਈ ਸੰਤੋਖ ਸਿੰਘ ਰਚਿਤ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸਿੱਖ ਗ੍ਰੰਥਾਂ ਵਿਚ ਉੱਘਾ ਅਤੇ ਮਹੱਤਵਪੂਰਨ ਸਥਾਨ ਹੈ। ਉਸ ਨੇ ਵੀ ਥੋੜ੍ਹੇ ਬਹੁਤੇ ਫ਼ਰਕ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਵਲੋੋਂ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਗੱਲ ਕੀਤੀ ਹੈ। ਆਮ ਧਾਰਨਾ ਬੇਸ਼ੱਕ ਭਾਈ ਗੁਰਦਾਸ ਦੀ ਸੇਵਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਲਿਖਾਈ ਤੱਕ ਹੀ ਸੀਮਤ ਕਰਦੀ ਹੈ, ਪਰ ਸਾਡੇ ਖਿਆਲ ਵਿਚ ਭਾਈ ਜੀ ਦਾ ਯੋਗਦਾਨ ਇਸ ਨਾਲੋਂ ਵੱਡਾ ਹੈ। ਕੱਚੀ ਬਾਣੀ ਨਾਲੋਂ ਪ੍ਰਮਾਣਿਕ ਬਾਣੀ ਨੂੰ ਨਿਖੇੜਨ ਦੀ ਉਨ੍ਹਾਂ ਦੀ ਤਿੱਖੀ ਸੂਝ ਅਤੇ ਬਾਰੀਕਬੀਨੀ ਇਸ ਦਾ ਪ੍ਰਮਾਣ ਹੈ। ਇਹ ਠੀਕ ਹੈ ਕਿ ਇਸ ਪਾਸੇ ਭਾਈ ਗੁਰਦਾਸ ਦੀ ਅਗਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਕਰ ਰਹੇ ਸਨ ਪਰ ਗੁਰੂ ਆਸੇ ਮੁਤਾਬਿਕ ਗ੍ਰੰਥ ਤਿਆਰ ਕਰਨ ਵਿਚ ਭਾਈ ਗੁਰਦਾਸ ਦੀ ਪਾਰਖੂ ਅੱਖ ਦਾ ਯੋਗਦਾਨ ਘੱਟ ਨਹੀਂ। ਭਾਈ ਗੁਰਦਾਸ ਵਲੋਂ ਲਿਖਿਤ ਬੀੜ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਭਾਈ ਗੁਰਦਾਸ ਦੀ ਬੀੜ ਜਾਂ ਕਰਤਾਰਪੁਰੀ ਬੀੜ ਦੇ ਨਾਂਅ ਨਾਲ ਹੀ ਪ੍ਰਸਿੱਧ ਸੀ। ਇਸ ਤੋਂ ਪਿੱਛੋਂ ਜਦ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਇਸ ਵਿਚ ਦਰਜ ਕਰਕੇ ਅਤੇ ਇਸ ਨੂੰ ਭਾਈ ਮਨੀ ਸਿੰਘ ਵਲੋਂ ਲਿਖਵਾ ਕੇ ਸ੍ਰੀ ਹਜ਼ੂਰ ਸਾਹਿਬ, ਅਬਚਲ ਨਗਰ, ਨਾਂਦੇੜ ਦੇ ਸਥਾਨ ਉੱਪਰ ਗੁਰੂ ਜੀ ਵਲੋਂ ਗੁਰਗੱਦੀ ਦਿੱਤੀ ਗਈ ਤਾਂ ਇਸੇ ਬੀੜ ਨੂੰ ਦਮਦਮੀ ਬੀੜ ਦੇ ਨਾਂਅ ਨਾਲ ਜਾਣਿਆ ਜਾਣ ਲੱਗਿਆ। ਕਾਲਾਂਤਰ ਨਾਲ ਗੁਰਬਾਣੀ ਦੇ ਜਿੰਨੇ ਵੀ ਟੀਕੇ, ਵਿਆਖਿਆਵਾਂ ਹੋਈਆਂ ਹਨ, ਉਨ੍ਹਾਂ ਸਭਨਾਂ ਦਾ ਆਧਾਰ ਇਹੋ ਦਮਦਮੀ ਬੀੜ ਹੈ। ਕਈਆਂ ਕਾਰਨਾਂ ਕਰਕੇ ਫ਼ਰੀਦ ਕੋਟੀ ਟੀਕਾ, ਸ਼ਬਦਾਰਥ ਅਤੇ ਸ੍ਰੀ ਗੁਰੂ ਗ੍ਰੰਥ ਦਰਪਣ ਆਦਿ ਟੀਕਿਆਂ ਦੇ ਨਾਂਅ ਵੱਖ-ਵੱਖ ਹਨ ਪਰ ਆਧਾਰ ਸਭ ਦਾ ਇਹੋ ਭਾਈ ਗੁਰਦਾਸ ਦੀ ਅਤੇ ਪਿੱਛੋਂ ਭਾਈ ਮਨੀ ਸਿੰਘ ਵਾਲੀ ਦਮਦਮੀ ਬੀੜ ਹੀ ਹੈ।

 

ਡਾਕਟਰ ਧਰਮ ਸਿੰਘ