ਐਬਟਸਫੋਰਡ ਵਿੱਚ ਖਾਲਸਾ ਸਕੂਲ ਅਤੇ ਡੇ-ਕੇਅਰ ਨੂੰ ਮਨਜ਼ੂਰੀ

ਐਬਟਸਫੋਰਡ ਵਿੱਚ ਖਾਲਸਾ ਸਕੂਲ ਅਤੇ ਡੇ-ਕੇਅਰ ਨੂੰ ਮਨਜ਼ੂਰੀ

ਵੱਖ-ਵੱਖ ਸਿੱਖ ਸੰਸਥਾਵਾਂ ਨੇ ਇੱਕਮੁੱਠ ਹੋ ਕੇ ਕੀਤੀ ਹਮਾਇਤ

*ਚਾਰ-ਚਾਰ ਕੌਂਸਲਰਾਂ ਦੀ ਬਰਾਬਰ ਵੰਡ ਮਗਰੋਂ ਮੇਅਰ ਦੀ ਵੋਟ ਨੇ ਕੀਤਾ ਮੈਦਾਨ ਫਤਿਹ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਐਬਟਸਫੋਰਡ : (ਡਾ. ਗੁਰਵਿੰਦਰ ਸਿੰਘ) ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਫਰੇਜ਼ਰ ਵੈਲੀ ਵਿੱਚ ਖਾਲਸਾ ਸਕੂਲ ਨੂੰ ਲੰਮੇ ਸੰਘਰਸ਼ ਤੋਂ ਬਾਅਦ ਪ੍ਰਵਾਨਗੀ ਹਾਸਲ ਹੋ ਗਈ ਹੈ। ਸਿਟੀ ਹਾਲ ਵਿੱਚ ਹੋਏ ਭਰਵੇਂ ਇਕੱਠ ਦੌਰਾਨ ਡਾਊਨਜ਼ ਅਤੇ ਗਲੈਡਵਿਨ ਸੜਕਾਂ 'ਤੇ ਚਲਾਏ ਜਾਣ ਵਾਲੇ ਖਾਲਸਾ ਸਕੂਲ, ਡੇ-ਕੇਅਰ ਅਤੇ ਪੋਸਟ-ਸੈਕੰਡਰੀ ਸੰਸਥਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਐਲਡਰਗਰੋਵ ਵਿੱਚ ਮੌਜੂਦਾ ਸਮੇਂ ਚੱਲ ਰਹੇ ਖਾਲਸਾ ਸਕੂਲ ਨੂੰ ਬਦਲ ਦੇਵੇਗਾ। ਮੰਗਲਵਾਰ ਰਾਤ, 18 ਜੂਨ ਨੂੰ ਲਗਭਗ ਚਾਰ ਘੰਟੇ ਚੱਲੀ ਜਨਤਕ ਸੁਣਵਾਈ ਤੋਂ ਬਾਅਦ ਮਨਜ਼ੂਰੀ ਹਾਸਲ ਹੋਣ ਮਗਰੋਂ ਹੁਣ ਐਬਟਸਫੋਰਡ ਵਿੱਚ ਇੱਕ ਨਵਾਂ ਖਾਲਸਾ ਐਲੀਮੈਂਟਰੀ ਸਕੂਲ, ਪੋਸਟ-ਸੈਕੰਡਰੀ ਸੰਸਥਾ ਅਤੇ ਡੇ-ਕੇਅਰ ਜਲਦੀ ਕਾਇਮ ਹੋਣਗੇ। ਖਾਲਸਾ ਸਕੂਲ ਦੀ ਮਨਜ਼ੂਰੀ ਦੇ ਮਾਮਲੇ ਵਿੱਚ ਲੰਮੀ ਸੁਣਵਾਈ ਤੋਂ ਬਾਅਦ, ਕਾਉਂਸਿਲ ਨੇ ਅਧਿਕਾਰਤ ਕਮਿਊਨਿਟੀ ਪਲਾਨ ਵਿੱਚ ਸੋਧ ਦੇ ਨਾਲ-ਨਾਲ ਰੀਜੋਨਿੰਗ ਅਤੇ ਡਿਵੈਲਪਮੈਂਟ ਵੇਰੀਅੰਸ ਪਰਮਿਟ ਐਪਲੀਕੇਸ਼ਨਾਂ 'ਤੇ ਵੋਟ ਦਿੱਤੀ ਹੈ।

ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਖਾਲਸਾ ਸਕੂਲ ਤੇ ਪ੍ਰੋਜੈਕਟ ਦੀ ਮਨਜ਼ੂਰੀ ਦੇ ਮਾਮਲੇ ਵਿੱਚ ਸਿਟੀ ਦੇ ਅੱਠ ਕੌਂਸਲਰ ਬਰਾਬਰ ਵੰਡੇ ਗਏ ਸਨ, ਜਿਸ ਦੌਰਾਨ ਸ਼ਹਿਰ ਦੇ ਮੇਅਰ ਰੌਸ ਸੀਮਨਜ਼ ਨੇ ਹੱਕ ਵਿੱਚ ਫੈਸਲਾਕੁੰਨ ਵੋਟ ਪਾਈ ਅਤੇ ਇਹ ਮੋਰਚਾ ਫਤਿਹ ਹੋਇਆ। ਜਾਣਕਾਰੀ ਅਨੁਸਾਰ ਨਿੱਜੀ ਤੌਰ 'ਤੇ ਚਲਾਏ ਜਾਣ ਵਾਲੇ ਸਿੱਖ-ਅਧਾਰਤ ਐਲੀਮੈਂਟਰੀ ਖਾਲਸਾ ਸਕੂਲ ਦੀ ਸਮਰੱਥਾ 500 ਵਿਦਿਆਰਥੀਆਂ ਦੀ ਹੋਵੇਗੀ ਅਤੇ ਇਹ ਐਲਡਰਗਰੋਵ ਦੇ 62ਵੇਂ ਐਵੇਨਿਊ 'ਤੇ ਫਰੇਜ਼ਰ ਵੈਲੀ ਦੇ ਮੌਜੂਦਾ ਅਤੇ ਛੋਟੇ - ਖਾਲਸਾ ਸਕੂਲ ਦੀ ਥਾਂ ਲਵੇਗਾ। ਪ੍ਰੋਜੈਕਟ ਵਿੱਚ 94 ਬੱਚਿਆਂ ਲਈ ਇੱਕ ਚਾਈਲਡ ਕੇਅਰ ਸੈਂਟਰ ਅਤੇ ਇੱਕ ਪੋਸਟ-ਸੈਕੰਡਰੀ ਸਹੂਲਤ ਵੀ ਸ਼ਾਮਲ ਹੋਵੇਗੀ, ਜੋ 1,253 ਵਰਗ ਮੀਟਰ ਜਾਂ 13,494 ਵਰਗ ਫੁੱਟ ਹੈ। ਐਲਡਰਗਰੋਵ ਵਿਖੇ ਚੱਲ ਰਹੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਜਪਨਾਮ ਸਿੰਘ ਮਲਿਕ ਨੇ ਜਨਤਕ ਸੁਣਵਾਈ ਵਿੱਚ ਬੋਲਦਿਆਂ ਕਿਹਾ ਕਿ ਐਲਡਰਗਰੋਵ ਕੈਂਪਸ ਵਿੱਚ ਮੌਜੂਦਾ ਵਿਦਿਆਰਥੀਆਂ ਵਿੱਚੋਂ 90 ਪ੍ਰਤੀਸ਼ਤ ਐਬਟਸਫੋਰਡ ਤੋਂ ਆਉਂਦੇ ਹਨ। ਉਹਨਾਂ ਕਿਹਾ ਕਿ ਐਬਟਸਫੋਰਡ ਵਿੱਚ ਇੱਕ ਨਵਾਂ ਸਕੂਲ ਖੋਲ੍ਹਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਅਤੇ ਸਤਿਨਾਮ ਐਜੂਕੇਸ਼ਨ ਸੋਸਾਇਟੀ ਆਫ ਬੀ.ਸੀ. ਨੇ ਪਿਛਲੇ ਪੰਜ ਸਾਲ ਖੋਜ ਕਰਨ ਵਿੱਚ ਬਿਤਾਏ ਹਨ, ਪਰ ਉਹ ਖਾਲਸਾ ਸਕੂਲ ਲਈ ਅਜਿਹੀ ਇੱਕ ਢੁਕਵੀਂ ਥਾਂ ਲੱਭਣ ਵਿੱਚ ਅਸਮਰੱਥ ਸਨ, ਜਿਸ ਲਈ ਰੀਜ਼ੋਨਿੰਗ ਦੀ ਲੋੜ ਨਹੀਂ ਸੀ। ਸਤਿਨਾਮ ਐਜੂਕੇਸ਼ਨ ਸੁਸਾਇਟੀ ਅਨੁਸਾਰਡਾਊਨਸ ਅਤੇ ਗਲੈਡਵਿਨ ਦੀ ਜ਼ਮੀਨ ਸਕੂਲ ਦੇ ਜ਼ਿਆਦਾਤਰ ਵਿਦਿਆਰਥੀਆਂ ਨਾਲ ਨੇੜਤਾ ਕਾਰਨ ਆਦਰਸ਼ ਹੈ।

ਫਰੇਜ਼ਰ ਵੈਲੀ ਵਿੱਚ ਬਣਾਏ ਜਾ ਰਹੇ ਖਾਲਸਾ ਸਕੂਲ ਬਾਰੇ ਜਨਤਕ ਸੁਣਵਾਈ ਵਿੱਚ ਲਗਭਗ 80 ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਇਸ ਦਾ ਵਿਰੋਧ ਕਰਨ ਵਾਲਿਆਂ ਨੇ ਨੇੜਲੇ ਸਕੂਲਾਂ ਜਿਵੇਂ ਕਿ ਕਾਰਨਰਸਟੋਨ ਕ੍ਰਿਸ਼ਚੀਅਨ ਸਕੂਲ, ਡਾ. ਰੌਬਰਟਾ ਬੌਂਡਰ ਐਲੀਮੈਂਟਰੀ ਅਤੇ ਮੇਨੋਨਾਈਟ ਐਜੂਕੇਸ਼ਨਲ ਇੰਸਟੀਚਿਊਟ (MEI) ਦੇ ਵਾਹਨਾਂ ਨਾਲ ਪਹਿਲਾਂ ਹੀ ਭੀੜ-ਭੜੱਕੇ ਵਾਲੇ ਖੇਤਰ ਵਿੱਚ ਹੋਰ ਟ੍ਰੈਫਿਕ ਜੋੜਨ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ। ਦੂਜੇ ਪਾਸੇ ਇਸ ਦੇ ਪੱਖ ਵਿੱਚ ਬੁਲਾਰਿਆਂ ਅਤੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੇ ਟ੍ਰੈਫਿਕ-ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਸ਼ਹਿਰ ਦੇ ਸਟਾਫ ਨਾਲ ਕੰਮ ਕੀਤਾ ਹੈ, ਜਿਸ ਵਿੱਚ ਚੌਰਾਹੇ 'ਤੇ ਪੈਦਲ ਚੱਲਣ ਵਾਲੇ ਕਾਉਂਟ-ਡਾਊਨ ਘੜੀਆਂ ਅਤੇ ਸਮਰਪਿਤ ਖੱਬੇ-ਵਾਰੀ ਲੇਨਾਂ ਸ਼ਾਮਲ ਹਨ। ਉਹਨਾਂ ਕਿਹਾ ਕਿ ਵਰਤਮਾਨ ਵਿੱਚ 90 ਪ੍ਰਤੀਸ਼ਤ ਵਿਦਿਆਰਥੀ ਐਬਟਸਫੋਰਡ ਤੋਂ ਐਲਡਰਗਰੋਵ ਤੱਕ ਬੱਸ ਵਿੱਚ ਹਨ, ਅਤੇ ਅਨੁਮਾਨਾਂ ਤੋਂ ਸੰਕੇਤ ਮਿਲਦਾ ਹੈ ਕਿ 70 ਪ੍ਰਤੀਸ਼ਤ ਨਵੇਂ ਸਕੂਲ ਲਈ ਬੱਸ ਜਾਰੀ ਰਹਿਣਗੇ। ਇਹ ਵੀ ਦੱਸਿਆ ਗਿਆ ਕਿ ਖਾਲਸਾ ਸਕੂਲ ਦਾ ਸ਼ੁਰੂ ਅਤੇ ਬਰਖਾਸਤਗੀ ਦਾ ਸਮਾਂ ਇਲਾਕੇ ਦੇ ਹੋਰਨਾਂ ਸਕੂਲਾਂ ਨਾਲੋਂ ਵੱਖਰਾ ਹੋਵੇਗਾ।

ਖਾਲਸਾ ਸਕੂਲ ਦੀ ਮਨਜ਼ੂਰੀ ਲਈ ਜਿੱਥੇ ਇਹ ਮਾਣ ਵਾਲੀ ਗੱਲ ਹੈ ਕਿ ਵੱਖ-ਵੱਖ ਸਿੱਖ ਸੰਸਥਾਵਾਂ ਨੇ ਇੱਕਮੁੱਠ ਹੋ ਕੇ ਇਸ ਦੀ ਹਮਾਇਤ ਕੀਤੀ, ਉਥੇ ਹੋਰ ਵੀ ਮਹੱਤਵਪੂਰਨ ਗੱਲ ਹੈ ਕਿ ਕਾਉਂਸਿਲ ਦੀ ਵੋਟ ਤੋਂ ਪਹਿਲਾਂ ਸੁਣਵਾਈ ਤੋਂ ਬਾਅਦ ਚਰਚਾ ਵਿੱਚ, ਕਾਉਂਸਲਰ ਡੇਵ ਲੋਵੇਨ ਅਤੇ ਮੇਅਰ ਰੌਸ ਸੀਮਨਜ਼ ਦੋਵਾਂ ਨੇ ਟਿੱਪਣੀ ਕੀਤੀ ਕਿ ਡਾਊਨਸ ਰੋਡ 'ਤੇ ਨੇੜਲੇ 'ਐਮਈਆਈ ਕੈਂਪਸ ਦੇ ਹਾਲ ਹੀ ਵਿੱਚ ਮਨਜ਼ੂਰ ਕੀਤੇ ਗਏ' ਵਿਸਥਾਰ ਨੇ ਸੰਭਾਵੀ ਟ੍ਰੈਫਿਕ ਮੁੱਦਿਆਂ ਬਾਰੇ 'ਸਥਾਨਕ ਨਿਵਾਸੀਆਂ ਦੀ ਕੋਈ ਚਿੰਤਾ ਨਹੀਂ' ਕੀਤੀ।

ਦੋਵਾਂ ਨੇ ਇਹ ਵੀ ਕਿਹਾ ਕਿ ਜੇਕਰ ਖਾਲਸਾ ਸਕੂਲ ਨੂੰ ਮਨਜ਼ੂਰੀ ਨਾ ਦਿੱਤੀ ਗਈ, ਤਾਂ ਸੰਪੱਤੀ ਉੱਚ-ਘਣਤਾ ਵਾਲਾ ਰਿਹਾਇਸ਼ੀ ਵਿਕਾਸ ਬਣ ਜਾਵੇਗੀ, ਜਿਸ ਨਾਲ ਆਵਾਜਾਈ ਹੋਰ ਵੀ ਪ੍ਰਭਾਵਿਤ ਹੋ ਸਕਦੀ ਹੈ। ਮੇਅਰ ਨੇ ਖਾਲਸਾ ਸਕੂਲ ਦੀ ਮਨਜ਼ੂਰੀ ਦੇ ਹੱਕ ਵਿੱਚ ਕਿਹਾ ਕਿ ਇਹ ਸੰਪਤੀ ਅਤੇ ਵਿਕਾਸ ਕੋਰੀਡੋਰ ਦੇ ਨਾਲ ਸੁਧਾਰ ਕਰਨ ਲਈ ਸਾਡਾ ਸਭ ਤੋਂ ਵਧੀਆ ਵਿਕਲਪ ਹੈ। ਪ੍ਰੋਜੈਕਟ ਦੇ ਹੱਕ ਵਿੱਚ ਪੈਟਰੀਸ਼ੀਆ ਰੌਸ, ਡੇਵ ਸਿੱਧੂ ਅਤੇ ਕੈਲੀ ਚਾਹਲ ਕੌਂਸਲਰ ਸਨ ਜਦ ਕਿ ਦੂਜੇ ਪਾਸੇ ਸਾਈਮਨ ਗਿਬਸਨ, ਲੈੱਸ ਬਾਰਕਮੈਨ, ਪੈਟਰੀਸ਼ੀਆ ਡਰੀਸਨ ਅਤੇ ਮਾਰਕ ਵਾਰਕੇਂਟਿਨ ਨੇ ਪ੍ਰੋਜੈਕਟ ਦੇ ਵਿਰੁੱਧ ਵੋਟ ਦਿੱਤੀ।

ਕੈਨੇਡਾ ਦੀ ਮਿਆਰੀ ਵਿੱਦਿਆ ਦੇ ਨਾਲ ਨਾਲ ਪੰਜਾਬੀ ਬੋਲੀ, ਗੁਰਮੁਖੀ ਲਿਪੀ, ਸਿੱਖ ਇਤਿਹਾਸ, ਗੁਰਬਾਣੀ, ਕੀਰਤਨ ਅਤੇ ਸਿੱਖ ਮਾਰਸ਼ਲ ਆਰਟਸ ਗਤਕਾ ਸਮੇਤ ਵੱਖ-ਵੱਖ ਪਹਿਲੂਆਂ ਨੂੰ ਪ੍ਰਣਾਏ ਹੋਏ ਖਾਲਸਾ ਸਕੂਲ ਦੀ ਸਥਾਪਨਾ 1986 ਵਿੱਚ ਸਭ ਤੋਂ ਪਹਿਲਾਂ ਵੈਨਕੂਵਰ ਵਿੱਚ ਕੀਤੀ ਗਈ ਸੀ ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਸਰੀ ਵਿੱਚ ਸਤਿਨਾਮ ਐਜੂਕੇਸ਼ਨ ਟਰਸਟ ਨੇ ਆਪਣਾ ਪਹਿਲਾ ਸਥਾਈ ਕੈਂਪਸ ਖੋਲ੍ਹਿਆ ਗਿਆ ਸੀ, ਜੋ ਬੀ.ਸੀ. ਵਿੱਚ ਸਭ ਤੋਂ ਵੱਡਾ ਸੁਤੰਤਰ ਸਕੂਲ ਬਣ ਗਿਆ। ਫਰੇਜ਼ਰ ਵੈਲੀ ਅਤੇ ਖਾਸ ਕਰਕੇ, ਐਬਟਸਫੋਰਡ ਲਈ ਮਾਣ ਵਾਲੀ ਗੱਲ ਹੈ ਕਿ ਇੱਥੇ ਪਹਿਲਾਂ ਹੀ ਦਸ਼ਮੇਸ਼ ਪੰਜਾਬੀ ਸਕੂਲ ਵਧੀਆ ਸੇਵਾਵਾਂ ਦੇ ਰਿਹਾ ਹੈ ਅਤੇ ਹੁਣ ਖਾਲਸਾ ਸਕੂਲ ਦੀ ਸਥਾਪਨਾ ਨਾਲ 'ਸੋਨੇ ਤੇ ਸੁਹਾਗੇ' ਵਾਲੀ ਗੱਲ ਹੋਵੇਗੀ।