ਗੈਰ ਕਨੂੰਨੀ ਪ੍ਰਵਾਸੀਆਂ ਦੀ ਭਾਲ ਲਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦਾ ਰੁਖ ਗੁਰਦੁਆਰਿਆਂ ਵਲ

ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧ,ਧਰਮ ਦਾ ਅਪਮਾਨ ਦੱਸਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ-ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਪਰਵਾਸੀਆਂ ਦੀ ਜਾਂਚ ਕਰਨ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ’ਤੇ ਕੁੱਝ ਸਿੱਖ ਜਥੇਬੰਦੀਆਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਸਿੱਖ ਜਥੇਬੰਦੀਆਂ ਨੇ ਅਜਿਹੀ ਕਾਰਵਾਈ ਨੂੰ ਆਪਣੇ ਧਰਮ ਦੀ ਪਵਿੱਤਰਤਾ ਲਈ ਖ਼ਤਰਾ ਦੱਸਿਆ ਹੈ। ਮੰਨਿਆ ਜਾਂਦਾ ਹੈ ਕਿ ਵੈਧ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਕੁੱਝ ਪਰਵਾਸੀ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੀ ਵਰਤੋਂ ਕਰਦੇ ਹਨ।
ਡੋਨਲਡ ਟਰੰਪ ਵੱਲੋਂ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਗ੍ਰਹਿ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਸਕੱਤਰ ਬੈਂਜਾਮਿਨ ਹਫਮੈਨ ਨੇ ਇੱਕ ਨਿਰਦੇਸ਼ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਤੇ ਕਸਟਮਜ਼ ਤੇ ਸਰਹੱਦੀ ਸੁਰੱਖਿਆ (ਸੀਬੀਪੀ) ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਜੋਅ ਬਾਇਡਨ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ, ਜੋ ਅਖੌਤੀ ‘ਸੰਵੇਦਨਸ਼ੀਲ’ ਖੇਤਰਾਂ ਵਿੱਚ ਜਾਂ ਉਨ੍ਹਾਂ ਨੇੜੇ ਕਾਨੂੰਨ ਲਾਗੂ ਕਰਨ ਸਬੰਧੀ ਰੁਕਾਵਟਾਂ ਪੈਦਾ ਕਰਦੇ ਹਨ। ਇਨ੍ਹਾਂ ‘ਸੰਵੇਦਨਸ਼ੀਲ’ ਖੇਤਰਾਂ ਵਿੱਚ ਗੁਰਦੁਆਰੇ ਅਤੇ ਚਰਚ ਵਰਗੇ ਧਾਰਮਿਕ ਸਥਾਨ ਵੀ ਸ਼ਾਮਲ ਹਨ।
ਗ੍ਰਹਿ ਸੁਰੱਖਿਆ ਵਿਭਾਗ ਦੇ ਤਰਜਮਾਨ ਨੇ ਕਿਹਾ, ‘ਮੁਲਜ਼ਮ ਹੁਣ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕਾ ਦੇ ਸਕੂਲਾਂ ਅਤੇ ਚਰਚਾਂ ਵਿੱਚ ਲੁਕ ਨਹੀਂ ਸਕਣਗੇ।
‘ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ (ਐੱਸਏਐੱਲਡੀਐੱਫ) ਨੇ ਇੱਕ ਬਿਆਨ ਵਿੱਚ ‘ਸੰਵੇਦਨਸ਼ੀਲ ਖੇਤਰਾਂ’ ਨੂੰ ਨਿਰਧਾਰਤ ਕਰਨ ਵਾਲੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ਦੇ ਹੁਕਮਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਕਿਹਾ, ‘ਅਸੀਂ ਗ੍ਰਹਿ ਸੁਰੱਖਿਆ ਵਿਭਾਗ ਦੇ ਸੰਵੇਦਨਸ਼ੀਲ ਖੇਤਰਾਂ ਲਈ ਸੁਰੱਖਿਆ ਖਤਮ ਕਰਨ ਅਤੇ ਫਿਰ ਗੁਰਦੁਆਰਿਆਂ ਵਰਗੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਫੈਸਲੇ ਤੋਂ ਬਹੁਤ ਚਿੰਤਤ ਹਾਂ।’ ਉਨ੍ਹਾਂ ਕਿਹਾ ਕਿ ਗੁਰਦੁਆਰੇ ਸਿਰਫ਼ ਪੂਜਾ ਸਥਾਨ ਨਹੀਂ, ਸਗੋਂ ਇਹ ਅਹਿਮ ਭਾਈਚਾਰਕ ਕੇਂਦਰ ਹਨ। ਅਜਿਹੀਆਂ ਕਾਰਵਾਈਆਂ ਧਰਮ ਦੀ ਪਵਿੱਤਰਤਾ ਲਈ ਖ਼ਤਰਾ ਹਨ।
Comments (0)