ਅਮਰੀਕਾ ਵਿਚ ਜਬਰਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਬੇਨਤੀ ਰੱਦ,ਬੁੱਧਵਾਰ ਨੂੰ ਲਾਇਆ ਜਾਵੇਗਾ ਜ਼ਹਿਰ ਦਾ ਟੀਕਾ

ਅਮਰੀਕਾ ਵਿਚ ਜਬਰਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਬੇਨਤੀ ਰੱਦ,ਬੁੱਧਵਾਰ ਨੂੰ ਲਾਇਆ ਜਾਵੇਗਾ ਜ਼ਹਿਰ ਦਾ ਟੀਕਾ
ਕੈਪਸ਼ਨ : ਰਮੀਰੋ ਗੋਨਜ਼ਾਲੇਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟੈਕਸਾਸ ਪੈਰੋਲ ਬੋਰਡ ਵੱਲੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਰਮੀਰੋ ਗੋਨਜ਼ਾਲੇਸ ਦੀ ਰਹਿਮ ਦੀ ਅਪੀਲ ਰੱਦ  ਕਰ ਦਿੱਤੀ ਗਈ ਹੈ। 18 ਸਾਲਾ ਲੜਕੀ ਬ੍ਰਿਡਗਟ ਟਾਊਨਸੈਂਡ ਦੀ ਜਬਰਜਨਾਹ ਉਪਰੰਤ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਰਮੀਰੋ ਗੋਨਜ਼ਾਲੇਸ ਨੂੰ ਹੁਣ ਬੁੱਧਵਾਰ ਨੂੰ ਜ਼ਹਿਰ ਦਾ ਟੀਕੇ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਕੀਤਾ ਜਾਵੇਗਾ ਹਾਲਾਂ ਕਿ ਸ਼ੱਕੀ ਦੋਸ਼ੀ ਦੇ ਵਕੀਲਾਂ  ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪ੍ਰਮੁੱਖ ਮਾਹਿਰ ਗਵਾਹ ਦੀ ਅਜੇ ਤੱਕ ਗਵਾਹੀ ਨਹੀਂ ਹੋਈ। 41 ਸਾਲਾ ਗੋਨਜ਼ਾਲੇਸ ਨੇ ਬੋਰਡ ਆਫ ਪਾਰਡਨਜ ਐਂਡ ਪੈਰੋਲ ਨੂੰ ਬੇੇਨਤੀ ਕੀਤੀ ਸੀ ਕਿ ਉਸ ਬਾਰੇ ਰਹਿਮ ਦੀ ਸਿਫਾਰਿਸ਼ ਕੀਤੀ ਜਾਵੇ ਤਾਂ ਜੋ ਗਵਰਨਰ ਗਰੇਗ ਅਬੋਟ ਉਸ ਦੀ ਮੌਤ ਦੀ ਸਜ਼ਾ ਨੂੰ ਘੱਟ ਸਜ਼ਾ ਜਿਵੇਂ ਬਿਨਾਂ ਜ਼ਮਾਨਤ ਉਮਰ ਭਰ ਲਈ ਜੇਲ ਦੀ ਸਜ਼ਾ ਵਿਚ ਤਬਦੀਲ ਕਰ ਸਕੇ। ਪਰੰਤੂ ਬੋਰਡ ਨੇ 7-0 ਦੇ ਫਰਕ ਨਾਲ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਤੇ ਸਜ਼ਾ ਉਪਰ ਆਰਜੀ ਰੋਕ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ। ਗੋਨਜ਼ਾਲੇਸ ਦੇ ਵਕੀਲਾਂ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬੋਰਡ ਦੇ ਫੈਸਲੇ ਨੇ ਉਨਾਂ ਨੂੰ ਬਹੁਤ ਦੁਖੀ ਤੇ ਨਿਰਾਸ਼ ਕੀਤਾ ਹੈ।

ਵਕੀਲਾਂ ਨੇ ਕਿਹਾ ਹੈ ਕਿ ਜੇਕਰ ਗੋਨਜ਼ਾਲੇਸ ਨੂੰ ਬੁੱਧਵਾਰ ਨੂੰ ਮੌਤ ਦਿੱਤੀ ਜਾਂਦੀ ਹੈ ਤਾਂ   ਇਹ ਅਨਿਆਂ ਹੋਵੇਗਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜਨਵਰੀ 2001 ਵਿਚ ਗੋਨਜ਼ਾਲੇਸ ਨੇ ਆਪਣੇ ਡਰੱਗ ਸਪਲਾਇਰ  ਨੂੰ ਫੋਨ ਕੀਤਾ ਜੋ ਲੜਕੀ ਟਾਊਨਸੈਂਡ ਦਾ ਦੋਸਤ ਲੜਕਾ ਸੀ। ਇਸ 'ਤੇ ਟਾਊਨਸੈਂਡ ਨੇ ਕਿਹਾ ਕਿ ਉਸ ਦਾ ਦੋਸਤ ਕੰਮ 'ਤੇ ਹੈ। ਇਸ  ਉਪਰੰਤ ਗੋਨਜ਼ਾਲੇਸ ਡਰੱਗ ਦੀ ਭਾਲ ਵਿਚ ਉਸ ਦੇ ਘਰ ਗਿਆ ਜਿਥੇ ਉਸ ਨੇ ਪਹਿਲਾਂ ਪੈਸੇ ਚੋਰੀ ਕੀਤੇ ਫਿਰ ਟਾਊਨਸੈਂਡ ਦੇ ਹੱਥ ਤੇ ਪੈਰ ਬਨ ਦਿੱਤੇ। ਬਾਅਦ ਵਿਚ ਉਹ ਉਸ ਨੂੰ ਅਗਵਾ ਕਰਕੇ ਨਾਲ ਲੱਗਦੇ ਆਪਣੇ ਪਰਿਵਾਰ ਦੇ ਫਾਰਮ 'ਤੇ ਲੈ ਗਿਆ ਜਿਥੇ ਉਸ ਨੇ ਪਹਿਲਾਂ ਟਾਊਨਸੈਂਡ ਨਾਲ ਜਬਰਜਨਾਹ ਕੀਤਾ ਤੇ ਬਾਅਦ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।