ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਅਧਿਕਾਰ ਗੁਆ ਚੁੱਕੀ ਹੈ-ਜਥੇਦਾਰ

ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਅਧਿਕਾਰ ਗੁਆ ਚੁੱਕੀ ਹੈ-ਜਥੇਦਾਰ

    ਬਾਦਲਾਂ ਦੇ ਕਬੂਲਨਾਮੇ

ਸਿੰਘ ਸਾਹਿਬਾਨ ਵਲੋਂ ਜਾਰੀ ਆਦੇਸ਼ ਅਨੁਸਾਰ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ 'ਤੇ ਲੱਗੇ ਹਰ ਗੁਨਾਹ ਨੂੰ ਕਬੂਲ ਕੀਤਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਬਣਦਾ ਗੁਨਾਹ ਕਬੂਲ ਕੀਤਾ । ਇਨ੍ਹਾਂ ਦੇ ਨਾਲ ਹੇਠ ਲਿਖੇ 7 ਭਾਗੀਦਾਰ ਹਨ, ਜਿਨ੍ਹਾਂ ਨੇ ਗੁਨਾਹਾਂ ਵਿਚ ਸਾਂਝੀਦਾਰੀ ਨੂੰ ਕਬੂਲ ਕੀਤਾ । 

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਨਾਲ ਕੈਬਨਿਟ ਦਾ ਹਿੱਸਾ ਰਹੇ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਪਹਿਲਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਰੇ ਆਗੂਆਂ ਤੋਂ ਕੀਤੇ ਗਏ ਗੁਨਾਹਾਂ ਦਾ ਜਵਾਬ ਹਾਂ ਜਾ ਨਾਂਹ ਵਿਚ ਦੇਣ ਦੇ ਆਦੇਸ਼ ਕੀਤੇ ਗਏ, ਜਿਸ ਤੋਂ ਬਾਅਦ ਜਥੇਦਾਰ ਵਲੋਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਸਰਕਾਰ ਦੌਰਾਨ ਪੰਥਕ ਮੁੱਦਿਆਂ ਨੂੰ ਵਿਸਾਰਨ ਦਾ ਗੁਨਾਹ ਕਰਨ ਸੰਬੰਧੀ ਸਵਾਲ ਕੀਤਾ ਤਾਂ ਸੁਖਬੀਰ ਨੇ ਜਵਾਬ 'ਹਾਂ' ਵਿਚ ਦਿੱਤਾ ।ਇਸ ਉਪਰੰਤ ਜਥੇਦਾਰ ਵਲੋਂ ਹੋਰ ਗੁਨਾਹਾਂ ਬਾਰੇ ਪੁੱਛੇ ਸਵਾਲਾਂ ਕਿ, ਅਕਾਲੀ ਸਰਕਾਰ ਸਮੇਂ ਸਿੱਖਾਂ ਦੇ ਕਾਤਲ ਅਫ਼ਸਰਾਂ ਨੂੰ ਤਰੱਕੀਆਂ ਦੇਣ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣ, ਸਿੱਖਾਂ ਦੇ ਗੁਨਾਹਗਾਰ ਡੇਰਾ ਸਿਰਸਾ ਮੁਖੀ 'ਤੇ ਦਰਜ ਕੇਸ ਵਾਪਸ ਕਰਵਾਉਣ ਦਾ ਗੁਨਾਹ ਕਰਨ, ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੁਆਫੀ ਮੰਗੇ ਮੁਆਫ਼ੀ ਦਿਵਾਉਣ ਲਈ ਜਥੇਦਾਰਾਂ ਨੂੰ ਆਪਣੇ ਘਰ ਸੱਦ ਕੇ ਮੁਆਫ਼ੀ ਦਿਵਾਉਣ ਬਾਰੇ ਕਹਿਣ, ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ, ਪੋਸਟਰ ਲਗਾ ਕੇ ਸਿੱਖਾਂ ਨੂੰ ਵੰਗਾਰਨ ਵਾਲਿਆਂ ਨੂੰ ਲੱਭਣ ਵਿਚ ਨਾਕਾਮ ਰਹਿਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਪਾੜ ਕੇ ਉਨ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਨ, ਬਹਿਬਲ ਕਲਾਂ ਵਿਚ ਸਿੱਖਾਂ 'ਤੇ ਗੋਲੀ ਚਲਾ ਕੇ ਕਤਲ ਦੀ ਘਟਨਾ, ਸ਼ੋ੍ਮਣੀ ਕਮੇਟੀ ਨੂੰ ਕਹਿ ਕੇ ਡੇਰਾ ਸਿਰਸਾ ਨੂੰ ਦਿੱਤੀ ਗਈ ਮੁਆਫ਼ੀ ਨੂੰ ਸਹੀ ਠਹਿਰਾਉਣ ਲਈ ਇਸ਼ਤਿਹਾਰ ਲਗਵਾਉਣ ਲਈ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰਨ ਦੇ ਕੀਤੇ ਗਏ ਗੁਨਾਹਾਂ ਦਾ ਜਵਾਬ ਮੰਗਿਆ ਗਿਆ, ਜਿਸ ਦਾ ਜਵਾਬ ਸੁਖਬੀਰ ਵਲੋਂ ਹਾਂ ਵਿਚ ਦਿੱਤਾ ਗਿਆ ।

ਇਸ ਦੌਰਾਨ ਜਥੇਦਾਰ ਸਾਹਿਬਾਨ ਨੇ ਉਕਤ ਦੋਸ਼ਾਂ ਲਈ ਸਿੱਧੇ ਰੂਪ ਵਿਚ ਸ਼ਾਮਿਲ ਦੋਸ਼ੀ ਅਕਾਲੀ ਆਗੂਆਂ ਤੇ ਮੰਤਰੀਆਂ ਤੋਂ ਇਲਾਵਾ ਇਨ੍ਹਾਂ ਗਲਤੀਆਂ ਦਾ ਵਿਰੋਧ ਕਰਨ ਵਾਲੇ ਜਾਂ ਸਿੱਧੇ ਤੌਰ 'ਤੇ ਸ਼ਾਮਿਲ ਨਾ ਰਹੇ ਹੋਣ ਵਾਲੇ ਅਕਾਲੀ ਆਗੂਆਂ ਤੇ ਸਾਬਕਾ ਮੰਤਰੀਆਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਉਨ੍ਹਾਂ ਨੂੰ ਵੱਖੋ ਵੱਖ ਧਾਰਮਿਕ ਤਨਖ਼ਾਹਾਂ ਲਗਾਈਆਂ ।ਸਿੱਧੇ ਰੂਪ ਵਿਚ ਦੋਸ਼ੀ ਪਾਏ ਗਏ ਤੇ ਦੋਸ਼ ਕਬੂਲ ਕਰਨ ਵਾਲੇ ਅਕਾਲੀ ਆਗੂਆਂ, ਜਿਨ੍ਹਾਂ ਵਿਚ ਸੁਖਬੀਰ ਸਿੰੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਡਾ: ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰੰਘ ਲੰਗਾਹ ਤੇ ਹੀਰਾ ਸਿੰੰਘ ਗਾਬੜੀਆ ਸ਼ਾਮਿਲ ਸਨ, ਨੂੰ ਗਲਾਂ ਵਿਚ ਗੁਰਬਾਣੀ ਲਿਖੀਆਂ ਤਖ਼ਤੀਆਂ ਪਾ ਕੇ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਗਈ । ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੋਈਆਂ ਭੁੱਲਾਂ ਗਲਤੀਆਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਆਪਣਾ ਗੁਨਾਹ ਕਬੂਲ ਕਰਨ ਤੋਂ ਬਾਅਦ ਸੁਖਬੀਰ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਠੀਕ ਨਾ ਹੋਣ ਕਾਰਨ ਵੀਲ੍ਹ ਚੇਅਰ 'ਤੇ ਬੈਠ ਕੇ ਇਕ ਘੰਟਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਡਿਉੜੀ ਵਿਚ ਚੋਬਦਾਰ ਵਾਲਾ ਚੋਲਾ ਪਾ ਕੇ ਹੱਥ ਵਿਚ ਰਵਾਇਤੀ ਸ਼ਸਤਰ ਬਰਛਾ ਫੜ ਕੇ ਤੇ ਗਲਾਂ ਵਿਚ ਗੁਰਬਾਣੀ ਲਿਖੀ ਤਖ਼ਤੀ ਪਾ ਕੇ ਸਵੇਰੇ 9 ਤੋਂ 10 ਵਜੇ ਤੱਕ ਇਕ ਘੰਟਾ ਡਿਊਟੀ ਦੇਣ ਸਮੇਤ ਹੋਰ ਅਕਾਲੀ ਆਗੂਆਂ ਨੂੰ ਦੋ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਜੂਠੇ ਬਰਤਨ ਸਾਫ ਕਰਨ, ਜੋੜਿਆਂ ਦੀ ਸੇਵਾ ਕਰਨ, ਕੀਰਤਨ ਸਰਵਣ ਕਰਨ ਤੇ ਨਿਤਨੇਮ ਤੋਂ ਇਲਾਵਾ ਇਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਧਾਰਮਿਕ ਤਨਖ਼ਾਹ ਲਗਾਈ ਗਈ । ਇਸ ਤੋਂ ਇਲਾਵਾ ਇਨ੍ਹਾਂ ਸੱਤ ਅਕਾਲੀ ਆਗੂੁਆਂ ਨੂੰ ਦੋ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਘੰਟਾ ਲੰਗਰ ਵਿਚ ਭਾਂਡੇ ਮਾਂਜਣ, ਇਕ ਘੰਟਾ ਕੀਰਤਨ ਸੁਣਨ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਇਕ ਪਾਠ ਕਰਨ ਦੀ ਸੇਵਾ ਤੋਂ ਇਲਾਵਾ ਇਹੀ ਸੇਵਾਵਾਂ ਦੋ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੇ ਦੋ ਦਿਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਉਪਰੋਕਤ ਤਨਖਾਹ ਭੁਗਤਣ ਦਾ ਆਦੇਸ਼ ਦਿੱਤਾ ਗਿਆ ।

ਉਪਰੰਤ ਡਾ: ਚੀਮਾ 'ਤੇ ਡੇਰਾ ਸਿਰਸਾ ਮੁਖੀ ਦੇ ਪੱਤਰ ਵਿਚ ਨਾਂਅ ਨਾਲ ਖਿਮਾ ਯਾਚਨਾ ਸ਼ਬਦ ਲਿਖਣ ਦੇ ਲੱਗੇ ਦੋਸ਼ ਦਾ ਜਵਾਬ ਮੰਗਿਆ, ਜਿਸ 'ਤੇ ਡਾ: ਚੀਮਾ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤਾ । ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਡੇਰਾ ਸਿਰਸਾ ਮੁਖੀ ਵਲੋਂ ਰਚਾਏ ਸਵਾਂਗ ਦੌਰਾਨ ਉਸ ਦੀ ਪਾਈ ਹੋਈ ਪੁਸ਼ਾਕ ਉਪਲਬਧ ਕਰਵਾਉਣ ਦੇ ਲਗੇ ਦੋਸ਼ਾਂ ਦਾ ਜਵਾਬ ਮੰਗਿਆ ਗਿਆ, ਜਿਸ ਬਾਰੇ ਉਨ੍ਹਾਂ ਇਨਕਾਰ ਕਰ ਦਿੱਤਾ । ਇਸ ਤੋਂ ਇਲਾਵਾ ਆਪ੍ਰੇਸ਼ਨ ਕਾਲੀ ਗਰਜ ਦੌਰਾਨ ਹੋਈ ਫਾਇਰਿੰਗ ਵਿਚ ਉਸ ਦੇ ਸ਼ਾਮਿਲ ਹੋਣ ਬਾਰੇ ਪੁੱਛੇ ਜਾਣ 'ਤੇ ਚੰਦੂਮਾਜਰਾ ਵਲੋਂ ਇਨ੍ਹਾਂ ਦੋਸ਼ਾਂ ਨੂੰ ਵੀ ਅਸਵੀਕਾਰ ਕੀਤਾ ਗਿਆ । ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਸਿੱਖਾਂ ਦੇ ਕਾਤਲ ਅਫ਼ਸਰਾਂ ਨੂੰ ਤਰੱਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿਵਾਉਣ ਸੰਬੰਧੀ ਕੀਤੇ ਗੁਨਾਹਾਂ ਬਾਰੇ ਪੁੱਛੇ ਜਾਣ 'ਤੇ ਆਪਣਾ ਗੁਨਾਹ ਸਵੀਕਾਰ ਕੀਤਾ । ਇਸ ਸੰਬੰਧੀ ਪਰਮਿੰਦਰ ਸਿੰਘ ਢੀਂਡਸਾ ਨੇ ਸਵੀਕਾਰ ਕੀਤਾ ਕਿ ਇਸ ਬਾਰੇ ਜਾਣਕਾਰੀ ਤਾਂ ਉਸ ਨੂੰ ਸੀ, ਪਰ ਇਸ ਵਿਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਹੈ ।ਸੁਰਜੀਤ ਸਿੰਘ ਰੱਖੜਾ ਨੇ ਵੀ ਇਸ ਗੁਨਾਹ ਨੂੰ ਅਸਵੀਕਾਰ ਕੀਤਾ ।ਇਸ ਉਪਰੰਤ ਜਥੇਦਾਰ ਵਲੋਂ ਆਪਣੇ ਗੁਨਾਹ ਕਬੂਲਣ ਵਾਲੇ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਖੜ੍ਹੇ ਹੋਣ ਤੇ ਜਿਹੜੇ ਆਗੂ ਉਦੋਂ ਚੁੱਪ ਰਹੇ ਸਨ, ਜਾਂ ਜਿਨ੍ਹਾਂ ਵਿਰੋਧ ਕੀਤਾ ਸੀ ਉਨ੍ਹਾਂ ਨੂੰ ਵੱਖਰੇ ਖੜ੍ਹੇ ਹੋਣ ਦਾ ਆਦੇਸ਼ ਸੁਣਾਇਆ । ਇਸੇ ਦੌਰਾਨ ਚੰਦੂਮਾਜਰਾ ਨੂੰ ਡੇਰਾ ਮੁਖੀ ਨੂੰ ਮੁਆਫ਼ ਕਰਨ ਦੇ ਫ਼ੈਸਲੇ ਦਾ ਅਖਬਾਰਾਂ ਵਿਚ ਬਿਆਨ ਲਗਾ ਕੇ ਹਮਾਇਤ ਕਰਨ ਲਈ ਸੁਖਬੀਰ ਦੇ ਨਾਲ ਖੜ੍ਹੇ ਹੋਣ ਲਈ ਕਿਹਾ ਗਿਆ । ਇਸੇ ਦੌਰਾਨ ਚੰਦੂਮਾਜਰਾ 'ਤੇ ਲੱਗੇ ਦੋਸ਼ਾਂ ਸੰਬੰਧੀ ਲੱਗੀਆਂ ਪੁਰਾਣੀਆਂ ਖ਼ਬਰਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੜ੍ਹ ਕੇ ਸੁਣਾਈਆਂ ਗਈਆਂ, ਜਿਸ 'ਤੇ ਚੰਦੂਮਾਜਰਾ ਨੇ ਇਨ੍ਹਾਂ ਬਿਆਨਾਂ ਨੂੰ ਝੁਠਲਾਇਆ ਤੇ ਇਸ ਦਾ ਸਪੱਸ਼ਟੀਕਰਨ ਨਾ ਕਰਨ ਲਈ ਆਪਣੀ ਗਲਤੀ ਨੂੰ ਸਵੀਕਾਰਿਆ ।ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਬਨਿਟ ਦਾ ਹਿੱਸਾ ਹੋਣ ਦੇ ਨਾਤੇ ਜੋ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ, ਨਹੀਂ ਕਰ ਸਕਿਆ ਇਸ ਕਰਕੇ ਉਨ੍ਹਾਂ ਆਪਣੇ ਗੁਨਾਹ ਸਵੀਕਾਰ ਕੀਤੇ ।

ਡਾ: ਉਪਿੰਦਰਜੀਤ ਕੌਰ, ਮਲੂਕਾ, ਬੰਗੀ ਤੇ ਭੌਰ ਨਹੀਂ ਹੋਏ ਸ਼ਾਮਿਲ

ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਈ ਅਕਾਲੀ ਲੀਡਰਸ਼ਿਪ 'ਚ ਅਕਾਲੀ ਆਗੂੁ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਡਾ: ਉਪਿੰਦਰਜੀਤ ਕੌਰ ਤੇ ਸ਼ੋ੍ਮਣੀ ਕਮੇਟੀ ਦੇ ਤਤਕਾਲੀ ਅੰਤਿ੍ੰਗ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਤੇ ਮੋਹਨ ਸਿੰੰਘ ਬੰਗੀ ਬਿਮਾਰ ਹੋਣ ਕਾਰਨ ਜਾਂ ਵਿਦੇਸ਼ ਗਏ ਹੋਣ ਕਾਰਨ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੋਏ । ਉਨ੍ਹਾਂ ਨੂੰ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿਚ ਪੇਸ਼ ਹੋਣ ਦਾ ਆਦੇਸ਼ ਕੀਤਾ ਕੀਤਾ ਗਿਆ ।

ਰਾਮੂਵਾਲੀਆ, ਸਿਰਸਾ ਤੇ ਮਨਪ੍ਰੀਤ ਦੀ ਨਹੀਂ ਹੋਈ ਸੁਣਵਾਈ

ਇਸੇ ਦੌਰਾਨ ਤਲਬ ਕੀਤੇ ਗਏ ਸਾਬਕਾ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ, ਪਹਿਲਾਂ ਅਕਾਲੀ ਦਲ ਤੇ ਹੁਣ ਭਾਜਪਾ ਵਿਚ ਸ਼ਾਮਿਲ ਮਨਜਿੰਦਰ ਸਿੰਘ ਸਿਰਸਾ ਤੇ ਮਨਪ੍ਰੀਤ ਸਿੰਘ ਬਾਦਲ ਵੀ ਅਕਾਲ ਤਖ਼ਤ ਸਾਹਿਬ ਸਨਮੁਖ ਪੇਸ਼ ਹੋਣ ਪੁੱਜੇ, ਪਰ ਕਾਰਵਾਈ ਆਰੰਭ ਹੁੰਦਿਆਂ ਹੀ ਸਿੰਘ ਸਾਹਿਬ ਵਲੋਂ ਆਦੇਸ਼ ਕੀਤਾ ਗਿਆ ਕਿ ਜੋ ਆਗੂ ਪਤਿਤ ਹਨ, ਉਹ ਉੱਠ ਕੇ ਚਲੇ ਜਾਣ ਤੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਲਿਖਤੀ ਸਪੱਸ਼ਟੀਕਰਨ ਦੇ ਦੇਣ, ਉਨ੍ਹਾਂ ਬਾਰੇ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ, ਜਿਸ 'ਤੇ ਇਹ ਤਿੰਨੇ ਆਗੂ ਪਤਿਤ ਹੋਣ ਕਾਰਨ ਉੱਠ ਕੇ ਬਾਹਰ ਚਲੇ ਗਏ ਤੇ ਆਪਣਾ ਸਪੱਸ਼ਟੀਕਰਨ ਸਕੱਤਰੇਤ ਵਿਖੇ ਸੌਂਪਿਆ | ਇਨ੍ਹਾਂ ਬਾਰੇ ਕਾਰਵਾਈ ਸਿੰਘ ਸਾਹਿਬਾਨ ਦੀ ਅਗਲੀ ਹੋਣ ਵਾਲੀ ਇਕੱਤਰਤਾ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ |

ਸੁਖਬੀਰ, ਢੀਂਡਸਾ, ਭੂੰਦੜ, ਲੰਗਾਹ, ਗਾਬੜੀਆ, ਰਣੀਕੇ ਤੇ ਡਾ. ਚੀਮਾ ਨੂੰ ਲਗਾਈ ਤਨਖ਼ਾਹ

* 3 ਦਸੰਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਦੇ ਪ੍ਰਬੰਧ ਅਧੀਨ ਸੰਗਤ ਲਈ ਬਣੇ ਬਾਥਰੂਮਾਂ ਦੀ ਸਫ਼ਾਈ ਕਰਨਗੇ। 

* 2 ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਘੰਟਾ ਲੰਗਰ ਵਿਚ ਭਾਂਡੇ ਮਾਂਜਣ, ਇਕ ਘੰਟਾ ਕੀਰਤਨ ਸੁਣਨ ਤੇ ਹਰ ਰੋਜ਼ ਨਿੱਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ।

* ਇਸੇ ਤਰ੍ਹਾਂ 2 ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੇ ਦੋ ਦਿਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਉਕਤ ਤਨਖ਼ਾਹ ਭੁਗਤਣਗੇ।

* ਸੁਖਬੀਰ ਤੇ ਢੀਂਡਸਾ ਇਨ੍ਹਾਂ ਪੰਜ ਅਸਥਾਨਾਂ 'ਤੇ ਦੋ-ਦੋ ਦਿਨ ਹੀ ਉਕਤ ਸੇਵਾ ਤੋਂ ਇਲਾਵਾ ਇਕ ਘੰਟਾ ਰੋਜ਼ਾਨਾ ਚੋਲਾ ਪਾ ਕੇ ਹੱਥ 'ਚ ਬਰਛਾ ਫੜ ਕੇ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਅੱਗੇ ਪਹਿਰੇਦਾਰੀ ਦੀ ਸੇਵਾ ਕਰਨਗੇ। ਇਸ ਦੌਰਾਨ ਗਲ ਵਿਚ ਤਖ਼ਤੀ ਪਾ ਕੇ ਰੱਖਣਗੇ।

10 ਹੋਰਾਂ ਨੂੰ ਵੀ ਲੱਗੀ ਧਾਰਮਿਕ ਤਨਖ਼ਾਹ

ਇਸੇ ਦੌਰਾਨ ਅਕਾਲੀ ਦਲ ਤੇ ਅਕਾਲੀ ਸਰਕਾਰਾਂ ਵਲੋਂ ਕੀਤੀਆਂ ਗਲਤੀਆਂ ਸਮੇਂ ਚੁੱਪੀ ਸਾਧਣ ਜਾਂ ਗੁਨਾਹ ਦੀ ਹਮਾਇਤ ਕਰਨ ਜਾਂ ਅਹੁਦੇ ਮਾਣਨ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੀ ਸਰਕਾਰ ਵਿਚ ਕੁਝ ਦਿਨ ਮੰਤਰੀ ਰਹੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬਿਕਰਮ ਸਿੰਘ ਮਜੀਠੀਆ, ਸੋਹਣ ਸਿੰਘ ਠੰਡਲ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਅਟਵਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਨਮੇਜਾ ਸਿੰਘ ਸੇਖੋਂ ਨੂੰ ਲਗਾਈ ਗਈ ਧਾਰਮਿਕ ਤਨਖ਼ਾਹ ਵਿਚ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਸੰਗਤ ਲਈ ਬਣੇ ਬਾਥਰੂਮਾਂ ਦੀ ਸਫਾਈ ਕਰਨ ਤੋਂ ਇਲਾਵਾ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿਖੇ ਪੰਜ ਦਿਨ ਝਾੜੂ ਮਾਰਨ, ਬਰਤਨ ਮਾਂਜਣ ਦੀ ਸੇਵਾ ਕਰਨ ਤੇ ਕੀਰਤਨ ਸਰਵਣ ਕਰਨ ਦੀ ਸੇਵਾ ਨਿਭਾਉਣ ਦਾ ਆਦੇਸ਼ ਕੀਤਾ ਗਿਆ।

ਵਲਟੋਹਾ ਨੂੰ ਤਾੜਨਾ

ਸਿੰਘ ਸਾਹਿਬਾਨ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਬਾਰੇ ਕਿਹਾ ਕਿ ਉਸ ਨੇ ਪਹਿਲਾਂ ਵੀ ਸਿੰਘ ਸਾਹਿਬਾਨ ਬਾਰੇ ਬੇ-ਬੁਨਿਆਦ ਗੱਲਾਂ ਕੀਤੀਆਂ, ਜਿਸ ਕਰਕੇ ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਦੇਸ਼ ਕੀਤਾ ਸੀ ਕਿ ਇਸ ਨੂੰ 10 ਸਾਲ ਲਈ ਪਾਰਟੀ ਵਿਚੋਂ ਕੱਢਿਆ ਜਾਵੇ ਤੇ ਤਾੜਨਾ ਵੀ ਕੀਤੀ ਗਈ ਸੀ ਕਿ ਇਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ, ਪਰ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪ੍ਰਵਾਹ ਨਹੀਂ ਕੀਤੀ। ਇਸ ਲਈ ਇਸ ਨੂੰ ਦੁਬਾਰਾ ਤਾੜਨਾ ਕੀਤੀ ਜਾਂਦੀ ਹੈ ਕਿ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤਿੰਨ ਸਾਬਕਾ ਜਥੇਦਾਰਾਂ ਦਾ ਸਪੱਸ਼ਟੀਕਰਨ ਰੱਦ

ਸਿੰਘ ਸਾਹਿਬਾਨ ਨੇ ਬੀਤੇ ਸਮੇਂ 'ਚ ਡੇਰਾ ਸਿਰਸਾ ਮੁਖੀ ਦੀ ਮੁਆਫੀ ਸੰਬੰਧੀ ਸਾਬਕਾ ਜਥੇਦਾਰਾਂ ਦਾ ਮਾਮਲਾ ਵਿਚਾਰ ਕੇ ਆਦੇਸ਼ ਕੀਤਾ ਕਿ ਸਾਬਕਾ ਜਥੇਦਾਰਾਂ ਦੇ ਆਏ ਸਪੱਸ਼ਟੀਕਰਨ ਤਸੱਲੀਬਖਸ਼ ਨਹੀਂ ਹਨ। ਸੁਖਬੀਰ ਸਿੰਘ ਬਾਦਲ ਵਲੋਂ ਇਨ੍ਹਾਂ ਨੂੰ ਘਰ ਬੁਲਾਉਣਾ ਕਬੂਲ ਕੀਤਾ। ਇਸ ਲਈ ਇਨ੍ਹਾਂ ਦੇ ਸਪੱਸ਼ਟੀਕਰਨ ਜਨਤਕ ਕੀਤੇ ਜਾਂਦੇ ਹਨ। ਉਹ ਚਿੱਠੀ ਵੀ ਜਨਤਕ ਕੀਤੀ ਜਾਂਦੀ ਹੈ, ਜਿਸ ਨੂੰ ਮੁਆਫੀ ਦਾ ਆਧਾਰ ਬਣਾਇਆ ਗਿਆ ਸੀ। ਇਸ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਜਾਂਦਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਗੱਡੀਆਂ, ਮੁਲਾਜ਼ਮਾਂ ਸਮੇਤ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ, ਗਿਆਨੀ ਗੁਰਮੁਖ ਸਿੰਘ ਦੀ ਬਦਲੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਕੀਤੀ ਜਾਵੇ ਤੇ ਕਿਸੇ ਵੀ ਤਖ਼ਤ ਸਾਹਿਬ 'ਤੇ ਨਾ ਲਗਾਇਆ ਜਾਵੇ। ਜਿੰਨਾਂ ਚਿਰ ਇਹ ਤਿੰਨੋਂ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥ ਪਾਸੋਂ ਮੁਆਫੀ ਨਹੀਂ ਮੰਗਦੇ ਇਨ੍ਹਾਂ 'ਤੇ ਜਨਤਕ ਸਮਾਗਮ 'ਚ ਬੋਲਣ 'ਤੇ ਰੋਕ ਲਗਾਈ ਜਾਂਦੀ ਹੈ।