ਸੰਜੇ ਸਿੰਘ ਤੋਂ ਬਾਅਦ ਹੁਣ ਕੇਜਰੀਵਾਲ ਦੀ ਵਾਰੀ?
ਕੇਂਦਰੀ ਏਜੰਸੀਆਂ ਦੀ ਪੰਜਾਬ ਵਿਚ ਕਾਰਵਾਈ ਕਦੇ ਵੀ ਸੰਭਵ
*ਆਪ ਪਾਰਟੀ ਤੇ ਪੰਜਾਬ ਸਰਕਾਰ ਘਬਰਾਹਟ ਵਿਚ
ਮਨੀਸ਼ ਸਿਸੋਦੀਆ, ਸਤਿੰਦਰ ਜੈਨ ਅਤੇ ਹੁਣ ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਾਕੀ ਵੱਡੇ ਨੇਤਾ ਡਰੇ ਹੋਏ ਹਨ। ਇਥੋਂ ਤਕ ਪੰਜਾਬ ਸਰਕਾਰ ਵੀ ਕਾਫ਼ੀ ਘਬਰਾਹਟ ਵਿਚ ਨਜ਼ਰ ਆ ਰਹੀ ਹੈ ਅਤੇ ਆਬਕਾਰੀ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਤਾਂ ਕੰਬਣੀ ਹੀ ਛਿੜੀ ਹੋਈ ਹੈ । ਸਭ ਨੂੰ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਨਾਅਰਾ ਲਗਾਇਆ ਕਿ ਕੇਜਰੀਵਾਲ ਲਈ ਵੀ ਹਥਕੜੀ ਪਹੁੰਚਣ ਵਾਲੀ ਹੈ। ਅਸਲ ਵਿਚ ਕਥਿਤ ਸ਼ਰਾਬ ਘੁਟਾਲੇ ਵਿਚ ਪਾਰਟੀ ਦੇ ਕਈ ਨੇਤਾਵਾਂ ਦੇ ਨਾਂਅ ਆ ਰਹੇ ਹਨ ਜਾਂ ਲਿਆਏ ਜਾ ਰਹੇ ਹਨ। ਵਾਈ.ਐਸ.ਆਰ. ਕਾਂਗਰਸ ਦੇ ਇਕ ਸੰਸਦ ਮੈਂਬਰ ਦੇ ਰਿਸ਼ਤੇਦਾਰ ਦੇ ਨਾਲ-ਨਾਲ ਇਕ ਕਾਰੋਬਾਰੀ ਦਿਨੇਸ਼ ਅਰੋੜਾ ਸਰਕਾਰੀ ਗਵਾਹ ਬਣ ਗਏ ਹਨ। ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦਾ ਇਕ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਿਨੇਸ਼ ਅਰੋੜਾ ਨੂੰ ਅਰਵਿੰਦ ਕੇਜਰੀਵਾਲ ਨਾਲ ਮਿਲਵਾਇਆ ਸੀ ਅਤੇ ਪਾਰਟੀ ਲਈ 82 ਲੱਖ ਰੁਪਏ ਦਾ ਚੰਦਾ ਵਸੂਲਿਆ ਸੀ। ਜਦ ਮਿਲਵਾਉਣ ਵਾਲੇ ਵਿਅਕਤੀ ਨੂੰ ਈ.ਡੀ. ਨੇ ਗ੍ਰਿਫ਼ਤਾਰ ਕਰ ਲਿਆ ਤਾਂ ਸੋਚਿਆ ਜਾ ਸਕਦਾ ਹੈ ਕਿ ਮਿਲਣ ਵਾਲੇ ਮਤਲਬ ਕੇਜਰੀਵਾਲ ਲਈ ਕਿੰਨੀ ਮੁਸ਼ਕਿਲ ਹੋ ਸਕਦੀ ਹੈ। ਹਾਲਾਂਕਿ ਇਹ ਸਭ ਨੂੰ ਪਤਾ ਹੈ ਕਿ ਉਨ੍ਹਾਂ ਕਿਸੇ ਫਾਈਲ 'ਤੇ ਦਸਤਖ਼ਤ ਨਹੀਂ ਕੀਤੇ ਹੋਣਗੇ, ਪਰ ਜੇਕਰ ਸ਼ਰਾਬ ਨੀਤੀ ਵਿਚ ਬਦਲਾਅ ਕਰਨ ਦੇ ਬਦਲੇ ਪਾਰਟੀ ਨੂੰ ਪੈਸੇ ਮਿਲਣ ਦਾ ਕੋਈ ਸਬੂਤ ਮਿਲਦਾ ਹੈ ਤਾਂ ਯਕੀਨੀ ਤੌਰ 'ਤੇ ਪਾਰਟੀ ਦੇ ਸਰਬਉੱਚ ਨੇਤਾ ਦੇ ਨਾਤੇ ਕੇਜਰੀਵਾਲ ਮੁਸ਼ਕਿਲ ਵਿਚ ਆਉਣਗੇ। ਈ.ਡੀ. ਦੇ ਇਕ ਦੋਸ਼ ਪੱਤਰ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦਾ ਵੀ ਨਾਂਅ ਹੈ। ਹਾਲਾਂਕਿ ਉਹ ਦੋਸ਼ੀ ਨਹੀਂ ਬਣਾਏ ਗਏ ਹਨ, ਪਰ ਏਜੰਸੀਆਂ ਨੂੰ ਕਿਸੇ ਨੂੰ ਵੀ ਦੋਸ਼ੀ ਬਣਾਉਣ ਵਿਚ ਕਿੰਨਾ ਕੁ ਸਮਾਂ ਲੱਗਦਾ ਹੈ, ਇਸ ਲਈ ਆਮ ਆਦਮੀ ਪਾਰਟੀ ਵਿਚ ਚਿੰਤਾ ਵਧੀ ਹੋਈ ਹੈ।
ਚਰਚਾ ਇਹ ਵੀ ਹੈ ਕਿ ਕੇਂਦਰੀ ਏਜੰਸੀਆਂ ਹੱਥ ਕਾਫ਼ੀ ਸਬੂਤ ਲੱਗੇ ਹਨ, ਜਿਵੇਂ ਪੰਜਾਬ ਦੀ ਆਬਕਾਰੀ ਨੀਤੀ ਨੂੰ ਦਿੱਲੀ ਵਿਚ ਹੀ ਤਿਆਰ ਕੀਤਾ ਜਾਂਦਾ ਰਿਹਾ ।ਜਿਸ ਸੰਬੰਧੀ ਹੁਣ ਕਦੇ ਵੀ ਕਾਰਵਾਈ ਹੋ ਸਕਦੀ ਹੈ ।ਚਰਚਾ ਇਹ ਵੀ ਹੈ ਕਿ ਰਾਜ ਦੇ ਤਿੰਨ ਆਈ.ਏ.ਐਸ ਅਧਿਕਾਰੀ ਕੇਂਦਰੀ ਏਜੰਸੀਆਂ ਦੇ ਰਡਾਰ 'ਤੇ ਹਨ ਜੋ ਆਬਕਾਰੀ ਵਿਭਾਗ ਨਾਲ ਸੰਬੰਧਿਤ ਰਹੇ, ਜਿਨ੍ਹਾਂ 'ਵਿਚੋਂ ਦੋ ਇਸ ਵੇਲੇ ਆਬਕਾਰੀ ਵਿਭਾਗ ਤੋਂ ਕਿਨਾਰਾ ਕਰ ਚੁੱਕੇ ਹਨ । ਲੇਕਿਨ ਜਾਣਕਾਰ ਹਲਕਿਆਂ ਦਾ ਮੰਨਣਾ ਹੈ ਕਿ ਕੇਂਦਰੀ ਏਜੰਸੀਆਂ ਵਲੋਂ ਬਣਾਏ ਗਏ ਦੋ ਸਰਕਾਰੀ ਗਵਾਹਾਂ ਤੋਂ ਮਿਲ ਰਹੀ ਜਾਣਕਾਰੀ ਕਾਰਨ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਵਜੂਦ ਹੀ ਖ਼ਤਰੇ ਵਿਚ ਪਿਆ ਨਜ਼ਰ ਆ ਰਿਹਾ ਹੈ।
'ਸੂਚਨਾ ਅਨੁਸਾਰ ਬੀਤੇ ਦਿਨੀਂ ਸੂਬੇ ਤੋਂ ਆਬਕਾਰੀ ਵਿਭਾਗ ਦੇ ਜਿਨ੍ਹਾਂ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਗਿਆ ਸੀ, ਉਸ ਕਾਰਨ ਸ਼ਰਾਬ ਦੀਆਂ ਡਿਸਟਿਲਰੀਆਂ ਬੰਦ ਕਰਨ ਨਾਲ ਸੰਬੰਧਿਤ ਇਕ ਅਧਿਕਾਰੀ ਜੋ ਹੁਣ ਏ.ਈ.ਟੀ.ਸੀ ਬਣ ਚੁੱਕਾ ਹੈ, ਨੂੰ ਦੋ ਦਿਨਾਂ ਵਿਚ ਹੀ ਵਿਦੇਸ਼ੀ ਛੁੱਟੀ 'ਤੇ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ । ਹਾਲਾਂਕਿ ਵਿਦੇਸ਼ੀ ਛੁੱਟੀ ਲਈ 21 ਦਿਨਾਂ ਦਾ ਨੋਟਿਸ ਜ਼ਰੂਰੀ ਹੁੰਦਾ ਹੈ ।ਸੂਚਨਾ ਅਨੁਸਾਰ ਸੀਨੀਅਰ ਅਧਿਕਾਰੀਆਂ ਨੂੰ ਡਰ ਸੀ ਕਿ ਉਸ ਦੀ ਪੁੱਛਗਿੱਛ ਵਿਚ ਸਪੱਸ਼ਟ ਹੋ ਜਾਵੇਗਾ ਕਿ ਸ਼ਰਾਬ ਦੀਆਂ ਡਿਸਟਿਲਰੀਆਂ ਬੰਦ ਕਰਵਾਉਣ ਲਈ ਹੁਕਮ ਕਿੱਥੋਂ ਆਏ ਸਨ । ਸੂਚਨਾ ਅਨੁਸਾਰ ਦਿੱਲੀ ਵਿਚ ਹੋਈ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਵੀ ਇਸ ਮਸਲੇ 'ਤੇ ਮੰਥਨ ਕਰ ਰਹੀ ਹੈ ਕਿ ਉਨ੍ਹਾਂ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕਿਹੋ ਜਿਹੀ ਰਣਨੀਤੀ ਅਪਣਾਉਣੀ ਜ਼ਰੂਰੀ ਹੋਵੇਗੀ ।
Comments (0)