ਕਿਤੇ ਅਮਰੀਕਾ ਵਾਲਾ ਟਰੰਪ, ਦਿੱਲੀ ਵਾਲਾ ਮੰਕੀ ਮੈਨ ਤਾਂ ਨਹੀਂ!
ਦੁਨੀਆ ਟਰੰਪ ਤੋਂ ਇਸ ਤਰ੍ਹਾਂ ਦਹਿਸ਼ਤਜ਼ਦਾ ਹੈ ਜਿਵੇਂ ਲੈਬ ਦੇ ਕਿਸੇ ਸੁਪਰ ਰੋਬੋਟ ਵਿਚ ਇਨਸਾਨੀ ਜਾਨ ਆ ਗਈ ਹੋਵੇ। ਉਹ ਅਚਾਨਕ ਸੇਬ ਖਾਣ ਲੱਗਾ ਹੋਵੇ ਤੇ ਤੰਦੂਰੀ ਚਿਕਨ ਮੰਗਣ ਲੱਗਾ ਹੋਵੇ। ਟਰੰਪ ਅੱਜ ਦੀ ਸਿਆਸਤ ਦੀ ਹਕੀਕਤ ਹੈ। ਸਿਆਸਤ ਕੋਲ ਟਰੰਪ ਤੋਂ ਇਲਾਵਾ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਹੈ। ਜੋ ਟਰੰਪ ਨਹੀਂ ਹੈ, ਉਹ ਟਰੰਪ ਨਾਲੋਂ ਵੀ ਜ਼ਿਆਦਾ ਸ਼ਾਤਰ ਹੈ। ਉਨ੍ਹਾਂ ਦੇ ਗੁਨਾਹਾਂ ‘ਤੇ ਪਰਦਾ ਟਰੰਪ ਕਾਰਨ ਪੈ ਜਾਂਦਾ ਹੈ, ਕਿਉਂਕਿ ਦੁਨੀਆ ਉਸ ਲੈਬ ਵਿਗਿਆਨੀ ਵਾਂਗ ਅਰਬਾਂ ਖੂਨ ਦੇ ਸੈਂਪਲਾਂ ਨੂੰ ਟਰੰਪ ਦੇ ਖੂਨ ਦੇ ਨਮੂਨੇ ਨਾਲ ਮਿਲਾਉਣ ਵਿਚ ਰੁਝੀ ਹੈ। ਜੋ ਟਰੰਪ ਨਹੀਂ ਹੈ ਉਹ ਟਰੰਪ ਦਾ ਲਾਭ ਲੈ ਕੇ ਟਰੰਪ ਦੀ ਥਾਂ ‘ਤੇ ਪਹੁੰਚ ਰਿਹਾ ਹੈ। ਦਰਅਸਲ ਉਹ ਵੀ ਟਰੰਪ ਹੀ ਹੈ। ਹਰ ਦਲ ਵਿਚ ਟਰੰਪ ਹੈ। ਹਰ ਦਿਲ ਵਿਚ ਟਰੰਪ ਹੈ।
ਰਵੀਸ਼ ਕੁਮਾਰ
ਇਸ ਵਕਤ ਪੂਰੀ ਦੁਨੀਆ ਵਿਚ ਤਲਾਸ਼ੀ ਚੱਲ ਰਹੀ ਹੈ। ਆਧੁਨਿਕ ਅਖ਼ਬਾਰੀ ਪਤਾ ਲਾ ਰਹੇ ਹਨ ਕਿ ਕਿਤੇ ਉਨ੍ਹਾਂ ਦੇ ਮੁਲਕ ਵਿਚ ਟਰੰਪ ਦਾ ਵਾਇਰਸ ਤਾਂ ਨਹੀਂ ਆਇਆ। ਟਰੰਪ ਉਸ ਏਲੀਅਨ ਵਾਂਗ ਦੇਖਿਆ ਜਾ ਰਿਹਾ ਹੈ ਜੋ ਕਿਸੇ ਸਾਈ-ਫਾਈ ਫ਼ਿਲਮਾਂ ਦੀਆਂ ਡਾਰਕ ਰਾਤਾਂ ਵਿਚ ਗਰੇ ਕਿਰਨਾਂ ਮਗਰੋਂ ਧਰਤੀ ਦੇ ਕਰੀਬ ਆ ਜਾਂਦਾ ਹੈ। ਟਰੰਪ ਦੇਖਦੇ ਹੀ ਸਟਾਰ ਵਾਰ ਦੇ ਵਾਰ ਰੂਮ ਵਿਚ ਹਲਚਲ ਮੱਚ ਜਾਂਦੀ ਹੈ। ਇਕ ਵਿਗਿਆਨੀ ਹੁੰਦਾ ਹੈ ਜੋ ਨਾਸਾ ਦੀ ਨੌਕਰੀ ਛੱਡ ਟੀ.ਵੀ. ਸਟੂਡੀਓ ਦੇ ਵਾਰ ਰੂਮ ਵਿਚ ਕੰਮ ਕਰਨ ਆਇਆ ਹੁੰਦਾ ਹੈ। ਉਸ ਨੇ ਪਰਖ ਨਲੀਆਂ ਵਿਚ ਬਹੁਤਿਆਂ ਦੇ ਖੂਨ ਦਾ ਸੰਗ੍ਰਹਿ ਕੀਤਾ ਹੋਇਆ ਹੈ। ਦੁਨੀਆ ਦੇ ਹਰ ਨੇਤਾ ਦੇ ਖੂਨ ਦਾ ਸੈਂਪਲ ਹੈ ਉਸ ਕੋਲ। ਉਹ ਤੁਰੰਤ ਅਧਿਐਨ ਕਰਨ ਲੱਗਦਾ ਹੈ ਕਿ ਕਿਤੇ ਇਸ ਰਕਤਬੀਜ਼ ਨਾਲ ਹੀ ਟਰੰਪ ਤਾਂ ਪੈਦਾ ਨਹੀਂ ਹੁੰਦੇ ਹਨ। ਇਹ ਜੋ ਟਰੰਪ ਹੈ ਉਸ ਦੇ ਖੂਨ ਦਾ ਸੈਂਪਲ ਦੁਨੀਆ ਭਰ ਦੇ ਕਿਸ ਕਿਸ ਨੇਤਾ ਨਾਲ ਮਿਲਦਾ ਹੈ। ਨੇਤਾਵਾਂ ਨੂੰ ਆਪਣੇ ਖੂਨ ਦਾ ਨਮੂਨਾ ਦੇਣ ਤੋਂ ਡਰ ਲਗ ਰਿਹਾ ਹੈ।
ਨਿਤ ਦਿਨ ਅਖ਼ਬਾਰਾਂ ਵਿਚ ਛਪ ਰਿਹਾ ਹੈ ਕਿ ਉਨ੍ਹਾਂ ਦੇ ਇਥੇ ਟਰੰਪ ਹੋ ਚੁੱਕੇ ਹਨ। ਇਟਲੀ ਵਿਚ ਵੀਹ ਸਾਲ ਪਹਿਲਾਂ ਟਰੰਪ ਹੋ ਚੁੱਕਾ ਸੀ, ਿਜਸ ਦਾ ਨਾਂ ਬਰਲੁਸਕੋਨੀ ਸੀ। ਉਸ ਮਗਰੋਂ ਜੋ ਵੀ ਪਾਰਟੀ ਹੈ, ਉਹ ਬਰਲੁਸਕੋਨੀ ਦਾ ਹੀ ਅੰਕ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਕ ਵਾਰ ਜਿੱਥੇ ਟਰੰਪ ਹੋ ਗਿਆ, ਉਥੇ ਅੱਗੇ ਟਰੰਪ ਦੀ ਹੀ ਸਪਲਾਈ ਹੁੰਦੀ ਰਹੇਗੀ। ਬਰਤਾਨੀਆ ਵਾਲਿਆਂ ਨੇ ਵੀ ਲੀਵ ਕੈਂਪੇਨ ਚਲਾਉਣ ਵਾਲੇ ਨਾਈਜ਼ਲ ਫਰਾਜ਼ ਨੂੰ ਟਰੰਪ ਦੇ ਰੂਪ ਵਿਚ ਦੇਖਣਾ ਸ਼ੁਰੂ ਕਰ ਦਿੱਤਾ ਹੈ। ਨਾਈਜ਼ਲ ਫਰਾਜ਼ ਤਾਂ ਟਰੰਪ ਤੋਂ ਪਹਿਲਾਂ ਹੋਇਆ ਪਰ ਟਰੰਪ ਦਾ ਅਸਰ ਏਨਾ ਹੈ ਕਿ ਪਿਛਲੀ ਤਰੀਕ ਵਿਚ ਜੋ ਨੇਤਾ ਹੋਏ ਹਨ, ਉਹ ਵੀ ਟਰੰਪ ਜੀਨ ਨਾਲ ਪਛਾਣੇ ਜਾ ਰਹੇ ਹਨ। ਕੋਈ ਲਿਖ ਰਿਹਾ ਹੈ ਕਿ ਫਰਾਂਸ ਵਿਚ 2002 ਵਿਚ ਹੀ ਟਰੰਪ ਦੇਖਿਆ ਗਿਆ ਸੀ। ਧਾਰਮਿਕ, ਨਸਲਵਾਦੀ ਇਕ ਨੇਤਾ ਜ਼ਾ ਮੈਰੀ ਲੇ ਪੇ ਵੀ ਰਾਸ਼ਟਰਪਤੀ ਸ਼ਿਰਾਕ ਅੱਗੇ ਪਹਿਲੇ ਦੌਰ ਦੇ ਫਾਈਨਲ ਵਿਚ ਪਹੁੰਚ ਗਿਆ ਸੀ। ਪੂਰੀ ਦੁਨੀਆ ਇਸ ਵਕਤ ਅਲਰਟ ‘ਤੇ ਲੱਗ ਰਹੀ ਹੈ। ਕੋਈ ਕਿਸੇ ਵਿਚ ਟਰੰਪ ਦੇਖ ਰਿਹਾ ਹੈ। ਟਰੰਪ ਇਕ ਭੂਤ ਹੈ ਜੋ ਲਗਦਾ ਹੈ ਕਿ ਪਿਛੇ ਪਿਛੇ ਆ ਰਿਹਾ ਹੈ ਪਰ ਮੁੜ ਕੇ ਦੇਖਣ ‘ਤੇ ਗਾਇਬ ਹੋ ਜਾਂਦਾ ਹੈ, ਸਿਰਫ਼ ਗਾਣਾ ਸੁਣਾਈ ਦਿੰਦਾ ਹੈ-ਕਹੀਂ ਦੀਪ ਜਲੇ ਕਹੀਂ ਦਿਲ…ਕਹੀਂ ਹਿਲੇਰੀ ਜਲੇ ਕਹੀਂ ਟਰੰਪ।
ਭਾਰਤ ਵਿਚ ਵੀ ਹਰ ਨੇਤਾ ਨੂੰ ਘੂਰ ਰਹੇ ਹਨ, ਕਿਤੇ ਇਹ ਟਰੰਪ ਤਾਂ ਨਹੀਂ ਹਨ, ਕਿਤੇ ਇਹੀ ਤਾਂ ਟਰੰਪ ਨਹੀਂ ਹੈ ਪਰ ਕਿਵੇਂ ਬੋਲਣ। ਰੋਜ਼ ਹੀ ਟਰੰਪ ਟਾਈਪ ਬਿਆਨਾਂ ‘ਤੇ ਚੈਨਲਾਂ ਦੀਆਂ ਰਾਤਾਂ ਰੰਗੀਨ ਹੋ ਜਾਂਦੀਆਂ ਹਨ। ਕੀ ਉਹ ਨੇਤਾ ਟਰੰਪ ਹੋ ਸਕਦਾ ਹੈ ਜਿਸ ਨੇ ਕਿਹਾ ਸੀ ਕਿ ਜੇ.ਐਨ.ਯੂ. ਵਿਚ ਹਰ ਰੋਜ਼ ਹਜ਼ਾਰਾਂ ਸ਼ਰਾਬ ਦੀਆਂ ਬੋਤਲਾਂ ਅਤੇ ਕੰਡੋਮ ਬਿਖਰੇ ਮਿਲਦੇ ਹਨ। ਬਲਕਿ ਉਸ ਨੇ ਗਿਣ ਵੀ ਲਿਆ ਸੀ ਕਿ ਇਸਤੇਮਾਲ ਕੀਤੇ ਗਏ ਕੰਡੋਮ ਦੀ ਸੰਖਿਆ 3000 ਹੈ। ਕਦੋਂ ਗਿਣ ਲਿਆ, ਕਿਵੇਂ ਗਿਣ ਲਿਆ ਪਤਾ ਨਹੀਂ ਪਰ ਪੂਰੀ ਦੁਨੀਆ ਵਿਚ ਇਸਤੇਮਾਲ ਕਰ ਸੁੱਟੇ ਗਏ ਕੰਡੋਮ ਦਾ ਹਿ ਪਹਿਲਾ ਕੌਮੀ ਸਰਵੇਖਣ ਹੋਵੇਗਾ, ਜਿਸ ਨੂੰ ਇਕ ਯੂਨੀਵਰਸਿਟੀ ਪੱਧਰ ‘ਤੇ ਅੰਜਾਮ ਦਿੱਤਾ ਗਿਆ ਸੀ। ਸਾਡੇ ਇਥੇ ਦਾ ਇਹ ਨੇਤਾ ਟਰੰਪ ਦਾ ਜ਼ਿਲ੍ਹਾ ਐਡੀਸ਼ਨ ਹੋ ਸਕਦਾ ਹੈ। ਇਕ ਵੈੱਬਸਾਈਟ ਨੇ ਜਦੋਂ ਇਕ ਨੇਤਾ ਦੇ ਭਾਸ਼ਣਾਂ ਨਾਲ ਇਤਿਹਾਸ ਬਾਰੇ 11 ਗ਼ਲਤੀਆਂ ਲੱਭੀਆਂ ਤਾਂ ਲੋਕਾਂ ਨੂੰ ਸ਼ੱਕ ਹੋਣ ਲੱਗਾ ਕਿ ਕਿਤੇ ਇਹ ਤਾਂ ਟਰੰਪ ਨਹੀਂ। ਇਕ ਨੇਤਾ ਤਾਂ ਅਜਿਹਾ ਹੈ, ਜਿਸ ਨੂੰ ਦੇਖਦਿਆਂ ਹੀ ਲੋਕ ਸ਼ੱਕ ਕਰਨ ਲੱਗਦੇ ਹਨ ਕਿ ਇਹ ਭਾਰਤ ਦਾ ਟਰੰਪ ਹੈ। ਇਹ ਹੋ ਚੁੱਕਾ ਹੈ ਤੇ ਇਹ ਹੋਣ ਵਾਲਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਲੋਕ ਫੁੱਲ ਦੀਆਂ ਪੱਤੀਆਂ ਤੋੜਦੇ ਹੋਏ ਕਰਨ ਲੱਗੇ ਹਨ।
ਟਰੰਪ ਪੁਰਾਣੀਆਂ ਘਟਨਾਵਾਂ ਅਤੇ ਨੇਤਾਵਾਂ ਦਾ ਨਵਾਂ ਨਾਮ ਹੈ। ਮਤਲਬ ਸੇਮ ਟੂ ਸੇਮ ਕੰਪਨੀ ਨੇ ਸੇਮ ਟੂ ਸੇਮ ਬਰਾਂਡ ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਭਾਰਤ ਵਿਚ ਕਿਸ ਨੇ ਕਿਹਾ ਸੀ ਕਿ ਹਿੰਦੂਆਂ ਨੂੰ ਖੂਬ ਬੱਚੇ ਪੈਦਾ ਕਰਨੇ ਚਾਹੀਦੇ ਹਨ। ਕਿਸ ਨੇ ਕਿਹਾ ਸੀ ਕਿ ਗ਼ਰੀਬੀ ਮਾਨਸਿਕ ਅਵਸਥਾ ਹੈ। ਕਿਸ ਨੇ ਕਿਹਾ ਸੀ ਕਿ ਡੈਮ ਨੂੰ ਪੇਸ਼ਾਬ ਨਾਲ ਭਰ ਦਈਏ ਕੀ? ਕਿਸ ਨੇ ਕਿਹਾ ਸੀ ਕਿ ਪਿੰਡ ਦੀਆਂ ਔਰਤਾਂ ਅੱਗੇ ਨਹੀਂ ਵੱਧ ਸਕਦੀਆਂ ਕਿਉਂਕਿ ਉਹ ਆਕਰਸ਼ਕ ਨਹੀਂ ਹੁੰਦੀਆਂ। ਕਿਸ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਬਲਾਤਕਾਰ ਨਹੀਂ ਹੋਣੇ ਚਾਹੀਦੇ, ਓ ਨੋ, ਤਾਂ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ। ਕਿਸ ਨੇ ਕਿਹਾ ਸੀ ਕਿ ਬਿਜਲੀ ਨਹੀਂ ਹੁੰਦਾ ਤਾਂ ਕੋਈ ਕੰਮ ਨਹੀਂ ਹੁੰਦਾ, ਇਸ ਲਈ ਬੱਚੇ ਪੈਦਾ ਕਰਦੇ ਹਨ। ਕਿਸ ਨੇ ਕਿਹਾ ਸੀ ਕਿ ਲਿਪਸਟਿਕ ਅਤੇ ਪਾਉਡਰ ਲਾਉਣ ਵਾਲੀਆਂ ਔਰਤਾਂ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਵਰਗੀਆਂ ਹਨ। ਕਿਸ ਨੇ ਕਿਹਾ ਸੀ ਕਿ ਕਿੰਨੇ ਕਰੋੜ ਦੀ ਪ੍ਰੇਮਿਕਾ ਹੁੰਦੀ ਹੈ, ਕਿਸ ਨੇ ਕਿਹਾ ਸੀ ਕਿ ਬਲਾਤਕਾਰ ਭਾਰਤ ਵਿਚ ਨਹੀਂ ਹੁੰਦੇ, ਇੰਡੀਆ ਵਿਚ ਹੁੰਦੇ ਹਨ। ਕਿਸ ਨੇ ਕਿਹਾ ਸੀ ਕਿ ਮੁੰਡੇ ਹਨ, ਗ਼ਲਤੀਆਂ ਹੋ ਜਾਂਦੀਆਂ ਹਨ।
ਕੀ ਭਾਰਤ ਵਿਚ ਟਰੰਪ ਹਾਦਸਾ ਹੁੰਦਾ ਹੁੰਦਾ ਰਹਿ ਗਿਆ ਜਾਂ ਭਾਰਤ ਵਿਚ ਏਨੇ ਟਰੰਪ ਪੈਦਾ ਹੋ ਚੁੱਕੇ ਹਨ ਕਿ ਕਿਸੇ ਨੂੰ ਹੈਰਾਨੀ ਵੀ ਨਹੀਂ ਹੁੰਦੀ। ਭਾਰਤ ਨੂੰ ਡਰਨ ਦੀ ਲੋੜ ਨਹੀਂ ਹੈ। ਭਾਰਤੀ ਸਿਆਸਤ ਨੇ ਇਕ ਤੋਂ ਇਕ ਟਰੰਪ ਦੇਖੇ ਹਨ। ਇਹ ਸਾਰੇ ਟਰੰਪ ਆਪਣੇ ਆਪਣੇ ਦਲਾਂ ਦੇ ਟਰੰਪ ਕਾਰਡ ਹਨ। ਹੁਣ ਇਨ੍ਹਾਂ ਨੂੰ ਪਿਛਲੀ ਤਰੀਕ ਵਿਚ ਟਰੰਪ ਕਹਿਣ ਨਾਲ ਟਰੰਪ ਨੂੰ ਬੁਰਾ ਲੱਗ ਸਕਦਾ ਹੈ। ਪਰ ਆਉਣ ਵਾਲੇ ਸਮੇਂ ਵਿਚ ਕੋਈ ਟਰੰਪ ਨਹੀਂ ਕਹਾਏਗਾ, ਮੈਂ ਇਸ ਦੀ ਗਾਰੰਟੀ ਨਹੀਂ ਦੇ ਸਕਦਾ। ਟਰੰਪ ਇਕ ਸਿਆਸੀ ਹਾਦਸੇ ਵਾਂਗ ਦੇਖਿਆ ਜਾ ਰਿਹਾ ਹੈ। ਭਾਰਤ ਵਿਚ ਇਹ ਹਾਦਸਾ ਰੋਜ਼ ਹੁੰਦਾ ਹੈ, ਇਸ ਲਈ ਟਰੰਪ ਤੋਂ ਡਰਨ ਦੀ ਲੋੜ ਨਹੀਂ ਹੈ। ਭਾਰਤੀ ਵੋਟਰ ਵੀ ਟਰੰਪ ਹੀ ਪਸੰਦ ਕਰਨ ਲੱਗੇ ਹਨ। ਉਸ ਨੇ ਰਾਸ਼ਟਰੀ ਤੋਂ ਲੈ ਕੇ ਬਲਾਕ ਪੱਧਰ ‘ਤੇ ਇਕ ਤੋਂ ਇਕ ਟਰੰਪ ਚੁਣੇ ਹਨ। ਟਰੰਪ ਨਾ ਹੋਣ ਤਾਂ ਸਿਆਸਤ ਦਾ ਟਰੰਕ ਕਿਵੇਂ ਭਰੇਗਾ। ਟਰੰਪ ਨੇ ਜਦੋਂ ਤੋਂ ਇਹ ਕਿਹਾ ਹੈ ਕਿ ਆਈ ਲਵ ਹਿੰਦੂਵਾਦ, ਉਦੋਂ ਤੋਂ ਮੈਂ ਚੁੱਪ ਹਾਂ। ਮੈਂ ਖੁਦ ਨੂੰ ਸ਼ੱਕ ਨਾਲ ਕਿਵੇਂ ਦੇਖ ਸਕਦਾ ਹਾਂ।
ਦੁਨੀਆ ਟਰੰਪ ਤੋਂ ਇਸ ਤਰ੍ਹਾਂ ਦਹਿਸ਼ਤਜ਼ਦਾ ਹੈ ਜਿਵੇਂ ਲੈਬ ਦੇ ਕਿਸੇ ਸੁਪਰ ਰੋਬੋਟ ਵਿਚ ਇਨਸਾਨੀ ਜਾਨ ਆ ਗਈ ਹੋਵੇ। ਉਹ ਅਚਾਨਕ ਸੇਬ ਖਾਣ ਲੱਗਾ ਹੋਵੇ ਤੇ ਤੰਦੂਰੀ ਚਿਕਨ ਮੰਗਣ ਲੱਗਾ ਹੋਵੇ। ਟਰੰਪ ਅੱਜ ਦੀ ਸਿਆਸਤ ਦੀ ਹਕੀਕਤ ਹੈ। ਸਿਆਸਤ ਕੋਲ ਟਰੰਪ ਤੋਂ ਇਲਾਵਾ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਹੈ। ਜੋ ਟਰੰਪ ਨਹੀਂ ਹੈ, ਉਹ ਟਰੰਪ ਨਾਲੋਂ ਵੀ ਜ਼ਿਆਦਾ ਸ਼ਾਤਰ ਹੈ। ਉਨ੍ਹਾਂ ਦੇ ਗੁਨਾਹਾਂ ‘ਤੇ ਪਰਦਾ ਟਰੰਪ ਕਾਰਨ ਪੈ ਜਾਂਦਾ ਹੈ, ਕਿਉਂਕਿ ਦੁਨੀਆ ਉਸ ਲੈਬ ਵਿਗਿਆਨੀ ਵਾਂਗ ਅਰਬਾਂ ਖੂਨ ਦੇ ਸੈਂਪਲਾਂ ਨੂੰ ਟਰੰਪ ਦੇ ਖੂਨ ਦੇ ਨਮੂਨੇ ਨਾਲ ਮਿਲਾਉਣ ਵਿਚ ਰੁਝੀ ਹੈ। ਜੋ ਟਰੰਪ ਨਹੀਂ ਹੈ ਉਹ ਟਰੰਪ ਦਾ ਲਾਭ ਲੈ ਕੇ ਟਰੰਪ ਦੀ ਥਾਂ ‘ਤੇ ਪਹੁੰਚ ਰਿਹਾ ਹੈ। ਦਰਅਸਲ ਉਹ ਵੀ ਟਰੰਪ ਹੀ ਹੈ। ਹਰ ਦਲ ਵਿਚ ਟਰੰਪ ਹੈ। ਹਰ ਦਿਲ ਵਿਚ ਟਰੰਪ ਹੈ।
ਅਮਰੀਕਾ ਵਿਚ ਟਰੰਪ ਨਹੀਂ ਹਾਰੇਗਾ। ਚੋਣ ਹਾਰ ਵੀ ਜਾਵੇ ਪਰ ਟਰੰਪ ਅਣਜੰਮੇ ਦੁਸ਼ਮਣ ਹੁੰਦੇ ਹਨ। ਅਮੀਬਾ ਹੁੰਦੇ ਹਨ। ਹਾਈਡਰਾ ਹੁੰਦੇ ਹਨ। ਇਹ ਫਿਰ ਤੋਂ ਪੈਦਾ ਹੋ ਜਾਂਦੇ ਹਨ। ਕਈ ਵਾਰ ਟਰੰਪ ਸਫਲ ਹੋ ਜਾਂਦੇ ਹਨ। ਕਈ ਵਾਰ ਅਸਫਲ ਹੋ ਜਾਂਦੇ ਹਨ। ਕੀ ਤੁਸੀਂ ਕਿਤੇ ਟਰੰਪ ਦੇਖਿਆ ਹੈ, ਗਾਜ਼ੀਆਬਾਦ ਤੋਂ ਲੈ ਕੇ ਅਲਵਰ ਤਕ, ਕਿਤੇ ਵੀ ਟਰੰਪ ਦਿਖੇ ਤਾਂ ਕਿਸੇ ਹੈਲਪਲਾਈਨ ‘ਤੇ ਫੋਨ ਜ਼ਰੂਰ ਕਰਨਾ, ਜੇਕਰ ਟਰੰਪ ਨਹੀਂ ਦਿਖਾਈ ਦਿੰਦਾ ਹੈ ਤਾਂ ਟੀ.ਵੀ. ਚੈਨਲ ਜ਼ਰੂਰ ਦੇਖਣਾ। ਉਥੇ ਕਿਸੇ ਐਂਕਰ ਵਿਚ ਵੀ ਟਰੰਪ ਲੁਕਿਆ ਹੋ ਸਕਦਾ ਹੈ। ਟਰੰਪ ਨੇਤਾ ਬਣ ਕੇ ਆਏ, ਜ਼ਰੂਰੀ ਨਹੀਂ। ਉਹ ਸਾਡੇ ਸਮੇਂ ਦਾ ਰੋਬੋਟਿਕ ਰੱਬ ਹੈ। ਕੋਈ ਵੀ ਅਵਤਾਰ ਲੈ ਸਕਦਾ ਹੈ। ਉਹ ਵਪਾਰੀ ਬਣ ਕੇ ਆ ਸਕਦਾ ਹੈ। ਉਹ ਪੱਤਰਕਾਰ ਬਣ ਕੇ ਆ ਸਕਦਾ ਹੈ। ਆ ਰਿਹਾ ਹੈ, ਉਹ ਦੇਖੋ ਆ ਗਿਆ…ਹਾਂ ਹਾਂ ਦਿਖ ਰਿਹਾ ਹੈ, ਮੈਂ ਵੀ ਦੇਖਿਆ ਹੈ…ਟਰੰਪ ਹੀ ਹੈ ਨਾ। ਦੋ ਦਿਨ ਪਹਿਲਾਂ ਅਸੀਂ ਸਾਰਿਆਂ ਨੇ ਸਹਾਰਨਪੁਰ ਵਿਚ ਦੇਖਿਆ ਸੀ। ਟਰੰਪ ਮੰਕੀ ਮੈਨ ਹੈ। ਯਾਦ ਹੈ ਨਾ ਦਿੱਲੀ ਵਿਚ ਮੰਕੀ ਮੈਨ ਦਾ ਜਲਵਾ। ਉਦੋਂ ਪੂਰੀ ਦਿੱਲੀ ਨੂੰ ਮੰਕੀ ਮੈਨ ਦਿਖ ਜਾਂਦਾ ਸੀ। ਅੱਜ ਪੂਰੀ ਦੁਨੀਆ ਨੂੰ ਕਿਤੇ ਵੀ ਟਰੰਪ ਦਿਖਾਈ ਦੇ ਰਿਹਾ ਹੈ।
Comments (0)