‘ਪਾਪਾ ਦੀ ਪਰੀ’ ਮੁੰਬਈ ਹਵਾਈ ਅੱਡੇ ਤੋਂ ਕਾਬੂ
ਜਲੰਧਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਮੁਖੀ ਦੀ ਸਭ ਤੋਂ ਨੇੜਲੀ ਸਮਝੀ ਜਾਂਦੀ ਤੇ ਖ਼ੁਦ ਨੂੰ ‘ਪਾਪਾ ਦੀ ਪਰੀ’ ਕਹਾਉਂਦੀ ਹਨੀਪ੍ਰੀਤ ਨੂੰ ਮੁੰਬਈ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੇਂਦਰੀ ਖੁਫੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਹਨੀਪ੍ਰੀਤ ਆਸਟ੍ਰੇਲੀਆ ਜਾਣ ਲਈ ਜਹਾਜ਼ ਚੜ੍ਹਨ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚੈਕਿੰਗ ਸਮੇਂ ਉਸ ਦੀ ਪਛਾਣ ਕੀਤੀ ਅਤੇ ਤੁਰੰਤ ਇਸ ਬਾਰੇ ਹਵਾਈ ਅੱਡੇ ਉਪਰ ਤਾਇਨਾਤ ਸੁਰੱਖਿਆ ਬਲਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਨੀਪ੍ਰੀਤ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਕਹੀ ਜਾਂਦੀ ਹੈ ਅਤੇ ਪਿਛਲੇ ਕਰੀਬ 10 ਸਾਲ ਤੋਂ ਉਹ ਡੇਰਾ ਮੁਖੀ ਦੇ ਸਭ ਤੋਂ ਨੇੜਲਿਆਂ ਵਿਚ ਸਮਝੀ ਜਾਂਦੀ ਹੈ ਅਤੇ ਅੱਜਕੱਲ ਉਸ ਨੂੰ ਡੇਰੇ ਵਿਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਰਿਹਾ ਹੈ।
25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਦਿਨ ਹਨੀਪ੍ਰੀਤ ਡੇਰੇ ਤੋਂ ਚੱਲੇ ਗੱਡੀਆਂ ਦੇ ਕਾਫਲੇ ਵਿਚ ਡੇਰਾ ਮੁਖੀ ਦੇ ਨਾਲ ਹੀ ਕਾਰ ਵਿਚ ਬੈਠ ਕੇ ਆਈ ਸੀ ਅਤੇ ਅਦਾਲਤ ਵਿਚ ਵੀ ਉਹ ਡੇਰਾ ਮੁਖੀ ਦੇ ਨਾਲ ਹੀ ਦਿਖਾਈ ਦਿੱਤੀ ਅਤੇ ਜੇਲ੍ਹ ਵਿਚ ਲਿਜਾਣ ਸਮੇਂ ਹੈਲੀਕਾਪਟਰ ਵਿਚ ਵੀ ਉਹ ਸਵਾਰ ਸੀ। ਉਸ ਦਿਨ ਰਾਤ ਕਰੀਬ 9 ਵਜੇ ਡੇਰਾ ਮੁਖੀ ਦੇ ਜੇਲ੍ਹ ਅੰਦਰ ਜਾਣ ਤੋਂ ਬਾਅਦ ਉਹ ਗਾਇਬ ਹੋ ਗਈ ਸੀ। ਵਰਨਣਯੋਗ ਹੈ ਕਿ ਹਰਿਆਣਾ ਪੁਲੀਸ ਨੇ ਡੇਰੇ ਦੇ ਮੁੱਖ ਬੁਲਾਰੇ ਅਦਿੱਤਿਆ ਇੰਸਾ ਅਤੇ ਹਨੀਪ੍ਰੀਤ ਖਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ। ਇਸੇ ਕੇਸ ਵਿਚ ਪੰਚਕੂਲਾ ਪੁਲੀਸ ਵੱਲੋਂ ਹਨੀਪ੍ਰੀਤ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਸੇ ਨੋਟਿਸ ਦੇ ਆਧਾਰ ‘ਤੇ ਹੀ ਉਹ ਮੁੰਬਈ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤੀ ਜਾ ਸਕੀ ਹੈ। ਪੁਲੀਸ ਸੂਤਰਾਂ ਦਾ ਮੰਨਣਾ ਹੈ ਕਿ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੇਰੇ ਦੀਆਂ ਅੰਦਰਲੀਆਂ ਸਰਗਰਮੀਆਂ ਅਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਡੇਰੇ ਵੱਲੋਂ ਵਿਆਪਕ ਹਿੰਸਾ ਫੈਲਾਏ ਜਾਣ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਹਾਸਲ ਹੋ ਸਕੇਗੀ।
Comments (0)