ਆਰਕੈਸਟਰਾ ਗੋਲੀ ਕਾਂਡ ਦੀ ਗਵਾਹ ਲੜਕੀ ਨੂੰ ਧਮਕੀ
ਕੈਪਸ਼ਨ-ਐਸਐਸਪੀ ਨੂੰ ਸ਼ਿਕਾਇਤ ਪੱਤਰ ਦੇਣ ਪੁੱਜੇ ਆਰਕੈਸਟਰਾ ਕਲਾਕਾਰ ਮੰਚ ਦੇ ਮੈਂਬਰ ਤੇ ਹੋਰ।
ਬਠਿੰਡਾ/ਬਿਊਰੋ ਨਿਊਜ਼ :
ਪਿਛਲੇ ਦਿਨੀਂ ਮੌੜ ਮੰਡੀ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਨਾਲ ਮਾਰੀ ਆਰਕੈਸਟਰਾ ਗਰੁੱਪ ਨਾਲ ਸਬੰਧਤ ਲੜਕੀ ਕੁਲਵਿੰਦਰ ਕੌਰ ਦੇ ਮਾਮਲੇ ਦੀ ਗਵਾਹ ਲੜਕੀ ਪ੍ਰਿਯਾ ਉਤੇ ਗਵਾਹੀ ਤੋਂ ਮੁੱਕਰਨ ਲਈ ਧਮਕੀ ਦੇ ਕੇ ਦਬਾਅ ਬਣਾਇਆ ਜਾਣ ਲੱਗਿਆ ਹੈ।
ਪ੍ਰਿਯਾ ਦੀ ਮਾਤਾ ਲਖਵਿੰਦਰ ਕੌਰ ਪਤਨੀ ਮਿੱਠਾ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਨੇ ਆਰਕੈਸਟਰਾ ਕਲਾਕਾਰ ਮੰਚ ਦੇ ਮੈਂਬਰਾਂ ਦੇ ਨਾਲ ਐਸਐਸਪੀ ਬਠਿੰਡਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ 7 ਦਸੰਬਰ ਨੂੰ ਦੋ ਨੌਜਵਾਨ ਉਨ੍ਹਾਂ ਦੇ ਘਰ ਆਏ ਅਤੇ ਕਿਹਾ ਕਿ ਉਹ ਆਪਣੀ ਲੜਕੀ ਨੂੰ ਗਵਾਹੀ ਤੋਂ ਮੁੱਕਰਨ ਲਈ ਕਹਿਣ। ਉਨ੍ਹਾਂ ਨੌਜਵਾਨਾਂ ਨੇ ਗਵਾਹੀ ਤੋਂ ਮੁੱਕਰਨ ਲਈ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ। ਲਖਵਿੰਦਰ ਕੌਰ ਨੇ ਕਿਹਾ ਕਿ ਨੌਜਵਾਨਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਲੜਕੀ ਨੇ ਅਜਿਹਾ ਨਾ ਕੀਤਾ ਤਾਂ ਉਹ ਲੜਕੀ ਦਾ ਜਿਉਣਾ ਦੁੱਭਰ ਕਰ ਦੇਣਗੇ। ਲਖਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਐਸਐਸਪੀ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਲਵਿੰਦਰ ਕੌਰ ਕਤਲ ਕਾਂਡ ਵਿੱਚ ਮੌੜ ਮੰਡੀ ਵਾਸੀ ਲੱਕੀ ਗੋਇਲ ਉਰਫ ਬਿੱਲਾ ਖ਼ਿਲਾਫ਼ ਕੇਸ ਦਰਜ ਹੈ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਐਸਐਸਪੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ਼ਾਮਲ ਜੇ.ਕੇ ਨਾਮੀ ਵਿਅਕਤੀ ਨੇ ਦੱਸਿਆ ਕਿ ਐਸਐਸਪੀ ਨੇ ਡੀਐਸਪੀ ਨੂੰ ਮਾਮਲੇ ਦੀ ਜਾਂਚ ਲਈ ਲਿਖ ਦਿੱਤਾ ਹੈ।
Comments (0)