ਅਮਰੀਕਾ ਦੀ ਇਕ ਨਾਇਟ ਕਲੱਬ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ 1 ਮੌਤ ਤੇ 7 ਹੋਰ ਜ਼ਖਮੀ

ਅਮਰੀਕਾ ਦੀ ਇਕ ਨਾਇਟ ਕਲੱਬ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ 1 ਮੌਤ ਤੇ 7 ਹੋਰ ਜ਼ਖਮੀ
ਕੈਪਸ਼ਨ ਕੈਂਟੁਕੀ ਦੇ ਇਕ ਨਾਇਟ ਕਲੱਬ ਦੇ ਬਾਹਰਵਾਰ ਗੋਲੀ ਚੱਲਣ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

 * ਸ਼ੱਕੀ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ-ਪੁਲਿਸ ਅਧਿਕਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੈਂਟੁਕੀ ਰਾਜ ਵਿਚ ਲੋਇਸਵਿਲੇ ਵਿਖੇ ਇਕ ਨਾਇਟ ਕਲੱਬ ਦੇ ਬਾਹਰਵਾਰ ਹੋਈ ਗੋਲੀਬਾਰੀ ਵਿਚ 1 ਵਿਅਕਤੀ ਮਾਰਿਆ ਗਿਆ ਤੇ 7 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਘਟਨਾ ਬੀਤੀ ਅੱਧੀ ਰਾਤ ਬਾਅਦ ਵਾਪਰੀ ਹੈ। ਲੋਇਸਵਿਲੇ ਪੁਲਿਸ ਮੈਟਰੋ ਵਿਭਾਗ ਨੇ ਜਾਰੀ ਇਕ ਬਿਆਨ ਵਿਚ  ਕਿਹਾ ਹੈ ਕਿ ਜਦੋਂ 5 ਪੁਲਿਸ ਅਫਸਰ ਐਚ 20 ਲਾਂਜ ਦੇ ਬਾਹਰਵਾਰ ਅੱਧੀ ਰਾਤ ਬਾਅਦ 12.45 ਵਜੇ ਪੁੱਜੇ ਤਾਂ ਉਨਾਂ ਨੂੰ 2 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਇਨਾਂ ਵਿਚੋਂ ਇਕ ਵਿਅਕਤੀ ਦਮ ਤੋੜ ਗਿਆ ਜਦ ਕਿ ਦੂਸਰੇ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਗੰਭੀਰ ਹੈ। ਬਾਅਦ ਵਿਚ ਮੈਡੀਕਲ ਸਟਾਫ ਨੇ ਇਕ ਰਿਪੋਰਟ ਵਿਚ ਦਸਿਆ ਕਿ ਇਸ ਗੋਲੀਬਾਰੀ ਵਿਚ ਜ਼ਖਮੀ ਹੋਏ 6 ਹੋਰ ਵਿਅਕਤੀ ਖੇਤਰ ਵਿਚਲੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਹਨ। ਜਨਤਿਕ ਸੂਚਨਾ ਅਫਸਰ ਆਰੋਨ ਏਲਿਸ ਅਨੁਸਾਰ ਇਨਾਂ ਸਾਰੇ 6 ਵਿਅਕਤੀਆਂ ਦੇ ਗੋਲੀਆਂ ਵੱਜੀਆਂ ਹਨ ਪਰੰਤੂ ਸਮਝਿਆ ਜਾਂਦਾ ਹੈ ਕਿ ਇਨਾਂ ਦੀ ਹਾਲਤ ਸਥਿੱਰ ਹੈ। ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਸ਼ੱਕੀ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਇਹ ਸਪੱਸ਼ਟ ਹੈ ਕਿ ਗੋਲੀਬਾਰੀ ਵਿਚ ਕਿੰਨੇ ਵਿਅਕਤੀ ਸ਼ਾਮਿਲ ਸਨ। ਪੁਲਿਸ ਅਨੁਸਾਰ ਅਜੇ ਮਾਮਲਾ ਜਾਂਚ ਅਧੀਨ ਹੈ ਤੇ ਜਾਂਚ ਉਪਰੰਤ ਹੀ ਅਸਲ ਸਥਿੱਤੀ ਬਾਰੇ ਕੁਝ ਕਿਹਾ ਜਾਵੇਗਾ। ਪੁਲਿਸ ਮਾਮਲਾ ਸੁਲਝਾਉਣ ਲਈ  ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।