ਚੋਣਾਂ ਅਤੇ ਮਤਦਾਨ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ

ਚੋਣਾਂ ਅਤੇ ਮਤਦਾਨ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ

ਲੋਕਤੰਤਰ ਸਿਰਫ਼ ਸਰਕਾਰ ਚਲਾਉਣ ਦੀ ਇੱਕ ਪ੍ਰਣਾਲੀ ਨਹੀਂ ਸਗੋਂ ਲੋਕਾਂ ਅਤੇ ਉਨ੍ਹਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਵਿਚਕਾਰ ਸਾਂਝੀ ਜ਼ਿੰਮੇਵਾਰੀ ਦਾ ਇੱਕ ਮਹੱਤਵਪੂਰਨ ਸਮਝੌਤਾ ਹੈ। ਲੋਕਤੰਤਰ ਦੀ ਅਸਲ ਤਾਕਤ ਇਸ ਗੱਲ ਵਿੱਚ ਸਮਾਈ ਹੋਈ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਅਤੇ ਦੇਸ਼ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਦਾ ਅਧਿਕਾਰ ਪ੍ਰਾਪਤ ਹੈ। ਇਸ ਲਈ ਚੋਣਾਂ ਅਤੇ ਮਤਦਾਨ ਸਿਰਫ਼ ਸਿਆਸੀ ਸਰਗਰਮੀਆਂ ਨਹੀਂ, ਬਲਕਿ ਲੋਕ-ਭਾਗੀਦਾਰੀ, ਸਮਾਨਤਾ, ਆਜ਼ਾਦੀ ਅਤੇ ਰਾਸ਼ਟਰੀ ਵਿਕਾਸ ਦੇ ਬੁਨਿਆਦੀ ਸਾਧਨ ਹਨ। ਕਿਸੇ ਵੀ ਲੋਕਤੰਤਰੀ ਦੇਸ਼ ਦੀ ਸਫ਼ਲਤਾ ਸਿਰਫ਼ ਉਸ ਦੇ ਸ਼ਾਸਕਾਂ ਦੀ ਯੋਗਤਾ ’ਤੇ ਨਿਰਭਰ ਨਹੀਂ ਕਰਦੀ, ਸਗੋਂ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਉਸ ਦੇ ਨਾਗਰਿਕ ਕਿੰਨੇ ਜਾਗਰੂਕ, ਸੂਝਵਾਨ ਅਤੇ ਜ਼ਿੰਮੇਵਾਰ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਇੱਥੇ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਵਾਲੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਯੋਗ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ। ਇਹ ਅਧਿਕਾਰ ਸਰਬ-ਵਿਆਪੀ ਬਾਲਗ ਮਤਾਧਿਕਾਰ ਦੇ ਸਿਧਾਂਤ ’ਤੇ ਆਧਾਰਿਤ ਹੈ, ਜਿਸ ਅਨੁਸਾਰ ਹਰ ਨਾਗਰਿਕ ਦੀ ਵੋਟ ਦੀ ਕੀਮਤ ਬਰਾਬਰ ਹੈ। ਕਿਸੇ ਵਿਅਕਤੀ ਦੀ ਦੌਲਤ, ਜਾਤ, ਧਰਮ, ਲਿੰਗ, ਸਿੱਖਿਆ ਜਾਂ ਸਮਾਜਿਕ ਰੁਤਬਾ ਉਸ ਦੀ ਵੋਟ ਦੀ ਮਹੱਤਤਾ ਨੂੰ ਘਟਾ ਜਾਂ ਵਧਾ ਨਹੀਂ ਸਕਦਾ। ਵੋਟਿੰਗ ਕੇਂਦਰ ਵਿੱਚ ਇੱਕ ਗ਼ਰੀਬ ਅਤੇ ਇੱਕ ਅਮੀਰ ਵਿਅਕਤੀ ਦੀ ਵੋਟ ਦਾ ਮੁੱਲ ਇੱਕੋ ਜਿਹਾ ਹੁੰਦਾ ਹੈ। ਇਹ ਸਮਾਨਤਾ ਲੋਕਤੰਤਰੀ ਪ੍ਰਣਾਲੀ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ।
ਚੋਣਾਂ ਨਾਗਰਿਕਾਂ ਨੂੰ ਅਜਿਹੇ ਨੁਮਾਇੰਦੇ ਚੁਣਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ, ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ, ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਨ ਦੇ ਸਮਰੱਥ ਹੋਣ। ਚੋਣ ਪ੍ਰਕਿਰਿਆ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਸੱਤਾ ਕਿਸੇ ਇੱਕ ਵਿਅਕਤੀ ਜਾਂ ਸਮੂਹ ਦੇ ਹੱਥਾਂ ਵਿੱਚ ਸਦਾ ਲਈ ਕੇਂਦਰਿਤ ਨਾ ਰਹੇ। ਜੇਕਰ ਕੋਈ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰਦੀ ਜਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਲੋਕ ਉਸ ਨੂੰ ਲੋਕਤੰਤਰੀ ਢੰਗ ਨਾਲ ਬਦਲ ਸਕਦੇ ਹਨ। ਇਸ ਤਰ੍ਹਾਂ ਚੋਣਾਂ ਸੱਤਾਧਾਰੀਆਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਂਦੀਆਂ ਹਨ ਅਤੇ ਲੋਕਤੰਤਰੀ ਸੰਸਥਾਵਾਂ ਦੀ ਨੀਂਹ ਨੂੰ ਮਜ਼ਬੂਤ ਕਰਦੀਆਂ ਹਨ। ਮਤਦਾਨ ਦੀ ਮਹੱਤਤਾ ਸਿਰਫ਼ ਸਰਕਾਰ ਚੁਣਨ ਤੱਕ ਸੀਮਤ ਨਹੀਂ ਹੈ। ਇਹ ਨਾਗਰਿਕਾਂ ਨੂੰ ਉਨ੍ਹਾਂ ਮਾਮਲਿਆਂ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੰਦਾ ਹੈ, ਜਿਹੜੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੇ ਹਨ। ਸਿੱਖਿਆ, ਸਿਹਤ ਸੇਵਾਵਾਂ, ਰੁਜ਼ਗਾਰ, ਖੇਤੀਬਾੜੀ, ਵਾਤਾਵਰਣ ਦੀ ਸੁਰੱਖਿਆ, ਬੁਨਿਆਦੀ ਢਾਂਚਾ ਅਤੇ ਜਨਤਕ ਸੁਰੱਖਿਆ ਵਰਗੇ ਅਹਿਮ ਖੇਤਰਾਂ ਦੀਆਂ ਨੀਤੀਆਂ ਚੁਣੇ ਹੋਏ ਨੁਮਾਇੰਦਿਆਂ ਦੇ ਫ਼ੈਸਲਿਆਂ ਨਾਲ ਪ੍ਰਭਾਵਿਤ ਹੁੰਦੀਆਂ ਹਨ। ਇਸ ਲਈ ਯੋਗ ਅਤੇ ਇਮਾਨਦਾਰ ਨੁਮਾਇੰਦਿਆਂ ਦੀ ਚੋਣ ਕਰਨਾ ਹਰ ਨਾਗਰਿਕ ਦੇ ਜੀਵਨ ਨਾਲ ਜੁੜਿਆ ਇੱਕ ਬਹੁਤ ਹੀ ਮਹੱਤਵਪੂਰਨ ਫ਼ੈਸਲਾ ਹੈ।
ਅਫ਼ਸੋਸ ਦੀ ਗੱਲ ਹੈ ਕਿ ਅੱਜ ਵੀ ਸਮਾਜ ਦਾ ਇੱਕ ਵਰਗ ਮਤਦਾਨ ਦੀ ਮਹੱਤਤਾ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਕੁਝ ਲੋਕ ਇਹ ਸੋਚ ਕੇ ਵੋਟ ਪਾਉਣ ਨਹੀਂ ਜਾਂਦੇ ਕਿ ਉਨ੍ਹਾਂ ਦੀ ਇੱਕ ਵੋਟ ਨਾਲ ਕੀ ਫ਼ਰਕ ਪੈਣਾ ਹੈ, ਜਦਕਿ ਕਈ ਲੋਕ ਚੋਣਾਂ ਵਾਲੇ ਦਿਨ ਨੂੰ ਸਿਰਫ਼ ਛੁੱਟੀ ਦਾ ਦਿਨ ਸਮਝ ਕੇ ਬਿਤਾ ਦਿੰਦੇ ਹਨ। ਅਜਿਹੀ ਸੋਚ ਲੋਕਤੰਤਰ ਲਈ ਨੁਕਸਾਨਦੇਹ ਹੈ। ਹਰ ਵੋਟ ਲੋਕਾਂ ਦੇ ਸਾਂਝੇ ਫ਼ੈਸਲੇ ਦਾ ਹਿੱਸਾ ਹੁੰਦੀ ਹੈ। ਜਦੋਂ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਮਤਦਾਨ ਤੋਂ ਦੂਰ ਰਹਿੰਦੇ ਹਨ ਤਾਂ ਉਹ ਅਸਿੱਧੇ ਤੌਰ ’ਤੇ ਦੂਜਿਆਂ ਨੂੰ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਮੌਕਾ ਦੇ ਦਿੰਦੇ ਹਨ। ਇੱਕ ਵੋਟ ਭਾਵੇਂ ਇਕੱਲੀ ਛੋਟੀ ਲੱਗੇ, ਪਰ ਲੱਖਾਂ-ਕਰੋੜਾਂ ਵੋਟਾਂ ਮਿਲ ਕੇ ਦੇਸ਼ ਦੀ ਰਾਜਨੀਤਿਕ ਦਿਸ਼ਾ ਤੈਅ ਕਰਦੀਆਂ ਹਨ। ਚੋਣ ਪ੍ਰਣਾਲੀ ਸਾਹਮਣੇ ਇੱਕ ਹੋਰ ਗੰਭੀਰ ਚੁਣੌਤੀ ਧਨ-ਬਲ, ਜਾਤੀਵਾਦ, ਧਰਮ-ਆਧਾਰਿਤ ਵੰਡ ਅਤੇ ਝੂਠੇ ਵਾਅਦਿਆਂ ਦਾ ਵੱਧਦਾ ਪ੍ਰਭਾਵ ਹੈ। ਕਈ ਵਾਰ ਵੋਟਰ ਉਮੀਦਵਾਰ ਦੀ ਯੋਗਤਾ, ਇਮਾਨਦਾਰੀ ਅਤੇ ਪਿਛਲੇ ਕੰਮਾਂ ਦੀ ਬਜਾਏ ਤੋਹਫ਼ਿਆਂ, ਪੈਸੇ, ਭਾਵਨਾਤਮਕ ਭਾਸ਼ਣਾਂ ਜਾਂ ਥੋੜ੍ਹੇ ਸਮੇਂ ਦੇ ਲਾਲਚਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਹ ਰੁਝਾਨ ਲੋਕਤੰਤਰ ਦੀ ਮੂਲ ਭਾਵਨਾ ਨੂੰ ਕਮਜ਼ੋਰ ਕਰਦਾ ਹੈ। ਚੋਣਾਂ ਦਾ ਮੁਕਾਬਲਾ ਵਿਚਾਰਾਂ, ਨੀਤੀਆਂ, ਇਮਾਨਦਾਰੀ ਅਤੇ ਲੋਕ-ਸੇਵਾ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ, ਨਾ ਕਿ ਧਨ-ਦੌਲਤ, ਨਫ਼ਰਤ ਜਾਂ ਨਿੱਜੀ ਪ੍ਰਭਾਵ ਦੇ ਆਧਾਰ ’ਤੇ। ਵੋਟਰਾਂ ਨੂੰ ਇਹ ਸਮਝਣਾ ਹੋਵੇਗਾ ਕਿ ਚੋਣਾਂ ਦੌਰਾਨ ਮਿਲਣ ਵਾਲੇ ਅਸਥਾਈ ਲਾਭਾਂ ਨਾਲੋਂ ਆਉਣ ਵਾਲੇ ਪੰਜ ਸਾਲਾਂ ਦਾ ਭਵਿੱਖ ਕਿਤੇ ਵੱਧ ਮਹੱਤਵਪੂਰਨ ਹੁੰਦਾ ਹੈ।
ਆਧੁਨਿਕ ਯੁੱਗ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਲੋਕਤੰਤਰ ਲਈ ਇੱਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਝੂਠੀਆਂ ਖ਼ਬਰਾਂ, ਗੁੰਮਰਾਹਕੁਨ ਇਸ਼ਤਿਹਾਰ, ਤੋੜ-ਮਰੋੜ ਕੇ ਪੇਸ਼ ਕੀਤੀਆਂ ਵੀਡੀਓਜ਼ ਅਤੇ ਬਿਨਾਂ ਪੁਸ਼ਟੀ ਵਾਲੇ ਸਿਆਸੀ ਸੁਨੇਹੇ ਲੋਕਾਂ ਦੀ ਸੋਚ ਅਤੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਬਹੁਤ ਸਾਰੇ ਲੋਕ ਕਿਸੇ ਵੀ ਜਾਣਕਾਰੀ ਦੀ ਸੱਚਾਈ ਦੀ ਜਾਂਚ ਕੀਤੇ ਬਿਨਾਂ ਉਸ ਨੂੰ ਅੱਗੇ ਭੇਜ ਦਿੰਦੇ ਹਨ, ਜਿਸ ਨਾਲ ਸਮਾਜ ਵਿੱਚ ਭਰਮ, ਗ਼ਲਤਫ਼ਹਿਮੀਆਂ ਅਤੇ ਆਪਸੀ ਵੰਡ ਪੈਦਾ ਹੁੰਦੀ ਹੈ। ਅਜਿਹੇ ਸਮੇਂ ਵਿੱਚ ਇੱਕ ਜਾਗਰੂਕ ਵੋਟਰ ਲਈ ਜ਼ਰੂਰੀ ਹੈ ਕਿ ਉਹ ਹਰ ਜਾਣਕਾਰੀ ਨੂੰ ਅੱਖਾਂ ਮੀਟ ਕੇ ਸਵੀਕਾਰ ਕਰਨ ਦੀ ਬਜਾਏ ਉਸ ਦੀ ਪੁਸ਼ਟੀ ਕਰੇ, ਤੱਥਾਂ ਨੂੰ ਸਮਝੇ ਅਤੇ ਆਪਣੀ ਰਾਇ ਸੁਤੰਤਰ ਸੋਚ ਦੇ ਆਧਾਰ ’ਤੇ ਬਣਾਏ। ਅੱਜ ਦੇ ਸਮੇਂ ਵਿੱਚ ਰਾਜਨੀਤਿਕ ਜਾਗਰੂਕਤਾ ਦੇ ਨਾਲ-ਨਾਲ ਡਿਜੀਟਲ ਸਾਖਰਤਾ ਵੀ ਬਹੁਤ ਜ਼ਰੂਰੀ ਹੋ ਗਈ ਹੈ।
ਭਾਰਤ ਦਾ ਚੋਣ ਕਮਿਸ਼ਨ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਸੰਵਿਧਾਨਕ ਅਤੇ ਕਾਨੂੰਨੀ ਵਿਵਸਥਾਵਾਂ ਅਨੁਸਾਰ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਉਾਂਦਾਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫ਼ਾਇਏਬਲ ਪੇਪਰ ਆਡਿਟ ਟ੍ਰੇਲ ਵਰਗੀਆਂ ਤਕਨੀਕਾਂ ਭਾਰਤ ਦੀ ਚੋਣ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀਆਂ ਹਨ। ਪਰ ਇਹ ਗੱਲ ਸਮਝਣੀ ਲਾਜ਼ਮੀ ਹੈ ਕਿ ਸਿਰਫ਼ ਤਕਨੀਕ ਦੀ ਵਰਤੋਂ ਨਾਲ ਹੀ ਲੋਕਤੰਤਰ ਸਿਹਤਮੰਦ ਨਹੀਂ ਬਣ ਸਕਦਾ। ਇਸ ਲਈ ਪਾਰਦਰਸ਼ਤਾ, ਜਵਾਬਦੇਹੀ, ਜਨਤਕ ਜਾਗਰੂਕਤਾ ਅਤੇ ਚੋਣ ਨਿਯਮਾਂ ਪ੍ਰਤੀ ਸਤਿਕਾਰ ਵੀ ਉਨੇ ਹੀ ਜ਼ਰੂਰੀ ਹਨ।
ਨੌਜਵਾਨ ਵੋਟਰਾਂ ਦੀ ਭੂਮਿਕਾ ਇਸ ਸੰਦਰਭ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਨੌਜਵਾਨ ਕਿਸੇ ਵੀ ਦੇਸ਼ ਦੀ ਊਰਜਾ, ਉਮੀਦ ਅਤੇ ਭਵਿੱਖ ਹੁੰਦੇ ਹਨ। ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨਾਲ ਸਿਆਸੀ ਨੁਮਾਇੰਦਿਆਂ ਦਾ ਧਿਆਨ ਮਿਆਰੀ ਸਿੱਖਿਆ, ਰੁਜ਼ਗਾਰ ਦੇ ਮੌਕਿਆਂ, ਵਿਗਿਆਨਕ ਤਰੱਕੀ, ਵਾਤਾਵਰਣ ਦੀ ਸੰਭਾਲ, ਔਰਤਾਂ ਦੀ ਸੁਰੱਖਿਆ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ਵੱਲ ਕੇਂਦਰਿਤ ਹੋ ਸਕਦਾ ਹੈ। ਪਰ ਨੌਜਵਾਨਾਂ ਨੂੰ ਸਿਰਫ਼ ਕਿਸੇ ਨੇਤਾ ਦੀ ਪ੍ਰਸਿੱਧੀ, ਸਿਆਸੀ ਨਾਅਰਿਆਂ ਜਾਂ ਸੋਸ਼ਲ ਮੀਡੀਆ ਦੀਆਂ ਮੁਹਿੰਮਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਉਮੀਦਵਾਰਾਂ ਦੇ ਚਰਿੱਤਰ, ਯੋਗਤਾ, ਪਿਛਲੇ ਕਾਰਜਕਾਲ, ਲੋਕ-ਸੇਵਾ ਅਤੇ ਦੇਸ਼ ਦੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਨਿਰਪੱਖ ਮੁਲਾਂਕਣ ਕਰਨਾ ਚਾਹੀਦਾ ਹੈ।
ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਵੋਟ ਪਾਉਣਾ ਸਿਰਫ਼ ਇੱਕ ਲੋਕਤੰਤਰੀ ਅਧਿਕਾਰ ਹੀ ਨਹੀਂ, ਸਗੋਂ ਇੱਕ ਨੈਤਿਕ ਜ਼ਿੰਮੇਵਾਰੀ ਵੀ ਹੈ। ਇੱਕ ਆਦਰਸ਼ ਵੋਟਰ ਨੂੰ ਬਿਨਾਂ ਕਿਸੇ ਡਰ, ਲਾਲਚ, ਦਬਾਅ ਜਾਂ ਪੱਖਪਾਤ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਮੀਦਵਾਰ ਦੀ ਚੋਣ ਉਸ ਦੀ ਇਮਾਨਦਾਰੀ, ਸਮਰੱਥਾ ਅਤੇ ਲੋਕ-ਭਲਾਈ ਪ੍ਰਤੀ ਸਮਰਪਣ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਨਾ ਕਿ ਜਾਤ, ਧਰਮ, ਭਾਸ਼ਾ ਜਾਂ ਨਿੱਜੀ ਲਾਭ ਦੇ ਆਧਾਰ ’ਤੇ। ਇਸ ਦੇ ਨਾਲ ਹੀ ਸਾਨੂੰ ਦੂਜਿਆਂ ਦੇ ਚੋਣ ਅਧਿਕਾਰ ਅਤੇ ਉਨ੍ਹਾਂ ਦੀ ਰਾਇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਵਿਚਾਰਾਂ ਦੀ ਵੱਖਰਤਾ ਲੋਕਤੰਤਰ ਦੀ ਕਮਜ਼ੋਰੀ ਨਹੀਂ, ਸਗੋਂ ਉਸ ਦੀ ਖ਼ੂਬਸੂਰਤੀ ਹੈ।
ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ, ਸੰਵਿਧਾਨਕ ਅਧਿਕਾਰਾਂ ਅਤੇ ਜ਼ਿੰਮੇਵਾਰ ਨਾਗਰਿਕਤਾ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ। ਸਿਆਸੀ ਪਾਰਟੀਆਂ ਨੂੰ ਯੋਗ, ਇਮਾਨਦਾਰ ਅਤੇ ਲੋਕ-ਸੇਵਾ ਦੀ ਭਾਵਨਾ ਰੱਖਣ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਚੋਣਾਂ ਦੌਰਾਨ ਰਿਸ਼ਵਤਖੋਰੀ, ਧਮਕੀਆਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਹੋਰ ਚੋਣ ਬੇਨਿਯਮੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨਾਗਰਿਕਾਂ ਨੂੰ ਚੋਣਾਂ ਤੋਂ ਬਾਅਦ ਵੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਉਨ੍ਹਾਂ ਦੇ ਕੰਮਾਂ ਦਾ ਹਿਸਾਬ ਮੰਗਣਾ ਚਾਹੀਦਾ ਹੈ। ਲੋਕਤੰਤਰ ਸਿਰਫ਼ ਚੋਣਾਂ ਦੇ ਦਿਨਾਂ ਤੱਕ ਸਰਗਰਮ ਰਹਿਣ ਵਾਲੀ ਪ੍ਰਣਾਲੀ ਨਹੀਂ, ਸਗੋਂ ਇਹ ਨਿਰੰਤਰ ਲੋਕ-ਭਾਗੀਦਾਰੀ ਅਤੇ ਜਨਤਕ ਜਵਾਬਦੇਹੀ ਦੀ ਪ੍ਰਕਿਰਿਆ ਹੈ।
ਅੰਤ ਵਿੱਚ ਇਹ ਕਹਿਣਾ ਉਚਿਤ ਹੋਵੇਗਾ ਕਿ ਕਿਸੇ ਦੇਸ਼ ਦੀ ਤਾਕਤ ਦਾ ਮੁਲਾਂਕਣ ਸਿਰਫ਼ ਉਸ ਦੀ ਆਰਥਿਕ ਖ਼ੁਸ਼ਹਾਲੀ, ਫ਼ੌਜੀ ਸ਼ਕਤੀ ਜਾਂ ਤਕਨੀਕੀ ਤਰੱਕੀ ਨਾਲ ਨਹੀਂ ਕੀਤਾ ਜਾ ਸਕਦਾ। ਉਸ ਦੇ ਲੋਕਤੰਤਰੀ ਅਦਾਰਿਆਂ ਦੀ ਮਜ਼ਬੂਤੀ ਅਤੇ ਨਾਗਰਿਕਾਂ ਦੀ ਜਾਗਰੂਕਤਾ ਵੀ ਉਸ ਦੀ ਅਸਲ ਤਰੱਕੀ ਦੇ ਮਹੱਤਵਪੂਰਨ ਮਾਪਦੰਡ ਹਨ। ਇੱਕ ਮਜ਼ਬੂਤ ਲੋਕਤੰਤਰ ਲਈ ਇਮਾਨਦਾਰ ਆਗੂਆਂ, ਸੁਤੰਤਰ ਸੰਸਥਾਵਾਂ ਅਤੇ ਜ਼ਿੰਮੇਵਾਰ ਵੋਟਰਾਂ ਦਾ ਹੋਣਾ ਲਾਜ਼ਮੀ ਹੈ। ਚੋਣਾਂ ਸਾਨੂੰ ਬਿਹਤਰ ਭਵਿੱਖ ਚੁਣਨ ਦਾ ਮੌਕਾ ਦਿੰਦੀਆਂ ਹਨ, ਪਰ ਇਸ ਮੌਕੇ ਦੀ ਸਹੀ ਵਰਤੋਂ ਕਰਨਾ ਵੋਟਰਾਂ ਦੀ ਸੂਝ-ਬੂਝ ’ਤੇ ਨਿਰਭਰ ਕਰਦਾ ਹੈ।
ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਵੋਟ ਪਾਉਣਾ ਸਿਰਫ਼ ਇੱਕ ਬਟਨ ਦਬਾਉਣ ਜਾਂ ਬੈਲਟ ਪੇਪਰ ’ਤੇ ਨਿਸ਼ਾਨ ਲਗਾਉਣ ਦੀ ਕਿਰਿਆ ਨਹੀਂ ਹੈ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਆਸ, ਭਰੋਸੇ ਅਤੇ ਜ਼ਿੰਮੇਵਾਰੀ ਦਾ ਪ੍ਰਗਟਾਵਾ ਹੈ। ਸਾਨੂੰ ਆਪਣੇ ਇਸ ਕੀਮਤੀ ਅਧਿਕਾਰ ਦਾ ਸੌਦਾ ਪੈਸੇ, ਤੋਹਫ਼ਿਆਂ ਜਾਂ ਅਸਥਾਈ ਲਾਭਾਂ ਨਾਲ ਕਦੇ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਸਾਨੂੰ ਇਸ ਦੀ ਵਰਤੋਂ ਇੱਕ ਅਜਿਹਾ ਸਮਾਜ ਸਿਰਜਣ ਲਈ ਕਰਨੀ ਚਾਹੀਦੀ ਹੈ, ਜਿੱਥੇ ਨਿਆਂ, ਸਮਾਨਤਾ, ਵਿਕਾਸ, ਭਾਈਚਾਰਕ ਸਾਂਝ ਅਤੇ ਆਪਸੀ ਸਤਿਕਾਰ ਦੀਆਂ ਕਦਰਾਂ-ਕੀਮਤਾਂ ਪ੍ਰਫੁੱਲਤ ਹੋਣ।
ਇੱਕ ਵੋਟ ਪਾਉਣ ਵਿੱਚ ਭਾਵੇਂ ਕੁਝ ਸਕਿੰਟ ਲੱਗਦੇ ਹਨ, ਪਰ ਉਸ ਦਾ ਪ੍ਰਭਾਵ ਦੇਸ਼ ਦੇ ਭਵਿੱਖ ਨੂੰ ਕਈ ਸਾਲਾਂ ਤੱਕ ਪ੍ਰਭਾਵਿਤ ਕਰ ਸਕਦਾ ਹੈ। ਲੋਕਤੰਤਰ ਉਦੋਂ ਹੀ ਮਜ਼ਬੂਤ ਬਣਦਾ ਹੈ, ਜਦੋਂ ਨਾਗਰਿਕ ਸਿਰਫ਼ ਬਦਲਾਅ ਦੀ ਮੰਗ ਨਹੀਂ ਕਰਦੇ, ਸਗੋਂ ਉਸ ਬਦਲਾਅ ਦਾ ਹਿੱਸਾ ਵੀ ਬਣਦੇ ਹਨ।

ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ