ਅਮਰੀਕਾ ਵੱਲੋਂ ਗ੍ਰੀਨ ਕਾਰਡ ਨਿਯਮਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਨੇ ਵਿਦੇਸ਼ੀ ਕਾਮਿਆਂ ਲਈ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਦਾ ਮਕਸਦ ਫਿਜ਼ੀਕਲ ਥੈਰੇਪਿਸਟਾਂ ਅਤੇ ਨਰਸਾਂ ਤੋਂ ਲੈ ਕੇ ਉੱਚ-ਕੁਸ਼ਲ ਪੇਸ਼ੇਵਰਾਂ ਦੀਆਂ ਨੌਕਰੀਆਂ ਲਈ ਅਮਰੀਕੀ ਨਾਗਰਿਕਾਂ ਨੂੰ ਭਰਤੀ ਵਿੱਚ ਪਹਿਲ ਦੇਣਾ ਯਕੀਨੀ ਬਣਾਉਣਾ ਹੈ। ਅਮਰੀਕੀ ਕਿਰਤ ਵਿਭਾਗ ਨੇ ‘ਪ੍ਰੋਗਰਾਮ ਇਲੈਕਟ੍ਰੌਨਿਕ ਰਿਵਿਊ ਮੈਨੇਜਮੈਂਟ’ ਇਮੀਗ੍ਰੈਂਟ ਵੀਜ਼ਾ ਪ੍ਰਕਿਰਿਆ ਅਧੀਨ ਕਿਰਤ ਬਾਜ਼ਾਰ ਟੈਸਟ ਨੂੰ ਆਧੁਨਿਕ ਬਣਾਉਣ ਲਈ ਨਵੇਂ ਨਿਯਮ ਦੀ ਤਜਵੀਜ਼ ਪੇਸ਼ ਕੀਤੀ ਹੈ, ਜੋ ਕਿ 20 ਸਾਲਾਂ ਵਿੱਚ ਨਿਯਮਾਂ ਦਾ ਕੀਤਾ ਜਾਣ ਵਾਲਾ ਪਹਿਲਾ ਵੱਡਾ ਸੁਧਾਰ ਹੈ। ਇਸ ਫ਼ੈਸਲੇ ਨਾਲ ਭਾਰਤੀ ਪੇਸ਼ੇਵਰ ਅਤੇ ਨਰਸਾਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ।
ਤਜਵੀਜ਼ਸ਼ੁਦਾ ਬਦਲਾਅ ਅਧੀਨ ਰੁਜ਼ਗਾਰਦਾਤਿਆਂ ਨੂੰ ਵਿਦੇਸ਼ੀ ਕਾਮਿਆਂ ਦੀਆਂ ਲੋੜਾਂ ਅਨੁਸਾਰ ਨੌਕਰੀਆਂ ਦੇ ਮੌਕੇ ਤਿਆਰ ਕਰਨ ਤੋਂ ਰੋਕਿਆ ਜਾਵੇਗਾ। ਰੁਜ਼ਗਾਰਦਾਤਿਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਨੌਕਰੀਆਂ ਦੀ ਭਰਤੀ ਲਈ ਉਹੀ ਸਾਧਨ ਅਤੇ ਤਰੀਕੇ ਵਰਤਣ ਜੋ ਆਮ ਅਸਾਮੀਆਂ ਲਈ ਵਰਤੇ ਜਾਂਦੇ ਹਨ।
ਨਵੀਂ ਤਜਵੀਜ਼ ਵਿੱਚ ਰਵਾਇਤੀ ਪ੍ਰਿੰਟ ਇਸ਼ਤਿਹਾਰਾਂ ਦੀ ਥਾਂ ਕੰਪਨੀ ਦੀਆਂ ਵੈੱਬਸਾਈਟਾਂ, ਜੌਬ ਪੋਰਟਲਾਂ, ਸੋਸ਼ਲ ਮੀਡੀਆ ਪਲੇਟਫਾਰਮਾਂ, ਜੌਬ ਫੇਅਰਾਂ ਅਤੇ ਕੈਂਪਸ ਭਰਤੀ ਰਾਹੀਂ ਆਨਲਾਈਨ ਭਰਤੀ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖਾਲੀ ਅਸਾਮੀਆਂ ਦੀ ਇਸ਼ਤਿਹਾਰਬਾਜ਼ੀ ਦੀ ਘੱਟੋ-ਘੱਟ ਮਿਆਦ ਨੂੰ ਮੌਜੂਦਾ 30 ਦਿਨਾਂ ਤੋਂ ਵਧਾ ਕੇ 90 ਕੈਲੰਡਰ ਦਿਨ ਕਰਨ ਦੀ ਤਜਵੀਜ਼ ਰੱਖੀ ਗਈ ਹੈ ਅਤੇ ਰੁਜ਼ਗਾਰਦਾਤਿਆਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਯੋਗ ਅਮਰੀਕੀ ਕਾਮਿਆਂ ਦੀ ਭਰਤੀ ਲਈ ਸੱਚੇ ਯਤਨ ਕੀਤੇ ਹਨ।
ਅਮਰੀਕੀ ਕਿਰਤ ਮੰਤਰੀ ਕੀਥ ਸੋਂਡਰਲਿੰਗ ਅਨੁਸਾਰ ਇਹ ਤਜਵੀਜ਼ਸ਼ੁਦਾ ਨਿਯਮ ਬਦਲਾਅ ਇਹ ਯਕੀਨੀ ਬਣਾਏਗਾ ਕਿ ਉੱਚ-ਕੁਸ਼ਲ ਅਤੇ ਉੱਚ-ਤਨਖ਼ਾਹ ਵਾਲੀਆਂ ਨੌਕਰੀਆਂ ਦੇ ਮੌਕਿਆਂ ਲਈ ਅਮਰੀਕੀ ਕਾਮੇ ਵਿਦੇਸ਼ੀ ਲੇਬਰ ਨਾਲੋਂ ਪਹਿਲੀ ਲਾਈਨ ਵਿੱਚ ਹੋਣ। ਵਿਭਾਗ ਨੇ ਉਸ ਪ੍ਰਸ਼ਾਸਨਿਕ ਛੋਟ ਨੂੰ ਖ਼ਤਮ ਕਰਨ ਦੀ ਤਜਵੀਜ਼ ਵੀ ਦਿੱਤੀ ਹੈ ਜੋ ਰੁਜ਼ਗਾਰਦਾਤਿਆਂ ਨੂੰ ਕੁੱਝ ਖ਼ਾਸ ਕਿੱਤਿਆਂ ਲਈ ਕਾਨੂੰਨੀ ਲੇਬਰ ਮਾਰਕੀਟ ਟੈਸਟ ਨੂੰ ਛੱਡਣ ਦੀ ਇਜਾਜ਼ਤ ਦਿੰਦੀ ਸੀ। ਨਵੇਂ ਢਾਂਚੇ ਅਧੀਨ ਫਿਜ਼ੀਕਲ ਥੈਰੇਪਿਸਟਾਂ, ਨਰਸਾਂ ਅਤੇ ਵਿਗਿਆਨ ਜਾਂ ਕਲਾ ਵਿੱਚ ਵਿਸ਼ੇਸ਼ ਯੋਗਤਾ ਵਾਲੇ ਅਹੁਦਿਆਂ ਲਈ ਭਰਤੀ ਕਰਨ ਵਾਲੇ ਮਾਲਕਾਂ ਨੂੰ ਪਹਿਲਾਂ ਯੋਗ ਅਮਰੀਕੀ ਬਿਨੈਕਾਰਾਂ ’ਤੇ ਵਿਚਾਰ ਕਰਨਾ ਪਵੇਗਾ।
ਇਸ ਤਜਵੀਜ਼ ਦਾ ਮਕਸਦ ਛਾਂਟੀ ਕੀਤੇ ਗਏ ਅਮਰੀਕੀ ਕਾਮਿਆਂ ਲਈ ਸੁਰੱਖਿਆ ਨਿਯਮਾਂ ਨੂੰ ਮਜ਼ਬੂਤ ਕਰਨਾ ਵੀ ਹੈ। ਰੁਜ਼ਗਾਰਦਾਤਿਆਂ ਨੂੰ ਲੇਬਰ ਸਰਟੀਫਿਕੇਸ਼ਨ ਅਤੇ ਇਮੀਗ੍ਰੈਂਟ ਪਟੀਸ਼ਨ ਪ੍ਰਕਿਰਿਆਵਾਂ ਦੌਰਾਨ ਯੋਗ ਛਾਂਟੀ ਕੀਤੇ ਕਾਮਿਆਂ ’ਤੇ ਵਿਚਾਰ ਕਰਨਾ ਜਾਰੀ ਰੱਖਣਾ ਪਵੇਗਾ। ਇਸ ਤੋਂ ਇਲਾਵਾ ਪਿਛਲੇ ਦੋ ਸਾਲਾਂ ਵਿੱਚ ਅਮਰੀਕੀ ਕਾਮਿਆਂ ਦੀ ਛਾਂਟੀ ਕਰਨ ਵਾਲੇ ਕੁਝ ਰੁਜ਼ਗਾਰਦਾਤਿਆਂ ਨੂੰ ਉਸੇ ਜਾਂ ਅਜਿਹੇ ਹੋਰ ਅਹੁਦਿਆਂ ਲਈ ਸਥਾਈ ਲੇਬਰ ਸਰਟੀਫਿਕੇਸ਼ਨ ਪ੍ਰਾਪਤ ਕਰਨ ਤੋਂ ਰੋਕਿਆ ਜਾਵੇਗਾ।











Comments (0)