ਹੁਣ ਗੁਰਦੁਆਰਾ ਛੋਟਾ ਘੱਲੂਘਾਰਾ ‘ਚ ਅਸ਼ਲੀਲ ਟੁਆਇਲਟ ਸੀਟ ਕਾਰਨ ਮਾਮਲਾ ਭਖਿਆ

0
250

 

ਕੈਪਸ਼ਨ-ਗੁਰਦਾਸਪੁਰ ਵਿੱਚ ਛੋਟਾ ਘੱਲੂਘਾਰਾ ਵਿਖੇ ਹਿੰਸਾ ਦਾ ਕਾਰਨ ਬਣੀ ਅਸ਼ਲੀਲ ਟੁਆਇਲਟ ਸੀਟ।
ਚੰਡੀਗੜ੍ਹ/ਬਿਊਰੋ ਨਿਊਜ਼ :
ਅਨੈਤਿਕ ਕਾਰਵਾਈ ਦੇ ਪ੍ਰਗਟਾਵੇ ਬਾਅਦ ਅਕਾਲੀਆਂ ਅਤੇ ਕਾਂਗਰਸੀਆਂ ਦੀ ਰਾਜਸੀ ਰੱਸਾਕਸ਼ੀ ਕਾਰਨ ਚਰਚਾ ਵਿੱਚ ਆਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਗੁਰਦੁਆਰਾ ਛੋਟਾ ਘੱਲੂਘਾਰਾ ਵਿੱਚ ਅਸ਼ਲੀਲ ਟਾਇਲੈੱਟ ਸੀਟ ਨੇ ਇੱਕ ਵਾਰ ਫਿਰ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਪਿਛਲੇ ਪੰਦਰਾਂ ਦਿਨ ਤੋਂ ਵਿਗੜੇ ਹਾਲਾਤ ਕਾਰਨ ਸ਼ਰਧਾਲੂ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਵੀ ਬੇਵਸ ਹਨ ਪਰ ਰਾਜਸੀ ਆਗੂ ਹਰ ਸਮੇਂ ਲਾਹਾ ਲੈਣ ਦੀ ਤਾਕ ਵਿੱਚ ਹਨ।
ਤਾਜ਼ਾ ਵਿਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਦੇ ਦਫਤਰ ਦੇ ਨਾਲ ਬਣਾਏ ਪਖਾਨੇ ਵਿੱਚ ਲੱਗੀ ਅਸ਼ਲੀਲ ਟਾਇਲਟ ਸੀਟ ਨੂੰ ਲੈ ਕੇ ਭੜਕਿਆ ਹੈ। 11 ਅਗਸਤ ਨੂੰ ਇੱਕ ਸ਼ਰਧਾਲੂ ਵੱਲੋਂ ਬਣਾਈ ਵੀਡੀਓ ਰੁਕ-ਰੁਕ ਕੇ ਅੱਗ ਲਾ ਰਹੀ ਹੈ। ਸ਼ਰਧਾਲੂ ਵੱਲੋਂ ਕੀਤੇ ਸਟਿੰਗ ਅਪਰੇਸ਼ਨ ਵਿੱਚ ਕਿ ਕਿਵੇਂ ਔਰਤ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਵਾਲੇ ਰਿਹਾਇਸ਼ੀ ਖੇਤਰ ਵਿੱਚ ਲਿਆਂਦਾ ਗਿਆ, ਦਿਖਾਇਆ ਗਿਆ ਹੈ। ਸੰਗਤ ਵੱਲੋਂ ਪ੍ਰਬੰਧਕ ਕਮੇਟੀ ਦਾ ਇੱਕ ਮੁੱਖ ਆਗੂ ਬੂਟਾ ਸਿੰਘ ਫੜਿਆ ਗਿਆ। ਇਸ ਨੂੰ ਬਾਅਦ ਵਿੱਚ ਔਰਤ ਸਣੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਬਾਅਦ ਵਿੱਚ ਹੁਣ ਤਾਜ਼ਾ ਵਿਵਾਦ ਦਾ ਧੁਰਾ ਬਣੀ ਟਾਇਲੈੱਟ ਸੀਟ ਨੂੰ ਵੀ ਹਟਾ ਦਿੱਤਾ ਗਿਆ ਹੈ।
ਜਦੋਂ ਇਸ ਗੁਰਦੁਆਰੇ ਵਿੱਚ ਰਾਜਨੀਤੀ ਦਾ ਅਖਾੜਾ ਭਖਣ ਲੱਗਾ ਤਾਂ ਇਲਾਕੇ ਦੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਸੇਵਾ ਸਿੰਘ ਸੇਖਵਾਂ ਅਤੇ ਸੁੱਚਾ ਸਿੰਘ ਲੰਗਾਹ ਨੇ ਪਸਚਾਤਾਪ ਵੱਲੋਂ ਅਖੰਡ ਪਾਠ ਰੱਖਣ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬੁਲਾ ਲਿਆ। ਪਾਠ ਸ਼ੁਰੂ ਹੋ ਗਏ ਪਰ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਦੱਸੇ ਜਾਂਦੇ ਕਾਂਗਰਸ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭਿੰਦਾ ਨੇ ਆਪਣੇ ਹਮਾਇਤੀਆਂ ਨਾਲ ਉੱਥੋਂ ਸ਼੍ਰੋਮਣੀ ਕਮੇਟੀ ਦੇ ਪਾਠੀਆਂ ਨੂੰ ਖਦੇੜ ਦਿੱਤਾ ਅਤੇ ਪਾਠ ਰੋਕ ਦਿੱਤੇ। ਇਸ ਦੌਰਾਨ ਗੱਲਬਾਤ ਕਰਦਿਆਂ ਜਥੇਦਾਰ ਲੰਗਾਹ ਅਤੇ ਸੇਖਵਾਂ ਨੇ ਗੁਰਦੁਆਰੇ ਉੱਤੇ ਕਬਜ਼ੇ ਦੀ ਕਿਸੇ ਪ੍ਰਕਾਰ ਦੀ ਕੋਸ਼ਿਸ਼ ਤੋਂ ਇਨਕਾਰ ਕੀਤਾ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਗੁਰਦੁਆਰੇ ਉੱਤੇ ਕਬਜ਼ੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।