ਗੁਰਦੁਆਰਾ ਛੋਟਾ ਘੱਲੂਘਾਰਾ ਵਿਵਾਦ ‘ਚ ਮੁਤਵਾਜ਼ੀ ਜਥੇਦਾਰਾਂ ਨੇ 3 ਮੈਂਬਰੀ ਕਮੇਟੀ ਬਣਾਈ

0
337

 

punjab page; Dhyan Singh Mand  acting (paralle) Jathedar Akal Takht(left) and Baljit Singh Daduwal Jathedar  Takht Damdama Sahib addressing the Media person in Amritsar on Thursday photo vishal kumar
punjab page; Dhyan Singh Mand acting (paralle) Jathedar Akal Takht(left) and Baljit Singh Daduwal Jathedar Takht Damdama Sahib addressing the Media person in Amritsar on Thursday photo vishal kumar

ਕੈਪਸ਼ਨ-ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਇੱਥੇ ਕਿਹਾ ਕਿ 11 ਅਗਸਤ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਵਾਪਰੀ ਘਟਨਾ ਅਤੇ ਉਸ ਮਗਰੋਂ ਪੈਦਾ ਹੋਏ ਹਾਲਾਤ ਦੀ ਸਚਾਈ ਦਾ ਪਤਾ ਲਾਉਣ ਲਈ ਉਨ੍ਹਾਂ ਵੱਲੋਂ ਥਾਪੀ ਤਿੰਨ ਮੈਂਬਰੀ ਕਮੇਟੀ 30 ਅਗਸਤ ਤੱਕ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਬਿਨਾਂ ਗੱਲੋਂ ਉਛਾਲਿਆ ਜਾ ਰਿਹਾ ਹੈ, ਜਦੋਂ ਕਿ ਉਹ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਅਤੇ ਸੇਵਾ ਸਿੰਘ ਸੇਖਵਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਨਾਲ ਲੈ ਕੇ ਗੁਰਦੁਆਰੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਸੰਗਤ ਨੇ ਅਸਫ਼ਲ ਬਣਾ ਦਿੱਤਾ।
ਭਾਈ ਧਿਆਨ ਸਿੰਘ ਮੰਡ ਅਤੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰੇ ਵਿਚ ਵਾਪਰੀ ਬਦ-ਇਖਲਾਕੀ ਦੀ ਘਟਨਾ ਨਿੰਦਣਯੋਗ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਸੁਰਜੀਤ ਸਿੰਘ ਕਾਲਾਬੂਲਾ, ਭਾਈ ਸੁਰਜੀਤ ਸਿੰਘ ਕਾਲਾ ਤੁਗਲਵਾਲ ਤੇ ਬਾਬਾ ਪਰਦੀਪ ਸਿੰਘ ਚਾਂਦਪੁਰੀ ਆਧਾਰਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ 30 ਅਗਸਤ ਤੱਕ ਰਿਪੋਰਟ ਪੇਸ਼ ਕਰੇਗੀ। ਰਿਪੋਰਟ ਆਉਣ ‘ਤੇ ਸਾਰਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤ ਦੀ ਮੰਗ ਅਨੁਸਾਰ ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ ਤੇ ਸਾਥੀਆਂ ਨੂੰ ਅਕਾਲ ਤਖ਼ਤ ‘ਤੇ ਤਲਬ ਕੀਤਾ ਜਾ ਸਕਦਾ ਹੈ। ਜੇਕਰ ਟਰਸੱਟ ਦੇ ਪ੍ਰਧਾਨ ਮਾਸਟਰ ਜੌਹਲ ਸਿੰਘ ਵੀ ਕਸੂਰਵਾਰ ਹੋਏ ਤਾਂ ਉਨ੍ਹਾਂ ਨੂੰ ਵੀ ਤਲਬ ਕੀਤਾ ਜਾਵੇਗਾ। ਉਨ੍ਹਾਂ ਡੇਰਾ ਵਿਵਾਦ ਬਾਰੇ ਕਿਹਾ ਕਿ ਇਹ ਮਾਮਲਾ ਅਦਾਲਤ ਤੇ ਡੇਰਾ ਮੁਖੀ ਵਿਚਾਲੇ ਹੈ, ਸਿੱਖਾਂ ਨੂੰ ਇਸ ਵਿੱਚ ਨਹੀਂ ਆਉਣਾ ਚਾਹੀਦਾ ਪਰ ਸਿੱਖ ਸੁਚੇਤ ਜ਼ਰੂਰ ਰਹਿਣ। ਇਸ ਮੌਕੇ ਭਾਈ ਜਰਨੈਲ ਸਿੰਘ ਸਖੀਰਾ ਤੇ ਹਰਬੀਰ ਸਿੰਘ ਸੰਧੂ ਵੀ ਸ਼ਾਮਲ ਸਨ।
ਕਾਹਨੂੰਵਾਨ : ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਘੱਲੂਘਾਰਾ ਸਾਹਿਬ ਪੁੱਜੇ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਟਰੱਸਟ ਦੇ ਮੈਂਬਰਾਂ ਨਾਲ ਵਿਚਾਰਾਂ ਕੀਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗੁਰਦੁਆਰਿਆਂ ਵਿੱਚ ਵਾਪਰੀਆਂ ਘਟਨਾਵਾਂ ਲਈ ਦੋਹਰੇ ਮਾਪਦੰਡ ਅਪਣਾ ਰਹੇ ਹਨ।