ਹੁਣ ਤਿਰੰਗੇ ਅਤੇ ਭਗਵਾਂ ਟੀ ਸ਼ਰਟਾਂ ਵਿਚ ਨਜ਼ਰ ਆਉਣਗੇ ਕਾਂਵੜੀਏ

0
1884

Dak Kanwarias with the National flags from Haridwar to Meerut. Tribune photo

ਮੇਰਠ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੌਰਾਨ ਧਰੁਵੀਕਰਨ ਅਤੇ ਦੰਗਿਆਂ ਦੇ ਸਹਾਰੇ ਹੂੰਝਾ ਫੇਰਨ ਵਾਲੀ ਭਾਜਪਾ ਅਤੇ ਸੰਘ ਪਰਿਵਾਰ ਨਾਲ ਜੁੜੀਆਂ ਹੋਰ ਜਥੇਬੰਦੀਆਂ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਰਣਨੀਤੀ ਘੜ ਲਈ ਹੈ। ਆਉਂਦੀਆਂ ਚੋਣਾਂ ਵਿਚ ਜਾਤ-ਪਾਤ ਦੀ ਭੂਮਿਕਾ ਅਹਿਮ ਰਹਿਣ ਕਾਰਨ ਸੰਘ ਪਰਿਵਾਰ ਨੇ ਸਮਾਜਿਕ ਤਾਣੇ-ਬਾਣੇ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਨਵੀਂ ਯੋਜਨਾਬੰਦੀ ਕੀਤੀ ਹੈ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਵਿਚ ਭਾਜਪਾ ਨੇ ਕੁਲ 80 ਸੀਟਾਂ ਵਿਚੋਂ 71 ਅਤੇ ਉਸ ਦੀ ਸਹਿਯੋਗੀ ਅਪਨਾ ਦਲ ਨੇ ਦੋ ਸੀਟਾਂ ਜਿੱਤੀਆਂ ਸਨ।
ਹਰ ਸਾਲ ਜੁਲਾਈ ਤੋਂ ਅਗਸਤ ਤਕ ਹਰਿਦੁਆਰ ਤੋਂ ਮੇਰਠ ਅਤੇ ਗਾਜ਼ੀਆਬਾਦ ਤਕ ਕਾਂਵੜ ਯਾਤਰਾ ਕੱਢੀ ਜਾਂਦੀ ਹੈ ਅਤੇ ਇਸ ਵਾਰ ਯਾਤਰਾ ਨੂੰ ਧਰਮ ਦੇ ਨਾਲ-ਨਾਲ ਦੇਸ਼ਭਗਤੀ ਦੇ ਜਜ਼ਬੇ ਨਾਲ ਜੋੜ ਦਿੱਤਾ ਗਿਆ ਹੈ। ਪ੍ਰਾਂਤ ਸੰਘ ਚਾਲਕ ਸੂਰਿਆ ਪ੍ਰਸ਼ਾਂਤ ਨੇ ਕਾਂਵੜ ਯਾਤਰਾ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਕਾਂਵੜੀਆਂ ਨੂੰ ਕੌਮੀ ਝੰਡਾ ਅਤੇ ਭਗਵਾਂ ਟੀ ਸ਼ਰਟਾਂ ਵੰਡਣ ਦੀ ਯੋਜਨਾ ਉਲੀਕੀ।
ਪ੍ਰਾਂਤ ਸੰਘ ਚਾਲਕ ਦੇ ਡਿਪਟੀ ਅਰੁਣ ਜਿੰਦਲ ਨੇ ਦੱਸਿਆ, ”ਹਰੇਕ ਕਾਂਵੜੀਏ ਨੂੰ ਝੰਡਾ ਅਤੇ ਟੀ ਸ਼ਰਟ ਪ੍ਰਦਾਨ ਕਰਨਾ ਸੰਭਵ ਨਹੀਂ ਸੀ। ਇਸ ਲਈ ਅਸੀਂ 150-150 ਪ੍ਰਚਾਰਕਾਂ ਦੇ 10 ਜਥੇ ਬਣਾ ਕੇ ਉਨ੍ਹਾਂ ਨੂੰ ਭਗਵਾਂ ਟੀ ਸ਼ਰਟਾਂ ਪਹਿਨਾ ਕੇ ਯਾਤਰਾ ਦੇ ਰਾਹ ‘ਤੇ ਵੱਖ ਵੱਖ ਸਮੇਂ ‘ਤੇ ਤਾਇਨਾਤ ਕਰ ਦਿੱਤਾ ਅਤੇ ਉਨ੍ਹਾਂ ਕੋਲ ਤਿਰੰਗਾ ਤੇ ਗੰਗਾ ਜਲ ਵੀ ਹੈ।”
ਸੂਰਿਆ ਪ੍ਰਕਾਸ਼ ਨੇ ਕਿਹਾ ਕਿ ਹਰੇਕ ਸਾਲ ਕਰੋੜਾਂ ਲੋਕ ਧਾਰਮਿਕ ਯਾਤਰਾ ਵਿਚ ਹਿੱਸਾ ਲੈਂਦੇ ਹਨ ਅਤੇ ਇਨ੍ਹਾਂ ਵਿਚ 40 ਸਾਲ ਤੋਂ ਘੱਟ ਉਮਰ ਦੇ ਵੱਡੀ ਗਿਣਤੀ ਵਿਚ ਨੌਜਵਾਨ ਵੀ ਸ਼ਮੂਲੀਅਤ ਕਰਦੇ ਹਨ। ‘ਉਨ੍ਹਾਂ ਵਿਚ ਧਾਰਮਿਕ ਜੋਸ਼ ਤਾਂ ਹੁੰਦਾ ਹੀ ਹੈ ਪਰ ਦੇਸ਼ਭਗਤੀ ਦੀ ਥੋੜ੍ਹੀ ਘਾਟ ਦਿਖਾਈ ਦਿੰਦੀ ਹੈ। ਸਮਾਜਿਕ ਜਥੇਬੰਦੀ ਦੇ ਵਰਕਰ ਹੋਣ ਦੇ ਨਾਤੇ ਸਾਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਵਿਚ ਦੇਸ਼ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾਵੇ।’
ਅਹਿਮ ਗੱਲ ਹੈ ਕਿ ਟੀ ਸ਼ਰਟ ਦੇ ਮੂਹਰੇ ਭਗਵਾਨ ਸ਼ਿਵ ਅਤੇ ਭਾਰਤ ਮਾਤਾ ਦੀ ਤਸਵੀਰ ਦੇ ਨਾਲ ‘ਮੇਰਾ ਭਾਰਤ, ਮੇਰਾ ਕਰਤਵਯ’ ਅਤੇ ਪਿੱਛੇ ‘ਏਕ ਕਾਂਵੜ ਦੇਸ਼ ਕੇ ਨਾਮ’ ਨਾਅਰਾ ਲਿਖਿਆ ਹੋਇਆ ਹੈ। ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲਣ ਦਾ ਦਾਅਵਾ ਕਰਦਿਆਂ ਸ੍ਰੀ ਜਿੰਦਲ ਨੇ ਕਿਹਾ ਕਿ ਇਸ ਨਾਲ ਕਾਂਵੜੀਆਂ ਦੇ ਮਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਜਾਗੀ ਹੈ ਅਤੇ ਲੋਕਾਂ ਨੇ ਉਤਸ਼ਾਹਿਤ ਹੋ ਕੇ ਤਿਰੰਗੇ ਅਤੇ ਟੀ ਸ਼ਰਟਾਂ ਖ਼ਰੀਦੀਆਂ।