ਭਗਵੰਤ ਮਾਨ ਦੇ ਇਲਾਜ ਦਾ ਖ਼ਰਚਾ ਸਹੇਗੀ ਸਰਕਾਰ : ਸੁਖਬੀਰ ਬਾਦਲ

0
1236

sukhbir
ਫ਼ਾਜ਼ਿਲਕਾ/ਬਿਊਰੋ ਨਿਊਜ਼ :
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਆਪਣਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੁਡਾਉਣ ਲਈ ਨਸ਼ਾ ਮੁਕਤੀ ਕੇਂਦਰ ਵਿਚ ਦਾਖ਼ਲ ਹੋ ਸਕਦੇ ਹਨ। ਇਸ ਦਾ ਖ਼ਰਚਾ ਪੰਜਾਬ ਸਰਕਾਰ ਸਹੇਗੀ। ਉਹ ਇੱਥੇ ਸੰਗਤ ਦਰਸ਼ਨ ਲਈ ਆਏ ਸਨ। ਇਸੇ ਦੌਰਾਨ ਜਲਾਲਾਬਾਦ ਹਲਕੇ ਦੇ ਸੰਗਤ ਦਰਸ਼ਨ ਦੇ ਦੂਜੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਆਲ ਪਾਰਟੀ ਮੀਟਿੰਗ ਦੀ ਮੰਗ ਹਾਸੋਹੀਣੀ ਜਾਪਦੀ ਹੈ ਕਿਉਂਕਿ ਇਸ ਮੁੱਦੇ ‘ਤੇ ਪੰਜਾਬ ਦੀਆਂ ਜੜ੍ਹਾਂ ਪੁੱਟਣ ਦੀ ਸ਼ੁਰੂਆਤ ਕਾਂਗਰਸ ਵੱਲੋਂ ਹੀ ਕੀਤੀ ਗਈ ਸੀ। ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਕਾਂਗਰਸੀਆਂ ਵੱਲੋਂ ਹੀ ਮਤਰੇਆ ਸਲੂਕ ਕੀਤਾ ਗਿਆ ਸੀ। ਸ੍ਰੀ ਬਾਦਲ ਨੇ ਦਾਅਵਾ ਕੀਤਾ ਕਿ ਆਗਾਮੀ ਪੰਜਾਬ ਵਿਧਾਨ ਚੋਣਾਂ ਵਿੱਚ ਕਾਂਗਰਸ ਦੀ ਬੁਰੀ ਤਰ੍ਹਾਂ ਹੋਣ ਵਾਲੀ ਹਾਰ ਨੂੰ ਕੋਈ ਨਹੀਂ ਟਾਲ ਸਕਦਾ ਅਤੇ ਪੰਜਾਬ ਵਿੱਚੋਂ ਕਾਂਗਰਸ ਦਾ ਪੂਰਨ ਸਫਾਇਆ ਹੋ ਕੇ ਹੀ ਰਹੇਗਾ। ਉਨ੍ਹਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿੱਚ ਕੀਤੇ ਵਿਕਾਸ ਦਾ ਗੁਣਗਾਣ ਕੀਤਾ। ਉਨ੍ਹਾਂ ਜਲਾਲਾਬਾਦ ਹਲਕੇ ਦੀਆਂ 15 ਪੰਚਾਇਤਾਂ ਨੂੰ 12 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਵਿਕਾਸ ਕਾਰਜਾਂ ਲਈ ਜਾਰੀ ਕੀਤੀਆਂ।