ਪਾਕਿ ਰਵੱਈਏ ਖ਼ਿਲਾਫ਼ ਸੰਸਦ ‘ਚ ਇਕਜੁਟ ਹੋਈਆਂ ਵਿਰੋਧੀ ਧਿਰਾਂ

0
1083

rajnath
ਨਵੀਂ ਦਿੱਲੀ/ਬਿਊਰੋ ਨਿਊਜ਼ :
ਪਾਕਿਸਤਾਨ ਦੀ ਧਰਤੀ ‘ਤੇ ਜਾ ਕੇ ਉਸ ਨੂੰ ਖਰੀਆਂ-ਖਰੀਆਂ ਸੁਣਾਉਣ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਸੰਸਦ ਵਿਚੋਂ ਵੀ ਗੁਆਂਢੀ ਦੇਸ਼ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਅੱਤਵਾਦ ਨੂੰ ਚੰਗੇ-ਬੁਰੇ ਖਾਕਿਆਂ ਵਿਚ ਪਰਿਭਾਸ਼ਤ ਕਰਨ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਵਿਰੋਧੀ ਧਿਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਤਿੱਖੇ ਪ੍ਰਤੀਕਰਮ ਦਾ ਸਵਾਗਤ ਕੀਤਾ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਪ੍ਰੋਟੋਕੋਲ ਦੇ ਮੁਤਾਬਕ ਗ੍ਰਹਿ ਮੰਤਰੀ ਦਾ ਸਵਾਗਤ ਨਹੀਂ ਕੀਤਾ ਤਾਂ ਉਹ ਇਸ ਦੀ ਨਿਖੇਧੀ ਕਰਦੇ ਹਨ। ਜਨਤਾ ਦਲ (ਯੂ) ਦੇ ਨੇਤਾ ਸ਼ਰਦ ਯਾਦਵ ਨੇ ਵੀ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੂਰਾ ਦੇਸ਼ ਇਸ ਮਾਮਲੇ ਵਿਚ ਸਰਕਾਰ ਨਾਲ ਖੜ੍ਹਾ ਹੈ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸਰਕਾਰ ਨੂੰ ਪਾਕਿਸਤਾਨ ਤੇ ਭਾਰਤ ਦਰਮਿਆਨ ਸਬੰਧਾਂ ਦੀ ਯੋਜਨਾ ਬਾਰੇ ਮੁੜ ਵਿਚਾਰ ਕਰਨ ਦਾ ਮਸ਼ਵਰਾ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਸਾਰਕ ਮੁਲਕਾਂ ਦੇ ਗ੍ਰਹਿ ਮੰਤਰੀਆਂ ਦੇ ਸੰਮੇਲਨ ਬਾਰੇ ਬਿਆਨ ਦਿੱਤਾ। ਰਾਜਨਾਥ ਸਿੰਘ ਨੇ ਕਸ਼ਮੀਰ ਵਿਚ ਮਾਰੇ ਗਏ ਦਹਿਸ਼ਤਗਰਦ ਬੁਰਹਾਨ ਵਾਨੀ ਦੀ ਮੌਤ ‘ਤੇ ਪਾਕਿਸਤਾਨ ਦੀ ਦਖ਼ਲਅੰਦਾਜ਼ੀ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਿਸੇ ਇਕ ਦੇਸ਼ ਦਾ ਅੱਤਵਾਦੀ ਦੂਜੇ ਦੇਸ਼ ਦਾ ਸ਼ਹੀਦ ਕਿਵੇਂ ਹੋ ਸਕਦਾ ਹੈ। ਗ੍ਰਹਿ ਮੰਤਰੀ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਬਿਆਨ ਦਿੰਦਿਆਂ ਪਾਕਿਸਤਾਨ ਦਾ ਨਾਂਅ ਲਏ ਬਿਨਾਂ ਕਿਹਾ ਕਿ ਭਾਰਤ ਦੇ ਹਰ ਪ੍ਰਧਾਨ ਮੰਤਰੀ ਵੱਲੋਂ ਰਿਸ਼ਤੇ ਸੁਧਾਰਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ‘ਇਹ ਗੁਆਂਢੀ ਮੰਨਣ ਨੂੰ ਤਿਆਰ ਹੀ ਨਹੀਂ।’ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵੱਲੋਂ ਅੱਤਵਾਦ ਦੀ ਮੁਖ਼ਾਲਫਤ ਕਰਦਿਆਂ ਇਸ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਦੀ ਅਪੀਲ ਕੀਤੀ। ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਅਸਿੱਧੇ ਤੌਰ ‘ਤੇ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅੱਤਵਾਦ ਦਾ ਪਸਾਰ ਨਾ ਹੋਵੇ, ਇਸ ਲਈ ਜ਼ਰੂਰੀ ਹੈ ਕਿ ਨਾ ਸਿਰਫ ਅੱਤਵਾਦੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਸਗੋਂ ਉਨ੍ਹਾਂ ਲਈ ਪਨਾਹਗਾਹ ਬਣੇ ਮੁਲਕਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਰਾਜਨਾਥ ਸਿੰਘ ਨੇ ਅੱਤਵਾਦ ਨੂੰ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਵੱਲੋਂ ਗਿਆ ਇਹ ਸੰਦੇਸ਼ ਮਨੁੱਖਤਾ ਲਈ ਅਤੇ ਮਨੁੱਖਤਾ ਦੀ ਸੁਰੱਖਿਆ ਲਈ ਹੈ।
ਸੰਸਦ ਵਿਚ ਗ੍ਰਹਿ ਮੰਤਰੀ ਦਾ ਭਾਸ਼ਣ ਪਾਕਿਸਤਾਨ ਵਿਚ ਨਾ ਦਿਖਾਉਣ ਅਤੇ ‘ਲੰਚ’ ਨਾ ਕਰਨ ਦਾ ਮੁੱਦਾ ਵੀ ਗੂੰਜਿਆ। ਗ੍ਰਹਿ ਮੰਤਰੀ ਨੇ ਭਾਵਨਾਤਮਕ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਦਾ ਮਾਣ ਲੈ ਕੇ ਗਏ ਸੀ, ਇਸ ਲਈ ਉਨ੍ਹਾਂ ਨੇ ਉਥੇ ‘ਲੰਚ’ ਨਹੀਂ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ‘ਲੰਚ’ ਮੌਕੇ ਮੇਜ਼ਬਾਨ ਹੀ ਉਥੋਂ ਗਾਇਬ ਸੀ। ਉਨ੍ਹਾਂ ਕਿਹਾ ਕਿ ਉਹ ਉਥੇ ਖਾਣਾ ਖਾਣ ਨਹੀਂ ਗਏ ਸਨ, ਪਰ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਜੋ ਕਰਨਾ ਸੀ ਕੀਤਾ ਪਰ ਅਸੀਂ ਆਪਣੀ ਮਹਿਮਾਨਨਿਵਾਜ਼ੀ ਦੀ ਪ੍ਰੰਪਰਾ ਨਹੀਂ ਝੁਕਣ ਦੇ ਸਕਦੇ। ਪਾਕਿਸਤਾਨ ਦੇ ਰਵੱਈਏ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਦੋਸਤ ਬਦਲ ਸਕਦੇ ਹਾਂ, ਪਰ ਗੁਆਂਢੀ ਨਹੀਂ।