ਗਗਨੇਜਾ ‘ਤੇ ਹਮਲੇ ਸਬੰਧੀ ਭਾਜਪਾ ਤੇ ਸੰਘ ਆਗੂਆਂ ਨੇ ਬਾਦਲਾਂ ਨਾਲ ਕੀਤੀ ਮੁਲਾਕਾਤ

0
898

A BJP delegation led by its State President and Union Minister of State for Social Justice & Empowerment Mr .Vijay Sampla calls on Punjab Chief Minister Mr. Parkash Singh Badal and Deputy Chief Minister Mr. Sukhbir Singh Badal at CMR on Monday
ਬਾਦਲ ਬੋਲੇ-ਹਮਲੇ ਪਿੱਛੇ ਵਿਦੇਸ਼ੀ ਤਾਕਤਾਂ
ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ
ਚੰਡੀਗੜ੍ਹ/ਬਿਊਰੋ ਨਿਊਜ਼ :
ਭਾਜਪਾ ਤੇ ਆਰਐਸਐਸ ਆਗੂਆਂ ਨੇ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਪੰਜਾਬ ਅੰਦਰ ਵਿਗੜੀ ਕਾਨੂੰਨ ਵਿਵਸਥਾ ਠੀਕ ਕਰਨ ਦੀ ਮੰਗ ਕੀਤੀ। ਭਾਜਪਾ ਦੇ ਸੀਨੀਅਰ ਆਗੂ ਪ੍ਰਭਾਤ ਝਾਅ ਤੇ ਆਰਐਸਐਸ ਦੇ ਉੱਤਰੀ ਭਾਰਤ ਦੇ ਪ੍ਰਚਾਰਕ ਰਮੇਸ਼ਵਰ ਦੀ ਅਗਵਾਈ ਵਾਲੇ ਵਫ਼ਦਾਂ ਨੇ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ‘ਤੇ ਹੋਏ ਕਾਤਲਾਨਾ ਹਮਲੇ ਬਾਰੇ ਬਾਦਲਾਂ ਨਾਲ ਮੁਲਾਕਾਤ ਕੀਤੀ। ਕੇਂਦਰ ਸਰਕਾਰ ਤੇ ਸੰਘ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਰਾਜ ਸਰਕਾਰ ਤੋਂ ਲਗਾਤਾਰ ਰਿਪੋਰਟ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਬਾਰੇ ਸਰਕਾਰ ਨਾਲ ਗੱਲਬਾਤ ਕੀਤੀ ਹੈ। ਸ੍ਰੀ ਗਗਨੇਜਾ ਦਾ ਹਾਲ ਜਾਣਨ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਡੀਐਮਸੀ, ਲੁਧਿਆਣਾ ਪੁੱਜੇ। ਉਨ੍ਹਾਂ ਗਗਨੇਜਾ ਦੇ ਪਰਿਵਾਰ ਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਹਮਲੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਜਿਸ ਏਜੰਸੀ ਤੋਂ ਜਾਂਚ ਕਰਵਾਉਣਾ ਚਾਹੁੰਦਾ ਹੈ, ਸਰਕਾਰ ਉਸ ਦੇ ਨਾਲ ਹੈ। ਮੁੱਖ ਮੰਤਰੀ ਤੋਂ ਪਹਿਲਾਂ ਦੁਪਹਿਰ ਢਾਈ ਵਜੇ ਉਪ ਮੁੱਖ ਮੰਤਰੀ ਡੀਐਮਸੀ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ 10 ਟੀਮਾਂ ਜਾਂਚ ਕਰ ਰਹੀਆਂ ਹਨ।
ਭਾਜਪਾ ਤੇ ਸੰਘ ਦੇ ਆਗੂਆਂ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਹੀ ਲੁਧਿਆਣਾ ਵਿਚ ਆਰਐਸਐਸ ਦੀ ਸ਼ਾਖਾ ‘ਤੇ ਹਮਲਾ, ਨਾਮਧਾਰੀ ਸੰਪਰਦਾ ਨਾਲ ਸਬੰਧਤ ਮਾਤਾ ਚੰਦ ਕੌਰ ਦੀ ਦਿਨ ਦਿਹਾੜੇ ਹੱਤਿਆ ਸਮੇਤ ਸੂਬੇ ਵਿੱਚ ਅਗਵਾ, ਲੁੱਟਮਾਰ ਅਤੇ ਚੋਰੀ ਡਕੈਤੀ ਦੀਆਂ ਵਾਰਦਾਤਾਂ ਵਧਣ ਨਾਲ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਰਐਸਐਸ ਆਗੂ ‘ਤੇ ਹੋਏ ਹਮਲੇ ਬਾਅਦ ਸਰਕਾਰ ਦੀ ਸਥਿਤੀ ਕਸੂਤੀ ਬਣੀ ਹੋਈ ਹੈ। ਇਸ ਮੁੱਦੇ ‘ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਵੀ ਚਰਚਾ ਕੀਤੀ। ਮੀਟਿੰਗਾਂ ਦੌਰਾਨ ਡੀਜੀਪੀ ਸੁਰੇਸ਼ ਅਰੋੜਾ ਵੀ ਮੌਜੂਦ ਸਨ।  ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਭਾਜਪਾ ਆਗੂ ਝਾਅ ਨੇ ਕਿਹਾ ਕਿ ਗਗਨੇਜਾ ‘ਤੇ ਹੋਏ ਹਮਲੇ ਅਤੇ ਰਾਜ ਦੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਅਤੇ ਸ੍ਰੀ ਬਾਦਲ ਨੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗਗਨੇਜਾ ‘ਤੇ ਹਮਲੇ ਦੀ ਜਾਂਚ ਲਈ ਏਡੀਜੀਪੀ-ਕਮ-ਡਾਇਰੈਕਟਰ ਜਾਂਚ ਬਿਓਰੋ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਚਾਰ-ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ। ਸੂਬੇ ‘ਚ ਸਖ਼ਤ ਜਦੋ-ਜਹਿਦ ਨਾਲ ਕਾਇਮ ਕੀਤੇ ਅਮਨ-ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਲੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਸਹਿਣ ਨਹੀਂ ਕੀਤੀਆਂ ਜਾਣਗੀਆਂ।
ਭਾਜਪਾ ਦੇ ਵਫਦ ਵਿਚ ਸੂਬਾਈ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ, ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਮਦਨ ਮੋਹਨ ਮਿੱਤਲ, ਪ੍ਰੋ. ਬ੍ਰਿਜ ਲਾਲ ਰਿਣਵਾਂ, ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਕਮਲ ਸ਼ਰਮਾ ਤੇ ਦਿਨੇਸ਼ ਕੁਮਾਰ ਸ਼ਾਮਲ ਸਨ। ਆਰਐਸਐਸ ਦੇ ਵਫ਼ਦ ਵਿਚ ਉੱਤਰੀ ਜ਼ੋਨ ਦੇ ਪ੍ਰਮੁੱਖ ਪ੍ਰਚਾਰਕ ਰਮੇਸ਼ਵਰ, ਉੱਤਰੀ ਜ਼ੋਨ ਦੇ ਖੇਤਰੀ ਪ੍ਰਚਾਰਕ ਬਨਵੀਰ ਸਿੰਘ, ਪੰਜਾਬ ਦੇ ਪ੍ਰਾਂਤ ਪ੍ਰਚਾਰਕ ਪ੍ਰਮੋਦ ਕੁਮਾਰ, ਪੰਜਾਬ ਦੇ ਪ੍ਰਾਂਤ ਕਾਰਯਵਾਹ ਵਿਨੇ ਸ਼ਰਮਾ ਤੇ ਸੰਗਰੂਰ ਦੇ ਵਿਭਾਗ ਸੰਘ ਚਾਲਕ ਇਕਬਾਲ ਸਿੰਘ ਸ਼ਾਮਲ ਸਨ।
ਗਗਨੇਜਾ ਦੀ ਹਾਲਤ ਗੰਭੀਰ :
ਲੁਧਿਆਣਾ : ਸ੍ਰੀ ਗਗਨੇਜਾ ਲਈ ਆਉਣ ਵਾਲੇ 72 ਘੰਟੇ ਖ਼ਤਰੇ ਵਾਲੇ ਹਨ। ਉਹ ਡੀਐਮਸੀ ਵਿੱਚ ਵੈਂਟੀਲੇਟਰ ‘ਤੇ ਹਨ। ਡਾਕਟਰਾਂ ਮੁਤਾਬਕ ਸ੍ਰੀ ਗਗਨੇਜਾ ਦੇ ਸਰੀਰ ਵਿਚ ਹਾਲੇ ਵੀ ਤਿੰਨ ਗੋਲੀਆਂ ਹਨ ਅਤੇ ਪੂਰੇ ਸਰੀਰ ਅੰਦਰ 9 ਜ਼ਖ਼ਮ ਹਨ। ਡਾ. ਜੀਐਸ ਵਾਂਡਰ ਨੇ ਦੱਸਿਆ ਕਿ ਅੱਠ ਜ਼ਖ਼ਮ ਉਨ੍ਹਾਂ ਦੀਆਂ ਅੰਤੜੀਆਂ ਵਿੱਚ ਅਤੇ ਇਕ ਜ਼ਖ਼ਮ ਛਾਤੀ ਵਿੱਚ ਹੈ। ਡਾਕਟਰ ਉਨ੍ਹਾਂ ਦੇ ਬੀਪੀ ਤੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ। ਡਾਕਟਰ ਨੇ ਮੰਨਿਆ ਕਿ ਅਜਿਹੇ ਕੇਸ ਵਿਚ ਮਰੀਜ਼ ਲਈ ਹੁਣ ਤੋਂ 72 ਘੰਟੇ ਖ਼ਤਰੇ ਵਾਲੇ ਹੁੰਦੇ ਹਨ ਕਿਉਂਕਿ ਇਨਫੈਕਸ਼ਨ ਫੈਲਣ ਦਾ ਡਰ ਹੁੰਦਾ ਹੈ।
ਸੂਹ ਦੇਣ ਵਾਲੇ ਨੂੰ ਦਿੱਤੇ ਜਾਣਗੇ 10 ਲੱਖ ਰੁਪਏ ਤੇ ਨੌਕਰੀ :
ਜਲੰਧਰ : ਪੁਲੀਸ ਨੇ ਹਮਲਾਵਰਾਂ ਬਾਰੇ ਦੱਸਣ ਵਾਲੇ ਨੂੰ 10 ਲੱਖ ਰੁਪਏ ਤੇ ਉਸ ਨੂੰ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਪੁਲੀਸ ਵਿੱਚ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹਮਲਾਵਰਾਂ ਦੀਆਂ ਸੀਸੀਟੀਵੀ ਫੁਟੇਜ ਤੋਂ ਲਈਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹਮਲਾਵਰਾਂ ਬਾਰੇ ਮੋਬਾਈਲ ਨੰਬਰ 87250-01100 ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਸ਼ਹਿਰ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸੀਆਰਪੀਐਫ ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।