ਅਮਰੀਕਾ ਨੂੰ ਸੂਹ ਦੇਣ ਵਾਲੇ ਪਰਮਾਣੂ ਵਿਗਿਆਨੀ ਨੂੰ ਇਰਾਨ ਨੇ ਦਿੱਤੀ ਫਾਂਸੀ

0
657

ਤਹਿਰਾਨ/ਬਿਊਰੋ ਨਿਊਜ਼ :
ਇਰਾਨ ਨੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੂੰ ਦੇਸ਼ ਦੇ ਪਰਮਾਣੂ ਪ੍ਰੋਗਰਾਮ ਦੀ ਸੂਹ ਦੇਣ ਵਾਲੇ ਪਰਮਾਣੂ ਵਿਗਿਆਨੀ ਸ਼ਾਹਰਾਮ ਅਮੀਰੀ ਨੂੰ ਫਾਹੇ ਟੰਗ ਦਿੱਤਾ ਹੈ। ਸਰਕਾਰੀ ਖ਼ਬਰ ਏਜੰਸੀ ਇਰਨਾ ਨੇ ਇਰਾਨੀ ਜੁਡੀਸ਼ਰੀ ਦੇ ਤਰਜਮਾਨ ਗੁਲਾਮ ਹੁਸੈਨ ਮੋਹਸੇਨੀ ਈਜੇਹੀ ਦੇ ਹਵਾਲੇ ਨਾਲ ਵਿਗਿਆਨੀ ਨੂੰ ਫਾਹੇ ਲਾਉਣ ਦੀ ਪੁਸ਼ਟੀ ਕੀਤੀ ਹੈ। ਅਪੀਲ ਅਦਾਲਤ ਵਿਚ ਮੌਤ ਦੀ ਸਜ਼ਾ ‘ਤੇ ਨਜ਼ਰਸਾਨੀ ਕੀਤੀ ਗਈ ਸੀ ਅਤੇ ਉਸ ਨੂੰ ਵਕੀਲ ਵੀ ਮੁਹੱਈਆ ਕਰਾਇਆ ਗਿਆ ਸੀ। ਈਜੇਹੀ ਨੇ ਕਿਹਾ ਕਿ ਅਮੀਰੀ ਨੇ ਦੁਸ਼ਮਣ ਨੂੰ ਦੇਸ਼ ਦੀ ਅਹਿਮ ਸੂਚਨਾ ਦਿੱਤੀ ਸੀ। ਉਹ 2009 ਵਿਚ ਸਾਊਦੀ ਅਰਬ ਵਿਚ ਹਜ ਮੌਕੇ ਗਾਇਬ ਹੋ ਗਿਆ ਸੀ ਪਰ ਸਾਲ ਬਾਅਦ ਉਹ ਅਮਰੀਕਾ ਵਿਚ ਮਿਲਿਆ ਅਤੇ ਵਾਸ਼ਿੰਗਟਨ ਵਿਚ ਪਾਕਿਸਤਾਨੀ ਸਫ਼ਾਰਤਖ਼ਾਨੇ ਦੀ ਸਹਾਇਤਾ ਨਾਲ ਉਹ ਤਹਿਰਾਨ ਪਰਤਿਆ ਜਿਥੇ ਉਸ ਦਾ ਨਾਇਕਾਂ ਵਰਗਾ ਸਵਾਗਤ ਹੋਇਆ। ਇੰਟਰਵਿਊ ਵਿਚ ਅਮੀਰੀ ਨੇ ਦਾਅਵਾ ਕੀਤਾ ਕਿ ਉਸ ਨੂੰ ਸਾਊਦੀ ਅਤੇ ਅਮਰੀਕੀ ਜਾਸੂਸਾਂ ਨੇ ਅਗਵਾ ਕਰ ਲਿਆ ਸੀ ਜਦਕਿ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਸ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੀ ਜਾਣਕਾਰੀ ਦੇਣ ਦੇ ਇਵਜ਼ ਵਿਚ ਲੱਖਾਂ ਡਾਲਰ ਲਏ ਸਨ।