ਅਨੁਸ਼ਕਾ ਤੇ ਵਿਰਾਟ ਨੇ ਰਚਾਇਆ ਵਿਆਹ

0
334

virat-anushka

ਇਟਲੀ ਦੇ ਤੁਸ਼ੈਨੀ ਸ਼ਹਿਰ ‘ਚ ਵੱਜੀਆਂ ਸ਼ਹਿਨਾਈ ਦੀਆਂ ਧੁਨਾਂ
ਮੁੰਬਈ/ਬਿਊਰੋ ਨਿਊਜ਼:
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਟਲੀ ਵਿੱਚ ਵਿਆਹ ਬੰਧਨ ਵਿੱਚ ਬੱਝ ਗਏ। ਇਸ ਨਾਲ ਮੀਡੀਆ ਵੱਲੋਂ ਚਿਰਾਂ ਤੋਂ ਜੋੜੇ ਦੇ ਵਿਆਹ ਦੀਆਂ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਵੀ ਖਤਮ ਹੋ ਗਈਆਂ ਹਨ। ਜੋੜੇ ਦਾ ਵਿਆਹ ਇਕ ਨਿਜੀ ਸਮਾਗਮ ਵਿੱਚ ਨੇਪਰੇ ਚੜ੍ਹਿਆ ਜਿਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਨੇੜਲਿਆਂ ਨੇ ਸ਼ਮੂਲੀਅਤ ਕੀਤੀ। ਵਿਆਹ ਸਮਾਗਮ ਇਟਲੀ ਦੇ ਤੁਸੈਨੀ ਸ਼ਹਿਰ ਵਿਚਲੇ ਰਿਜ਼ੌਰਟ ਵਿੱਚ ਹੋਇਆ। ਅਨੁਸ਼ਕਾ ਅਤੇ ਕੋਹਲੀ ਨੇ ਵਿਆਹ ਸਮਾਗਮ ਦੀਆਂ ਤਸਵੀਰਾਂ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲਈ ਪਿਆਰ ਦੇ ਬੰਧਨ ਵਿੱਚ ਬੱਝਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ ਇਹ ਖ਼ਬਰ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਅਨੁਸ਼ਕਾ ਨੇ ਵਿਆਹ ਦੌਰਾਨ ਗੁਲਾਬੀ ਰੰਗ ਦਾ ਲਹਿੰਗਾ ਜਦੋਂ ਕਿ ਵਿਰਾਟ ਨੇ ਸ਼ੇਰਵਾਨੀ ਪਾਈ ਹੋਈ ਸੀ। ਇਨ੍ਹਾਂ ਦੋਵਿਆਂ ਦੇ ਕੱਪੜਿਆਂ ਨੂੰ ਇਕੋ ਡਿਜ਼ਾਈਨਰ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਦੋਵਾਂ ਨੇ ਟਵੀਟ ਕੀਤਾ, ”ਅੱਜ ਦਾ ਦਿਨ ਸਾਡੇ ਪਰਿਵਾਰਾਂ, ਪ੍ਰਸ਼ਸੰਕਾਂ ਅਤੇ ਖ਼ੈਰ ਮੰਗਣ ਵਾਲਿਆਂ ਦੇ ਪਿਆਰ ਅਤੇ ਸਹਿਯੋਗ ਨਾਲ ਬਹੁਤ ਵਿਸ਼ੇਸ ਬਣ ਗਿਆ ਹੈ। ਸਾਡੇ ਇਸ ਸਫ਼ਰ ਦਾ ਹਿੱਸਾ ਬਣਨ ਲਈ ਸਭਨਾਂ ਦਾ ਧੰਨਵਾਦ।” ਇਹ ਵਿਆਹ ਹਿੰਦੂ ਰਿਤੀ ਰਿਵਾਜਾਂ ਨਾਲ ਹੋਇਆ। ਵਿਆਹ ਪਾਰਟੀ 21 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ ਅਤੇ ਫਿਲਮ ਇੰਡਸਟਰੀ ਦੇ ਦੋਸਤਾਂ ਅਤੇ ਕ੍ਰਿਕਟਰਾਂ ਲਈ ਵੱਖਰੀ ਪਾਰਟੀ 26 ਦਸੰਬਰ ਨੂੰ ਹੋਵੇਗੀ। ਵਿਆਹਿਆ ਜੋੜਾ ਬੀਤੇ ਚਾਰ ਵਰ੍ਹਿਆਂ ਤੋਂ ਡੇਟਿੰਗ ਕਰ ਰਿਹਾ ਸੀ ਤੇ ਮੀਡੀਆ ਦੀਆਂ ਵਿਆਹ ਸਬੰਧੀ ਕਿਆਸ ਅਰਾਈਆਂ ਦੇ ਬਾਵਜੂਦ ਪੂਰੀ ਤਰ੍ਹਾਂ ਚੁੱਪ ਸੀ।