ਵਿਪਸਾ ਦੀ 2017 ਦੀ ਪਲੇਠੀ ਇਕੱਤਰਤਾ, ”ਸਿਰਜਣਾ ਤੇ ਸੰਵਾਦ” ਪੁਸਤਕ ਰਿਲੀਜ਼

0
614

vipsa-book
ਫਰੀਮੌਂਟ/ਬਿਊਰੋ ਨਿਊਜ਼:
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਸਾਲ 2017 ਦੀ ਪਲੇਠੀ ਇਕੱਤਰਤਾ ਕਡਿੰਗੋ ਸਕੂਲ ਫਰੀਮਾਂਟ ਵਿਖੇ ਕੀਤੀ ਗਈ। ਨਵੇਂ ਸਾਲ ਦੀ ਵਧਾਈ ਦਿੰਦਿਆਂ ਹਰਜਿੰਦਰ ਕੰਗ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਸਾਲ 2016 ਵਿਚ ਅਕੈਡਮੀ ਵੱਲੋਂ ਕਰਵਾਈ ਗਈ ‘ਵਰਲਡ ਪੰਜਾਬੀ ਕਾਨਫਰੰਸ’ ਸਬੰਧੀ ਚਰਚਾ ਲਈ ਸੱਦਾ ਦਿੱਤਾ। ਸਭਾ ਦੇ ਮੈਂਬਰਾਂ ਵੱਲੋਂ ਉਠਾਏ ਸਵਾਲਾਂ, ਸ਼ੰਕਿਆਂ ਤੇ ਗਲਤ ਫਹਿਮੀਆਂ ਦਾ ਸੰਤੋਸ਼ਜਨਕ ਉੱਤਰ ਦਿੰਦਿਆਂ ਡਾ; ਗੁਰੂਮੇਲ ਸਿੱਧੂ ਨੇ ਵਰਲਡ ਪੰਜਾਬੀ ਕਾਨਫਰੰਸ ਨੂੰ ਅਕੈਡਮੀ ਦੀ ਸਮੂਹਿਕ ਪ੍ਰਾਪਤੀ ਦਸਿਆ ਤੇ ਭਵਿੱਖ ਵਿਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਗੱਲ ਆਖੀ। ਨਾਲ ਹੀ ਵਿਪਸਾ ਦੀ ਨਵੀਂ ਕਮੇਟੀ ਦੇ ਗਠਨ ਲਈ ਅਗਲੀ ਮੀਟਿੰਗ ਵਿਚ ਫੈਸਲਾ ਕਰਨ ਦੀ ਸਰਬ ਸੰਮਤੀ ਪ੍ਰਗਟ ਕੀਤੀ ਗਈ।
ਉੱਘੇ ਗਜ਼ਲਗੋ ਸੁਰਿੰਦਰ ਸੀਰਤ ਦੀ ਸਮੁੱਚੀ ਸ਼ਾਇਰੀ ਸਬੰਧੀ ਡਾ. ਦਰਿਆ ਵੱਲੋਂ ਸੰਪਾਦਿਤ ਲੇਖਾ ਦੀ ਪੁਸਤਕ ”ਸੁਰਿੰਦਰ ਸੀਰਤ- ਸਿਰਜਣਾ ਤੇ ਸੰਵਾਦ” ਅਕੈਡਮੀ ਦੇ ਸਮੂਹ ਮੈਂਬਰਾਂ ਵੱਲੋਂ ਰਿਲੀਜ਼ ਕੀਤੀ ਗਈ। ਸਭ ਨੇ ਸੁਰਿੰਦਰ ਸੀਰਤ ਦੀ ਨਿਰੰਤਰ ਸ਼ਬਦ ਗਤੀਸ਼ੀਲਤਾ ਦੀ ਸ਼ਲਾਘਾ ਕੀਤੀ। ਇਸ ਪੁਸਤਕ ਦੇ ਵਿਸ਼ਾ ਵਸਤੂ ਸਬੰਧੀ ਪ੍ਰੋ. ਸੁਖਵਿੰਦਰ ਕੰਬੋਜ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੁਸਤਕ ਵਿਚ ਦਰਜ ਲੇਖਾਂ ਦੀ ਸਲਾਹੁਣਾ ਕੀਤੀ। ਸੁਰਿੰਦਰ ਸੀਰਤ ਨੂੰ ਕਾਵਿ ਚਿੰਤਨ ਦੇ ਪ੍ਰਸੰਗ ‘ਚ ਇਕ ਸੰਜੀਦਾ ਦ੍ਰਿਸ਼ਟੀ ਵਾਲਾ ਕਵੀ ਕਿਹਾ। ਉਪਰੰਤ ਸੁਰਿੰਦਰ ਸੀਰਤ ਨੇ ਇਸ ਪੁਸਤਕ ਦੀ ਛਪਣ ਪ੍ਰਕ੍ਰਿਆ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਦਸਿਆ ਕਿ ਕੁਝ ਬਹੁਤ ਮਹੱਤਵਪੂਰਣ ਲੇਖ ਕੂਝ ਕਾਰਨਾਂ ਕਰਕੇ ਪੁਸਤਕ ‘ਚ ਸ਼ਾਮਿਲ ਨਹੀਂ ਹੋ ਸਕੇ।
ਹਰਜਿੰਦਰ ਕੰਗ ਵਲੋਂ ਲਿਖਤੀ ਤੌਰ ਉੱਤੇ ਦਿੱੱਤੀ ਜਾਣਕਾਰੀ ਅਨੁਸਾਰ ਮੀਟਿੰਗ ਦੇ ਅਖ਼ੀਰ ਵਿਚ ਸ਼ਾਨਦਾਰ ਕਵੀ ਦਰਬਾਰ ਸਜਾਇਆ ਗਿਆ ਜਿਹ ਦੌਰਾਨ ਸਮੇਂ ਦੀ ਗੱਲ ਕਰਦੀਆਂ ਵਜ਼ਨਦਾਰ ਰਚਨਾਵਾਂ ਦੀ ਪੇਸ਼ਕਾਰੀ ਨੇ ਖੂਬ ਰੰਗ ਬੰਨ੍ਹਿਆ। ਕਵੀ ਦਰਬਾਰ ਵਿਚ ਡਾ. ਗੁਰਮੇਲ ਸਿੱਧੂ, ਸੁਖਵਿੰਦਰ ਕੰਬੋਜ, ਹਰਜਿੰਦਰ ਕੰਗ, ਕੁਲਵਿੰਦਰ, ਜਗਜੀਤ ਨੌਸ਼ਹਿਰਵੀ, ਸੁਰਿੰਦਰ ਸੀਰਤ, ਕਰਮ ਸਿੰਘ ਮਾਨ, ਗੁਲਸ਼ਨ ਦਿਆਲ, ਨੀਲਮ ਸੈਣੀ, ਤਾਰਾ ਸਾਗਰ, ਹਰਭਜਨ ਸਿੰਘ ਢਿੱਲੋਂ, ਰੇਸ਼ਮ ਸਿੱਧੂ, ਗੁਰਮੀਤ ਬਰਸਾਲ, ਈਸ਼ਰ ਸਿੰਘ ਮੋਮਨ, ਗੁਰਦੀਪ, ਪ੍ਰੀਤ ਪੰਕਜ, ਡਾ. ਖਵਾਜਾ ਅਸ਼ਰਫ ਅਤੇ ਅਸ਼ੋਕ ਭੌਰਾ ਨੇ ਹਿੱਸਾ ਲਿਆ। ਅੰਤ ਵਿਚ ਸੁਖਦੇਵ ਸਾਹਿਲ ਨੇ ਆਪਣੇ ਸੁਰੀਲੇ ਸੁਰਾਂ ਨਾਲ ਮਾਹੌਲ ਵਿਚ ਸੰਗੀਤ ਦੀ ਮਹਿਕ ਘੋਲ ਦਿੱਤੀ। ਉੱਘੇ ਰੰਗ ਕਰਮੀ ਅਸ਼ੋਕ ਤਾਂਗੜੀ ਤੇ ਲਾਜਸੈਣੀ ਵੀ ਹਾਜ਼ਰ ਸਨ। ਸਥਾਨ ਮੁਹੱਈਆ ਕਰਾਉਣ ਤੇ ਹੋਰ ਪ੍ਰਬੰਧਾਂ ਲਈ ਨੀਲਮ ਸੈਣੀ ਦਾ ਧੰਨਵਾਦ ਕੀਤਾ ਗਿਆ ।