ਪੰਜਾਬੀ ਸਿਨਮਾ : ਹੁਣ ਸੰਭਲਣ ਦਾ ਵੇਲਾ

0
168

the-black-prince
ਡਾ. ਨਿਸ਼ਾਨ ਸਿੰਘ ਰਾਠੌਰ (ਸੰਪਰਕ: 75892-33437)
ਕਿਸੇ ਵੀ ਸਮਾਜ ਦੀ ਸਹੀ ਤਸਵੀਰ ਦੇਖਣ ਲਈ ਉਸਦੇ ਸਿਨਮਾ ਨੂੰ ਦੇਖ ਲੈਣਾ ਹੀ ਕਾਫ਼ੀ ਹੁੰਦਾ ਹੈ। ਪੰਜਾਬੀ ਸਿਨਮਾ ਦਾ ਇਤਿਹਾਸ ਵੀ ਬਹੁਤ ਸੰਜੀਦਾ ਅਤੇ ਮਾਣ ਵਾਲਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਮਗਰੋਂ ਪੰਜਾਬੀ ਸਿਨਮਾ ਦਾ ਸਥਾਨ ਬਹੁਤ ਪ੍ਰਭਾਵਸ਼ਾਲੀ, ਨਿਵੇਕਲਾ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਰਿਹਾ ਹੈ। ਪਰ ਅਜੋਕੇ ਦੌਰ ਵਿੱਚ ਪੰਜਾਬੀ ਸਮਾਜ ਅੰਦਰ ਪੰਜਾਬੀ ਸਿਨਮਾ ਦਾ ਪ੍ਰਭਾਵ/ਮਹੱਤਵ ਬਹੁਤ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ ਜਾਂ ਪ੍ਰਭਾਵ ਪੱਖੋਂ ਨਾਂ-ਮਾਤਰ ਹੀ ਬਚਿਆ ਹੈ। ਇਸ ਕਮਜ਼ੋਰੀ ਦੇ ਬਹੁਤ ਸਾਰੇ ਕਾਰਨ ਉੱਭਰ ਕੇ ਸਾਹਮਣੇ ਆਉਂਦੇ ਹਨ।
ਪੰਜਾਬੀ ਸਿਨਮਾ ਦਾ ਅਜੌਕਾ ਦੌਰ ਜਿੱਥੇ ਬੌਲੀਵੁੱਡ ਨੂੰ ਟੱਕਰ ਦੇ ਰਿਹਾ ਹੈ ਉੱਥੇ ਮਿਆਰ ਪੱਖੋਂ ਇਹ ਤੀਜੇ ਦਰਜੇ ਦੀਆਂ ਫ਼ਿਲਮਾਂ ਦਾ ਕਾਰੋਬਾਰ ਬਣ ਕੇ ਰਹਿ ਗਿਆ ਹੈ। ਪੰਜਾਬੀ ਸਿਨਮਾ ਦਾ ਮੂਲ ਉਦੇਸ਼ ਪੈਸਾ ਕਮਾਉਣਾ ਅਤੇ ਦੋ- ਅਰਥੀ ਗੱਲਾਂ ਰਾਹੀਂ ਲੋਕਾਂ ਨੂੰ ਹਸਾਉਣ ਤਕ ਸੀਮਤ ਹੋ ਕੇ ਰਹਿ ਗਿਆ ਹੈ। ਇਨ੍ਹਾਂ ਗੱਲਾਂ ਨੂੰ ਪਿਛਲੇ ਤਿੰਨ- ਚਾਰ ਸਾਲਾਂ ਵਿੱਚ ਆਈਆਂ ਪੰਜਾਬੀ ਫ਼ਿਲਮਾਂ ਨੂੰ ਦੇਖ ਕੇ ਪਰਖਿਆ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ ਅਤੇ ਦਰੁਸਤੀ ਨਾਲ ਸਮਝਿਆ ਜਾ ਸਕਦਾ ਹੈ।ਪੰਜਾਬੀ ਸਿਨਮਾ ਦੀ ਦਸ਼ਾ ਅਤੇ ਦਿਸ਼ਾ ਵਿਗੜ ਗਈ ਜਾਪਦੀ ਹੈ। ਇਨ੍ਹਾਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਕਈ ਗ਼ੈਰ ਪੰਜਾਬੀ ਇਸ ਕਾਰੋਬਾਰ ਵਿੱਚ ਕੇਵਲ ਪੈਸਾ ਕਮਾਉਣ ਦੀ ਸੰਭਾਵਨਾ ਨੂੰ ਦੇਖ ਕੇ ਆਣ ਵੜੇ ਹਨ। ਪੰਜਾਬੀ ਦੇ ਬਹੁਤ ਸਾਰੇ ਸੰਜੀਦਾ ਕਲਾਕਾਰ ਇਸ ਖ਼ੇਤਰ ਤੋਂ ਕਿਨਾਰਾ ਕਰ ਚੁੱਕੇ ਹਨ।
ਅਜੌਕੇ ਸਮੇਂ ਪੰਜਾਬੀ ਫ਼ਿਲਮਾਂ ਨੂੰ ਕੇਵਲ ਦੋ- ਅਰਥੀ ਗੱਲਾਂ ਕਰਕੇ ਹਸਾਉਣ ਵਾਲਾ ਵਪਾਰ ਬਣਾ ਕੇ ਰੱਖ ਦਿੱਤਾ ਹੈ। ‘ਵਿਅੰਗ ਵੀ ਸਾਰਥਕ ਅਤੇ ਮਿਆਰੀ ਹੋ ਸਕਦਾ ਹੈ।’ ਇਸ ਗੱਲ ਨੂੰ ਅਜੌਕਾ ਪੰਜਾਬੀ ਸਿਨਮਾ ਲਗਪਗ ਭੁੱਲ ਹੀ ਗਿਆ ਜਾਪਦਾ ਹੈ। ਪੰਜਾਬੀ ਸਿਨਮਾ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਵਾਲੇ ਸੰਜੀਦਾ ਕਲਾਕਾਰ ਅੱਜਕੱਲ੍ਹ ਚੁੱਪ ਵੱਟੀ ਬੈਠੇ ਹਨ ਕਿਉਂਕਿ ਉਹ ਅੱਜ ਦੇ ਦੌਰ ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰੇ ਨਹੀਂ ਉਤਰ ਰਹੇ। ਅੱਜ ਦਾ ਨੌਜਵਾਨ ਸਿਨਮਾ- ਘਰ ਵਿੱਚ ਹੱਸਣ- ਖੇਡਣ ਅਤੇ ਆਪਣਾ ਸਮਾਂ ਬਤੀਤ ਕਰਨ ਵਾਸਤੇ ਜਾਂਦਾ ਹੈ। ਇਸ ਗੱਲ ਨੂੰ ਅਜੋਕਾ ‘ਸਿਨਮਾ ਵਪਾਰੀ’ ਬਹੁਤ ਚੰਗੀ ਤਰ੍ਹਾਂ ਸਮਝ ਗਿਆ ਹੈ। ਇਸ ਲਈ ਮਿਆਰ ਅਤੇ ਸਾਰਥਕਤਾ ਦੀ ਕਿਸੇ ਥਾਂ ਉੱਪਰ ਕੋਈ ਚਰਚਾ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਖ਼ਿਆਲ ਰੱਖਿਆ ਜਾਂਦਾ ਹੈ। ਇੱਕ- ਦੋ ਅਪਵਾਦ ਹੋ ਸਕਦੇ ਹਨ, ਪਰ ਬਹੁਤੀਆਂ ਫ਼ਿਲਮਾਂ ਨੇ ਪੰਜਾਬੀਆਂ ਦੇ ਰੁਤਬੇ ਨੂੰ ਮਿੱਟੀ ਵਿੱਚ ਰੋਲਣ ਦਾ ਕੰਮ ਬਾਖ਼ੂਬੀ ਨੇਪਰੇ ਚਾੜ੍ਹਿਆ ਹੈ।
‘ਸੂਬੇਦਾਰ ਜੋਗਿੰਦਰ ਸਿੰਘ’ ਅਜਿਹੀ ਫ਼ਿਲਮ ਹੈ ਜਿਹੜੀ ਸਾਡੇ ਸਮਾਜ ਨੂੰ ਸੇਧ ਦਿੰਦੀ ਹੈ ਅਤੇ ਆਪਣੇ ਵਿਰਸੇ/ਇਤਿਹਾਸ ਨਾਲ ਜੋੜਦੀ ਹੈ। ਇਸੇ ਤਰ੍ਹਾਂ ‘ਦਿ ਬਲੈਕ ਪ੍ਰਿੰਸ’ ਅਤੇ ‘ਪੰਜਾਬ 1984’ ਆਦਿ ਵਰਗੀਆਂ ਫ਼ਿਲਮਾਂ ਨੇ ਬਹੁਤ ਹੱਦ ਤਕ ਪੰਜਾਬੀ ਸਿਨਮਾ ਦੀ ਇੱਜ਼ਤ ਨੂੰ ਖੋਰ੍ਹਾ ਲੱਗਣ ਤੋਂ ਬਚਾਇਆ ਹੈ। ਇਨ੍ਹਾਂ ਫ਼ਿਲਮਾਂ ਨੇ ਸਹੀ ਵਿਸ਼ੇ, ਕਹਾਣੀ ਅਤੇ ਪਾਤਰਾਂ ਰਾਹੀਂ ਪੰਜਾਬੀ ਸਿਨਮਾ ਨੂੰ ਮਾਣ ਦਿੱਤਾ ਹੈ।
ਪੰਜਾਬੀ ਸਿਨਮਾ ਗਿਣਤੀ ਪੱਖੋਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਪਰ ਗੁਣਵੱਤਾ ਪੱਖੋਂ ਬਹੁਤ ਸੁਸਤ ਚਾਲ ਨਾਲ ਚੱਲਦਾ ਦਿਖਾਈ ਦਿੰਦਾ ਹੈ। ਗੁਣਵੱਤਾ ਦਾ ਖ਼ਿਆਲ ਇਸ ਕਰਕੇ ਨਹੀਂ ਰੱਖਿਆ ਜਾ ਰਿਹਾ ਕਿਉਂਕਿ ਅਜੋਕਾ ਨੌਜਵਾਨ ਵਰਗ ਫ਼ਿਲਮਾਂ ਦੀ ਗੁਣਵੱਤਾ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਪੰਜਾਬੀ ਸਮਾਜ ਵਿੱਚ ਸਿਨਮਾ ਦਾ ਮਤਲਬ ਸਿਰਫ਼ ਹੱਸਣਾ- ਖੇਡਣਾ ਅਤੇ ਨੱਚਣਾ- ਗਾਉਣਾ ਤੋਂ ਹੀਂ ਲਿਆ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਕਹਾਣੀਆਂ ਦੀ ਕੋਈ ਕਮੀ ਨਹੀਂ ਹੈ। ਸਾਡਾ ਗੌਰਵਮਈ ਵਿਰਸਾ, ਇਤਿਹਾਸ ਅਤੇ ਸੱਭਿਆਚਾਰ ਅਣਗਿਣਤ ਕਹਾਣੀਆਂ ਨਾਲ ਭਰਿਆ ਪਿਆ ਹੈ, ਪਰ ਇਨ੍ਹਾਂ ਕੀਮਤੀ ਕਹਾਣੀਆਂ ‘ਤੇ ਕਰੋੜਾਂ ਰੁਪਏ ਕੌਣ ਲਾਵੇ?, ਜਦੋਂ ਸਸਤੀ ਕਾਮੇਡੀ ਜਾਂ ਦੋ- ਅਰਥੀ ਗੱਲਾਂ ਰਾਹੀਂ ਹੀ ਕਰੋੜਾਂ ਰੁਪਏ ਕਮਾਏ ਜਾ ਸਕਦੇ ਹਨ। ਇਸ ਲਈ ਅਜੋਕਾ ਦੌਰ ਸਸਤੀਆਂ ਅਤੇ ਲੱਚਰਤਾ ਭਰਪੂਰ ਫ਼ਿਲਮਾਂ ਦਾ ਹੈ। ਇਸ ਦੌਰ ਵਿੱਚ ਵਪਾਰੀ ਵਰਗ ਪੈਸਾ ਕਮਾਉਣਾ ਅਤੇ ਕਲਾਕਾਰ ਆਪਣੀ ਪ੍ਰਸਿੱਧੀ ਚਾਹੁੰਦਾ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਪੰਜਾਬੀ ਸਿਨਮਾ ਨੂੰ ਕੁਰਾਹੇ ਪਾਉਣ ਵਿੱਚ ਜਿੱਥੇ ਕਲਾਕਾਰ ਕਸੂਰਵਾਰ ਹਨ ਉੱਥੇ ਸਾਡਾ ਪੰਜਾਬੀ ਸਮਾਜ ਵੀ ਕਸੂਰਵਾਰ ਹੈ ਕਿਉਂਕਿ ਅਸੀਂ ਮਿਆਰੀ ਫ਼ਿਲਮਾਂ ਨੂੰ ਦੇਖਣ ਵਿੱਚ ਆਪਣਾ ਵਕਤ ਨਹੀਂ ਗੁਆਉਣਾ ਚਾਹੁੰਦੇ। ਇਸ ਕਰਕੇ ਕਲਾਕਾਰ ਅਤੇ ਵਪਾਰੀ ਸਸਤੀਆਂ ਫ਼ਿਲਮਾਂ ਰਾਹੀਂ ਆਪਣੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਦੇ ਰਹਿੰਦੇ ਹਨ ਅਤੇ ਅਸੀਂ ਸਿਨਮਾ ਘਰਾਂ ਵਿੱਚ ਦੋ- ਅਰਥੀ ਗੱਲਾਂ ‘ਤੇ ਤਾੜੀਆਂ ਮਾਰਦੇ ਰਹਿੰਦੇ ਹਾਂ। ਪੰਜਾਬੀ ਸਿਨਮਾ ਨੂੰ ਆਪਣੇ ਫ਼ਰਜ਼ ਉਸ ਵਕਤ ਚੇਤੇ ਆ ਸਕਦੇ ਹਨ ਜਦੋਂ ਹਰ ਪੰਜਾਬੀ ਆਪਣੇ ਫ਼ਰਜ਼ ਚੇਤੇ ਰੱਖੇ। ਜਦੋਂ ਅਸੀਂ ਆਪ ਆਪਣੇ ਫ਼ਰਜ਼ਾਂ ਨੂੰ ਵਿਸਾਰ ਚੁੱਕੇ ਹਾਂ ਤਾਂ ਸਾਨੂੰ ਪੰਜਾਬੀ ਸਿਨਮਾ ਜਗਤ ਤੋਂ ਕਿਸੇ ਤਰ੍ਹਾਂ ਦੀ ਆਸ ਨਹੀਂ ਰੱਖਣੀ ਚਾਹੀਦੀ। ਸਿਨਮਾ ਘਰਾਂ ਵਿੱਚ ਆਪਣੇ ਮਾਂ-ਬਾਪ, ਪਤਨੀ ਅਤੇ ਬੱਚਿਆਂ ਨਾਲ ਦੇਖੀ ਜਾਣ ਵਾਲੀ ਪੰਜਾਬੀ ਫ਼ਿਲਮ ਹੀ ਅਸਲ ਅਰਥਾਂ ਵਿੱਚ ਪੰਜਾਬੀ ਸਿਨਮਾ ਦੀ ਸਹੀ ਤਸਵੀਰ ਕਹੀ ਜਾ ਸਕਦੀ ਹੈ। ਪੰਜਾਬੀ ਸਿਨਮਾ ਨੂੰ ਇਹ ਗਿਲਾ ਨਹੀਂ ਹੋਣਾ ਚਾਹੀਦਾ ਕਿ ਮਿਆਰੀ ਫ਼ਿਲਮਾਂ ਨੂੰ ਪੰਜਾਬੀਆਂ ਦਾ ਹੁੰਗਾਰਾ ਨਹੀਂ ਮਿਲਦਾ ਕਿਉਂਕਿ ਅਤੀਤ ਵਿੱਚ ਅਜਿਹੀਆਂ ਫ਼ਿਲਮਾਂ ਨੂੰ ਪੰਜਾਬੀਆਂ ਨੇ ਹੱਥਾਂ ‘ਤੇ ਚੁੱਕਿਆ ਹੈ, ਪਰ ਹੁਣ ਵਕਤ ਬਦਲ ਚੁੱਕਿਆ ਹੈ।
ਅਜੋਕੇ ਦੌਰ ਵਿੱਚ ਜੇਕਰ ਪੰਜਾਬੀ ਸਮਾਜ ਨੇ ਪੰਜਾਬੀ ਸਿਨਮਾ ਨੂੰ ਆਪਣੇ ਫ਼ਰਜ਼ ਚੇਤੇ ਨਾ ਕਰਵਾਏ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਮੁੜ ਸਾਡੇ ਕੋਲ ਨਾ ਤਾਂ ਸਮਾਂ ਰਹੇਗਾ ਅਤੇ ਨਾ ਹੀ ਸਾਧਨ। ਇਸ ਲਈ ਵਿਸ਼ੇ ਪੱਖੋਂ ਸਾਰਥਕ ਅਤੇ ਮਿਆਰੀ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਣਾ ਲਾਜ਼ਮੀ ਹੈ ਅਤੇ ਦੋ-ਅਰਥੀ ਗੱਲਾਂ ਰਾਹੀਂ ਸਾਡੀਆਂ ਮਾਵਾਂ- ਭੈਣਾਂ ਨੂੰ ਮੰਦਾ ਬੋਲਣ ਵਾਲੇ ਮਸਖ਼ਰਿਆਂ ਨੂੰ ਸਬਕ ਮਿਲਦਾ ਚਾਹੀਦਾ ਹੈ ਤਾਂ ਕਿ ਪੰਜਾਬੀ ਸਿਨਮਾ ਮੁੜ ਆਪਣੇ ਅਸਲ ਸਰੂਪ ਵਿੱਚ ਆ ਸਕੇ।