ਸ਼ਾਇਰ ਕੁਲਵਿੰਦਰ ਦੀ ਗ਼ਜ਼ਲ ਐਲਬਮ ‘ਸੰਦਲੀ ਆਥਣ’ ਲੋਕ ਅਰਪਿਤ

0
625

sandli-athan
ਸੁਖਦੇਵ ਸਾਹਿਲ ਵਲੋਂ ਸੁਰਬੱਧ ਸੰਗੀਤ ਨੇ ਸਰੋਤਿਆਂ ਨੂੰ ਕੀਤਾ ਮੰਤਰ ਮੁਗਧ
ਹੇਵਰਡ/ਬਿਊਰੋ ਨਿਊਜ਼ :
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਬੇ ਏਰੀਆ ਵਲੋਂ ਕੁਲਵਿੰਦਰ ਦੀ ਗ਼ਜ਼ਲ ਚੇਤਨਾ ਅਤੇ ਉਸ ਦੇ ਸਾਹਿਤਕ ਸਫ਼ਰ ਦੀ ਜਾਣਕਾਰੀ ਨਾਲ ਭਰਪੂਰ ਸਾਹਿਤਕ ਸ਼ਾਮ ‘ਸੰਦਲੀ ਆਥਣ-ਕੁਲਵਿੰਦਰ ਦੇ ਨਾਂ’ ਅਕੈਡਮੀ ਦੇ ਪ੍ਰਧਾਨ ਸੁਖਵਿੰਦਰ ਕੰਬੋਜ ਦੀ ਅਗਵਾਈ ਹੇਠ ਮਹਿਰਾਨ ਰੈਸਟੋਰੈਂਟ ਵਿਖੇ ਮਨਾਈ ਗਈ। ਅਕੈਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਸੀਰਤ ਨੇ ਇਸ ਪ੍ਰੋਗਰਾਮ ਨੂੰ ਉਲੀਕਿਆ ਅਤੇ ਤਾਰਾ ਸਿੰਘ ਸਾਗਰ ਅਤੇ ਨੀਲਮ ਸੈਣੀ ਦੇ ਸਹਿਯੋਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ।
ਭਰਵੀਂ ਹਾਜ਼ਰੀ ਵਿਚ ‘ਸੰਦਲੀ ਆਥਣ’ ਸਜਾਉਣ ਲਈ ਨੀਲਮ ਸੈਣੀ ਨੇ ਮੁੱਖ ਮਹਿਮਾਨ ਮਾਸਟਰ ਦੀਪਕ, ਪੰਜਾਬੀ ਸਾਹਿਤ ਅਕੈਡਮੀ ਕੈਲੀਫ਼ੋਰਨੀਆ ਦੇ ਜਨਰਲ ਸਕੱਤਰ ਹਰਜਿੰਦਰ ਕੰਗ, ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੇ ਪ੍ਰਧਾਨ ਜਸਵੰਤ ਸਿੰਘ ਸ਼ੀਂਹਮਾਰ, ਪੰਜਾਬੀ ਸਾਹਿਤ ਸਭਾ ਸਟਾਕਟਨ ਦੇ ਪ੍ਰਧਾਨ ਹਰਜਿੰਦਰ ਪੰਧੇਰ, ਡਾ. ਰਮੇਸ਼ ਕੁਮਾਰ ਅਤੇ ਸੁਖਵਿੰਦਰ ਕੰਬੋਜ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਕੀਤਾ। ਸੁਖਵਿੰਦਰ ਕੰਬੋਜ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਕੁਲਵਿੰਦਰ ਦੀ ਹਮਸਫ਼ਰ ਮਨਜੀਤ ਪਲਾਹੀ ਨੇ ਕੁਲਵਿੰਦਰ ਦੀਆਂ ਗ਼ਜ਼ਲਾਂ ਦੇ ਪ੍ਰਮੁੱਖ ਬਿੰਬ ‘ਦੀਵੇ’ ਦੀ ਅਹਿਮੀਅਤ ਦਾ ਪ੍ਰਗਟਾਵਾ ਕਰਨ ਲਈ ਦੀਵਾ ਜਗਾ ਕੇ ਇਸ ਆਥਣ ਨੂੰ ਕਾਰਜਸ਼ੀਲ ਕੀਤਾ।
ਸੁਖਵੀਰ ਕੌਰ ਨੇ ਇਸੇ ਬਿੰਬ ਦੀ ਤਰਜ਼ਮਾਨੀ ਕਰਦਾ ਗੀਤ ‘ਤੇਲ ਦੀਵਿਆਂ ਵਿਚ ਅੱਖਰਾਂ ਦਾ ਪਾਇਆ ਅੰਮੀ ਨੇ’ ਸੁਰੀਲੀ ਆਵਾਜ਼ ਵਿਚ ਪੇਸ਼ ਕੀਤਾ। ਨੀਲਮ ਸੈਣੀ ਨੇ ‘ਪਛਤਾਵੇ ਦੀ ਅੱਗ’ ਕਹਾਣੀ ਜਿਸ ਵਿਚ ਕੁਲਵਿੰਦਰ ਦੇ ਸ਼ੇਅਰ ਦਰਜ ਸਨ, ਪੜ੍ਹੀ। ਸੁਰਿੰਦਰ ਸਿੰਘ ਸੀਰਤ ਨੇ ‘ਸੰਦਲੀ ਆਥਣ’ ਐਲਬਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਐਲਬਮ ਵਿਚ ਕੁਲਵਿੰਦਰ ਦੀਆਂ 8 ਗ਼ਜਲਾਂ ਨੂੰ ਗਾਇਕ ਸੁਖਦੇਵ ਸਾਹਿਲ ਨੇ ਸੁਰ ਅਤੇ ਆਵਾਜ਼ ਦਿੱਤੀ ਹੈ। ਕਮਲ ਦੇਵ ਪਾਲ ਨੇ ਇਸੇ ਵਿਸ਼ੇ ਨੂੰ ਅੱਗੇ ਤੋਰਦਿਆਂ ਕਿਹਾ ਕਿ ਕੁਲਵਿੰਦਰ ਪ੍ਰਕਿਰਤੀ ਦਾ ਸ਼ਾਇਰ ਹੈ ਅਤੇ ਮੈਂ ਇਸ ਕਾਰਜ ਲਈ ਦੋਵਾਂ ਨੂੰ ਵਧਾਈ ਦਿੰਦਾ ਹਾਂ। ਜਗਜੀਤ ਨੌਸ਼ਿਰਵੀ ਨੇ ਕਿਹਾ ਕਿ ਕੁਲਵਿੰਦਰ ਨੇ ਜਿੰਨੀ ਮਿਹਨਤ ਨਾਲ ਗ਼ਜ਼ਲਾਂ ਨੂੰ ਲਿਖਿਆ ਹੈ, ਸਾਹਿਲ ਨੇ ਇਨ੍ਹਾਂ ਨੂੰ ਓਨੀ ਹੀ ਮਿਹਨਤ ਨਾਲ ਗਾਇਆ ਹੈ। ਹਰਦੇਵ ਸਿੰਘ, ਜਗਤਾਰ ਗਿੱਲ, ਆਸ਼ਾ ਸ਼ਰਮਾ, ਤਾਰਾ ਸਿੰਘ ਸਾਗਰ, ਦਵਿੰਦਰ ਸਿੰਘ ਦਮਨ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਕੁਲਵਿੰਦਰ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਇਸ ਮੁਕਾਮ ‘ਤੇ ਪੁੱਜਣ ਲਈ ਅਣਥੱਕ ਮਿਹਨਤ ਕੀਤੀ ਹੈ। ਐਲਬਮ ਦੀ ਪ੍ਰੋਮੋ ਸੁਣਾਈ ਗਈ, ਜਿਸ ਦਾ ਆਰੰਭ ਵਿਚ ਸੁਰਜੀਤ ਪਾਤਰ ਦੇ ਬੋਲਾਂ ਨਾਲ ਹੋਇਆ। ਇਸ ਤੋਂ ਬਾਅਦ ‘ਸੰਦਲੀ ਆਥਣ’ ਲੋਕ ਅਰਪਿਤ ਕੀਤੀ ਗਈ। ਅਕੈਡਮੀ ਵਲੋਂ ਕੁਲਵਿੰਦਰ ਅਤੇ ਸੁਖਦੇਵ ਸਾਹਿਲ ਨੂੰ ਸਨਮਾਨਿਤ ਕੀਤਾ ਗਿਆ।
ਦੂਜੇ ਸੈਸ਼ਨ ਵਿਚ ਸੁਖਦੇਵ ਸਾਹਿਲ ਨੇ ਕੁਲਵਿੰਦਰ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਆਖ਼ਰ ਵਿਚ ਉਨ੍ਹਾਂ ਆਏ ਹੋਏ ਮਹਿਮਾਨਾਂ  ਜਸਪਾਲ ਸਿੰਘ ਸੈਣੀ, ਡਾ. ਧੁੱਗਾ, ਜੀਵਨ ਰੱਤੂ, ਕਮਲ ਬੰਗਾ, ਰਾਠੇਸ਼ਵਰ ਸਿੰਘ ਸੂਰਾਪੁਰੀ, ਜੋਤੀ ਸਿੰਘ, ਚਰਨ ਸਿੰਘ ਜੱਜ, ਪ੍ਰੋ. ਬਲਜਿੰਦਰ ਸਿੰਘ,  ਸਿਆਸਤ ਸਿੰਘ ਜੰਮੂ, ਅਸ਼ੋਕ ਟਾਂਗਰੀ, ਡਾ. ਭੱਟੀ, ਧਰਮ ਸਿੰਘ, ਅਮਰਜੀਤ ਸਿੰਘ ਜੌਹਲ, ਅਮਰੀਕ ਸਿੰਘ ਜੌਹਲ, ਪ੍ਰਿੰਸੀਪਲ ਹਰਨੇਕ ਸਿੰਘ ਦੇ ਨਾਲ-ਨਾਲ ਮੁੱਖ਼ ਸਪਾਂਸਰ ਮਾਸਟਰ ਦੀਪਕ ਦਾ ਖਾਣੇ ਲਈ,  ਰਾਜ ਬੁਡਵਾਲ ਦਾ ਫ਼ੋਟੋਗ੍ਰਾਫ਼ੀ ਲਈ, ‘ਸਿਤਾਰੇ’ ਟੀ ਵੀ ਦੇ ਕਰਤਾ-ਧਰਤਾ ਪੂਨਮ ਬਜਾਜ ਅਤੇ ਹੋਸਟ ਜਸਲੀਨ ਖਨੂਜਾ ਦਾ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।