ਵੜੈਚ ਫਿਰ ਤੋਂ ਬਣੇ ‘ਘੁੱਗੀ’ ਤੇ ਮੁਹੰਮਦ ਸਦੀਕ ਨੇ ਵੀ ਛੇੜੀ ਤੂੰਬੀ ਦੀ ਤਾਨ

0
433

kalakaar
ਸਿਆਸਤ ‘ਚ ਆਏ ਡਾਕਟਰ, ਅਫ਼ਸਰ, ਖਿਡਾਰੀ ਤੇ ਕਲਾਕਾਰ ਮੁੜ ਆਪਣੇ ਕਿੱਤਿਆਂ ਵੱਲ ਪਰਤੇ
ਕੇ. ਐੱਸ. ਰਾਣਾ
ਐੱਸ.ਏ.ਐੱਸ. ਨਗਰ :
ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਸਥਾਪਤ ਆਗੂਆਂ ਨੇ ਆਪਣੀ ਕਿਸਮਤ ਅਜ਼ਮਾਈ, ਉਥੇ ਹੀ ਇਨ੍ਹਾਂ ਚੋਣਾਂ ਦੌਰਾਨ ਕਈ ਕਲਾਕਾਰਾਂ, ਖਿਡਾਰੀਆਂ, ਡਾਕਟਰਾਂ ਅਤੇ ਅਫ਼ਸਰਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ, ਵੋਟਰਾਂ ਨੇ ਉਨ੍ਹਾਂ ਨੂੰ ਆਪਣੇ ਆਗੂ ਦੇ ਰੂਪ ਵਿਚ ਸਵੀਕਾਰ ਨਹੀਂ ਕੀਤਾ। ਪੰਜਾਬ ਵਿਚ ਚੋਣਾਂ ਤੋਂ ਬਾਅਦ ਰਾਜਸੀ ਮਾਹੌਲ ਹੁਣ ਪੂਰੀ ਤਰ੍ਹਾਂ ਸ਼ਾਂਤ ਹੋ ਚੁੱਕਾ ਹੈ ਅਤੇ ਚੋਣਾਂ ਜਿੱਤਣ ਵਾਲੇ ਆਗੂ ਵਿਧਾਨ ਸਭਾ ਵਿਚ ਪਹੁੰਚ ਗਏ ਹਨ, ਜਦਕਿ ਚੋਣਾਂ ਹਾਰਨ ਵਾਲੇ ਵਾਪਸ ਆਪਣੇ ਪੁਰਾਣੇ ਕੰਮ ਧੰਦਿਆਂ ‘ਤੇ ਪਰਤਣ ਲੱਗੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਭਾਵੇਂ ਇਸ ਵਾਰ ਕਲਾਕਾਰ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ, ਪਰ ਇਸ ਦੇ ਬਾਵਜੂਦ ਉਹ ਲੋਕਾਂ ਨੂੰ ਆਪਣੇ ਨਾਲ ਜੋੜਨ ਵਿਚ ਅਸਫਲ ਰਹੇ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਨ੍ਹਾਂ ਚੋਣਾਂ ਦੌਰਾਨ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਬਟਾਲਾ, ਭਗਵੰਤ ਮਾਨ ਨੇ ਜਲਾਲਾਬਾਦ, ਮੁਹੰਮਦ ਸਦੀਕ ਨੇ ਜੈਤੋਂ, ਸਤਵਿੰਦਰ ਬਿੱਟੀ ਨੇ ਸਾਹਨੇਵਾਲ ਅਤੇ ਸੂਫੀ ਕਲਾਕਾਰ ਅਰਸ਼ਦ ਡਾਲੀ ਨੇ ਮਲੇਰਕੋਟਲਾ ਤੋਂ ਆਪਣੀ ਕਿਸਮਤ ਅਜ਼ਮਾਈ ਸੀ। ਇਨ੍ਹਾਂ ਕਲਾਕਾਰਾਂ ਵਿਚੋਂ ਸਭ ਤੋਂ ਜ਼ਿਆਦਾ ਚਰਚਿੱਤ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਹੀ ਰਹੇ ਸਨ। ਆਮ ਆਦਮੀ ਪਾਰਟੀ ਦੇ ਕਨਵੀਨਰ ਬਣਾਏ ਜਾਣ ਤੋਂ ਬਾਅਦ ਗੁਰਪ੍ਰੀਤ ਘੁੱਗੀ ਨੇ ਆਪਣਾ ਫ਼ਿਲਮੀ ਅਤੇ ਰੰਗਮੰਚ ਦੇ ਖੇਤਰ ਵਿਚ ਪ੍ਰਸਿੱਧ ਨਾਂਅ ਗੁਰਪ੍ਰੀਤ ਸਿੰਘ ‘ਘੁੱਗੀ’ ਤੋਂ ਬਦਲ ਕੇ ਗੁਰਪ੍ਰੀਤ ਸਿੰਘ ਵੜੈਚ ਰੱਖ ਲਿਆ ਸੀ। ਚੋਣ ਪ੍ਰਚਾਰ ਦੌਰਾਨ ਭਾਵੇਂ ਗੁਰਪ੍ਰੀਤ ਵੜੈਚ ਵੱਲੋਂ ਆਮ ਆਦਮੀ ਪਾਰਟੀ ਲਈ ਪੂਰੇ ਪੰਜਾਬ ਅੰਦਰ ਅਨੇਕਾਂ ਰੈਲੀਆਂ ਕੀਤੀਆਂ ਗਈਆਂ, ਪਰ ਉਨ੍ਹਾਂ ਨੂੰ ਆਪਣੇ ਹਲਕੇ ਤੋਂ ਸਿਰਫ਼ 34 ਹਜ਼ਾਰ 302 ਵੋਟਾਂ ਹੀ ਮਿਲੀਆਂ, ਜਿਸ ਦੇ ਚੱਲਦਿਆਂ ਉਹ ਤੀਜੇ ਨੰਬਰ ‘ਤੇ ਰਹੇ।
ਚੋਣ ਨਤੀਜਿਆਂ ਤੋਂ ਬਾਅਦ ਗੁਰਪ੍ਰੀਤ ਵੜੈਚ ਅਚਾਨਕ ਸ਼ਾਂਤ ਹੋ ਗਏ ਅਤੇ ਹੁਣ ਉਹ ਵਾਪਸ ਆਪਣੀ ਪੁਰਾਣੀ ਫ਼ਿਲਮੀ ਤੇ ਰੰਗਮੰਚ ਦੀ ਦੁਨੀਆ ਵਿਚ ਪਰਤ ਆਏ ਹਨ। ਗੁਰਪ੍ਰੀਤ ਵੜੈਚ ਹੁਣ ਮੁੜ ਤੋਂ ਗੁਰਪ੍ਰੀਤ ਘੁੱਗੀ ਬਣ ਗਏ ਹਨ। ਇਥੇ ਹੀ ਬਸ ਨਹੀਂ ਘੁੱਗੀ ਨੇ ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਸਭਿਆਚਾਰਕ ਕਮੇਟੀ ਦੀ ਮੀਟਿੰਗ ਵਿਚ ਵੀ ਹਿੱਸਾ ਲਿਆ ਸੀ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਚੋਣਾਂ ਦੌਰਾਨ ਗੁਰਪ੍ਰੀਤ ਘੁੱਗੀ ਵੱਲੋਂ ਆਪਣੇ ਆਪ ਦੀ ਗੁਰਪ੍ਰੀਤ ਵੜੈਚ ਵਜੋਂ ਪਛਾਣ ਬਣਾਈ ਗਈ ਸੀ, ਪਰ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਅੱਜ ਵੀ ਗੁਰਪ੍ਰੀਤ ਵੜੈਚ ਦੀ ਥਾਂ ਗੁਰਪ੍ਰੀਤ ਘੁੱਗੀ ਹੀ ਲਿਖਿਆ ਹੋਇਆ ਹੈ। ਕੁਝ ਅਜਿਹੀ ਹੀ ਹਾਲਤ ਕਾਂਗਰਸੀ ਆਗੂ ਮੁਹੰਮਦ ਸਦੀਕ ਦੀ ਹੋਈ ਹੈ। ਮੁਹੰਮਦ ਸਦੀਕ ਇਨ੍ਹਾਂ ਚੋਣਾਂ ਦੌਰਾਨ ਆਪਣੇ ਹਲਕੇ ਵਿਚੋਂ 35 ਹਜ਼ਾਰ 351 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ ਸਨ। ਹਾਲਾਂਕਿ ਮੁਹੰਮਦ ਸਦੀਕ ਨੇ ਵਿਧਾਇਕ ਰਹਿੰਦੇ ਹੋਏ ਕਦੇ ਅਖਾੜੇ ਲਗਾਉਣੇ ਬੰਦ ਨਹੀਂ ਕੀਤੇ, ਪਰ ਇਸ ਦੇ ਬਾਵਜੂਦ ਉਨ੍ਹਾਂ ਗਾਇਕੀ ਦੀ ਥਾਂ ਰਾਜਨੀਤੀ ਨੂੰ ਵਧੇਰੇ ਸਮਾਂ ਦਿੱਤਾ ਸੀ। ਮੁਹੰਮਦ ਸਦੀਕ ਦੀ ਗਿਣਤੀ ਪੰਜਾਬ ਦੇ ਉਨ੍ਹਾਂ ਕਲਾਕਾਰਾਂ ਵਿਚ ਹੁੰਦੀ ਰਹੀ ਹੈ, ਜਿਨ੍ਹਾਂ ਨੇ ਤਵੇ ਤੇ ਤੂੰਬੀ ਦੇ ਵਿਚਕਾਰ ਤਾਲਮੇਲ ਬਿਠਾਇਆ ਸੀ। ਚੋਣ ਨਤੀਜਿਆਂ ਤੋਂ ਬਾਅਦ ਭਾਵੇਂ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿਚ ਆ ਗਈ ਹੈ, ਪਰ ਮੁਹੰਮਦ ਸਦੀਕ ਹੁਣ ਤੱਕ ਸਥਾਪਤ ਨਹੀਂ ਹੋਏ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਮੁੜ ਤੋਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਗਲੇ ਲਗਾ ਕੇ ਆਪਣੇ ਅੰਦਰ ਦੇ ਕਲਾਕਾਰ ਨੂੰ ਮੁੜ ਤੋਂ ਸੁਰਜੀਤ ਕਰਕੇ ਗਾਇਕੀ ਨੂੰ ਤਰਜ਼ੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਚੋਣਾਂ ਵਿਚ ਚਰਚਿਤ ਰਹੇ ਭਗਵੰਤ ਮਾਨ ਵਿਧਾਇਕ ਤਾਂ ਨਹੀਂ ਬਣ ਸਕੇ, ਪਰ ਉਹ ਮੁੜ ਤੋਂ ਸੰਸਦ ਦੇ ਰਾਹ ਪਰਤ ਗਏ ਹਨ। ਹਾਲਾਂਕਿ ਭਗਵੰਤ ਮਾਨ ਆਪਣੇ ਭਾਸ਼ਣਾਂ ਦੌਰਾਨ ਕਾਮੇਡੀ ਕਰਦੇ ਰਹੇ, ਪਰ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਪਰਦੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਇਸੇ ਤਰ੍ਹਾਂ ਕਾਂਗਰਸ ਦੀ ਟਿਕਟ ਉਤੇ ਚੋਣ ਲੜੀ ਸਤਵਿੰਦਰ ਕੌਰ ਬਿੱਟੀ ਅਤੇ ਮਲੇਰਕੋਟਲਾ ਤੋਂ ਚੋਣ ਮੈਦਾਨ ਵਿਚ ਉਤਰੇ ਸੂਫੀ ਕਲਾਕਾਰ ਅਰਸ਼ਦ ਡਾਲੀ ਚੋਣ ਨਤੀਜੇ ਤੋਂ ਬਾਅਦ ਸਰਗਰਮ ਰਾਜਨੀਤੀ ਤੋਂ ਦੂਰ ਹੋ ਕੇ ਆਪਣੀ ਪੁਰਾਣੀ ਜ਼ਿੰਦਗੀ ਵਿਚ ਸਰਗਰਮ ਹੋ ਗਏ ਹਨ। ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਅੱਧਾ ਦਰਜਨ ਤੋਂ ਜ਼ਿਆਦਾ ਖਿਡਾਰੀਆਂ ਨੇ ਸਿਆਸਤ ਵਿਚ ਆਪਣੀ ਕਿਸਮਤ ਅਜ਼ਮਾਉਂਦੇ ਹੋਏ ਨੇਤਾ ਬਣਨ ਦਾ ਸੁਪਨਾ ਦੇਖਿਆ ਸੀ, ਪਰ ਪੰਜਾਬ ਦੀ ਜਨਤਾ ਨੇ ਸਿਰਫ਼ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਨੂੰ ਹੀ ਸਵੀਕਾਰ ਕੀਤਾ, ਜਦਕਿ ਸੱਜਣ ਸਿੰਘ ਚੀਮਾ, ਕਰਤਾਰ ਸਿੰਘ, ਗੁਰਦਿੱਤ ਸਿੰਘ ਸੇਖੋਂ ਅਤੇ ਗੁਲਜ਼ਾਰ ਸਿੰਘ ਚੋਣ ਹਾਰਨ ਬਾਅਦ ਆਪਣੀ ਅਕਾਦਮੀਆਂ ਅਤੇ ਖੇਡ ਪ੍ਰਮੋਸ਼ਨ ਦੇ ਕੰਮਾਂ ਵਿਚ ਜੁੱਟ ਗਏ ਹਨ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਅੰਦਰ ਇਸ ਵਾਰ 11 ਆਈ.ਏ.ਐੱਸ, ਆਈ.ਪੀ.ਐਸ ਅਤੇ ਹੋਰ ਅਫ਼ਸਰਾਂ ਨੇ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾਈ, ਪਰ ਜਨਤਾ ਨੇ ਕਿਸੇ ਵੀ ਅਫ਼ਸਰ ਨੂੰ ਨੇਤਾ ਦੇ ਰੂਪ ਵਿਚ ਸਵੀਕਾਰ ਨਹੀਂ ਕੀਤਾ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਰ ਸ਼੍ਰੇਣੀਆਂ ਤੋਂ ਇਲਾਵਾ ਸਭ ਤੋਂ ਜ਼ਿਆਦਾ 15 ਡਾਕਟਰਾਂ ਨੇ ਵੀ ਭਾਗ ਲਿਆ ਸੀ ਪਰ ਕਿਸੇ ਨੂੰ ਸਫ਼ਲਤਾ ਨਹੀਂ ਮਿਲੀ।