ਪੰਜਾਬੀਆਂ ਨੂੰ ਭੁੱਲ ਗਈ ਪੰਜਾਬੀਅਤ

0
421

punjab-culture-1
ਅਮਨਦੀਪ ਕੌਰ ਹਾਂਸ 
ਪੰਜਾਬ ਮੁੱਢ ਕਦੀਮ ਤੋਂ ਬਾਦਸ਼ਾਹਾਂ ਦਾ ਬਾਦਸ਼ਾਹ, ਫ਼ਕੀਰਾਂ ਦਾ ਫ਼ਕੀਰ ਤੇ ਸੂਰਮਿਆਂ ਦਾ ਸੂਰਮਾ ਰਿਹਾ ਹੈ। ਇਹ ਧਰਤੀ ਸਭ ਤੋਂ ਪ੍ਰਾਚੀਨ ਇਸ ਸੱਭਿਅਤਾ ਦਾ ਪੰਘੂੜਾ ਰਹੀ ਹੈ। ਗੁਰੂਆਂ ਦੀ ਪਵਿੱਤਰ ਬਾਣੀ ਦੇ ਸੁਰ ਜਿੱਥੇ ਇਸ ਧਰਤੀ ਤੋਂ ਉੱਠੇ ਅਤੇ ਦੁਨੀਆਂ ਦੇ ਕੋਨੇ-ਕੋਨੇ ਤੱਕ ਇਨ੍ਹਾਂ ਨੇ ਲੋਕ ਮਨਾਂ ਨੂੰ ਤਰੰਗਿਤ ਵੀ ਕੀਤਾ ਤੇ ਉਸ ਰੱਬੀ ਨੂਰ ਦਾ ਰਾਹ ਵੀ ਦੱਸਿਆ। ਇਸੇ ਧਰਤੀ ‘ਤੇ ਸੂਫੀ ਪੌਣਾਂ ਰੁਮਕੀਆਂ ਤੇ ਮਨੁੱਖੀ ਮਨ ਨੂੰ ਸਕੂਨ ਬਖ਼ਸ਼ਿਆ। ਰਿਗਵੇਦ ਦੇ ਅਨੇਕਾਂ ਰਿਸ਼ੀਆਂ ਨੂੰ ਇਸੇ ਧਰਤੀ ‘ਤੇ ਆਦਿ ਗ੍ਰੰਥ ‘ਚ ਦਰਜ ਸੂਕਤਾਂ ਦੀ ਰਚਨਾ ਕੀਤੀ।  ਅਫ਼ਸੋਸ, ਕਿ ਨਵੀਂ ਪੀੜ੍ਹੀ ਏਡੀ ਅਮੀਰ ਵਿਰਾਸਤ ਦੇ ਹੁੰਦਿਆਂ ਬਾਹਰੀ ਕਲਚਰ ਵੱਲ ਉਲਾਰ ਹੋ ਕੇ ਅਮੀਰੀ ਦੀ ਥਾਂ ਗਰੀਬੜੀ ਜਿਹੀ ਬਣੀ ਜਾ ਰਹੀ ਹੈ। ਸਮੇਂ ਦੇ ਨਾਲ-ਨਾਲ ਨੌਜਵਾਨਾਂ ਅਤੇ ਖ਼ਾਸ ਕਰਕੇ ਨਵੀਂ ਪੀੜ੍ਹੀ ਦੇ ਬੱਚਿਆਂ ਦੀ ਬੋਲੀ ਵੀ ਬਦਲ ਰਹੀ ਹੈ। ਇਸ ਦੇ ਲਈ ਜਿੱਥੇ ਸਾਡੀ ਸਿੱਖਿਆ ਪ੍ਰਣਾਲੀ, ਖ਼ਾਸ ਕਰਕੇ ਕਾਨਵੈਂਟ ਤੇ ਮਾਡਲ ਸਕੂਲਾਂ ਦਾ ਪ੍ਰਭਾਵ ਜ਼ਿੰਮੇਵਾਰ ਹੈ, ਉੱਥੇ ਮਾਪਿਆਂ ਨੂੰ ਵੀ ਇਸ ਜ਼ਿੰਮੇਵਾਰੀ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਠੇਠ ਪੰਜਾਬੀ ਭਾਸ਼ਾ ਬੋਲਣ ‘ਤੇ ਮਾਪਿਆਂ ਅਤੇ ਖ਼ਾਸ ਕਰਕੇ ਬੱਚੇ ਦੀ ਮਾਤਾ ਦੀ ਉਸ ਨੂੰ ਡਾਂਟ ਪੈਂਦੀ ਹੈ। ਡਾਂਟ ਤੋਂ ਡਰਦੇ ਬੱਚੇ ਅੰਗਰੇਜ਼ੀ ਨੂੰ ਹਿੰਦੀ ਤੇ ਹਿੰਦੀ ਨੂੰ ਪੰਜਾਬੀ ‘ਚ ਰਲਗੱਡ ਕਰਕੇ ਨਵੀਂ ਭਾਸ਼ਾ ਸਿਰਜ ਰਹੇ ਹਨ। ਇਸ ਨਾਲ ਬੱਚੇ ਭਾਸ਼ਾ ਤੇ ਵਾਕ ਬਣਤਰ ਤੋਂ ਵਾਂਝੇ ਰਹਿ ਜਾਂਦੇ ਹਨ। ਨਵੀਂ ਪੀੜ੍ਹੀ ਅੰਗਰੇਜ਼ੀ ਅਤੇ ਪੰਜਾਬੀ ਦੀ ਮਿਲਗੋਭਾ ਕਿਸਮ ਦੀ ਭਾਸ਼ਾ ਬੋਲਣ ਲੱਗੀ ਹੈ। ਬਹੁਤ ਸਾਰੇ ਠੇਠ ਪੰਜਾਬੀ ਸ਼ਬਦ ਨਵੀਂ ਪੀੜ੍ਹੀ ਦੀ ਭਾਸ਼ਾ ਦਾ ਹਿੱਸਾ ਨਹੀਂ ਰਹੇ। ਮਾਪਿਆਂ ਤੋਂ ਇਲਾਵਾ ਨਵੀਂਆਂ ਤਕਨੀਕਾਂ, ਜਿਨ੍ਹਾਂ ਵਿੱਚ ਇੰਟਰਨੈੱਟ ਅਤੇ ਐਸਐਮਐਸ ਸ਼ਾਮਲ ਹਨ, ਨੇ ਵੀ ਭਾਸ਼ਾ ਨੂੰ ਵਿਗਾੜਿਆ ਹੈ। ਉਹ ‘ਪਾਪਾ’ ਤੋਂ ‘ਪਾ’ ਅਤੇ ‘ਮੰਮੀ’ ਤੋਂ ‘ਮੌਮ’ ‘ਤੇ ਆ ਗਏ ਹਨ।
ਇਕਹਿਰੇ ਪਰਿਵਾਰ ਦਾ ਰੁਝਾਨ
ਰਿਸ਼ਤਿਆਂ ‘ਚ ਆਪਣੇਪਣ ਦੀ ਘਾਟ ਤੇ ਇਨ੍ਹਾਂ ਦੀ ਪਛਾਣ ਦੇ ਗੁਆਚਣ ਦਾ ਵੱਡਾ ਕਾਰਨ ਸਾਂਝੇ ਪਰਿਵਾਰਾਂ ਦਾ ਟੁੱਟਣਾ ਤੇ ਇਕਹਿਰੇ ਪਰਿਵਾਰਾਂ ਦੇ ਰੁਝਾਨ ਦਾ ਵਧਣਾ ਹੈ। ਇਕਹਿਰੇ ਪਰਿਵਾਰ ਨੇ ਬੱਚਿਆਂ ਨੂੰ ਇਕੱਲੇਪਣ ਦਾ ਸ਼ਿਕਾਰ ਬਣਾਇਆ ਹੈ ਤੇ ਇਹੀ ਇਕੱਲਾਪਣ ਉਨ੍ਹਾਂ ਦੀ ਉਲਾਰੂ ਮਾਨਸਿਕਤਾ ਦਾ ਵੱਡਾ ਕਾਰਨ ਹੈ। ਕੋਈ ਵੇਲਾ ਸੀ ਜਦੋਂ ਮਾਂ-ਬਾਪ ਨਾਲ ਦਾਦਾ-ਦਾਦੀ, ਚਾਚਾ-ਚਾਚੀ ਜਾਂ ਤਾਇਆ-ਤਾਈ ਉਨ੍ਹਾਂ ਦੀ ਪਰਵਰਿਸ਼ ਵੱਲ ਧਿਆਨ ਦਿੰਦੇ ਸਨ, ਉਨ੍ਹਾਂ ਨਾਲ ਬਾਤਾਂ ਪਾਉਾਂਦੇ ਨ। ਬੱਚੇ ਇੱਕੋ ਵਿਹੜੇ ‘ਚ ਖੇਡਦੇ ਸਨ। ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਦੋਹਾਂ ਤਰ੍ਹਾਂ ਦੀ ਪਰਵਰਿਸ਼ ਮਿਲਦੀ ਸੀ। ਇਕਹਿਰੇ ਪਰਿਵਾਰ ‘ਚੋਂ ਉਪਜੀ ਇਕੱਲਤਾ ਨੂੰ ਤੋੜਨ ਲਈ ਬੱਚੇ ਕੰਪਿਊਟਰ, ਮੋਬਾਈਲ ਚੈਟਿੰਗ ਆਦਿ ਤਕਨੀਕੀ ਸਾਧਨਾਂ ਨੂੰ ਮਨਪ੍ਰਚਾਵੇ ਦਾ ਵਸੀਲਾ ਬਣਾ ਰਹੇ ਹਨ।
ਧਰਮ ਕਰਮ ਤੋਂ ਬੇਮੁਖ
ਪੰਜਾਬੀ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਨੇ ਪੰਜਾਬ ਦੇ ਜਵਾਨਾਂ ਬਾਰੇ ਬੜੇ ਫ਼ਖ਼ਰ ਨਾਲ ਕਿਹਾ ਸੀ, ”ਇਹ ਬੇਪ੍ਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਹੀਂ ਡਰਦੇ। ਪਿਆਰ ਨਾਲ ਇਹ ਕਰਨ ਗ਼ੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ, ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ‘ਤੇ ਉਲ੍ਹਾਰਦੇ। ਅੱਜ ਪੰਜਾਬ ਦਾ ਜਵਾਨ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੇ ਉਨ੍ਹਾਂ ਦੇ ਜੀਵਨ ਦਰਸ਼ਨ ਤੋਂ ਬੇਮੁੱਖ ਹੋ ਕੇ ਆਪਹੁਦਰਾ ਹੋ ਰਿਹਾ ਹੈ। ”ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ” ਵਾਲੇ ਉਪਦੇਸ਼ ‘ਤੇ ਪਹਿਰਾ ਦੇਣ ਤੇ ਗਰੀਬ ਦੀ ਰਾਖੀ ਲਈ ਲੜਨ ਵਾਲੇ ਪੰਜਾਬੀ ਗੱਭਰੂ ‘ਤੇ ਨਸ਼ਾਖੋਰੀ, ਲੁੱਟਾਂ-ਖੋਹਾਂ, ਗੈਂਗਵਾਰ, ਸੁਪਾਰੀ ਕਿਲਰ ਵਰਗੇ ਬਦਨੁਮਾ ਦਾਗ਼ ਲੱਗ ਰਹੇ ਹਨ।
ਰਿਸ਼ਤਿਆਂ ਦੀ ਪਛਾਣ
ਮਾਮਾ, ਚਾਚਾ, ਤਾਇਆ, ਫੁੱਫੜ, ਮਾਸੜ ਦੀ ਥਾਂ ਨਵੀਂ ਪੀੜ੍ਹੀ ਕੋਲ ਮਾਤਰ ਇੱਕੋ-ਇੱਕ ਸੰਬੋਧਨ ਬਚਿਆ ਹੈ, ਤੇ ਉਹ ਹੈ ‘ਅੰਕਲ!’ ਭੂਆ, ਮਾਸੀ, ਮਾਮੀ, ਤਾਈ, ਚਾਚੀ ਦੀ ਥਾਂ ਉਹ ਇਨ੍ਹਾਂ ਰਿਸ਼ਤਿਆਂ ਨੂੰ ‘ਅੰਟੀ’ ਕਹਿ ਕੇ ਬੁਲਾਉਣ ਲੱਗੇ ਹਨ। ਪੰਜਾਬੀ ਭਾਸ਼ਾ ‘ਚ ਰਿਸ਼ਤਿਆਂ ਲਈ ਜੋ ਸੰਬੋਧਨ ਹਨ, ਉਹ ਆਪਣੇ ਆਪ ਵਿੱਚ ਰਿਸ਼ਤੇ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੇ ਹਨ, ਜਦਕਿ ਇਹ ਗੁਣ ਅੰਕਲ ਜਾਂ ਅੰਟੀ ਸ਼ਬਦ ਕੋਲ ਨਹੀਂ। ਆਪਣੀ ਭਾਸ਼ਾ ਦੀ ਇਸ ਅਮੀਰੀ ਨੂੰ ਛੱਡ ਕੇ ਪਤਾ ਨਹੀਂ ਅਸੀਂ ਕਿਉਂ ਆਪਣੇ ਬੱਚਿਆਂ ਦੀ ਸੋਚ ਨੂੰ ਮਹਿਦੂਦ ਕਰੀ ਜਾ ਰਹੇ ਹਾਂ।
ਸੰਗੀਤ ਦਾ ਰੁਝਾਨ ਵੀ ਬਦਲਿਆ
ਪੂਰਨ ਭਗਤ ਦਾ ਕਿੱਸਾ, ਵਾਰਿਸ ਦੀ ਹੀਰ, ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਨਵੀਂ ਪੀੜ੍ਹੀ ਦੀ ਪਸੰਦ ‘ਚੋਂ ਮਨਫ਼ੀ ਹੋ ਰਹੀਆਂ ਹਨ। ਹੁਣ ਉਹ ਪੰਜਾਬੀ ਗੀਤ ਨਹੀਂ ਗੁਣਗੁਣਾਉਾਂਦੇ,ਸਗੋਂ ਰੀਮਿਕਸ ਗਾਣਿਆਂ ਦੇ ਅਟਪਟੇ ਬੋਲ ਉਨ੍ਹਾਂ ਦੀ ਜ਼ੁਬਾਨ ‘ਤੇ ਹੁੰਦੇ ਹਨ ਤੇ ਪੈਰ ਪੌਪ ਸੰਗੀਤ ‘ਤੇ ਥਿਰਕਦੇ ਹਨ। ਤੇਜ਼ ਰਫ਼ਤਾਰ ਜ਼ਿੰਦਗੀ ਦਾ ਅਸਰ ਉਨ੍ਹਾਂ ਦੇ ਜੀਵਨ ਉੱਪਰ ਵੀ ਸਪੱਸ਼ਟ ਵੇਖਿਆ ਜਾ ਸਕਦਾ ਹੈ। ਸੰਗੀਤ ਵਿਹੂਣੇ ਪੌਪ ਸੰਗੀਤ ਦੀ ਥਰਿੱਲ ਉਨ੍ਹਾਂ ਦੀ ਮਾਨਸਿਕ ਉੱਥਲ-ਪੁੱਥਲ ਨੂੰ ਹੀ ਪ੍ਰਗਟਾਉਾਂਦੀ ।
ਵਿਆਹ ਜਾਂ ਹੋਰ ਪ੍ਰੋਗਰਾਮਾਂ ‘ਤੇ ਭੰਗੜੇ ਅਤੇ ਗਿੱਧੇ ਦੀ ਥਾਂ ਬ੍ਰੇਕ ਡਾਂਸ, ਡਾਂਡੀਆ ਆਦਿ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ। ਡੀ.ਜੇ. ਦੀ ਤੇਜ਼ ਰਫ਼ਤਾਰ ਆਵਾਜ਼ ‘ਤੇ ਬੱਚੇ ਤੇ ਨੌਜਵਾਨ ਪੀੜ੍ਹੀ ਬੇਸੁਰੇ ਢੰਗ ਨਾਲ ਬਗ਼ਲਾਂ ਵਜਾਉਣ ਤੇ ਨੱਚਣ-ਕੁੱਦਣ ਲੱਗਦੇ ਹਨ। ਸਹੀ ਸੋਚ ਵਾਲੇ ਪੰਜਾਬੀ ਦੇ ਮਨ ‘ਚ ਇਹੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਸਹੀ ਅਰਥਾਂ ‘ਚ ਪੰਜਾਬੀ ਸੱਭਿਆਚਾਰ ਹੈ?
ਬਦਲ ਗਿਆ ਜ਼ਾਇਕਾ
ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਘਿਓ-ਸ਼ੱਕਰ, ਦੁੱਧ-ਦਹੀਂ ਤੇ ਲੱਸੀ ਦੇ ਛੰਨੇ ਭਰ-ਭਰ ਪੀਣਾ ਪੰਜਾਬੀਆਂ ਦੀ ਖ਼ੁਰਾਕ ‘ਚ ਸ਼ਾਮਲ ਹੁੰਦੇ ਸਨ। ਰੋਟੀ ਤੋਂ ਬਾਅਦ ਮਿੱਠੇ ਦੇ ਤੌਰ ‘ਤੇ ਕੜਾਹ, ਸੇਵੀਆਂ, ਗੁੜ ਦੀ ਡਲੀ ਸ਼ਾਮਲ ਹੁੰਦੀ ਸੀ। ਗਰਮੀਆਂ ਨੂੰ ਗੁੜ ਦੇ ਸ਼ਰਬਤ ਤੋਂ ਇਲਾਵਾ ਸੱਤੂ ਜਾਂ ਕੱਚੀ ਲੱਸੀ ਖੇਤਾਂ ਦੀ ਹੱਡ ਭੰਨਵੀਂ ਥਕਾਵਟ ਨੂੰ ਮੇਟਣ ਲਈ ਕਾਫੀ ਹੁੰਦੇ ਸਨ। ਸਰਦੀਆਂ ਦੀ ਗਜ਼ਾ ‘ਚ ਦੇਸੀ ਘਿਓ ਦੀਆਂ ਪਿੰਨੀਆਂ, ਮਿੱਠੇ ਤੇਲ ‘ਚ ਬਣੀਆਂ ਅਲਸੀ ਜਾਂ ਚੌਲਾਂ ਦੀਆਂ ਪਿੰਨੀਆਂ ਦੀ ਪ੍ਰਧਾਨਗੀ ਹੁੰਦੀ ਸੀ। ਦੁੱਧ ਰਿੜਕਣ ਵੇਲੇ ਗੱਭਰੂਆਂ ਨੂੰ ਅਧਰਿੜਕਿਆਂ ਦੇ ਕੰਗਣੀ ਵਾਲੇ ਗਿਲਾਸ ਭਰ ਕੇ ਪੀਣ ਲਈ ਮਿਲਦੇ ਸਨ। ਸਮੇਂ ਦੇ ਨਾਲ-ਨਾਲ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਦੇ ਜ਼ਾਇਕੇ ਵਿੱਚ ਵੀ ਵੱਡੀ ਤਬਦੀਲੀ ਆਈ ਹੈ। ਹੁਣ ਸਵੇਰੇ ਉੱਠਦਿਆਂ ਹੀ ਅਧ-ਰਿੜਕੇ ਦੀ ਥਾਂ ਚਾਹ ਦੀ ਪਿਆਲੀ ਜਾਂ ਸਪਰੇਟੇ ਦੁੱਧ ‘ਚ ਬੋਰਨਵੀਟਾ ਘੋਲ ਕੇ ਪੀਣ ਲਈ ਬੱਚੇ ਨੂੰ ਮਿਲਦਾ ਹੈ। ਦੇਸੀ ਘਿਓ ਦੇ ਪਰੌਂਠਿਆਂ ਦੀ ਥਾਂ ਰੀਫਾਈਂਡ ਨਾਲ ਚੋਪੜੀ ਪਰੌਂਠੀ ਨੇ ਲੈ ਲਈ ਹੈ। ਨਵੀਂਆਂ ਕੁੜੀਆਂ ਨੂੰ ਸਾਗ ਘੋਟਣਾ ਤੇ ਅੱਲ੍ਹਣ ਪਾਉਣਾ ਵਿੱਸਰ ਗਿਆ ਹੈ। ਲੱਸੀ, ਸੱਤੂ ਅਤੇ ਗੁੜ ਦੇ ਸ਼ਰਬਤ ਦੀ ਥਾਂ ਹੁਣ ਕੋਲਡ ਡਰਿੰਕਸ ਨੇ ਲੈ ਲਈ ਹੈ। ਰਵਾਇਤੀ ਖਾਣੇ ਦੀ ਥਾਂ ਬੱਚਿਆਂ ਨੂੰ ਪੀਜ਼ਾ, ਬਰਗਰ ਅਤੇ ਚਾਈਨੀਜ਼ ਨੂਡਲਜ਼ ਖਾਣ ਨੂੰ ਮਿਲਦੇ ਹਨ। ਬੱਚਿਆਂ ਤੇ ਨੌਜਵਾਨਾਂ ਦੀ ਖ਼ੁਰਾਕ ‘ਚ ਆਈ ਇਸ ਤਬਦੀਲੀ ਲਈ ਮਾਵਾਂ ਦੇ ਨੌਕਰੀ-ਪੇਸ਼ਾ ਹੋਣ ਕਾਰਨ ਸਮੇਂ ਦੀ ਘਾਟ ਵੀ ਇਸ ਦਾ ਵੱਡਾ ਕਾਰਨ ਹੈ, ਪਰ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਜੇ ਅਸੀਂ ਸਾਰੇ ਕੰਮ ਬੱਚਿਆਂ ਲਈ ਕਰਦੇ ਹਾਂ, ਤਾਂ ਉਨ੍ਹਾਂ ਦੀ ਸਿਹਤ ਨਾਲ ਅਜਿਹਾ ਖਿਲਵਾੜ ਕਿਉਂ?
ਖੇਡਾਂ ‘ਤੇ ਹਾਵੀ ਇੰਟਰਨੈੱਟ
ਸਮੇਂ ਦੇ ਨਾਲ ਪੰਜਾਬ ਦੀਆਂ ਰਵਾਇਤੀ ਖੇਡਾਂ ਵੀ ਸਾਥੋਂ ਵਿਸਰਦੀਆਂ ਜਾ ਰਹੀਆਂ ਨੇ। ਪਿੱਠੂ ਗਰਮ, ਕੀੜ-ਕੜੰਗ, ਜੰਡ-ਪਲੰਗਾ, ਬਿਲ-ਬੱਚਿਆਂ ਦੀ ਮਾਂ, ਬਾਰਾਂ ਟਹਿਣੀ, ਸ਼ਟਾਪੂ ਆਦਿ ਰਵਾਇਤੀ ਖੇਡਾਂ ਨੂੰ ਖੇਡਣ ਦੇ ਢੰਗ ਤਰੀਕੇ ਤਾਂ ਦੂਰ ਨਵੀਂ ਪੀੜ੍ਹੀ ਇਨ੍ਹਾਂ ਦੇ ਨਾਵਾਂ ਨੂੰ ਵੀ ਵਿਸਰਦੀ ਜਾ ਰਹੀ ਹੈ। ਟੀ.ਵੀ. ਚੈਨਲਾਂ ਨੇ ਉਨ੍ਹਾਂ ਦੇ ਮਨ ‘ਚ ਟੋਮ ਐਂਡ ਜੈਰੀ, ਮਿਸਟਰ ਬੀਨਜ਼, ਮਿਕੀ ਮਾਊਸ, ਸਪਾਈਡਰਮੈਨ, ਬੇਨ 10 ਆਦਿ ਕਾਲਪਨਿਕ ਪਾਤਰਾਂ ਨੂੰ ਵਾੜ ਦਿੱਤਾ ਹੈ। ਉਹ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਛੱਡ ਕੇ ਘੰਟਿਆਂ ਬੱਧੀ ਇੰਟਰਨੈੱਟ ਜਾਂ ਕੰਪਿਊਟਰ ਸਕਰੀਨ ‘ਤੇ ਖੇਡਾਂ ਖੇਡਣ ‘ਚ ਗੁਜ਼ਾਰ ਰਹੇ ਹਨ। ਇਸ ਦਾ ਇੱਕ ਕਾਰਨ ਸ਼ਹਿਰੀ ਇਲਾਕਿਆਂ ਵਿੱਚ ਖੇਡਣਯੋਗ ਥਾਵਾਂ ਦੀ ਥੁੜ੍ਹ ਵੀ ਹੈ ਅਤੇ ਸਾਂਝੇ ਪਰਿਵਾਰ ਦਾ ਇਕਹਿਰੇ ਪਰਿਵਾਰ ਵਿੱਚ ਸੁੰਗੜ ਜਾਣਾ ਵੀ ਹੈ।