ਨਿੱਜੀ ਪ੍ਰੋਗਰਾਮ ‘ਚ ਜਾਣੋਂ ਨਾਂਹ ਕਰਨ ਉੱਤੇ ਪਸ਼ਤੋ ਅਦਾਕਾਰਾ ਦਾ ਕਤਲ

0
349

pak-actor-_sumbul_iqbal
ਪਿਸ਼ਾਵਰ/ਬਿਊਰੋ ਨਿਊਜ਼:
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ‘ਚ ਨਿੱਜੀ ਪ੍ਰੋਗਰਾਮ ‘ਚ ਜਾਣ ਤੋਂ ਇਨਕਾਰ ਕਰਨ ‘ਤੇ ਪਸ਼ਤੋ ਥਿਏਟਰ ਅਦਾਕਾਰਾ ਅਤੇ ਗਾਇਕਾ ਸੁੰਬਲ ਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ। ਪੁਲੀਸ ਮੁਤਾਬਕ ਤਿੰਨ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਚਲ ਰਹੀ ਹੈ। ‘ਡਾਅਨ’ ਦੀ ਰਿਪੋਰਟ ਮੁਤਾਬਕ ਬੰਦੂਕਧਾਰੀ ਕੱਲ ਸ਼ਾਮ ਅਦਾਕਾਰਾ ਦੇ ਘਰ ਆਏ ਅਤੇ ਉਸ ਨੂੰ ਨਾਲ ਚਲਣ ਲਈ ਆਖਿਆ ਪਰ ਸੁੰਬਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ। ਸੁੰਬਲ ਨੂੰ ਜਦੋਂ ਮਰਦਾਨ ਮੈਡੀਕਲ ਕੰਪਲੈਕਸ ਪਹੁੰਚਾਇਆ ਜਾ ਰਿਹਾ ਸੀ ਤਾਂ ਉਸ ਨੇ ਰਾਹ ‘ਚ ਹੀ ਦਮ ਤੋੜ ਦਿੱਤਾ। ਪੋਸਟਮਾਰਟਮ ਮਗਰੋਂ ਉਸ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ। ਅਦਾਕਾਰਾ ਦੇ ਦਾਦੇ ਅਮੀਰ ਬਹਾਦਰ ਦੀ ਸ਼ਿਕਾਇਤ ‘ਤੇ ਪੁਲੀਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਮੁਲਜ਼ਮਾਂ ‘ਚ ਪੁਲੀਸ ਵਿਭਾਗ ਦਾ ਇਕ ਸਾਬਕਾ ਮੁਲਾਜ਼ਮ ਨਈਮ ਅਤੇ ਕਤਲ ਕੀਤੀ ਗਈ ਪਸ਼ਤੋ ਗਾਇਕਾ ਗਜ਼ਾਲਾ ਜਾਵੇਦ ਦਾ ਸਾਬਕਾ ਪਤੀ ਜਹਾਂਗੀਰ ਸ਼ਾਮਲ ਹਨ। ਜਹਾਂਗੀਰ ਨੂੰ ਗਜ਼ਾਲਾ ਅਤੇ ਉਸ ਦੇ ਪਿਤਾ ਜਾਵੇਦ ਖ਼ਾਨ ਦੀ ਹੱਤਿਆ ਦੇ ਦੋਸ਼ ‘ਚ ਸਵਾਤ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਦਸੰਬਰ 2013 ‘ਚ ਦੋ ਵਾਰ ਸਜ਼ਾ-ਏ-ਮੌਤ ਅਤੇ 7 ਕਰੋੜ ਰੁਪਏ ਜੁਰਮਾਨਾ ਕੀਤਾ ਸੀ। ਉਂਜ ਗਜ਼ਾਲਾ ਦੇ ਪਰਿਵਾਰ ਨਾਲ ਸਮਝੌਤਾ ਹੋਣ ਮਗਰੋਂ ਉਸ ਨੂੰ ਮਈ 2014 ‘ਚ ਪਿਸ਼ਾਵਰ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ।