‘ਪਦਮਾਵਤੀ’ ‘ਤੇ ਹਮਲੇ ਖ਼ਿਲਾਫ਼ ਫਿਲਮੀ ਭਾਈਚਾਰੇ ਨੇ ਦਿਖਾਈ ਏਕਤਾ

0
260

11011379cd-_padmavati-poster-300x169
ਮੁੰਬਈ/ਬਿਊਰੋ ਨਿਊਜ਼
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਖ਼ਿਲਾਫ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਵੱਖ ਵੱਖ ਫਿਲਮ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਅੱਗੇ ਆ ਕੇ ਇਸ ‘ਤੇ ਚਿੰਤਾ ਜ਼ਾਹਿਰ ਕਰਦਿਆਂ ਅਜਿਹੀਆਂ ਹਰਕਤਾਂ ਨੂੰ ਸਿਰਜਣਾਤਮਕਤਾ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ। ਇੰਡੀਅਨ ਫਿਲਮਜ਼ ਐਂਡ ਟੀਵੀ ਡਾਇਰੈਕਟਰਜ਼ ਐਸੋਸੀਏਸ਼ਨ (ਆਈਐਫਟੀਡੀਏ) ਨੇ 19 ਹੋਰ ਜਥੇਬੰਦੀਆਂ ਨਾਲ ਮਿਲ ਕੇ ਐਤਵਾਰ ਨੂੰ 15 ਮਿੰਟ ਸ਼ੂਟਿੰਗ ਰੋਕ ਕੇ ਇਥੇ ਫਿਲਮ ਸਿਟੀ ‘ਚ ‘ਮੈਂ ਆਜ਼ਾਦ ਹੂੰ’ ਪ੍ਰਦਰਸ਼ਨ ‘ਚ ਸ਼ਮੂਲੀਅਤ ਕੀਤੀ। ਫਿਲਮਸਾਜ਼ ਅਤੇ ਆਈਐਫਟੀਡੀਏ ਦੇ ਕਨਵੀਨਰ ਅਸ਼ੋਕ ਪੰਡਿਤ ਨੇ ਕਿਹਾ ਕਿ ਅਜਿਹੇ ਪ੍ਰਦਰਸ਼ਨ ‘ਪਦਮਾਵਤੀ’ ਤਕ ਸੀਮਤ ਨਹੀਂ ਹਨ ਸਗੋਂ ਇਹ ਰੁਝਾਨ ਹੀ ਬਣ ਗਿਆ ਹੈ। ਉਨ੍ਹਾਂ ਕਿਹਾ,”ਇਹ ਪ੍ਰਗਟਾਵੇ ਦੀ ਆਜ਼ਾਦੀ, ਪੂਰੀ ਫਿਲਮ ਅਤੇ ਟੀਵੀ ਇੰਡਸਟਰੀ ‘ਤੇ ਹਮਲਾ ਹੈ। ਅਸੀਂ ਸਦਮੇ ‘ਚ ਹਾਂ ਕਿਉਂਕਿ ਫਿਲਮ ਪ੍ਰੇਮੀਆਂ ਨੂੰ ਛੱਡ ਕੇ ਸਾਨੂੰ ਕਿਤਿਉਂ ਵੀ ਹਮਾਇਤ ਨਹੀਂ ਮਿਲ ਰਹੀ। ਹਰ ਤਿੰਨ ਮਹੀਨਿਆਂ ਬਾਅਦ ਕੋਈ ਨਾ ਕੋਈ ਫਿਲਮ ‘ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ਬਸ ਇਸੇ ਦਾ ਅਸੀਂ ਵਿਰੋਧ ਕਰ ਰਹੇ ਹਾਂ।” ਕਰਨੀ ਸੈਨਾ ਵੱਲੋਂ ਫਿਲਮ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ,”ਸਾਨੂੰ ਆਪਣੇ ਹਿਸਾਬ ਨਾਲ ਕੰਮ ਕਰਨ, ਲਿਖਣ ਅਤੇ ਫਿਲਮਾਂ ਬਣਾਉਣ ਦਿਉ ਕਿਉਂਕਿ ਜੇਕਰ ਇਹ ਰੁਝਾਨ ਸ਼ੁਰੂ ਹੋ ਗਿਆ ਤਾਂ ਕਰਨੀ ਸੈਨਾ ਅਤੇ ਹੋਰ ਉਨ੍ਹਾਂ ਵਰਗੀਆਂ ਜਥੇਬੰਦੀਆਂ ਤੈਅ ਕਰਨ ਲੱਗ ਪੈਣਗੀਆਂ ਕਿ ਪਟਕਥਾਵਾਂ ਕਿਵੇਂ ਲਿਖੀਆਂ ਜਾਣ।” ਉਨ੍ਹਾਂ ਕਿਹਾ ਕਿ ਜੇਕਰ ਕੋਈ ਫਿਲਮ ਨਹੀਂ ਦੇਖਣਾ ਚਾਹੁੰਦਾ ਤਾਂ ਉਹ ਅਦਾਲਤ ਤੋਂ ਉਸ ਖ਼ਿਲਾਫ਼ ਰੋਕ ਦੇ ਹੁਕਮ ਲੈ ਸਕਦਾ ਹੈ।

ਭੰਸਾਲੀ ਅਤੇ ਦੀਪਿਕਾ ਨੂੰ ਧਮਕੀਆਂ ਮੁਲਕ ਦੇ ਅਕਸ ਨੂੰ ਕਰ ਰਹੀਆਂ ਖ਼ਰਾਬ: ਕਾਂਗਰਸ
ਜਮਸ਼ੇਦਪੁਰ (ਪੀਟੀਆਈ):?ਕਾਂਗਰਸ ਨੇ ‘ਪਦਮਾਵਤੀ’ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਨੂੰ ਤਾਲਿਬਾਨੀ ਕਰਾਰ ਦਿੰਦਿਆਂ ਕਿਹਾ ਹੈ ਕਿ ਅਜਿਹੀਆਂ ਧਮਕੀਆਂ ਮੁਲਕ ਦੇ ਅਕਸ ਨੂੰ ਧੱਬਾ ਲਾ ਰਹੀਆਂ ਹਨ। ਕਾਂਗਰਸ ਕਮੇਟੀ ਦੇ ਤਰਜਮਾਨ ਡਾਕਟਰ ਅਜੋਇ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਫਿਲਮ ਪਸੰਦ ਨਹੀਂ ਕਰਦਾ ਹੈ ਤਾਂ ਉਹ ਇਸ ਨੂੰ ਨਾ ਦੇਖੇ ਪਰ ਅਦਾਕਾਰਾ ਅਤੇ ਡਾਇਰੈਕਟਰ ਨੂੰ ਧਮਕੀਆਂ ਨਾਲ ਮੁਲਕ ਦੀ ਸਾਖ਼ ਨੂੰ ਵਿਦੇਸ਼ ‘ਚ ਧੱਬਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਫਿਲਮ ਨੂੰ ਰਲੀਜ਼ ਕਰਨ ਬਾਰੇ ਸੈਂਸਰ ਬੋਰਡ ਨੇ ਫ਼ੈਸਲਾ ਲੈਣਾ ਹੈ।