ਸਾਧਾਰਨ ਸ਼ਕਲ-ਸੂਰਤ ਵਾਲੇ ਅਸਾਧਾਰਨ ਅਭਿਨੇਤਾ ਓਮ ਪੁਰੀ ਦਾ ਦੇਹਾਂਤ

0
541

om-puri
ਮੁੰਬਈ/ਬਿਊਰੋ ਨਿਊਜ਼ :
ਹਿੰਦੁਸਤਾਨ ਦੇ ਸਭ ਤੋਂ ਪ੍ਰਤਿਭਾਵਾਨ ਅਤੇ ਸਨਮਾਨਤ ਅਭਿਨੇਤਾਵਾਂ ਵਿਚੋਂ ਇਕ ਓਮ ਪੁਰੀ ਦਾ 66 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਦੇਸ਼ ਦੇ ਚੌਥੇ ਸਰਵੋਤਮ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਨਿਵਾਜੇ ਜਾ ਚੁੱਕੇ ਓਮ ਪੁਰੀ ਦਾ ਦੇਹਾਂਤ ਸ਼ੁੱਕਰਵਾਰ ਸਵੇਰੇ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿਚ ਹੋਇਆ।
ਸਾਧਾਰਨ ਸ਼ਕਲ-ਸੂਰਤ ਵਾਲੇ ਅਸਾਧਾਰਨ ਅਭਿਨੇਤਾ ਨੇ ਨਾ ਸਿਰਫ਼ ਬਹੁਤ ਸਾਰੀਆਂ ਪੁਰਸਕਾਰ ਜੇਤੂ ਹਿੰਦੀ ਫ਼ਿਲਮਾਂ ਨੂੰ ਆਪਣੀ ਐਕਟਿੰਗ ਨਾਲ ਸਜਾਇਆ, ਸਗੋਂ ਕਈ ਵਿਦੇਸ਼ੀ ਫ਼ਿਲਮਾਂ ਵਿਚ ਵੀ ਆਪਣੇ ਕੰਮ ਦਾ ਲੋਹਾ ਮਨਵਾਇਆ। ਸਾਲ 1976 ਵਿਚ ਵਿਜੇ ਤੇਂਦੁਲਕਰ ਦੇ ਨਾਟਕ ‘ਘਾਸੀਰਾਮ ਕੋਤਵਾਲ’ ‘ਤੇ ਇਸੇ ਨਾਂ ਨਾਲ ਬਣੀ ਮਰਾਠੀ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਓਮ ਪੁਰੀ 80ਵੇਂ ਦਹਾਕੇ ਵਿਚ ‘ਅਰਧ ਸਤਿਆ’, ‘ਆਕਰੋਸ਼’, ‘ਪਾਰ’, ਵਰਗੀਆਂ ਕਲਾ ਫ਼ਿਲਮਾਂ ਵਿਚ ਕੰਮ ਕਰਨ ਮਗਰੋਂ ਦੁਨੀਆ ਦੀਆਂ ਨਜ਼ਰਾਂ ਵਿਚ ਆਏ। ਫਿਰ ਆਪਣੀ ਬਕਮਾਲ ਅਦਾਕਾਰੀ ਨਾਲ ਹੌਲੀ ਹੌਲੀ ਉਹ ਮੁੱਖ ਧਾਰਾ ਦੀਆਂ ਫ਼ਿਲਮਾਂ ਵਿਚ ਵੀ ਛਾ ਗਏ ਤੇ ਉਨ੍ਹਾਂ ਨੇ ‘ਜਾਨੇ ਭੀ ਦੋ ਯਾਰੋ’ ਅਤੇ ‘ਮਾਚਿਸ’ ਵਰਗੀਆਂ ਫ਼ਿਲਮਾਂ ਵਿਚ ਵੀ ਅਦਾਕਾਰੀ ਦੇ ਜੌਹਰ ਦਿਖਾਏ।
ਹਰਿਆਣਾ ਦੇ ਅੰਬਾਲਾ ਵਿਚ ਰੇਲਵੇ ਅਧਿਕਾਰੀ ਦੇ ਘਰ ਸਾਲ 1950 ਵਿਚ ਜਨਮੇ ਓਮ ਪੁਰੀ ਨੇ ਪੁਣੇ ਦੇ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਵਿਚ ਵੀ ਅਧਿਐਨ ਕੀਤਾ ਤੇ ਉਹ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਾਲ 1973 ਬੈਚ ਦੇ ਮੈਂਬਰ ਵੀ ਸਨ, ਜਿੱਥੇ ਨਸੀਰੂਦੀਨ ਸ਼ਾਹ ਉਨ੍ਹਾਂ ਦੇ ਸਹਿਪਾਠੀ ਸਨ।
ਉਸ ਸਮੇਂ ਜਾਰੀ ਕਲਾ ਫ਼ਿਲਮਾਂ ਦੇ ਦੌਰ ਵਿਚ ਸਭ ਤੋਂ ਮਜ਼ਬੂਤ ਅਭਿਨੇਤਾ ਕਹੇ ਜਾਣ ਵਾਲੇ ਨਸੀਰੂਦੀਨ ਸ਼ਾਹ, ਸ਼ਬਾਨਾ ਆਜ਼ਮੀ ਤੇ ਸਿਮਤਾ ਪਾਟਿਲ ਵਰਗੇ ਮਹਾਨ ਅਭਿਨੇਤਾਵਾਂ ਨਾਲ ਉਨ੍ਹਾਂ ਨੇ ਕਈ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ‘ਭਵਈ’ (1980), ‘ਸਦ੍ਰਤਿ’ (1981), ‘ਅਰਧ ਸਤਿਆ’ (1982), ‘ਮਿਰਚ’ ਮਸਾਲਾ’ (1986) ਅਤੇ ‘ਧਾਰਾਵੀ’ (1992) ਇਨ੍ਹਾਂ ਅਭਿਨੇਤਾਵਾਂ ਦੀਆਂ ਕੁਝ ਯਾਦਗਾਰ ਫ਼ਿਲਮਾਂ ਹਨ।
ਓਮ ਪੁਰੀ ਨੇ 1982 ਵਿਚ ਆਈ ਰਿਚਰਡ ਐਟਨਬਰੋ ਦੀ ਫ਼ਿਲਮ ‘ਗਾਂਧੀ’ ਵਿਚ ਵੀ ਇਕ ਛੋਟੀ ਜਿਹੀ ਭੂਮਿਕਾ ਅਦਾ ਕੀਤੀ ਸੀ, ਪਰ ਸਾਲ 1990 ਦੇ ਦਹਾਕੇ ਵਿਚ ਲੋਕ ਪ੍ਰਿਯ ਹਿੰਦੀ ਸਿਨੇਮਾ ਦਾ ਹਿੱਸਾ ਬਣਨ ਵਾਲੇ ਓਮ ਪੁਰੀ ਨੇ ਬਹੁਤ ਸਾਰੀਆਂ ਬ੍ਰਿਟਿਸ਼, ਹਾਲੀਵੁੱਡ ਫ਼ਿਲਮਾਂ ਵਿਚ ਵੀ ਕੰਮ ਕੀਤਾ ਤੇ ਉਹ ਵਿਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਜਾਣੇ-ਪਛਾਣੇ ਭਾਰਤੀ ਅਭਿਨੇਤਾਵਾਂ ਵਿਚ ਸ਼ੁਮਾਰ ਕੀਤੇ ਜਾਂਦੇ ਹਨ। ਉਨ੍ਹਾਂ ਨੇ ਹਾਲੀਵੁੱਡ ਵਿਚ ਪੈਟ੍ਰਿਕ ਸਵੇਜ਼ੀ ਨਾਲ ‘ਸਿਟੀ ਆਫ਼ ਜਾਏ’ (1992), ਜੈਕ ਨਿਕਲਸਨ ਨਾਲ ‘ਵੋਲਫ’ (1994) ਅਤੇ ਵਾੱਲ ਕਿਲਮਰ ਨਾਲ ‘ਦ ਗੋਸਟ ਐਂਡ ਦ ਡਾਰਕਨੈੱਸ’ (1996) ਵਿਚ ਕੰਮ ਕੀਤਾ। ਇਸ ਤੋਂ ਇਲਾਵਾ ਓਮ ਪੁਰੀ ਨੇ ਟਾੱਮ ਹੈਕਸ ਅਤੇ ਜੂਲੀਆ ਰਾਬਰਟਸ ਦੀ ਅਦਾਕਾਰੀ ਨਾਲ ਸਜੀ ‘ਚਾਰਲੀ ਵਿਲਸਨਜ਼ ਵਾੱਰ’ ਵਿਚ ਸਾਬਕਾ ਪਾਕਿਸਤਾਨੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹਕ ਦਾ ਕਿਰਦਾਰ ਨਿਭਾਇਆ ਸੀ।