ਪੰਜਾਬੀ ਕਵੀ ਡਾ. ਮੋਹਨਜੀਤ ਨੂੰ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ

0
34

mohanjit_punjabi_poet
ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਦੇ ਪਿੰਡ ਅਦਲੀਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਜਨਮੇ ਡਾ. ਮੋਹਨਜੀਤ ਨੂੰ ਕਵਿਤਾ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਸਾਹਿਤ ਅਕਾਦਮੀ ਨੇ ਆਪਣੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕਰਦਿਆਂ ਐਤਕੀਂ ਸੱਤ ਕਵਿਤਾ ਸੰਗ੍ਰਹਿ, ਛੇ ਨਾਵਲ, ਛੇ ਕਹਾਣੀ ਸੰਗ੍ਰਹਿ, ਤਿੰਨ ਆਲੋਚਨਾਵਾਂ ਤੇ ਦੋ ਨਿਬੰਧ ਸੰਗ੍ਰਹਿ ਇਸ ਮਾਣਮੱਤੇ ਪੁਰਸਕਾਰ ਲਈ ਚੁਣੇ ਗਏ ਹਨ। ਪੰਜਾਬੀ ਭਾਸ਼ਾ ਲਈ ਇਹ ਪੁਰਸਕਾਰ ਡਾ. ਮੋਹਨਜੀਤ ਨੂੰ ਉਨ੍ਹਾਂ ਦੇ ਕਾਵਿ-ਸੰਗ੍ਰਿਹ ‘ਕੋਣੇ ਦਾ ਸੂਰਜ’ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ।
ਡਾ. ਮੋਹਨਜੀਤ ਤੋਂ ਇਲਾਵਾ ਕਵਿਤਾ ਵਿਚ ਇਹ ਪੁਰਸਕਾਰ ਲੈਣ ਵਾਲੇ ਕਵੀਆਂ ਵਿਚ ਸਨੰਤ ਤਾਂਤੀ (ਅਸਮੀਆ), ਪ੍ਰਵੇਸ਼ ਨਰਿੰਦਰ ਕਾਮਤ (ਕੋਂਕਣੀ), ਐਸ. ਰਮੇਸ਼ਨ ਨਾਇਰ (ਮਲਿਆਲਮ), ਡਾ. ਰਾਜੇਸ਼ ਕੁਮਾਰ ਵਿਆਸ (ਰਾਜਸਥਾਨੀ), ਡਾ. ਰਮਾਕਾਂਤ ਸ਼ੁਕਲ (ਸੰਸਕ੍ਰਿਤ) ਤੇ ਖੀਮਣ ਯੂ. ਮੁਲਾਣੀ (ਸਿੰਧੀ) ਸ਼ਾਮਲ ਹਨ।
ਅਕਾਦਮੀ ਦੇ ਮੁਖੀ ਡਾ. ਚੰਦਰ ਸ਼ੇਖਰ ਕੰਬਾਰ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਮੰਡਲ ਦੀ ਬੈਠਕ ਵਿਚ ਇਨ੍ਹਾਂ ਇਨਾਮਾਂ ਬਾਰੇ ਫ਼ੈਸਲਾ ਕੀਤਾ ਗਿਆ। ਪੰਜਾਬੀ ਹਿੱਸੇ ਦੀ ਕਨਵੀਨਰ ਡਾ. ਵਨੀਤਾ ਨੇ ਦੱਸਿਆ ਕਿ ਪੰਜਾਬੀ ਸਨਮਾਨ ਦਾ ਫ਼ੈਸਲਾ ਕਰਨ ਵਾਲੀ ਜਿਊਰੀ ਵਿਚ ਨਾਵਲਕਾਰ ਨਛੱਤਰ, ਪ੍ਰੋ. ਅਵਤਾਰ ਸਿੰਘ ਤੇ ਮੋਹਨ ਭੰਡਾਰੀ ਸ਼ਾਮਲ ਸਨ, ਜਿਨ੍ਹਾਂ ਲੰਮੇ ਸਮੇਂ ਤੋਂ ਕਵਿਤਾ ਦੇ ਪਿੜ ਵਿਚ ਕਾਰਜਸ਼ੀਲ ਡਾ. ਮੋਹਨਜੀਤ ਦੇ ਨਾਂ ਦੀ ਚੋਣ ਕੀਤੀ।
ਇਨਾਮਾਂ ਲਈ 1 ਜਨਵਰੀ 2012 ਤੋਂ 31 ਦਸੰਬਰ 2016 ਤਕ ਦੀਆਂ ਪਹਿਲੀ ਵਾਰ ਛਪੀਆਂ ਕਿਤਾਬਾਂ ਉਪਰ ਵਿਚਾਰ ਕੀਤਾ ਗਿਆ। ਪੁਰਸਕਾਰ ਵਿਚ ਇਕ ਲੱਖ ਰੁਪਏ ਦੀ ਰਕਮ, ਤਾਂਬੇ ਦੀ ਸ਼ੀਲਡ, ਪ੍ਰਸ਼ੰਸਾ ਪੱਤਰ ਤੇ ਸ਼ਾਲ ਸ਼ਾਮਲ ਹਨ। ਇਹ ਮਾਣਮੱਤੇ ਪੁਰਸਕਾਰ 29 ਜਨਵਰੀ 2019 ਨੂੰ ਵਿਸ਼ੇਸ਼ ਸਮਾਗਮ ਦੌਰਾਨ ਭੇਟ ਕੀਤੇ ਜਾਣਗੇ।
ਸਨਮਾਨ ਦੇ ਐਲਾਨ ਮਗਰੋਂ ਡਾ. ਮੋਹਨਜੀਤ ਨੇ ਕਿਹਾ ਕਿ ਉਨ੍ਹਾਂ ਦੀ ਰਚਨਾਤਮਿਕਤਾ, ਕਵਿਤਾ ਤੇ ਸੱਚ ਨੂੰ ਸਨਮਾਨ ਮਿਲਿਆ ਹੈ। ਸ਼ੁਰੂਆਤੀ ਦੌਰ ਵਿਚ ਮੋਹਨਜੀਤ ਨੇ ਜੁਝਾਰੂ ਲਹਿਜੇ ਵਿਚ ਵੀ ਕੁਝ ਕਵਿਤਾਵਾਂ ਲਿਖੀਆਂ ਪਰ ਬਾਅਦ ਵਿਚ ਸੁਹਜਮਈ ਮਾਨਵੀ ਸੰਵੇਦਨਾ ਉਸ ਦੀ ਕਵਿਤਾ ਦਾ ਕੇਂਦਰੀ ਧੁਰਾ ਬਣ ਕੇ ਉਭਰੀ। ਸ਼ਾਇਰੀ ਦੇ ਨਾਲ ਨਾਲ ਮੋਹਨਜੀਤ ਨੇ ਆਲੋਚਨਾ ਅਤੇ ਅਨੁਵਾਦ ਵਿਚ ਵੀ ਯੋਗਦਾਨ ਪਾਇਆ ਹੈ।