ਲੜੀਵਾਰ ‘ਸ਼ੇਰੇ-ਏ-ਪੰਜਾਬ’ ਵਿੱਚ ਮਹਾਰਾਜਾ ਤੇ ਸਿੱਖ ਜਰਨੈਲਾਂ ਦੀਆਂ ਟੋਪੀਨੁਮਾ ਦਸਤਾਰਾਂ ‘ਤੇ ਉਠੇ ਇਤਰਾਜ਼

0
465

maharaja_ranjit_singh
ਕੈਪਸ਼ਨ-ਲੜੀਵਾਰ ‘ਮਹਾਰਾਜਾ ਰਣਜੀਤ ਸਿੰਘ’ ਦਾ ਪੋਸਟਰ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ‘ਲਾਈਫ ਓਕੇ’ ਟੀਵੀ ਚੈਨਲ ਦੇ 20 ਮਾਰਚ ਤੋਂ ਸ਼ੁਰੂ ਹੋ ਰਹੇ ਲੜੀਵਾਰ ‘ਸ਼ੇਰੇ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ’ ਬਾਰੇ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਹੈ ਕਿ ਉਹ ਲੜੀਵਾਰ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਪਹਿਲਾਂ ਇਸ ਦੀ ਘੋਖ ਕਰੇ।
‘ਲਾਈਫ ਓਕੇ’ ਦਾ ਇਹ ਸੀਰੀਅਲ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ, ਜੋ ਸ਼ੁਰੂ ਵਿੱਚ ਹੀ ਵਿਵਾਦ ਦੇ ਘੇਰੇ ਵਿਚ ਆ ਗਿਆ ਹੈ। ਸਿੱਖ ਸੰਗਤ ਵੱਲੋਂ ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਸਮੇਤ ਹੋਰ ਸਿੱਖ ਜਰਨੈਲਾਂ ਦੇ ਕਿਰਦਾਰ ਨਿਭਾਉਣ ਵਾਲਿਆਂ ਦੇ ਸਿਰ ‘ਤੇ ਸਜਾਈਆਂ ਦਸਤਾਰਾਂ ‘ਤੇ ਇਤਰਾਜ਼ ਕੀਤਾ ਗਿਆ ਹੈ। ਸਿੱਖ ਸੰਗਤ ਨੂੰ ਇਤਰਾਜ਼ ਹੈ ਕਿ ਇਹ ਦਸਤਾਰਾਂ ਟੋਪੀਨੁਮਾ ਹਨ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ‘ਤੇ ਦਸਤਾਰ ਦੇ ਨਾਲ ਤਿਲਕ ਵੀ ਦਿਖਾਇਆ ਗਿਆ ਹੈ, ਜੋ ਕਿ ਸਿੱਖ ਧਰਮ ਦੀ ਰਵਾਇਤ ਨਹੀਂ ਹੈ।
ਇਨ੍ਹਾਂ ਇਤਰਾਜ਼ਾਂ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਭੇਜਿਆ ਹੈ ਅਤੇ ਆਖਿਆ ਹੈ ਕਿ ਸੀਰੀਅਲ ਦੇ ਨਿਰਮਾਤਾ ਨਾਲ ਗੱਲਬਾਤ ਕਰਕੇ ਪਹਿਲਾਂ ਇਤਿਹਾਸ ਸਬੰਧੀ ਸਾਰੀ ਘੋਖ-ਪੜਤਾਲ ਕਰਾਈ ਜਾਵੇ, ਜਿਸ ਨਾਲ ਸੰਗਤ ਦੇ ਮਨ ਵਿੱਚ ਕੋਈ ਦੁਬਿਧਾ ਨਾ ਰਹੇ। ਉਨ੍ਹਾਂ ਫਿਲਮਾਂ ਅਤੇ ਟੀਵੀ ਲੜੀਵਾਰ ਬਣਾਉਣ ਵਾਲੇ ਨਿਰਮਾਤਾ, ਨਿਰਦੇਸ਼ਕਾਂ ਤੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਸਿੱਖ ਧਰਮ ਜਾਂ ਇਤਿਹਾਸ ਸਬੰਧੀ ਕੋਈ ਵੀ ਫਿਲਮ ਜਾਂ ਟੀਵੀ ਲੜੀਵਾਰ ਬਣਾਉਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਜ਼ਰੂਰ ਸੰਪਰਕ ਕਰਨ ਅਤੇ ਕਮੇਟੀ ਦੀ ਪ੍ਰਵਾਨਗੀ ਨਾਲ ਹੀ ਅਜਿਹੇ ਲੜੀਵਾਰ ਜਾਂ ਫਿਲਮ ਬਣਾਏ ਜਾਣ। ਉਨ੍ਹਾਂ ਕਿਹਾ ਕਿ ਪ੍ਰਬੰਧਕ ਆਪਣੀ ਮਰਜ਼ੀ ਮੁਤਾਬਕ ਇਤਿਹਾਸ ਨੂੰ ਤੋੜ-ਮਰੋੜ ਕੇ ਸੰਗਤ ਸਾਹਮਣੇ ਪੇਸ਼ ਕਰਦੇ ਹਨ, ਜੋ ਗਲਤ ਹੈ।