‘ਲੋਪੋਕੇ ਬ੍ਰਦਰਜ਼’ ਨੇ ਸੈਕਰਾਮੈਂਟੋ ਵਿੱਚ ਸਜਾਈ ਸੂਫ਼ੀਆਨਾ ਮਹਿਫ਼ਿਲ

0
923

lopoke-brothers
ਸੈਕਰਾਮੈਂਟੋ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਪੰਜਾਬ ਤੋਂ ਆਏ ਗਾਇਕ ‘ਲੋਪੋਕੇ ਬ੍ਰਦਰਜ਼’ ਪ੍ਰੋਗਰਾਮ ‘ਮਹਿਫ਼ਿਲ’ ਰਾਹੀਂ ਨਾਮਣਾ ਖੱਟ ਰਹੇ ਹਨ। ਸੈਕਰਾਮੈਂਟੋ ਵਿੱਚ ਸਮਾਗਮ ਦੌਰਾਨ ਗਾਇਕ ਭਰਾਵਾਂ ਨੇ ਗਾਇਕੀ ਦੇ ਖੂਬ ਰੰਗ ਬਿਖੇਰੇ। ਸਰੋਤਿਆਂ ਦੀ ਮੰਗ ‘ਤੇ ਪ੍ਰਬੰਧਕਾਂ ਨੇ ਲੋਪੋਕੇ ਭਰਾਵਾਂ ਦਾ ਸ਼ੋਅ ਸੈਕਰਾਮੈਂਟੋ ਵਿੱਚ ਦੁਬਾਰਾ ਕਰਵਾਇਆ। ਗੋਲਡਨ ਸਟੇਟ ਟਰੱਕ ਸੇਲ ਦੇ ਮਾਲਕ ਧਰਮਿੰਦਰ ਸਿੰਘ ਤੇ ਸੁਰਿੰਦਰ ਸ਼ੇਰਗਿੱਲ ਵਲੋਂ ਕਰਵਾਏ ਗਏ ਸਮਾਗਮ ਵਿੱਚ ਗਾਇਕ ਭਰਾਵਾਂ ਲਖਬੀਰ ਲੋਪੋਕੇ ਤੇ ਰਾਜਿੰਦਰ ਲੋਪੋਕੇ ਨੇ ਸੁਰਾਂ ਦੀਆਂ ਛਹਿਬਰਾਂ ਲਾਈਆਂ। ਸ਼ੋਰ ਸ਼ਰਾਬੇ ਵਾਲੀ ਖੱਪ ਪਾਊ ਗਾਇਕੀ ਦੇ ਬਿਲਕੁਲ ਉਲਟ ਰੂਹ ਨੂੰ ਸਕੂਨ ਦੇਣ ਵਾਲੀਆਂ ਰਚਨਾਵਾਂ ਨੇ ਸਰੋਤਿਆਂ ਦੇ ਮਨ ਮੋਹ ਲਏ। ਲੋਕ ਗਾਇਕੀ ਦੇ ਨਾਲ ਨਾਲ ਸੂਫ਼ੀ ਗਾਇਕੀ ਦੀ ਮੁਹਾਰਤ ਰੱਖਣ ਵਾਲੇ ਇਨ੍ਹਾਂ ਗਾਇਕ ਭਰਾਵਾਂ ਨੇ ਕਮਾਲ ਦੀਆਂ ਬੰਦਿਸ਼ਾਂ ਪੇਸ਼ ਕਰਕੇ ਢਾਈ ਘੰਟੇ ਤੱਕ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਕੀਬੋਰਡ ‘ਤੇ ਨਰਿੰਦਰ ਬੱਗਾ ਅਤੇ ਤਬਲੇ ‘ਤੇ ਇੰਡੀਆ ਤੋਂ ਆਏ ਮੰਗੀ ਸਹੋਤਾ ਨੇ ਸੁਰ ਤੇ ਤਾਲ ਦਾ ਮੇਲ ਕਰਵਾਉਂਦਿਆਂ ਸਮਾਗਮ ਨੂੰ ਤਾਜ਼ਗੀ ਬਖਸ਼ੀ। ‘ਟੋਟਲ ਇੰਟਰਟੇਨਮੈਂਟ’ ਦੇ ਅਵਤਾਰ ਲਾਖਾ ਅਤੇ ਵਿਜੇ ਸਿੰਘ ਨੇ ਦੱਸਿਆ ਕਿ ‘ਲੋਪੋਕੇ ਭਰਾਵਾਂ’ ਦੀਆਂ ਅਗਲੀਆਂ ਮਹਿਫ਼ਿਲਾਂ 7 ਜਨਵਰੀ ਨੂੰ ਸਟਾਕਟਨ ਅਤੇ 14 ਜਨਵਰੀ ਨੂੰ ਫਰਿਜ਼ਨੋ ਵਿੱਚ ਹੋਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਅਵਤਾਰ ਲਾਖਾ ਨਾਲ 209 -200-0818 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।