ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਭਰਵੇਂ ਵਿਚਾਰ ਵਟਾਂਦਰੇ ਬਾਅਦ ਦਾ ਨਵਾਂ ਸੰਵਿਧਾਨ ਸਰਬਸੰਮਤੀ ਨਾਲ ਪ੍ਰਵਾਨ

0
1150

pic-literary-p-s-s-stockton

ਫੋਟੋ ਕੈਪਸ਼ਨ, ਖੱਬਿਓਂ ਸੱਜੇ:  ਸੰਜੀਵ ਮਹਿਮੀ, ਪ੍ਰੋ. ਹਰਭਜਨ ਸਿੰਘ, ਹਰਪ੍ਰੀਤ ਕੌਰ, ਡਾ. ਧਨਵੰਤ ਕੌਰ, ਡਾ.  ਜਸਵਿੰਦਰ ਸਿੰਘ, ਹਰਜਿੰਦਰ ਪੰਧੇਰ, ਡਾ. ਗੋਬਿੰਦਰ ਸਿੰਘ ਸਮਰਾਓ, ਤਾਰਾ ਸਾਗਰ, ਹਰਨੇਕ ਸਿੰਘ, ਤ੍ਰਿਪਤ ਸਿੰਘ ਭੱਟੀ, ਦਲਜੀਤ ਕੌਰ।

ਡਾ. ਜਸਵਿੰਦਰ ਸਿੰਘ ਅਤੇ ਡਾ. ਧਨਵੰਤ ਕੌਰ ਨੂੰ ਵਿਦਾਇਗੀ ਪਾਰਟੀ
ਸਟਾਕਟਨ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ, ਸਟਾਕਟਨ ਵੱਲੋਂ ਬੀਤੇ ਹਫ਼ਤੇ ਇੱਥੋਂ ਨੇੜ੍ਹਲੇ ਸ਼ਹਿਰ ਫਰੈਂਚ ਕੈਂਪ ਦੇ ‘ਇੰਡੀਅਨ ਤਾਜ ਕੁਜ਼ੀਨ’ ਵਿਚ ਹਰਜਿੰਦਰ ਪੰਧੇਰ ਦੀ ਦੇਖ-ਰੇਖ ਅਧੀਨ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਕੀਤੀ ਵਿਚ ਸਭਾ ਦੇ ਨਵੇਂ ਸੰਵਿਧਾਨ ਬਾਰੇ ਭਖਵੀਂ, ਤਿੱਖੀ ਅਤੇ ਭਰਪੂਰ ਬਹਿਸ ਤੋਂ ਮਗਰੋਂ ਕਈ ਜ਼ਰੂਰੀ ਸੋਧਾਂ ਕੀਤੀਆਂ ਗਈਆਂ। ਇਨ੍ਹਾਂ ਸੋਧਾਂ ਦੇ ਨਾਲ ਇਹ ਸੰਵਿਧਾਨ ਹਾਜ਼ਰ ਮੈਂਬਰਾਂ ਦੀ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਗਿਆ। ਇਸ ਸੰਵਿਧਾਨ ਅਨੁਸਾਰ ਸਭਾ ਦਾ ਮੁੱਖ ਉਦੇਸ਼: ਪੰਜਾਬੀ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦੇ ਬਹੁ-ਪੱਖੀ ਵਿਕਾਸ, ਪਾਸਾਰ, ਪ੍ਰਫੁੱਲਤਾ ਅਤੇ ਮਿਆਰ ਲਈ ਕੰਮ ਕਰਨਾ ਹੈ। ਇਸ ਮੰਤਵ ਦੀ ਪੂਰਤੀ ਲਈ ਪਰਵਾਸੀ ਪੰਜਾਬੀ ਲੇਖਕਾਂ ਨੂੰ ਇਸ ਸਭਾ ਨਾਲ ਜੋੜਨਾ, ਲੋਕ-ਹਿਤੈਸ਼ੀ ਸਰੋਕਾਰਾਂ ਵਾਲਾ ਸਾਹਿਤ ਸਿਰਜਨ ਲਈ ਪ੍ਰੇਰਿਤ ਕਰਨਾ, ਅਣਪ੍ਰਕਾਸ਼ਿਤ ਮੌਲਿਕ ਰਚਨਾਵਾਂ ਬਾਰੇ ਵਿਚਾਰ ਚਰਚਾ ਕਰਨ ਲਈ ਵਰਕਸ਼ਾਪਾਂ ਲਾਉਣਾ, ਕਲਾਤਮਕ, ਮਿਆਰੀ ਅਤੇ ਗੌਲਣਯੋਗ ਸਾਹਿਤਕ ਕਿਰਤਾਂ ਨੂੰ ਸੰਭਾਲਣ ਅਤੇ ਸੰਗ੍ਰਹਿਤ ਕਰਨ ਦੇ ਹਰ ਸੰਭਵ ਯਤਨ ਕਰਨਾ ਹੋਵੇਗਾ। ਹੋਰ ਮੁੱਖ ਕਾਰਜਾਂ ਵਿਚ: ਪਰਵਾਸੀ ਪੰਜਾਬੀ ਸਾਹਿਤ ਦੇ ਵਿਸ਼ਲੇਸ਼ਣ ਅਤੇ ਮੁਲਾਂਕਣ ਲਈ ਖੋਜ ਪ੍ਰਯੋਜਨ ਤੈਅ ਕਰਨ ਦੇ ਨਾਲ-ਨਾਲ, ਇਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਸੁਯੋਗ ਸਾਹਿਤਕਾਰਾਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਨਾ ਅਤੇ ਲੇਖਕਾਂ, ਪਾਠਕਾਂ ਅਤੇ ਅਕਾਦਮਿਕ ਵਿਦਵਾਨਾਂ ਨਾਲ ਰੂ-ਬ-ਰੂ ਕਰਨਾ ਵੀ ਸ਼ਾਮਲ ਹੋਵੇਗਾ। ਇਸਦੇ ਇਲਾਵਾ ਸਭਾ ਵੱਲੋਂ ਸਮੇਂ ਸਮੇਂ ਹੋਰ ਸਾਹਿਤਕ ਅਤੇ ਭਾਈਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਰਗਰਮੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਨਵੇਂ ਸੰਵਿਧਾਨ ਨੂੰ ਪਾਸ ਕਰਨ ਲਈ ਚੱਲੀ ਭਰਵੀਂ ਬਹਿਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਪ੍ਰੋ. ਹਰਭਜਨ ਸਿੰਘ, ਹਰਜਿੰਦਰ ਪੰਧੇਰ, ਤ੍ਰਿਪਤ ਸਿੰਘ ਭੱਟੀ, ਹਰਨੇਕ ਸਿੰਘ, ਤਾਰਾ ਸਿੰਘ ਸਾਗਰ, ਹਰਪ੍ਰੀਤ ਕੌਰ ਧੂਤ ਅਤੇ ਡਾ. ਗੋਬਿੰਦਰ ਸਿੰਘ ਸਮਰਾਓ ਸ਼ਾਮਲ ਹਨ। ਇਸ ਸਮੁੱਚੀ ਕਾਰਵਾਈ ਵਿਚ ਡਾ. ਜਸਵਿੰਦਰ ਸਿੰਘ ਅਤੇ ਡਾ. ਧਨਵੰਤ ਕੌਰ ਨੇ ਮਹਿਮਾਨ ਵਿਦਵਾਨਾਂ ਵੱਜੋਂ ਹਿੱਸਾ ਲਿਆ ਅਤੇ ਆਪਣੇ ਕਈ ਮੁੱਲਵਾਨ ਸੁਝਾਅ ਰੱਖੇ, ਜਿਨ੍ਹਾਂ ਵਿਚੋਂ ਕੁਝ ਕੁ ਸਰਬ-ਸੰਮਤੀ ਨਾਲ ਪ੍ਰਵਾਨ ਅਤੇ ਸੰਵਿਧਾਨ ਵਿਚ ਅੰਕਿਤ ਕਰ ਲਏ ਗਏ।
ਲੰਚ ਤੋਂ ਬਾਅਦ ਸਭਾ ਵਲੋਂ ਡਾ. ਜਸਵਿੰਦਰ ਸਿੰਘ ਅਤੇ ਡਾ. ਧਨਵੰਤ ਕੌਰ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਪ੍ਰੋ. ਹਰਭਜਨ ਸਿੰਘ ਨੇ ਪਰਵਾਸੀ ਪੰਜਾਬੀ ਸਾਹਿਤ ਦੇ ਅਧਿਐਨ, ਮੁਲਾਂਕਣ ਅਤੇ ਪਾਸਾਰ ਵਿੱਚ ਪਾਏ ਉਨ੍ਹਾਂ ਦੇ ਨਿਰੰਤਰ ਯੋਗਦਾਨ ਦੀ ਭਰਭੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਭਾ ਦੇ ਹਰੇਕ ਮੈਂਬਰ ਦਾ ਪ੍ਰਮੁੱਖ ਮੰਤਵ ਉੱਚ ਦਰਜੇ ਦਾ ਸਾਹਿਤ ਪੜ੍ਹਨਾ ਅਤੇ ਖੁਦ ਮਿਆਰੀ ਤੇ ਮੌਲਿਕ ਸਾਹਿਤ ਸਿਰਜਨਾ ਹੋਣਾ ਚਾਹੀਦਾ ਹੈ। ਪੰਜਾਬੀ ਸਾਹਿਤ ਸਭਾ ਸਟਾਕਟਨ ਦੇ ਕਾਰਜਾਂ ਤੇ ਸਰਗਰਮੀਆਂ ਦੀ ਭਰਪੂਰ ਸਰਾਹਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਭਾ ਦਾ ਕੰਮ ਪਰਵਾਸੀ ਪੰਜਾਬੀਆਂ ਦੇ ਪਰਸਪਰ ਮਿਲਵਰਤਨ ਤੋਂ ਇਲਾਵਾ ਹੋਰ ਪਰਵਾਸੀ ਭਾਈਚਾਰਿਆਂ ਦੇ ਲੇਖਕਾਂ ਤੇ ਕਲਾਕਾਰਾਂ ਨਾਲ ਮਿਲ ਕੇ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਕਰਨਾ ਵੀ ਹੋਣਾ ਚਾਹੀਦਾ ਹੈ। ਡਾ. ਧਨਵੰਤ ਕੌਰ ਨੇ ਕਿਹਾ ”ਜੇਕਰ ਸਭਾ ਦਾ ਹਰੇਕ ਮੈਂਬਰ ਸਾਹਿਤ, ਸਭਿਆਚਾਰ ਅਤੇ ਉੱਚ ਇਨਸਾਨੀ ਕਦਰਾਂ-ਕੀਮਤਾਂ ਨੂੰ ਦਿਲ ਅਤੇ ਦਿਮਾਗ ਨਾਲ ਚਾਹੇਗਾ ਤਾਂ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇਗਾ।” ਇਸ ਦੌਰਾਨ ਹਰਪ੍ਰੀਤ ਕੌਰ ਧੂਤ ਨੇ ਆਪਣੀਆਂ ਕੁਝ ਨਵੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਅੰਤ ਵਿਚ ਸਭਾ ਦੇ ਪ੍ਰਧਾਨ ਹਰਜਿੰਦਰ ਪੰਧੇਰ ਵੱਲੋਂ ਸਭ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।