ਪੰਜਾਬੀ ਸਾਹਿਤ ਸਦਾ ਜਵਾਨ ਬਾਬਾ

0
510

jaswant-singh-kanwal
ਲੋਕਨਾਥ (ਪ੍ਰੋ.)
ਜਸਵੰਤ ਸਿੰਘ ਕੰਵਲ ਦੇ ਨਾਵਲ ਪੜ੍ਹ ਕੇ ਬਹੁਤ ਮੁੰਡੇ ਕਾਮਰੇਡ ਬਣੇ ਤੇ ਅਗਲੇ ਪੜਾਅ ‘ਤੇ ਇਹੋ ਕਾਮਰੇਡ ਨਕਸਲੀ ਬਣ ਗਏ। ਅਠਾਰਾਂ-ਵੀਹ ਸਾਲ ਦੀ ਉਮਰ ਦੇ। ‘ਲਹੂ ਦੀ ਲੋਅ’ ਦੇ ਪਾਤਰ ਜਿਊਂਦੇ-ਜਾਗਦੇ ਇਨਸਾਨ ਸਨ। ਨਕਸਲਬਾੜੀ ਲਹਿਰ ਮੁੰਡਿਆਂ ਨੂੰ ਖਿੱਚ ਪਾਉਂਦੀ ਸੀ- ਬੁੱਧੀਜੀਵੀਆਂ ਤੇ ਲੇਖਕਾਂ ਦਾ ਵਰਗ ਇਸ ਨਾਲ ਜੁੜਿਆ ਹੋਣ ਕਰਕੇ।
ਇਹ ਗੱਲਾਂ ਬਹੁਤ ਸਾਲ ਪਹਿਲਾਂ ਇੱਕ ਅਖ਼ਬਾਰੀ ਇੰਟਰਵਿਊ ਦੌਰਾਨ ਮੈਂ ਕਹੀਆਂ ਸਨ। ਸੱਚਮੁੱਚ ਸਾਡੀ ਪੀੜ੍ਹੀ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਬਹੁਤ ਪ੍ਰਭਾਵਿਤ ਸੀ। ਭਾਈ ਵੀਰ ਸਿੰਘ ਦੇ ਪਾਠਕ ਮੁੱਖ ਤੌਰ ‘ਤੇ ਸਿੱਖ ਸ਼ਰਧਾਲੂ ਸਨ। ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮਿਡਲ ਕਲਾਸ ਦਾ ਪੜ੍ਹਿਆ-ਲਿਖਿਆ ਵਰਗ ਪੜ੍ਹਦਾ ਸੀ। ਨਾਨਕ ਸਿੰਘ ਦੇ ਨਾਵਲ ਮੱਧ ਵਰਗ ਦੇ ਸ਼ਹਿਰੀ ਔਰਤਾਂ-ਮਰਦਾਂ ਨੂੰ ਭਾਉਂਦੇ ਸਨ। ਕੰਵਲ ਦੇ ਪਾਠਕ ਬਾਗ਼ੀਆਨਾ ਕਣੀ ਵਾਲੇ ਸਨ।
ਪੰਜਾਬ ਦੇ ਪ੍ਰਸਿੱਧ ਪਿੰਡ ਢੁੱਡੀਕੇ ਵਿਖੇ ਖੇਤੀ ਕਰਨ ਵਾਲੇ ਪਰਿਵਾਰ ਵਿੱਚ ਕੰਵਲ ਨੇ ਜਨਮ ਲਿਆ। ਡਿਗਰੀਆਂ ਵਾਲੀ ਬਹੁਤੀ ਪੜ੍ਹਾਈ ਨਹੀਂ ਕੀਤੀ, ਪਰ ਮਨੁੱਖੀ ਜੀਵਨ, ਸਮਾਜ ਤੇ ਆਲੇ-ਦੁਆਲੇ ਨੂੰ ਬਹੁਤ ਬਾਰੀਕੀ ਨਾਲ ਵੇਖਿਆ, ਪੜ੍ਹਿਆ ਤੇ ਘੋਖਿਆ। ਇਹੋ ਕਾਰਨ ਹੈ ਕਿ ਉਹਦੇ ਨਾਵਲਾਂ ਵਿੱਚ ਸਮਾਜਿਕ ਜੀਵਨ  ਅਗਵਾਨੀ ਕਰਦਾ ਹੋਇਆ ਪੇਸ਼ ਹੋਇਆ ਹੈ। ਨਾਵਲ ਵਿੱਚ ਪੇਸ਼ ਜੀਵਨ ਲੀਲ੍ਹਾ ਗਤੀਹੀਣ ਨਹੀਂ (ਜਿਵੇਂ ਬਹੁਤੇ ਰੁਮਾਂਟਿਕ ਤੇ ਪੜ੍ਹੇ ਜਾਂਦੇ ਨਾਵਲਾਂ ਵਿੱਚ ਵੇਖਿਆ ਜਾ ਸਕਦਾ ਹੈ) ਸਗੋਂ ਗਤੀਸ਼ੀਲ ਹੈ। ਨਿਰੰਤਰ ਨਵੀਆਂ ਪੈੜਾਂ ਉਲੀਕਦੀ ਹੋਈ। ਦੋ ਤਿੰਨ ਸਾਲ ਪਹਿਲਾਂ ਇੱਕ ਲੰਬੀ ਮੁਲਾਕਾਤ ਵਿੱਚ ਉਨ੍ਹਾਂ ਆਪਣੇ ਬਾਰੇ ਕਿਹਾ ਸੀ, ”ਮੈਂ ਵੱਖ ਵੱਖ ਅਵਸਥਾਵਾਂ ਵਿੱਚੋਂ ਗੁਜ਼ਰਦਿਆਂ ਅਜਿਹਾ ਸਿੱਖਿਅਤ ਮਨੁੱਖ ਬਣ ਗਿਆ ਜਿਹੜਾ ਮਨੁੱਖਤਾ ਦੇ ਭਲੇ ਨੂੰ ਮੁੱਖ ਰੱਖ ਕੇ ਅਗਲੇ ਤੋਂ ਅਗਲੇ ਮੋਰਚੇ ਮੱਲਦਾ ਰਿਹਾ।”
ਕੰਵਲ ਹੁਰਾਂ ਦੀ ਸ਼ੁਰੂਆਤ ਤਾਂ ਕਵਿਤਾ ਤੋਂ ਹੋਈ। ਕਵਿਤਾ ਦੇ ਨਾਲ ਨਾਲ ਉਹ ਗੁਰਦੁਆਰਿਆਂ ਨਾਲ ਵੀ ਜੁੜੇ ਹੋਏ ਸਨ। ਉਹ ਆਪ ਹੀ ਦੱਸਦੇ ਹਨ ਕਿ ਛੋਟੀ ਉਮਰੇ ਹੀ ਮੈਂ ਛੈਣੇ ਵਜਾਇਆ ਕਰਦਾ ਸਾਂ। ਉਦੋਂ ਧਾਰਮਿਕ ਮਾਹੌਲ ਸਾਰੇ ਪੰਜਾਬ ਵਿੱਚ ਜਨੂਨ ਵਾਂਗ ਛਾਇਆ ਹੋਇਆ ਸੀ। ਉਨ੍ਹਾਂ ਦੀ ਇੱਕ ਨਿੱਕੀ ਜਿਹੀ ਪੁਸਤਕ ‘ਜੀਵਨ ਕਣੀਆਂ’ ਪ੍ਰਕਾਸ਼ਿਤ ਹੋਈ ਸੀ। ਉਦੋਂ ਉਹ ਵੇਦਾਂਤ ਤੋਂ ਪ੍ਰਭਾਵਿਤ ਹੋਏ ਸਨ। ਉਹ ਆਪ ਹੀ ਦੱਸਦੇ ਹਨ, ”ਵੇਦਾਂਤ ਦੇ ਦੋ ਤਿੰਨ ਗ੍ਰੰਥ ਪੜ੍ਹ ਕੇ ਮੈਂ ਸਾਧ ਹੋ ਜਾਣਾ ਚਾਹਿਆ, ਪਰ ਮਾਰਕਸੀ ਵਿਚਾਰਧਾਰਾ ਨੇ ਹੱਥ ਖਿੱਚ ਕੇ ਬਚਾ ਲਿਆ।” ਉਨ੍ਹਾਂ ਦਾ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ ਇਨ੍ਹਾਂ ਵਿਚਾਰਾਂ ਨਾਲ ਓਤ-ਪੋਤ ਹੈ।
ਆਪਣੇ ਆਰੰਭਲੇ ਜੀਵਨ ਬਾਰੇ ਕੰਵਲ ਦੱਸਦੇ ਹਨ, ”ਸਾਧ ਬਣਨ ਦਾ ਵਿਚਾਰ ਛੱਡ ਕੇ ਮੈਨੂੰ ਗ੍ਰਹਿਸਤ ਦੇ ਰਿੱਛ ਨੇ ਅਜਿਹੀ ਜੱਫੀ ਪਾਈ, ਨਾ ਘਰ ਦਾ ਰਿਹਾ ਨਾ ਘਾਟ ਦਾ। ਇੱਕ ਪ੍ਰਕਾਸ਼ਕ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਲਗਵਾ ਦਿੱਤੀ। ਪੱਚੀ ਵਰ੍ਹੇ ਤਜ਼ਰਬਿਆਂ ਵਿੱਚ ਹੀ ਗੁਜ਼ਰ ਗਏ। ਨਾ ਰੱਬ ਮਿਲਿਆ, ਨਾ ਭਾਲਿਆਂ- ਦਿਲ ਦਾ ਜਾਨੀ ਥਿਆਇਆ।”
ਮੁਕਤੀ ਦੇਣ ਵਰਗੇ ਵਿਚਾਰ ਸਿਰ ਚੜ੍ਹੇ ਹੋਣ, ਪਰ ਬਰਾਬਰ ਦੇ ਹੁੰਗਾਰੇ ਵਾਲੇ ਸਾਥੀ ਨਾ ਮਿਲਣ ਤਾਂ ਗਿਆਨਵਾਨ ਵੀ ਕਮਲਾ ਹੋ ਜਾਂਦਾ ਹੈ। ਢੁੱਡੀਕੇ ਪਿੰਡ ਫਾਂਸੀਆਂ ਤੋੜਨ ਵਾਲੇ ਦੇਸ਼ ਭਗਤਾਂ ਦਾ ਸੀ ਜਿਹੜਾ ਵੈਲੀਆਂ ਦੀ ਕਤਲੋਗਾਰਤ ਨੇ ਹੀਣਾ ਕਰਕੇ ਰੱਖ ਦਿੱਤਾ ਸੀ। ਦੇਸ਼ ਭਗਤੀਆਂ ਖੂਹ ਖਾਤੇ ਪੈ ਰਹੀਆਂ ਸਨ। ਉਨ੍ਹਾਂ ਦੇ ਦੱਸਣ ਅਨੁਸਾਰ, ”ਮੈਂ ਪਿੰਡ ਦੇ ਦਸ ਬਾਰਾਂ ਪੜ੍ਹੇ ਲਿਖੇ ਇਕੱਠੇ ਕਰ ਲਏ ਤੇ ਪੁਰਾਣੀ ਪੰਚਾਇਤ ਖੁੰਢਾਂ ‘ਤੇ ਬੈਠਣ ਲਾ ਦਿੱਤੀ। ਫਿਰ ਢੁੱਡੀਕੇ ਪਿੰਡ ਵਿੱਚ ਕਾਲਜ ਖੜ੍ਹਾ ਕਰਕੇ ਪਿੰਡ ਦਾ ਮੂੰਹ ਲਿਸ਼ਕਾ ਦਿੱਤਾ। ਬਸ ਨਾਵਲ ‘ਪੂਰਨਮਾਸ਼ੀ’ ਤੋਂ ਬਾਅਦ ‘ਰਾਤ ਬਾਕੀ ਹੈ’ ਨੇ ਤਾਂ ਮੇਰੀ ਜ਼ਿੰਦਗੀ ਵਿੱਚ ਇਨਕਲਾਬ ਖੜ੍ਹਾ ਕਰ ਦਿੱਤਾ। ਕੁਦਰਤ ਨੇ ਉਹ ਸੌਗਾਤ ਬਖ਼ਸ਼ੀ, ਜਿਸ ਬਿਨਾਂ ਕਦੇ ਸਾਧ ਤੇ ਕਦੇ ਕਮਲਾ ਹੋਣ ਨੂੰ ਫਿਰਦਾ ਸੀ।”
ਕੰਵਲ ਦੇ ਨਾਵਲਾਂ ਦੀ ਗਿਣਤੀ ਕਾਫ਼ੀ ਹੈ। ਉਨ੍ਹਾਂ ਦੀ ਪਿਛਲੇ ਸਮੇਂ ਕੀਤੀ ਹਰ ਲਿਖਤ ਅਰਥ ਭਰਪੂਰ ਹੁੰਦੀ ਹੈ ਜਿਵੇਂ ਬਜ਼ੁਰਗ ਦਾ ਅਸ਼ੀਰਵਾਦ ਹੋਵੇ। ਕੁਝ ਪ੍ਰਸਿੱਧ ਨਾਵਲ ਹਨ: ‘ਸੱਚ ਨੂੰ ਫਾਂਸੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’, ‘ਸਿਵਲ ਲਾਈਨਜ਼’, ‘ਮਿੱਤਰ ਪਿਆਰੇ ਨੂੰ’, ‘ਬਰਫ਼ ਦੀ ਅੱਗ’, ‘ਲਹੂ ਦੀ ਲੋਅ’, ‘ਐਨਿਆਂ ‘ਚੋਂ ਉੱਠੇ ਸੂਰਮਾ’ ਤੇ ‘ਮੂਮਲ’। ਕੰਵਲ ਨੇ ਆਪਣੇ ਨਾਵਲਾਂ ਵਿੱਚ ਜਾਂ ਤਾਂ ਯਥਾਰਥ ਦੀ ਸਿੱਧੀ ਪੇਸ਼ਕਾਰੀ ਕੀਤੀ ਹੈ ਜਾਂ ਆਪਣੇ ਸਿਧਾਂਤ ਦਾ ਪ੍ਰਚਾਰ। ਯਥਾਰਥ ਦੀ ਦਵੰਦ-ਆਧਾਰੀ ਸੂਲ ਉਨ੍ਹਾਂ ਦੇ ਨਾਵਲਾਂ ਵਿੱਚ ਬੜੀ ਅਲਪ ਮਾਤਰਾ ਵਿੱਚ ਹੈ। ਪਰ ‘ਲਹੂ ਦੀ ਲੋਅ’ ਵਿੱਚ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਦਵੰਦਾਤਮਿਕ ਦ੍ਰਿਸ਼ਟੀਕੋਣ ਅਪਣਾਉਣ। ਅਜਿਹਾ ਕਰ ਸਕਣ ਪ੍ਰਤੀ ਉਹ ਅਸਮਰੱਥ ਰਿਹਾ ਹੈ।
‘ਲਹੂ ਦੀ ਲੋਅ’ ਨਾਵਲ ‘ਤੇ ਇੱਕ ਬਹੁਤ ਵੱਡੀ ਗੋਸ਼ਟੀ ਮਾਨਸਾ ਵਿਖੇ ਹੋਈ ਸੀ, 1976 ਵਿੱਚ। ਲੋਕ-ਪੰਜਾਬੀ ਵਾਲੇ ਤਾਂ ਸਾਰੇ ਆਏ ਹੀ ਸਨ ਸਗੋਂ ਹੋਰਨਾਂ ਸੂਬਿਆਂ ਤੇ ਭਾਸ਼ਾਵਾਂ ਨਾਲ ਸਬੰਧਿਤ ਨਕਸਲੀ ਲਹਿਰ ਨਾਲ ਜੁੜੇ ਬੁੱਧੀਜੀਵੀ ਵੀ ਆਏ ਸਨ। ਉਸ ਸਮੇਂ ਇਸ ਨਾਵਲ ਨੂੰ ਬਹੁਤਾ ‘ਵਡਿਆਇਆ’ ਨਹੀਂ ਸੀ ਗਿਆ, ਪਰ ਇਹ ਨਾਵਲ ਪੜ੍ਹਿਆ ਬਹੁਤ ਗਿਆ ਤੇ ਅਨੁਵਾਦ ਵੀ ਕਈ ਭਾਸ਼ਾਵਾਂ ਵਿੱਚ ਹੋਇਆ। ਗੋਸ਼ਟੀ ਵਿੱਚ ਡਾ. ਕੇਸਰ ਸਿੰਘ ਕੇਸਰ ਨੇ ਪਰਚਾ ਪੜ੍ਹਿਆ ਸੀ। ਬਹਿਸ ਅਜਿਹੀ ਹੋਈ ਕਿ ‘ਬਹਿ ਜਾ ਬਹਿ ਜਾ’ ਕਰਵਾ ਦਿੱਤੀ।
ਕੰਵਲ ਵਰ੍ਹਿਆਂ ਪੱਖੋਂ ਸੈਂਕੜਾ ਮਾਰ ਚੁੱਕੇ ਸਨ। ਇਸ ਸਮੇਂ ਭਾਰਤ ਅਤੇ ਵਿਸ਼ੇਸ਼ ਕਰਕੇ ਬਾਬੇ ਕੰਵਲ ਦਾ ਪੰਜਾਬ ਵਿਸ਼ੇਸ਼ ਸੰਕਟ ਦੇ ਸਨਮੁਖ ਹੈ। ਉਨ੍ਹਾਂ ਦਾ ਕਹਿਣਾ ਹੈ, ”ਭਾਰਤ ਵੀ ਯੁੱਧ ਦੀ ਮਾਰ ਹੇਠ ਹੈ। ਖੇਤੀਬਾੜੀ ਦਾ ਭਿਅੰਕਰ ਸੰਕਟ ਚੱਲ ਰਿਹਾ ਹੈ, ਗ਼ਰੀਬੀ ਅਤੇ ਭੁੱਖਮਰੀ ਦਾ ਦੌਰ ਹੈ। ਸਾਰੀ ਜਨਤਾ ਤਣਾਅ ਅਤੇ ਦਬਾਅ ਹੇਠ ਹੈ। ਇੱਕ ਪਾਸੇ ਅਨਪੜ੍ਹਤਾ ਤੇ ਬੇਰੁਜ਼ਗਾਰੀ, ਦੂਸਰੇ ਕਿਸਾਨੀ ਸੰਕਟ  ਤੇ ਆਤਮ-ਹੱਤਿਆ ਵਰਗੀ ਗਿਲਾਨੀ। ਤੀਸਰੀ ਜੁਆਨੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ। ਧਰਮ ਤੇ ਸਿਆਸਤ ਦੋਵੇਂ ਅਰਥਹੀਣ ਹੋ ਰਹੇ ਹਨ। ਅਜਿਹੇ ਸਮੇਂ ਬੰਦਾ ਜਾਵੇ ਤਾਂ ਜਾਵੇ ਕਿਧਰ? ਗੁਰਦਿਆਲ ਸਿੰਘ ਫੁੱਲ ਦੇ ਨਾਟਕ ਵਾਂਗ ਚੌਕ ‘ਚ ਖੜ੍ਹਾ ਬੰਦਾ ਪੁੱਛ ਰਿਹਾ ਹੈ: ‘ਕਿਧਰ ਜਾਵਾਂ’?”
ਜਸਵੰਤ ਸਿੰਘ ਕੰਵਲ ਗਿੱਲ ਜੱਟ ਪਰਿਵਾਰ ‘ਚੋਂ ਹੈ। ਇਹ ਗੱਲ ਮੈਨੂੰ ਐੱਮ.ਏ. ਵਿੱਚ ਪੜ੍ਹਦਿਆਂ ਢੁੱਡੀਕੇ ਦੇ ਇੱਕ ਸਹਿਪਾਠੀ ਜੁਗਿੰਦਰ ਨਹਿਰੂ ਨੇ ਦੱਸੀ। ਦਰਅਸਲ, ਉਹ ਵੀ ਗਿੱਲਾਂ ‘ਚੋਂ ਸੀ ਤੇ ਨਹਿਰੂ ਉਸ ਨੇ ਕੰਵਲ ਵਾਂਗ ਰੱਖਿਆ ਨਾਮ ਸੀ। ਕੰਵਲ ਸਾਹਿਬ ਵਾਂਗ ਉਨ੍ਹਾਂ ਦਾ ਬੇਟਾ ਸਰਬਜੀਤ ਸਿੰਘ ਵੀ ਬਹੁਤਾ ਪੜ੍ਹ ਨਹੀਂ ਸਕਿਆ ਸਗੋਂ ਸਕੂਲ ਤੋਂ ਬਾਅਦ ਖੇਤੀ ਕਰਨ ਲੱਗ ਪਿਆ। ਅੱਗਿਓਂ ਪੋਤਰੇ/ਦੋਹਤਰੇ ਬਹੁਤ ਪੜ੍ਹੇ ਲਿਖੇ ਤੇ ਵਿਦਵਾਨ ਹਨ। ਇੱਕ ਪੋਤਰਾ ਤਾਂ ਕਾਲਜ ਵਿੱਚ ਪ੍ਰੋਫ਼ੈਸਰ ਹੈ। ਦੋਹਤਾ ਡਾ. ਸੁਮੇਲ ਸਿੰਘ ਜਾਣਿਆ-ਪਛਾਣਿਆ ਨਾਮ ਹੈ। ਕਈ ਸਾਲ ਹੋਏ ਉਸ ਦਾ ਇੱਕ ਨਿੱਕਾ ਜਿਹਾ ਲੇਖ ਇੱਕ ਅਖ਼ਬਾਰ ਵਿੱਚ ਛਪਿਆ। ਉਨ੍ਹੀਂ ਦਿਨੀਂ ਮੈਨੂੰ ਭਗਵਾਨ ਜੋਸ਼ ਮਿਲਿਆ ਲੁਧਿਆਣੇ। ਸੁਮੇਲ ਸਿੰਘ ਵੀ ਜੇ.ਐੱਨ.ਯੂ. ਵਿਖੇ ਰਿਸਰਚ ਕਰ ਰਿਹਾ ਸੀ ਜਾਂ ਦਿੱਲੀ ਦੇ ਜੀ.ਟੀ.ਬੀ. ਕਾਲਜ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਸੀ। ਮੈਂ ਉਸ ਬਾਰੇ ‘ਜੋਸ਼’ ਕੋਲੋਂ ਪੁੱਛਿਆ ਤਾਂ ਉਹ ਬੱਸ ਹੱਸ ਕੇ ਏਨਾ ਹੀ ਬੋਲਿਆ, ”ਲੋਕੇ, ਉਹ ਤਾਂ ਬੰਬ ਐ ਬੰਬ, ਤੇਰੀ ਬੰਬਾਂ ਵਾਲੀ ਕਵਿਤਾ ਵਰਗਾ। ਕਮਾਲ ਦਾ ਸਕਾਲਰ ਏ।”
ਕੰਵਲ ਸਾਹਿਬ ਦਾ ਪੋਤਰਾ ਹਰਮੀਤ ਦੱਸਦਾ ਹੈ, ”ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਹੈ ਮੇਰੀ ਸਾਹਿਤ ਨਾਲ ਪਛਾਣ ਕਰਵਾਉਣੀ ਤੇ ਇਹ ਦੱਸਣਾ ਕਿ ਸਾਹਿਤ ਹੀ ਆਦਮੀ ਨੂੰ ਖੜ੍ਹਾ ਕਰਦਾ ਹੈ।” ਇਸ ਦਾ ਫ਼ਰਕ ਮੈਂ ਆਪਣੇ ਤੇ ਆਪਣੇ ਹਮਉਮਰ ਮੁੰਡੇ-ਕੁੜੀਆਂ ਵਿੱਚ ਸੌਖਾ ਵੇਖ ਸਕਦਾ ਹਾਂ। ੩ਹੁਣ ਮੈਂ ਆਖ ਸਕਦਾ ਹਾਂ ਕਿ ਸਾਹਿਤ ਆਦਮੀ ਦੀ ਸ਼ਖ਼ਸੀਅਤ ਹੀ ਨਹੀਂ ਬਣਾਉਂਦਾ ਸਗੋਂ ਉਸ ਨੂੰ ਸੇਧ ਦਿੰਦਾ ਹੈ। ਬਾਪੂ ਜੀ ਦੀ ਪਹਿਲੀ ਕਿਤਾਬ ‘ਰਾਤ ਬਾਕੀ ਹੈ’ ਮੈਂ ਪੜ੍ਹੀ ਸੀ, ਹੋਰ ਮੁੰਡਿਆਂ ਵਾਂਗ ਅਤੇ ਇਸ ਕਿਤਾਬ ਦੀਆਂ ਇਹ ਆਖ਼ਰੀ ਦੋ ਸਤਰਾਂ ਮੈਂ ਅਕਸਰ ਗੁਣਗੁਣਾਉਂਦਾ ਹਾਂ-
”ਸੂਰਜ ਦੀ ਚੜ੍ਹ ਗਈ ਲਾਲੀ, ਪਿਆਲਾ ਰੋਕ ਦੇ ਸਾਕੀ
ਸਮੇਂ ਦੇ ਸਾਜ਼ ਤੇ ਗਾਉਣੀ, ਤੇਰੀ ਇੱਕ ਬਾਤ ਹੈ ਬਾਕੀ।”
ਅੱਜ ਦੇ ਯੁੱਗ ‘ਚ ਜੈਨੇਟਿਕਸ ਜਾਂ ਵਿਅਕਤੀ ‘ਤੇ ਜੀਨਸ ਦਾ ਪ੍ਰਭਾਵ ਮੰਨਿਆ ਜਾਂਦਾ ਹੈ, ਪਰ ਪਹਿਲੇ ਸਮਿਆਂ ਵਿੱਚ ਵੀ ਪਰਿਵਾਰਕ ਸੰਸਕ੍ਰਿਤੀ, ਸਭਿਆਚਾਰ ਅਤੇ ਸਰੋਕਾਰਾਂ ਦਾ ਪ੍ਰਭਾਵ ਇਨਸਾਨ ‘ਤੇ ਜ਼ਰੂਰ ਸਵੀਕਾਰਿਆ ਜਾਂਦਾ ਸੀ। ਕੰਵਲ ਸਾਹਿਬ ਇਸ ਪ੍ਰਸੰਗ ਵਿੱਚ ਆਪਣੇ ਦਾਦੇ ਦੇ ਮਿਹਨਤੀ ਸੁਭਾਅ ਦੀ ਗੱਲ ਕਰਦੇ ਹਨ। ਉਨ੍ਹਾਂ ਦਾ ਪਿਤਾ ਸੁਲ੍ਹਾਕੁਲ ਨੰਬਰਦਾਰ ਸੀ। ਉਹ ਕੋਈ ਝਗੜਾ ਥਾਣੇ ਵਿੱਚ ਨਹੀਂ ਸੀ ਜਾਣ ਦਿੰਦਾ। ਕੰਵਲ ਦੇ ਦੱਸਣ ਅਨੁਸਾਰ, ”ਮੇਰੀ ਮਾਂ ਨੇ ਛੋਟੀ ਉਮਰ ਵਿੱਚ ਮੇਰੇ ਕੰਡੇ ਝਾੜ ਕੇ ਫੁੱਲ ਪੱਤਿਆਂ ਵਾਲਾ ਕੰਵਲ ਲੋਕਾਂ ਅੱਗੇ ਪੇਸ਼ ਕਰ ਦਿੱਤਾ। ਮਾਂ ਨੇ ਕਦੇ ਸਖ਼ਤ ਕੰਮਾਂ ਤੋਂ ਹਾਰ ਨਹੀਂ ਸੀ ਮੰਨੀ ਅਤੇ ਆਪਣੇ ਬੱਚਿਆਂ ਨੂੰ ਤੱਤੀਆਂ-ਠੰਢੀਆਂ ਹਵਾਵਾਂ ਤੋਂ ਬਚਾਅ ਕੇ ਸਖ਼ਤ ਮਿਹਨਤ ਵੱਲ ਤੋਰਿਆ। ਅਸੀਂ ਆਪਣੀ ਬੇਜੀ ਦਾ ਕਿੰਨਾ ਵੀ ਸ਼ੁਕਰਾਨਾ ਕਰੀਏ, ਥੋੜ੍ਹਾ ਹੀ ਥੋੜ੍ਹਾ ਐ। ਉਹ ਆਪਣੇ ਭਾਈਚਾਰੇ ਵਿੱਚ ਸਿਆਣੀ, ਸਾਊ ਤੇ ਮਿਹਨਤੀ ਮੰਨੀ ਜਾਂਦੀ ਸੀ। ਮੇਰੀ ਜ਼ਿੰਦਗੀ ਦੀ ਬੁਨਿਆਦ ਬੰਨ੍ਹਣ ਵਾਲੀ ਮੇਰੀ ਬੇਜੀ ਸੀ। ਭਾਵੇਂ ਉਸਾਰੀ ਵਿੱਚ ਪਿੱਛੋਂ ਹੋਰ ਹੱਥ ਵੀ ਬਹੁਤ ਪਏ। ਮਸਲਨ, ‘ਸੱਚ ਨੂੰ ਫਾਂਸੀ’ ਲਿਖਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਵਾਜ਼ ਮਾਰ ਕੇ ਨੌਕਰੀ ਦੇ ਦਿੱਤੀ। ਜੀਅ ਜਾਨ ਨਾਲ ਸੇਵਾ ਕੀਤੀ। ‘ਪਾਲੀ’ ਨਾਵਲ ਲਿਖਿਆ, ਪੜ੍ਹ ਕੇ ਨਾਨਕ ਸਿੰਘ ਨਾਵਲਿਸਟ ਨੇ ਜੱਫੀ ਵਿੱਚ ਲੈ ਲਿਆ। ਮੇਰਾ ਦਾਦਾ ਹੀ ਅਨਪੜ੍ਹ ਨਹੀਂ ਸੀ, ਸਾਰਾ ਪਿੰਡ ਹੀ ਅਨਪੜ੍ਹ ਸੀ। ਇੱਕ ਵਿਦਵਾਨ ਨੇ ਵੇਦਾਂਤ ਪੜ੍ਹਾ ਦਿੱਤਾ, ਫਿਰ ਮਾਰਕਸਿਜ਼ਮ ਨੇ ਆਪਣਾ ਪੱਕਾ ਵਿਗਿਆਨਕ ਗਿਆਨ ਬਖ਼ਸ਼ਿਆ।”
”ਮੈਨੂੰ ਪੁਸਤਕ ਲਿਖਣੀਆਂ ਸ਼ੁਰੂ ਕਰਨ ਦੇ ਨਾਲ ਨਾਲ ਸਾਹਿਤ, ਸਮਾਜ, ਸਮਾਜਿਕ ਵਿਗਿਆਨ ਦੀ ਸਮਝ ਪਈ। ਮੈਂ ਨਾਲ ਨਾਲ ਕਿਤਾਬਾਂ ਪੜ੍ਹ ਰਿਹਾ ਸਾਂ ਤੇ ਜੱਟ ਧੱਕੇ ਨਾਲ ਸਾਰਾ ਕੁਝ ਸਿੱਖ ਰਿਹਾ ਸਾਂ। ਵਾਰਸ ਦੀ ਹੀਰ, ਸੂਫ਼ੀਆਂ ਦੇ ਕਲਾਮ, ਗੁਰਬਾਣੀ ਤੇ ਲੋਕਗੀਤਾਂ ਨੇ ਮੇਰੇ ਸ਼ਬਦ ਭੰਡਾਰ ਵਿੱਚ ਤੋਟ ਨਹੀਂ ਆਉਣ ਦਿੱਤੀ। ਮੇਰੀ ਸਿਰੜੀ ਲਗਨ ਹੀ ਮੇਰੀ ਗੁਰੂ ਸੀ। ਵੇਦਾਂਤ ਦੀ ਉਕਤ ਯੁਕਤੀ ਪੜ੍ਹਨ ਤੋਂ ਬਾਅਦ ਭਰਥਰੀ ਹਰੀ ਦੇ ਸ਼ਤਕਾਂ ਨੇ ਹੋਰ ਮੋਹਰ ਲਗਾ ਦਿੱਤੀ। ਮਾਰਕਸਿਜ਼ਮ ਨੇ ਮੈਨੂੰ ਨਵੇਂ ਪੁਰਾਣੇ ਏੜਾਂ-ਗੇੜਾਂ ਵਿੱਚੋਂ ਕੱਢ ਕੇ ਸਮਾਜਿਕ-ਰਾਜਨੀਤਕ ਵਿਹਾਰ ਦੇ ਸਿੱਧੇ ਰਾਹ ਪਾ ਦਿੱਤਾ। ਇਸ ਤਰ੍ਹਾਂ ਮੈਂ ਸਾਹਿਤ ਖੇਤਰ ਵਿੱਚ ਪਹਿਲਵਾਨੀ ਦਾਅ-ਪੇਚਾਂ ਨੂੰ ਹੱਥ-ਪੈਰ ਮਾਰਨ ਲੱਗ ਪਿਆ।” ਉਸ ਨੇ ਕਿਹਾ।
ਕੰਵਲ ਦੀ ਸਾਹਿਤਕ ਪਾਰੀ ਬੜੀ ਲੰਮੀ ਹੈ। ਹੁਣ ਵੀ ਜਾਰੀ ਹੈ। ਉਮਰ ਦੇ ਸੈਂਕੜੇ ਤੋਂ ਬਾਅਦ ਵੀ।