ਗੁਰੂ ਗੋਬਿੰਦ ਦੀਆਂ ਸਾਖੀਆਂ ਦੀ ਪਰੰਪਰਾ ਨੂੰ ਸਮਰਪਿਤ ਰਿਹਾ ਸੈਮੀਨਾਰ

0
522

guru-gobind-singh-seminar
ਕੈਪਸ਼ਨ-ਡਾ. ਨਾਸਿਰ ਨਕਵੀ ਦਾ ਸਨਮਾਨ ਕੀਤੇ ਜਾਣ ਦੀ ਝਲਕ।
ਪਟਿਆਲਾ/ਬਿਊਰੋ ਨਿਊਜ਼ :
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ‘ਗੁਰੂ ਗੋਬਿੰਦ ਸਿੰਘ: ਜੀਵਨ ਅਤੇ ਦਰਸ਼ਨ’ ਸਬੰਧੀ ਹੋਇਆ ਛੇਵਾਂ ਸੈਮੀਨਾਰ ਗੁਰੂ ਗੋਬਿੰਦ ਸਿੰਘ ਦੇ ਜੀਵਨ ਨਾਲ ਸਬੰਧਤ ਸਾਖੀਆਂ ਦੀ ਪਰੰਪਰਾ ਨੂੰ ਸਮਰਪਿਤ ਰਿਹਾ। ਸੈਮੀਨਾਰ ਵਿੱਚ  ਉਰਦੂ ਕਵੀ ਡਾ. ਨਾਸਿਰ ਨਕਵੀ ਦਾ ਸਨਮਾਨ ਕੀਤਾ ਗਿਆ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਦੱਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਆਪਣਾ ਸਰਬੰਸ ਤੱਕ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁਗ਼ਲ ਹਕੂਮਤ ਦੇ ਅਧੀਨ ਉਸ ਵੇਲੇ ਬ੍ਰਾਹਮਣਾਂ ਤੋਂ ਲੈ ਕੇ ਸਾਰੀਆਂ ਹਿੰਦੂ ਜਾਤੀਆਂ ਸ਼ੂਦਰਾਂ ਵਿੱਚ ਆਉਂਦੀਆਂ ਸਨ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਕਿਹਾ ਕਿ ਚਿੜੀਆਂ ਨਾਲ ਬਾਜ਼ਾਂ ਨੂੰ ਲੜਾ ਕੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ। ਡਾ. ਜਸਪਾਲ ਸਿੰਘ ਨੇ ਕਿਹਾ ਕਿ ‘ਉਲਟੀ ਗੰਗਾ ਵਗਣਾ’ ਮੁਹਾਵਰੇ ਦਾ ਸੱਚ ਗੁਰੂ ਗੋਬਿੰਦ ਸਿੰਘ ਨੇ ਹੀ ਕਰ ਵਿਖਾਇਆ ਹੈ ਜਿਵੇਂ ਗੁਰੂ ਸਾਹਿਬ ਜਨੇਊ ਦੇ ਧਾਰਨੀ ਨਹੀਂ ਸਨ ਪਰ ਜਨੇਊ ਦੇ ਪੱਖ ਵਿੱਚ ਉਹ ਆਪਣੇ ਪਿਤਾ ਨੂੰ ਸ਼ੀਸ਼ ਦੇਣ ਲਈ ਕਹਿੰਦੇ ਹਨ। ਇਸੇ ਤਰ੍ਹਾਂ ਕੋਈ ਵੀ ਕਾਤਲ ਕਤਲ ਕਰਨ ਲਈ ਕਤਲ ਹੋਣ ਵਾਲੇ ਕੋਲ ਜਾਂਦਾ ਹੈ ਪਰ ਗੁਰੂ ਤੇਗ਼ ਬਹਾਦਰ ਕਤਲ (ਸ਼ਹੀਦ) ਹੋਣ ਲਈ ਖ਼ੁਦ ਦਿੱਲੀ ਗਏ। ਇਸ ਵੇਲੇ ਕਵੀ ਅਤੇ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਦਸਮ ਗੁਰੂ ਦੀ ਬਾਣੀ ਅਤੇ ਵਿਚਾਰ ਅਮੁੱਲ ਹਨ।
ਸੈਮੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਤੋਂ ਹੋਈ। ਮਗਰੋਂ ਦਸਮ ਗ੍ਰੰਥ ਦੀ ਬਾਣੀ ਚੌਪਈ ਸਾਹਿਬ ਦਾ ਪਾਠ ਕੀਤਾ ਗਿਆ। ਸੈਮੀਨਾਰ ਵਿੱਚ ਆਏ ਹੋਏ ਸਾਰੇ ਲੋਕਾਂ ਦਾ ਸਵਾਗਤ ਵਿਭਾਗ ਦੇ ਮੁਖੀ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕੀਤਾ। ਸਮਾਗਮ ਵਿੱਚ ਡਾ. ਅਬਨੀਸ਼ ਕੌਰ ਅਸਿਸਟੈਂਟ ਪ੍ਰੋਫੈਸਰ ਡਿਸਟੈਂਸ ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਨੇ ਕਿਹਾ ਕਿ ਖ਼ਾਲਸਾ, ਗੁਰੂ ਵੱਲੋਂ ਸਥਾਪਤ ਕੀਤੀ ਹੋਈ ਅਜਿਹੀ ਸੰਸਥਾ ਹੈ ਜੋ ਮਜ਼ਲੂਮਾਂ ਦੀ ਰਾਖੀ ਅਤੇ ਜ਼ਾਲਮਾਂ ਲਈ ਕਾਲ ਬਣ ਕੇ ਸਮਾਜ ਵਿੱਚ ਵਿਚਰੇਗੀ। ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਦੀ ਆਪਣੀ ਰਚਨਾ ਹੈ ਅਤੇ ਜੇਕਰ ਕੋਈ ਇਸ ਤੋਂ ਇਨਕਾਰੀ ਹੁੰਦਾ ਹੈ ਤਾਂ ਇਹ ਉਸ ਦੀ ਨਿੱਜੀ ਰਾਇ ਹੋਵੇਗੀ ਨਾ ਕਿ ਪੰਥਕ।
ਧੰਨਵਾਦ ਦੀ ਰਸਮ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਮੁਹੰਮਦ ਹਬੀਬ ਨੇ  ਨਿਭਾਈ। ਮੰਚ ਦਾ ਸੰਚਾਲਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਹੁਕਮਚੰਦ ਰਾਜਪਾਲ, ਪ੍ਰੋ. ਇੰਦਰਮੋਹਨ ਸਿੰਘ, ਪ੍ਰੋ. ਰਾਜਿੰਦਰ ਕੌਰ ਰੋਹੀ, ਪ੍ਰੋ. ਮੇਹਰ ਸਿੰਘ ਗਿੱਲ, ਪ੍ਰੋ. ਬਲਕਾਰ ਸਿੰਘ, ਡਾ. ਪ੍ਰਦੂਮਨ ਸ਼ਾਹ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਗੁਰਮੇਲ ਸਿੰਘ, ਡਾ. ਅਰਵਿੰਦ ਰਿਤੂਰਾਜ, ਪ੍ਰੋ. ਜਸਪ੍ਰੀਤ ਕੌਰ ਸੰਧੂ, ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਸਾਹਿਤ ਕਾਫੀ ਸੰਖਿਆ ਵਿੱਚ ਖੋਜਾਰਥੀ ਅਤੇ ਵਿਦਿਆਰਥੀ ਮੌਜੂਦ ਸਨ।