ਗਿੱਪੀ ਦੀ ਫਿਲਮ ਦਾ ਪੋਸਟਰ ਰਿਲੀਜ਼ ਕਰਕੇ ਵਿਵਾਦ ਵਿਚ ਘਿਰੇ ਗਿਆਨੀ ਗੁਰਬਚਨ ਸਿੰਘ

0
349

gippi-di-film
ਗਿੱਪੀ ਨੇ ਫ਼ਿਲਮ ਵਿਚ ਕੰਮ ਕਰਨ ਤੋਂ ਕੀਤਾ ਇਨਕਾਰ, ਫ਼ਿਲਮਸਾਜ਼ਾਂ ਨੇ ਵੀ ਹੱਥ ਖਿੱਚੇ
ਚੰਡੀਗੜ੍ਹ/ਬਿਊਰੋ ਨਿਊਜ਼ :
ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਫਿਲਮ ‘ਭਾਈ ਜੈਤਾ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਮੀਡੀਆ ਵਿਚ ਤਸਵੀਰਾਂ ਆਉਂਦਿਆਂ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਇਸੇ ਦੌਰਾਨ ਪਤਾ ਲੱਗਾ ਹੈ ਕਿ ਲੋਕਾਂ ਦੇ ਪ੍ਰਤੀਕਰਮ ਵਜੋਂ ਗਿੱਪੀ ਗਰੇਵਾਲ ਨੇ ਫ਼ਿਲਮ ਵਿਚ ਕੰਮ ਕਰਨ ਤੋਂ ਨਾਹ ਕਰ ਦਿੱਤੀ ਹੈ ਤੇ ਫ਼ਿਲਮ ਬਣਾਉਣ ਵਾਲਿਆਂ ਨੇ ਵੀ ਇਹ ਫ਼ਿਲਮ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਫਿਲਮ ਰਸ਼ੀਦ ਰੰਗਰੇਜ਼ ਤੇ ਸਿਮਰਜੀਤ ਸਿੰਘ ਦੀ ਲਿਖੀ ਹੋਈ ਹੈ। ਅਦਾਕਾਰ ਗਿੱਪੀ ਗਰੇਵਾਲ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਮੀਡੀਆ ਵਿਚ ਤਸਵੀਰਾਂ ਆਈਆਂ। ਸੋਸ਼ਲ ਮੀਡੀਆ ‘ਤੇ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ ‘ਤੇ ਇਸ ਦਾ ਵਿਰੋਧ ਸਿੱਖ ਭਾਈਚਾਰੇ ਵੱਲੋਂ ਹੀ ਕੀਤਾ ਜਾ ਰਿਹਾ ਹੈ।
ਸਿੱਖ ਭਾਈਚਾਰੇ ਦੇ ਵਿਰੋਧ ਦਾ ਮੁੱਖ ਕਾਰਨ ਗਿੱਪੀ ਗਰੇਵਾਲ ਵੱਲੋਂ ਪਤਿਤ ਹੋਣ ‘ਤੇ ਸਿੱਖ ਇਤਿਹਾਸ ਦੇ ਮਹਾਨ ਗੁਰਸਿੱਖ ਭਾਈ ਜੈਤਾ ਜੀ ਦਾ ਕਿਰਦਾਰ ਨਿਭਾਉਣਾ ਹੈ। ਇਸੇ ਦੇ ਵਿਰੋਧ ਵਿੱਚ ਵੱਖ-ਵੱਖ ਵਰਗਾਂ ਨਾਲ ਜੁੜੇ ਸਿੱਖ ਭਾਈਚਾਰੇ ਦੇ ਲੋਕ ਇਸ ਫਿਲਮ ਦੇ ਵਿਰੋਧ ਵਿੱਚ ਆਪੋ-ਆਪਣੇ ਤਰਕ ਦੇ ਰਹੇ ਹਨ।
ਇੱਕ ਸਿੱਖ ਫਿਲਮ ਡਾਇਰੈਕਟਰ ਨੇ ਲਿਖਿਆ ਹੈ ਕਿ ਸਿੱਖ ਇਤਿਹਾਸ ਦੇ ਕਿਸੇ ਵੀ ਪਾਤਰ ਦੇ ਕਿਰਦਾਰ ਦਾ ਰੋਲ ਨਿਭਾਉਣ ਲਈ ਪਤਿਤ ਦੀ ਬਜਾਏ ਗੁਰਸਿੱਖ ਕਲਾਕਾਰ ਨੂੰ ਲੈਣ ਸਬੰਧੀ ਸਖਤ ਕਾਨੂੰਨ ਬਣਨਾ ਚਾਹੀਦਾ ਹੈ, ਨਹੀਂ ਤਾਂ ਅਗਲੀਆਂ ਪੀੜ੍ਹੀਆਂ ਲਈ ਸਿੱਖਾਂ ਦਾ ਇਤਿਹਾਸ ਕੁਝ ਹੋਰ ਹੋਵੇਗਾ। ਦੂਜੇ ਪਾਸੇ ਫਿਲਮ ਦੀ ਸਟਾਰਕਾਸਟ ਨੇ ਆਪਣੀ ਗਰੁੱਪ ਫੋਟੋ ਫੇਸਬੁੱਕ ‘ਤੇ ਸ਼ੇਅਰ ਕਰਦਿਆਂ ਇਸ ਫਿਲਮ ਬਾਰੇ ਐਲਾਨ ਕਰਦਿਆਂ ਮਾਣ ਮਹਿਸੂਸ ਕੀਤਾ ਹੈ।
ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਦਾ ਵੀ ਵਿਰੋਧ ਹੋ ਰਿਹਾ ਹੈ। ਉਨ੍ਹਾਂ ਨੇ ਖਾਸ ਤੌਰ ‘ਤੇ ਸ਼ਿਰਕਤ ਕਰਕੇ ਪੋਸਟਰ ਰਿਲੀਜ਼ ਕੀਤਾ। ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਤੋਂ ਬਾਅਦ ਵਿਸ਼ਵ ਪੱਧਰ ‘ਤੇ ਸਿੱਖ ਕੌਮ ਵੱਲੋਂ ਤਖਤਾਂ ਦੇ ਜਥੇਦਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ।
ਭਾਈ ਜੈਤਾ ਜੀ ਉਹ ਮਹਾਨ ਸਿੱਖ ਹਨ ਜੋ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਿੰਦੂ ਧਰਮ ਖਾਤਰ ਦਿੱਲੀ ਵਿਖੇ ਦਿੱਤੀ ਕੁਰਬਾਨੀ ਵੇਲੇ ਉਨ੍ਹਾਂ ਦੇ ਨਾਲ ਸਨ। ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਦਿੱਲੀ ਤੋਂ ਸ਼ਹੀਦ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੀ ਵੱਡੀ ਸੇਵਾ ਤੋਂ ਖੁਸ਼ ਹੋ ਕੇ ਦਸਮ ਪਿਤਾ ਨੇ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾਉਂਦਿਆਂ ‘ਰੰਗਰੇਟਾ ਗੁਰੂ ਕਾ ਬੇਟਾ’ ਕਹਿ ਕੇ ਮਾਣ ਬਖਸ਼ਿਆ ਸੀ। ਉਸ ਤੋਂ ਬਾਅਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਬਣ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਕਈ ਲੜਾਈਆਂ ਵਿੱਚ ਹਿੱਸਾ ਲੈਂਦਿਆਂ ਚਮਕੌਰ ਦੀ ਅਸਾਵੀਂ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ।