‘ਛਣਕਾਟਾ ਵੰਗਾਂ ਦਾ’ ‘ਚ ਪੰਜਾਬੀ ਸਭਿਆਚਾਰ ਦੇ ਵੱਖ ਵੱਖ ਰੰਗਾਂ ਦੀ ਖੂਬਸੂਰਤ ਪੇਸ਼ਕਾਰੀ

0
67

chankata-wanga-da-hussan
ਫਰੀਮਾਂਟ/ਹੁਸਨ ਲੜੋਆ ਬੰਗਾ:
ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਅਤੇ ਐੱਸ ਅਸ਼ੋਕ ਭੌਰਾ ਵਲੋਂ ਕਰਵਾਏ ਗਏ ਪੰਜਵੇਂ ਛਣਕਾਟਾ ਵੰਗਾਂ ਦਾ ਪ੍ਰੋਗਰਾਮ ਅਮੋਲਕ ਸਿੰਘ ਗਾਖਲ ਅਤੇ ਮੱਖਣ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਕਰਵਾਏ ਗਿਆ। ਇਸ ਪੰਜਵੇਂ ਛਣਕਾਟਾ ਵੰਗਾਂ ਦਾ ਪ੍ਰੋਗਰਾਮ ਵਿਚ ਤਕਰੀਬਨ ਛੇ ਘੰਟੇ ਗੀਤ ਸੰਗੀਤ ਦੀ ਨਿਵੇਕਲੀ ਧਮਾਲ ਪੈਂਦੀ ਰਹੀ। ਪ੍ਰੋਗਰਾਮ ਦਾ ਉਦਘਾਟਨ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਨੇ ਕੀਤਾ ਤੇ ਆਪਣੀ ਕਿਸਮ ਦੇ ਇਸ ਨਵੇਂ ਵਰੇ ਨੂੰ ਜੀ ਆਇਆਂ ਆਖਦੇ ਪ੍ਰੋਗਰਾਮ ਵਿਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਭਰਵੀਂ ਹਾਜ਼ਰੀ ਲਗਵਾਈ। ਲਗਤਾਰ ਚੱਲੇ ਇਸ ਪ੍ਰੋਗਰਾਮ ਵਿਚ ਲੋਕ ਨਾਚ, ਗੀਤ ਸੰਗੀਤ, ਭੰਗੜਾ, ਗਿੱਧਾ, ਹਾਸਰਸ ਦੀਆਂ ਆਤਿਸ਼ਬਾਜ਼ੀਆਂ ਤੇ ਫੁਲਝੜੀਆਂ ਦੀਆਂ ਨੇ ਪੰਜਾਬੀਆਂ ਦਾ ਭਰਵਾਂ ਮਨੋਰੰਜਨ ਕੀਤਾ । ਭੰਗੜਾ ਅਕੈਡਮੀ ਦੇ ਬਾਲ ਕਲਾਕਾਰਾਂ ਵਲੋਂ ਪੇਸ਼ ਭੰਗੜਾ, ਉਪਰੰਤ ਨਿੱਕੀਆਂ ਬੱਚੀਆਂ ਵਲੋਂ ਭੰਗੜਾ, ਪ੍ਰੋਗਰਾਮ ਦੀ ਸ਼ੁਰੂਆਤੀ ਖਿੱਚ ਬਣੇ। ਬਾਲ ਗਾਇਕ ਸੁਖਮਨ ਨੇ ‘ਸੁੱਚਾ ਸੂਰਮਾ’ ਪੇਸ਼ ਕੀਤਾ ਤੇ ਸੱਤੀ ਪਾਬਲਾ ਨੇ ਧਾਰਮਿਕ ਗੀਤ ਉਪਰੰਤ ਕੁਲਦੀਪ ਮਾਣਕ ਦੀਆਂ ਕੁਝ ਅਮਰ ਰਚਨਾਵਾਂ ਪੇਸ਼ ਕਰਕੇ ਮਹੌਲ ਨੇ ਮੇਲੇ ਦਾ ਪਹਿਲਾ ਰੰਗ ਦਿੱਤਾ। ਅਨੂਪ ਚੀਮਾ ਨੇ ਵਾਰ ‘ਕਰਤਾਰ ਸਿੰਘ ਸਰਾਭਾ’ ਬਾਖੂਬੀ ਪੇਸ਼ ਕੀਤੀ। ਛਣਕਾਟੇ ਦੀ ਸੰਗੀਤਕ ਵਾਛੜ ਕ੍ਰਿਸ਼ਮਾ ਡਾਂਸ ਅਕੈਡਮੀ ਦੀ ਜਯਾ ਸ਼ਰਮਾ ਵਲੋਂ ਪੇਸ਼ ਪ੍ਰੋਗਰਾਮ ਦੇ ਟਾਈਟਲ ਗੀਤ ‘ਉੱਡਣ ਕਬੂਤਰੀਆਂ ਜਦੋਂ ਨੱਚਣ ਵੰਗਾਂ ਛਣਕਾ ਕੇ’ ਤੇ ਕੋਰੀਓਗ੍ਰਾਫੀ ਪੇਸ਼ ਕਰਨ ਵੇਲੇ ਪਈ। ਪੰਜਾਬ ਦੇ ਕਮੇਡੀ ਕਿੰਗ ਗੁਰਦੇਵ ਢਿੱਲੋਂ ਉਰਫ ਭਜਨਾ ਅਮਲੀ ਨੇ ਪਹਿਲੀ ਵਾਰ ਅਮਰੀਕਨ ਪੰਜਾਬੀਆਂ ਵਿਚ ਭਰਵੀਂ ਹਾਜ਼ਰੀ ਲਗਵਾਈ ਅਤੇ ਰੱਜ ਕੇ ਹੱਸਣ ਦਾ ਮੰਚ ਪ੍ਰਦਾਨ ਕੀਤਾ। ਆਪਣੀ ਸਹਿਯੋਗੀ ਕਲਾਕਾਰਾ ਸੰਤੀ ਦੀ ਗੈਰਹਾਜ਼ਰੀ ਵਿਚ ਜਸਵਿੰਦਰ ਧਨੋਆ ਨੇ ਉਸ ਨਾਲ ਇਸ ਮੌਕੇ ਸਹਿਯੋਗ ਦਿੱਤਾ। ਅਜੇ ਭੰਗੜਾ ਅਕੈਡਮੀ ਦੀਆਂ ਮੁਟਿਆਰਾਂ ਵਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੇ ਬਾਖੂਬੀ ਕੀਤਾ। ਪੰਜਾਬ ਵਿਧਾਨ ਸਭਾ ਦੇ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਹਾਜਰੀ ਭਰੀ, ਐਲ.ਈ.ਡੀ ਤੇ ਇਸ ਪ੍ਰੋਗਰਾਮ ਨੂੰ ਰੰਗਦਾਰ ਬਣਾ ਕੇ ਪੇਸ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਰੱਜ ਕੇ ਮਾਣਿਆ ਤੇ ਸਲਾਹਿਆ, ਲੈਥਰੌਪ ਦੇ ਪੰਜਾਬੀ ਮੇਅਰ ਸਨੀ ਧਾਲੀਵਾਲ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਅਪੰਗ ਬੱਚਿਆਂ ਲਈ ਵਿਸ਼ਵ ਭਰ ਵਿਚ ਸਾਂਭ ਸੰਭਾਲ ਲਈ ਉਪਰਾਲੇ ਕਰ ਰਹੀ ‘ਸਹਾਇਤਾ’ ਸੰਸਥਾ ਵਲੋਂ ਵੱਖਰਾ ਕਾਊਂਟਰ ਖੋਲਿਆ ਗਿਆ ਜਿਸ ਨੂੰ ਪੰਜਾਬੀਆਂ ਨੇ ਵਿੱਤੀ ਸਹਿਯੋਗ ਵੀ ਦਿੱਤਾ, ਤੇ ਆਸਾ ਸਿੰਘ ਮਸਤਾਨਾ ਦਾ ਪਰਿਵਾਰ ਕਿਸੇ ਵੱਡੇ ਪੰਜਾਬੀ ਸਮਾਗਮ ਵਿਚ ਹਾਜ਼ਰ ਹੋਇਆ ਤੇ ਉਸ ਦੀ ਪੋਤਰੀ ਗੁਰਨਿਮਰਤ ਮਸਤਾਨਾ ਨੂੰ ਸਨਮਾਨ ਵੀ ਦਿੱਤਾ ਗਿਆ। ਯੂ.ਕੇ ਦੀ ਪੰਜਾਬਣ ਮੁਟਿਆਰ ਗਾਇਕਾ ਸੋਨਾ ਵਾਲੀਆ ਨੇ ਆਪਣਾ ਬਹੁਚਰਚਿਤ ਗੀਤ ‘ਪਿੰਡਾਂ ਵਾਲੇ ਜੱਟ’ ਪੇਸ਼ ਕਰਨ ਦੇ ਨਾਲ ਨਾਲ ਅੱਧੀ ਦਰਜ਼ਨ ਗੀਤਾਂ ਨਾਲ ਨ੍ਰਿਤ ਦੀ ਪੇਸ਼ਕਾਰੀ ਕੀਤੀ । ਸੱਤੀ ਸਤਵਿੰਦਰ ਨੇ ਆਪਣੇ ਫੇਮ ਗੀਤ ‘ਛੋਰਾ ਹਰਿਆਣੇ ਕਾ’, ਪ੍ਰਸਿੱਧ ਲੋਕ ਗਾਇਕਾ ਅੰਮ੍ਰਿਤਾ ਵਿਰਕ ਨੇ ‘ਰਾਤੀਂ ਡੀ.ਜੇ ਉੱਤੇ ਦੱਸ ਕੀਹਦੇ ਨਾਲ ਨੱਚਿਆ’ ਤੋਂ ਲੈ ਕੇ ਕਰੀਬ ਇਕ ਦਰਜਨ ਗੀਤਾਂ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੇ ਆਖਰ ਵਿਚ ਭਜਨਾ ਅਮਲੀ, ਅੰਮ੍ਰਿਤਾ ਵਿਰਕ, ਸੋਨਾ ਵਾਲੀਆ, ਸੱਤੀ ਸਤਵਿੰਦਰ, ਸੱਤੀ ਪਾਬਲਾ, ਅਨੂਪ ਚੀਮਾ ਵਲੋਂ ਸਾਂਝੇ ਰੂਪ ਵਿਚ ਬੋਲੀਆਂ ਪੇਸ਼ ਕਰਕੇ ਛਣਕਾਟੇ ਨੂੰ ਮੁਕੰਮਲ ਰੂਪ ਵਿਚ ਪੰਜਾਬ ਵਰਗਾ ਮਹੌਲ ਦਿੱਤਾ। ਇਸ ਮੌਕੇ ਹਾਜ਼ਰ ਪੰਜਾਬੀਆਂ ਨੇ ਪਿੜ ‘ਚ ਨੱਚ ਕੇ ਪ੍ਰੋਗਰਾਮ ਨੂੰ ਸਮਾਪਤੀ ਵਲ ਵਧਾਇਆ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਐੱਸ ਅਸ਼ੋਕ ਭੌਰਾ ਨੇ ‘ਛਣਕਾਟੇ ਨੂੰ ਪੰਜਾਬੀਆਂ ਵਲੋਂ ਰੱਜ ਕੇ ਦਿੱਤੇ ਜਾਂਦੇ ਪਿਆਰ ਬਦਲੇ ਸਭਨਾਂ ਦਾ ਧੰਨਵਾਦ ਕੀਤਾ।