ਹਰਿੰਦਰ ਸਿੰਘ ਮਹਿਬੂਬ ਦੀ ਵਿਚਾਰਧਾਰਾ

0
580

harinder-singh-mehboob-book

ਪੁਸਤਕ ਨਿਰੀਖਣ

ਲੇਖਕ ਅਮਰੀਕ ਸਿੰਘ ਧੌਲ
ਅਜੋਕੇ ਸਮਿਆਂ ਵਿਚ ਪੰਜਾਬੀ ਦੇ ਉਂਗਲਾਂ ‘ਤੇ ਗਿਣੇ ਜਾਣ ਵਾਲੇ ਲੇਖਕ ਹੀ ਸਿੱਖੀ ਨੂੰ ਸਮਰਪਿਤ ਹਨ ਜੋ ਸਿੱਖੀ ਬਾਰੇ ਅਤੇ ਇਸ ਉੱਤੇ ਹੋ ਰਹੇ ਹਮਲਿਆਂ ਬਾਰੇ ਲਿਖ ਕੇ ਸਿੱਖਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਪ੍ਰਸੰਗ ਵਿਚ ਬਰਤਾਨੀਆ ਨਿਵਾਸੀ ਲੇਖਕ ਅਮਰੀ ਸਿੰਘ ਧੌਲ ਦੀ ਪੁਸਤਕ ‘ਹਰਿੰਦਰ ਸਿੰਘ ਮਹਿਬੂਬ ਦੀ ਵਿਚਾਰਧਾਰਾ ਵਰਨਣ ਯੋਗ ਹੈ।
ਪ੍ਰੋ. ਮਹਿਬੂਬ ਉਹ ਵਿਲੱਖਣ ਚਿੰਤਕ, ਅਤੇ ਕਵੀ ਹੈ ਜਿਸ ਨੇ ਸਿੱਖੀ ਬਾਰੇ ਨਿੱਠ ਕੇ ਅਤੇ ਭਰਪੂਰ ਰੂਪ ਵਿਚ ਲਿਖਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ‘ਚ ‘ਸਹਿਜੇ ਰਚਿਓ ਖਾਲਸਾ’ (ਵਾਰਤਿਕ) ਵਿਚ ਅੱਠ ਪੁਸਤਕਾਂ ਝਨਾਂ ਦੀ ਰਾਤ’ (ਕਵਿਤਾ) ਵਿਚ ਸੱਤ ਪੁਸਤਕਾਂ ਸੰਮਿਲਤ ਹਨ ਅਤੇ ‘ਇਲਾਹੀ ਨਦਰ ਦੇ ਪੈਂਡੇ’ ਦੀਆਂ ਤਿੰਨ ਜਿਲਦਾਂ ਪ੍ਰਮੁੱਖ ਹਨ। ਉਨ੍ਹਾਂ ਦੀ ਸਗਲੀ ਰਚਨਾ ਵਿਚ ਸਿੱਖੀ ਮੁਹੱਬਤ ਦੀ ਨੈਂ ਸ਼ੂਕਦੀ ਹੈ। ਨਿਸਚੇ ਹੀ ਉਨ੍ਹਾਂ ਨੂੰ ਸਿੱਖੀ ‘ਤੇ ਹੁੰਦੇ ਹਮਲਿਆਂ ਦੀ ਫ਼ਿਕਰ ਮੰਦੀ ਹੈ।
ਅਮਰੀਕ ਸਿੰਘ ਧੌਲ ਨੇ ਪ੍ਰੋ. ਮਹਿਬੂਬ ਦੀ ਸੰਗਤ ਮਾਣੀ ਹੈ। ਉਸ ਨੂੰ ਉਨ੍ਹਾਂ ਦੀ ਰਚਨਾ ਪ੍ਰਕਿਰਿਆ ਦਾ ਗਿਆਨ ਹੈ ਤੇ ਨਾਲੇ ਦੋਹਾਂ ਦੇ ਖਿਆਲਾਂ ਦੀ ਸੱਬਰੀ ਵੀ ਪੈਂਦੀ ਹੈ। ਇਸੇ ਕਾਰਨ ਚੇਤਨ ਸਿੰਘ ਦੇ ਸੁਝਾਅ ਉਪਰੰਤ ਇਹ ਪੁਸਤਕ ਹੋਂਦ ਵਿਚ ਆਈ। ਇਸ ਵਿਚ ਪ੍ਰੋ. ਮਹਿਬੂਬ ਦੇ ਜੀਵਨ ਤੇ ਰਚਨਾਵਾਂ ਦੀਆਂ ਛੋਹਾਂ ਦੇ ਕੇ ਅੁਨ੍ਹਾਂ ਦੀ ਵਿਚਾਰਧਾਰਾ ਨੂੰ ਬੜੀ ਹੀ ਖੂਬਸ਼ੂਰਤੀ ਨਾਲ ਚਿਤਰਿਆ ਗਿਆ ਹੈ।
ਪ੍ਰੋ. ਮਹਿਬੂਬ ਦਾ ਮੱਤ ਹੈ ਕਿ ਜਦੋਂ ਤੱਕ ਕੌਮਾਂ ਆਪਣੇ ਧਾਰਮਿਕ ਬਜ਼ੁਰਗਾਂ-ਪੈਗ਼ੰਬਰਾਂ ਦੇ ਨਿਕਟ ਸਾਏ ਵਿਚ ਵਿਚਰਦੀਆਂ ਹਨ ਉਨ੍ਹਾਂ ਵਿਚ ਧਰਮ ਦੀ ਮੌਲਿਕਤਾ ਬਣੀ ਰਹਿੰਦੀ ਹੈ (ਜਿਸ ਨੂੰ ਉਹ ‘ਪਹਿਲ-ਤਾਜ਼ਗੀ’ ਦਾ ਨਾਂ ਦਿੰਦੇ ਹਨ). ਪਰ ਸਮੇਂ ਦੀ ਦੂਰੀ ਨਾਲ ਧਰਮ ਵਿਚ ਰਲਾਅ ਅਤੇ ਮਿਲਾਵਟ ਪ੍ਰਵੇਸ਼ ਕਰ ਜਾਂਦੇ ਹਨ ਜੋ ਕੌਮਾਂ ‘ਚ ਗਿਰਾਵਟ ਦਾ ਕਾਰਨ ਆਣ ਬਣਦੇ ਹਨ। ਮਹਿਬੂਬ ਨੇ ਦੇਸ਼ ਵੰਡ ਦਾ ਦੁਖਾਂਤ ਵੇਖਿਆ ਤੇ 84 ਜੂਨ ਨਵੰਬਰ ਦੀ ਸਿੱਖ ਪੀੜ ਹੰਡੀ ਹੰਢਾਈ ਹੈ। ਸਿੱਖ ਲੀਡਰਸ਼ਿਪ ਦੀ ਦਗ਼ੇਬਾਜ਼ੀ ਤੇ ਸਿੱਖਾਂ ਦੀ ਹੋਣੀ ਨੂੰ ਨਿਹਾਰਿਆ ਹੈ। ਸਿੱਖ ਲੀਡਰ ਕਿਵੇਂ ਸਾਜਿਸ਼ੀ ਜੁਲਮਾਂ ਵਿਚ ਫਸੇ ਹਨ ਤੇ ਫਸਾਏ ਜਾ ਰਹੇ ਹਨ? ਕਿਵੇਂ ਕੌਮ ਦੀ ਦੁਰਗਤੀ ਹੋ ਰਹੀ ਹੈ? ਕਿਵੇਂ ਬਿਪਰ-ਸੰਸਕਾਰ ਸਿੱਖ ਧਾਰਮਿਕ ਗ੍ਰੰਥਾਂ ਵਿਚ ਰਲਾਵਟ ਕਰਕੇ ਸਿੱਖਾਂ ਨੂੰ ਬੇਸੁਧ ਤੇ ਬੇਸੇਧ ਕਰ ਰਿਹਾ ਹੈ? ਪ੍ਰੋ. ਮਹਿਬੂਬ ਦੀ ਵਿਚਾਰ ਧਾਰਾ ਦਾ ਇਹ ਸਭੋ ਕੁਝ ਹੀ ਧੌਲ ਨੇ ਪੁਸਤਕ ਵਿਚ ਬੜੀ ਬਰੀਕਬੀਨੀ ਤੇ ਸੁੰਦਰਤਾ ਸਾਹਿਤ ਬਿਆਨ ਕੀਤਾ ਹੈ। ਜਿੱਥੇ ਲੇਖਕ ਪ੍ਰੋ. ਮਹਿਬੂਬ ਦੀ ਕਵਿਤਾ ਦਾ ਵਾਰਤਿਕ ਵਿਚ ਸਰਲੀਕਰਨ ਕਰਦਾ ਹੈ, ਉਥੇ ਅਰਥਾਂ ਵਿਚ ਭੋਰਾ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਛੱਡਦਾ। ਲਗਦਾ ਹੈ ਹੈ ਜਿਵੇਂ ਉਹ ਪ੍ਰੋ. ਮਹਿਬੂਬ ਦੇ ਰਚਨਾ ਸੰਸਾਰ ਦਾ ਵਾਸੀ ਹੀ ਹੋਵੇ।
ਪੁਸਤਕ ਵਿਚ ਸ਼ਾਮਲ ਅੰਗਰੇਜ਼ੀ ਖੰਡਾਂ ਵਿਚ ਵਿਦੇਸ਼ੀ ਸਿੱਖਾਂ ਦੀ ਵਿਸ਼ੇਸ਼ਕਰ ਨਵੀਂ ਪੀੜ੍ਹੀ ਲਈ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ਬਾਰੇ ਵਿਸ਼ੇਸ਼ ਜਾਣਕਾਰੀ ਸ਼ਾਮਲ ਹੈ ਅਤੇ ਇਨ੍ਹਾਂ ਵਿਚ ਸਿੱਖੀ ਲਈ ਸਭ ਤੋਂ ਵੱਡੇ ਖ਼ਤਰੇ ਬਿਪਰ ਸੰਸਕਾਰ ਦੇ ਸਿੱਖ ਗ੍ਰੰਥਾਂ ਵਿਚ ਰਲ਼ਾਵਟ ਕਰਕੇ ਸਿੱਖਾਂ ਵਿਚ ਸ਼ੰਕੇ ਭਰਮ ਖੜ੍ਹੇ ਕਰਨ ਦਾ ਜ਼ਿਕਰ ਹੈ ਜਿਸ ਨੂੰ ਪੜ੍ਹ ਕੇ ਸਿੱਖ ਅਜਿਹੀਆਂ ਸਾਜਿਸ਼ਾਂ ਤੋਂ ਸਾਵਧਾਨ ਤੇ ਜਾਗਰੂਕ ਹੋ ਸਕਦੇ ਹਨ।
ਮੁਕਦੀ ਗੱਲ, ਇਸ ਪੁਸਤਕ ਵਿਚ ਸ: ਧੌਲ ਨੇ ਪ੍ਰੋ. ਮਹਿਬੂਬ ਦੀ ਰਚਨਾ ਤੇ ਵਿਚਾਰਧਾਰਾ ਨੂੰ ਬਹੁਤ ਹੀ ਸ਼ਹਿਰਦਤਾ, ਸਪੱਸ਼ਟਤਾ, ਸਲੀਕੇ ਤੇ ਸਫ਼ਲਤਾ ਸਹਿਤ ਬਿਆਨ ਕੀਤਾ ਹੈ। ਲੇਖਕ ਨੂੰ ਮੁਬਾਕਬਾਦ। ਤੇ ਪਾਠਕਾਂ ਨੂੰ ਪੁਰਜ਼ੋਰ ਬੇਨਤੀ ਕਿ ਉਹ ਇਸ ਅਨੁੱਠੀ ਰਚਨਾ ਨੂੰ ਪੜ੍ਹਨ ਅਤੇ ਪ੍ਰੋ. ਮਹਿਬੂਬ ਦੀ ਵਿਚਾਰਧਾਰਾ ਵਿਚਲੀਆਂ ਪਤੇ ਦੀਆਂ ਗੱਲਾਂ ਨੂੰ ਪੱਲੇ ਬੰਨ੍ਹ ਕੇ ਲਾਭ ਉਠਾਉਣ।
ਸ਼ੇਰ ਸਿੰਘ ਕੰਵਲ