‘ਦੀ ਬਲੈਕ ਪ੍ਰਿੰਸ’ਦਾ ਪੋਸਟਰ ਰਿਲੀਜ਼

0
1182

black-prince
ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਫ਼ਿਲਮ
ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ 19 ਮਈ ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ/ਬਿਊਰੋ ਨਿਊਜ਼ :
ਸਿੱਖ ਰਿਆਸਤ ਦੇ ਆਖ਼ਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਫ਼ਿਲਮ ‘ਦੀ ਬਲੈਕ ਪ੍ਰਿੰਸ’ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਦੀ ਚੋਣ ਸਿਨੇਕੁਐਸਟ, ਹਿਊਸਟਨ ਵਰਲਡ ਫੈਸਟ, ਬੈਨਟੋਨਵਿਲੇ ਫ਼ਿਲਮ ਫੈਸਟੀਵਲ, ਲੰਡਨ ਇੰਡੀਪੈਨਡੈਂਟ ਫ਼ਿਲਮ ਫੈਸਟੀਵਲ ਅਤੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਸਾਊਥ ਏਸ਼ੀਆ ਵਰਗੇ ਕਈ ਫ਼ਿਲਮ ਫੈਸਟੀਵਲਾਂ ਲਈ ਹੋ ਚੁੱਕੀ ਹੈ।
ਇਸ ਫ਼ਿਲਮ ਵਿਚ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਉੱਘੇ ਗਾਇਕ ਸਤਿੰਦਰ ਸਰਤਾਜ ਨਿਭਾ ਰਹੇ ਹਨ ਜਦ ਕਿ ਉਨ੍ਹਾਂ ਦੀ ਮਾਂ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਬਾਲੀਵੁੱਡ ਦੀ ਸੀਨੀਅਰ ਅਦਾਕਾਰਾ ਸ਼ਬਾਨਾ ਆਜ਼ਮੀ ਅਦਾ ਕਰ ਰਹੀ ਹੈ। ਇਸ ਤੋਂ ਇਲਾਵਾ ਹਾਲੀਵੁੱਡ ਤੋਂ ਵੀ ਕਈ ਅਦਾਕਾਰ ਇਸ ਫ਼ਿਲਮ ਦਾ ਅਹਿਮ ਹਿੱਸਾ ਹਨ।
ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਉਸ ਨੂੰ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਤਾਬੀ ਨਾਲ ਇੰਤਜ਼ਾਰ ਹੈ। ਉਸ ਨੂੰ ਇਸ ਤੋਂ ਕਈ ਉਮੀਦਾਂ ਵੀ ਹਨ ਤੇ ਉਹ ਕਾਫ਼ੀ ਉਤਸ਼ਾਹਤ ਵੀ ਹੈ। ਸਤਿੰਦਰ ਨੇ ਦੱਸਿਆ ਕਿ ਫ਼ਿਲਮ ਦੇ ਗੀਤਾਂ ਨੂੰ ਉਸੇ ਨੇ ਸੰਗੀਤਬੱਧ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਕਹਾਣੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਕੇਂਦਰਤ ਹੈ। ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਉਸ ਨੂੰ ਬਰਤਾਨੀਆ ਦੇ ਅਮੀਰ ਘਰਾਣਿਆਂ ਵਿਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ, ਜੋ ਉਸ ਦੀ ਰਿਆਸਤ ‘ਤੇ ਆਪਣਾ ਅਧਿਕਾਰ ਸਮਝਦੇ ਹਨ। ਉਹ ਆਪਣੀ ਮਾਂ ਤੋਂ ਵੱਖ ਹੋ ਜਾਂਦਾ ਹੈ। ਜਿਉਂ ਜਿਉਂ ਉਹ ਵੱਡਾ ਹੁੰਦਾ ਹੈ, ਉਸ ਨੂੰ ਆਪਣੇ ਪੰਜਾਬ ਦੀ ਤਾਂਘ ਸਤਾਉਣ ਲਗਦੀ ਹੈ ਤੇ ਉਸ ਨੂੰ ਆਪਣੀਆਂ ਜੜ੍ਹਾਂ ਦੀ ਤਲਾਸ਼ ਬੇਚੈਨ ਕਰਦੀ ਹੈ।