ਦੁਨੀਆ ਦੇ ਸਭ ਤੋਂ ਵੱਡੇ ਫ਼ਿਲਮ ਫੈਸਟੀਵਲ ਵਿਚ ‘ਦੀ ਬਲੈਕ ਪ੍ਰਿੰਸ’ ਨੂੰ ਬਿਹਤਰੀਨ ਫ਼ਿਲਮ ਪੁਰਸਕਾਰ

0
584

new-image
ਹਿਊਸਟਨ/ਬਿਊਰੋ ਨਿਊਜ਼ :
‘ਦੀ ਬਲੈਕ ਪ੍ਰਿੰਸ’ ਦੇ ਤਾਜ ਵਿਚ ਬਿਹਰਤਰੀਨ ਪੁਰਸਕਾਰ ਦਾ ਇਕ ਹੋਰ ਹੀਰਾ ਜੜਿਆ ਗਿਆ ਹੈ। ਕੈਲੀਫੋਰਨੀਆ ਸਮੇਤ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿਚ ਲਗਾਤਾਰ ਪੁਰਸਕਾਰ ਜਿੱਤਦੀ ਆ ਰਹੀ ‘ਦੀ ਬਲੈਕ ਪ੍ਰਿੰਸ’ ਨੇ ਹਿਊਸਟਨ ਦੇ ਸਭ ਤੋਂ ਵੱਡੇ ਫ਼ਿਲਮ ਫੈਸਟੀਵਲ ਵਿਚ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਹਾਸਲ ਕੀਤਾ ਹੈ। ਪੰਜਾਬ ਦੇ ਆਖ਼ਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਅਸਲ ਜ਼ਿੰਦਗੀ ‘ਤੇ ਆਧਾਰਤ ‘ਦੀ ਬਲੈਕ ਪ੍ਰਿੰਸ’ ਨੇ ਇਸ ਫੈਸਟੀਵਲ ਦੌਰਾਨ ‘ਸਪੈਸ਼ਲ ਜਿਊਰੀ ਰੈਮੀ ਐਵਾਰਡ’ ਜਿੱਤ ਕੇ ਸਭ ਤੋਂ ਵੱਡਾ ਮਾਣ ਹਾਸਲ ਕੀਤਾ ਹੈ। ਫ਼ਿਲਮ ਦੀ ਬਿਹਤਰੀਨ ਆਰਟ ਡਾਇਰੈਕਸ਼ਨ ਲਈ ਨਟਾਲੀਆ ਓ ਕੂਨਰਜ਼ ਨੂੰ ਗੋਲਡ ਰੈਮੀ ਐਵਾਰਡ ਨਾਲ ਨਿਵਾਜਿਆ ਗਿਆ।
ਜ਼ਿਕਰਯੋਗ ਹੈ ਕਿ ਵਰਲਡਫੈਸਟ ਹਿਊਸਟਨ ਫ਼ਿਲਮ ਫੈਸਟੀਵਲ ਸਭ ਤੋਂ ਪੁਰਾਣਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਫ਼ਿਲਮ ਫੈਸਟੀਵਲ ਹੈ। 10 ਦਿਨ ਚੱਲੇ ਇਸ 50ਵੇਂ ਸਾਲਾਨਾ ਮੇਲੇ ਵਿਚ ਇਸ ਵਾਰ 74 ਮੁਲਕਾਂ ਨੇ ਹਿੱਸਾ ਲਿਆ। 500 ਫ਼ੀਚਰ ਫ਼ਿਲਮਾਂ ਵਿਚੋਂ ਕੁੱਲ 63 ਫ਼ਿਲਮਾਂ ਦੀ ਫਾਈਨਲ ਲਈ ਚੋਣ ਹੋਈ। ਇਸ ਸਾਲ ਸ਼ੋਰਟ, ਐਨੀਮੇਟਡ ਤੇ ਦਸਤਾਵੇਜ਼ੀ ਸਮੇਤ 4300 ਦੇ ਕਰੀਬ ਫ਼ਿਲਮਾਂ ਨੇ ਆਪਣੀਆਂ ਨਾਮਜ਼ਦਗੀਆਂ ਭੇਜੀਆਂ ਸਨ।
ਵਰਨਣਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਉਦੋਂ 15 ਵਰ੍ਹਿਆਂ ਦੇ ਸਨ ਜਦੋਂ ਪੰਜਾਬ ‘ਤੇ ਕਬਜ਼ੇ ਮਗਰੋਂ ਬਰਾਤਨਵੀ ਹਕੂਮਤ ਉਨ੍ਹਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਈ ਅਤੇ ਉਨ੍ਹਾਂ ਦਾ ਸਿੱਖ ਧਰਮ ਤਬਦੀਲ ਕਰਕੇ ਕ੍ਰਿਸਚਿਨ ਬਣਾ ਦਿੱਤਾ। ਕਈ ਵਰ੍ਹਿਆਂ ਬਾਅਦ ਆਪਣੀ ਮਾਂ ਮਹਾਰਾਣੀ ਜਿੰਦਾ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਫੇਰ ਸਿੱਖ ਧਰਮ ਅਪਣਾਇਆ ਅਤੇ ਨਾ ਸਿਰਫ਼ ਸਿੱਖ ਰਿਆਸਤ ਲਈ ਆਪਣੀ ਆਵਾਜ਼ ਬੁਲੰਦ ਕੀਤੀ, ਸਗੋਂ ਸੰਨ 1880 ਵਿਚ ਭਾਰਤ ਦੀ ਆਜ਼ਾਦੀ ਦਾ ਵੀ ਹੋਕਾ ਦਿੱਤਾ।
ਇਸ ਫ਼ਿਲਮ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾਇਰੈਕਟਰ ਕਵੀ ਰਾਜ਼ ਨੇ ਕਿਹਾ ਕਿ ਭਾਰਤੀ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਏ ‘ਤੇ ਸਮੇਂ ਦੀ ਧੂੜ ਜੰਮੀ ਰਹੀ ਜਾਂ ਇਸ ਨੂੰ ਸਹੀ ਤਰੀਕੇ ਨਾਲ ਪੇਸ਼ ਹੀ ਨਹੀਂ ਕੀਤਾ ਗਿਆ। ਇਸ ਅਧਿਆਏ ਨੂੰ ਮੁੜ ਤੋਂ ਪਰਿਭਾਸ਼ਤ ਕਰਨ ਤੇ ਸ਼ਾਇਦ ਮੁੜ ਤੋਂ ਲਿਖਣ ਦੀ ਲੋੜ ਸੀ।
ਮਹਾਰਾਜਾ ਦਲੀਪ ਸਿੰਘ ਦੀ ਇਸ ਦਰਦਮਈ ਦਾਸਤਾਨ ਨੂੰ ਅਦਾਕਾਰ ਸਤਿੰਦਰ ਸਰਤਾਜ ਨੇ ਬਾਖ਼ੂਬੀ ਪੇਸ਼ ਕੀਤਾ ਹੈ। ਟੈਕਸਾਸ ਦੇ ਦਰਸ਼ਕਾਂ, ਜੋ ਕਿ ਆਮ ਤੌਰ ‘ਤੇ ਸਿਨੇਮਾ ਅਤੇ ਅਜਿਹੀਆਂ ਸੰਵੇਦਨਸ਼ੀਲ ਕਹਾਣੀਆਂ ਪ੍ਰਤੀ ਖਿੱਚ ਨਹੀਂ ਰੱਖਦੇ, ਨੇ ਸਰਤਾਜ ਦੇ ਕੰਮ ਨੂੰ ਬੇਹੱਦ ਸਲਾਹਿਆ, ।
‘ਦੀ ਬਲੈਕ ਪ੍ਰਿੰਸ’ ਵਿਸ਼ਵ ਭਰ ਵਿੱਚ 21 ਜੁਲਾਈ ਨੂੰ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਭਾਸ਼ਾਵਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਦੇਸ਼-ਵਿਦੇਸ਼ ਦੇ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ।