ਬਲਵੰਤ ਗਾਰਗੀ ਦੇ ਨਾਂ ਜਾਰੀ ਹੋਵੇਗੀ ਯਾਦਗਾਰੀ ਟਿਕਟ

0
307

balwant-gargi
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ‘ਤੇ ਟਿਕਟ ਜਾਰੀ ਕਰਨ ਤੋਂ ਫ਼ਿਲਹਾਲ ਨਾਂਹ
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਖਾਸ ਕਰਕੇ ਬਠਿੰਡਾ ਲਈ ਖੁਸ਼ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਬਲਵੰਤ ਗਾਰਗੀ ਦੀ ਯਾਦਗਾਰੀ ਟਿਕਟ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਬਲਵੰਤ ਗਾਰਗੀ ਦੀ ਯਾਦਗਾਰੀ ਟਿਕਟ ਜਾਰੀ ਕਰਨ ਲਈ ਤਜਵੀਜ਼ ਭੇਜੀ ਸੀ। ਉਧਰ ਕੇਂਦਰ ਨੇ ਸਿੱਖ ਮਿਸਲ ਦੇ ਕਮਾਂਡਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ‘ਤੇ ਯਾਦਗਾਰੀ ਟਿਕਟ ਜਾਰੀ ਕਰਨ ਤੋਂ ਫ਼ਿਲਹਾਲ ਨਾਂਹ ਕਰ ਦਿੱਤੀ ਹੈ। ਬਲਵੰਤ ਗਾਰਗੀ, ਜਿਨ੍ਹਾਂ ਦੀ ਸੌ ਸਾਲਾ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ, ਦਾ ਜਨਮ 4 ਦਸੰਬਰ 1916 ਨੂੰ ਬਠਿੰਡਾ ਵਿੱਚ ਹੋਇਆ ਸੀ। ਉਨ੍ਹਾਂ ਸਰਕਾਰੀ ਕਾਲਜ ਲਾਹੌਰ ਤੋਂ ਵਿਦਿਆ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਦੇ ਫਾਊਂਡਰ ਡਾਇਰੈਕਟਰ ਰਹੇ। ਨਾਟਿਯਮ ਦੇ ਚੇਅਰਮੈਨ ਕੀਰਤੀ ਕਿਰਪਾਲ ਨੇ ਬਲਵੰਤ ਗਾਰਗੀ ਦੇ ਨਾਮ ‘ਤੇ ਯਾਦਗਾਰੀ ਟਿਕਟ ਜਾਰੀ ਕੀਤੇ ਜਾਣ ਨੂੰ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਦੱਸਿਆ ਹੈ। ਕੇਂਦਰ ਸਰਕਾਰ ਨੇ ਲੰਘੀ 5 ਜਨਵਰੀ ਨੂੰ 350 ਸਾਲਾਂ ਪ੍ਰਕਾਸ਼ ਉਤਸਵ ਮੌਕੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ‘ਤੇ ਯਾਦਗਾਰੀ ਟਿਕਟ ਜਾਰੀ ਕੀਤਾ ਸੀ। ਇਸ ਯਾਦਗਾਰੀ ਟਿਕਟ ਲਈ ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਪ੍ਰਵੀਨ ਡਾਵਰ ਅਤੇ ਕੇਂਦਰੀ ਰਾਜ ਮੰਤਰੀ ਐਸ.ਐਸ.ਆਹਲੂਵਾਲੀਆ ਨੇ ਤਜਵੀਜ਼ ਭੇਜੀ ਸੀ। ਇਸ ਦੌਰਾਨ ਕੇਂਦਰ ਨੇ ਸਿੱਖ ਮਿਸਲ ਦੇ ਕਮਾਂਡਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦਗਾਰੀ ਟਿਕਟ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕੇਂਦਰੀ ਸੰਚਾਰ ਮੰਤਰਾਲੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਸਾਲ 2015 ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ਯਾਦਗਾਰੀ ਟਿਕਟ ਜਾਰੀ ਕਰਨ ਦੀ ਤਜਵੀਜ਼ ਰੱਖੀ ਸੀ, ਪਰ ਮੰਤਰਾਲੇ ਦੀ ਲੋਕ ਲੇਖਾ ਕਮੇਟੀ ਨੇ ਇਸ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।