ਹਰਦਿਆਲ ਚੀਮਾ ਦੀ ਪੁਸਤਕ ‘ਮੱਸਾ ਰੰਘੜ ਬੋਲ ਪਿਆ’ ਦੇ ਸਮੀਖਿਆ ਸਮਾਰੋਹ ਮੌਕੇ ਅਹਿਮ ਵਿਚਾਰ ਵਟਾਂਦਰਾ

0
580

book-hardyal-cheema
ਸਿਆਟਲ/ਬਿਊਰੋ ਨਿਊਜ਼:
ਸਰਦਾਰ ਹਰਦਿਆਲ ਸਿੰਘ ਚੀਮਾ ਦੀ 10 ਵੀਂ ਪੁਸਤਕ ”ਮੱਸਾ ਰੰਘੜ ਬੋਲ ਪਿਆ” ਦਾ ਸਮੀਖਿਆ ਸਮਾਰੋਹ ਲੰਘੇ ਐਤਵਾਰ ਆਬਰਨ ਵਾਸ਼ਿੰਗਟਨ ਲਾਇਬਰੇਰੀ ਵਿਖੇ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਬਾਅਦ ਦੁਪਹਿਰ 1:00 ਵਜੇ ਸ.ਚੀਮਾ ਨੇ ਸਭ ਆਏ ਹੋਏ ਸਰੋਤਿਆਂ ਅਤੇ ਕਵੀਆਂ ਨੂੰ ਜੀ ਆਇਆ ਆਖ ਕੇ ਕੀਤੀ । ਇਸ ਸਮਾਰੋਹ ਵਿਚ ਜੋਅ ਐਂਡਰਸਨ, ਜਿਹੜੇ ਕਿੰਗ ਕਾਉਂਟੀ ਲਾਇਬ੍ਰੇਰੀ ਸਿਸਟਮ ਦੇ ਡਾਈਵਰਸਿਟੀ ਕੋ-ਆਰਡੀਨੇਟਰ, ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ । ਇਸ ਮੌਕੇ ਬੋਲਦੇ ਹੋਏ ਜੋਅ ਐਂਡਰਸਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲਾਇਬਰੇਰੀ ਦੇ ਹਾਲ ‘ਚ ਪਹਿਲੀ ਵਾਰ ਪੰਜਾਬੀ ਭਾਈਚਾਰੇ ਦੇ ਸ਼ਾਇਰ ਹਰਦਿਆਲ ਸਿੰਘ ਚੀਮਾ ਦੀਆਂ ਪੁਸਤਕਾਂ ਦੀ ਸਮੀਖਿਆ ਦਾ ਸਮਾਗਮ ਹੋ ਰਿਹਾ ਹੈ।
ਚੀਮਾ ਪਰਿਵਾਰ ਵਲੋਂ ਤੇ ਲਿਖਾਰੀ ਸਭਾ ਵਲੋਂ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਬੁੱਕਾ ਭੇਟ ਕੀਤਾ ਗਿਆ ਤੇ ਟਰਾਫ਼ੀ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜੋਅ ਐਂਡਰਸਨ ਨੇ ਵੀ ਹਰਦਿਆਲ ਸਿੰਘ ਚੀਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਹਰਦਿਆਲ ਸਿੰਘ ਚੀਮਾ ਦੀਆਂ ਪੁਸਤਕਾਂ ਬਾਰੇ ਸਾਇਰ ਅਵਤਾਰ ਸਿੰਘ ਆਦਮਪੁਰੀ, ਵਾਸਦੇਵ ਸਿੰਘ ਪਰਹਾਰ, ਕਰਨੈਲ ਕੈਲ, ਹਰਸ਼ਿੰਦਰ ਸਿੰਘ ਸੰਧੂ, ਡਾ. ਜੇ. ਬੀ. ਸਿੰਘ, ਇੰਦਰਜੀਤ ਸਿੰਘ ਬੱਲੋਵਾਲੀਆ ਵਲੋਂ ਪਰਚੇ ਪੜ੍ਹੇ ਗਏ।
ਸਟੇਜ ਸਕੱਤਰ ਦੇ ਫਰਜ਼ ਲਿਖਾਰੀ ਸਭਾ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਤਰਸਿਕਾ ਨੇ ਨਿਭਾਏ। ਇਸ ਮੌਕੇ ਹੋਏ ਕਵੀ ਦਰਬਾਰ ‘ਚ ਅਵਤਾਰ ਸਿੰਘ ਬਿਲਿੰਗ, ਪੰਜਾਬੀ ਲਿਖਾਰੀ ਸਭਾ ਦੀ ਪ੍ਰਧਾਨ ਮਨਜੀਤ ਕੌਰ ਗਿੱਲ ਤੇ ਸ਼ਿੰਗਾਰਾ ਸਿੰਘ ਸਿੱਧੂ ਨੇ ਅਪਣੀਆਂ ਰਚਨਾਵਾਂ ਸੁਣਾਈਆਂ।